ਬਾਸਕਟਬਾਲ ਦਾ ਬਾਦਸ਼ਾਹ ਲੇਬਰਾਨ ਜੇਮਸ

ਪ੍ਰਿੰ. ਸਰਵਣ ਸਿੰਘ
ਲੇਬਰਾਨ ਜੇਮਸ ਨੇ ਓਲੰਪਿਕ ਖੇਡਾਂ `ਚੋਂ ਇਕ ਬਰਾਂਜ਼ ਤੇ ਤਿੰਨ ਗੋਲਡ ਮੈਡਲ ਜਿੱਤੇ ਹਨ। ਚਾਰ ਵਾਰ ਐੱਨਬੀਏ ਦੀ ਚੈਂਪੀਅਨਸ਼ਿਪ ਜਿੱਤਿਆ ਤੇ ਅੱਠ ਵਾਰ ਐੱਨਬੀਏ ਦੇ ਫਾਈਨਲ ਮੈਚ ਖੇਡਿਆ ਹੈ। ਚਾਰ ਵਾਰ ਉਸ ਨੂੰ ਬਾਸਕਟਬਾਲ ਦਾ ਸਭ ਤੋਂ ਮੁੱਲਵਾਨ ਖਿਡਾਰੀ ਹੋਣ ਦਾ ਖ਼ਿਤਾਬ ਮਿਲਿਆ। 2024 ਦੀਆਂ ਓਲੰਪਿਕ ਖੇਡਾਂ ਦਾ ਵੀ ਉਹ ਐੱਮਵੀਐੱਸ ਹੈ ਮਤਲਬ ਮੋਸਟ ਵੈਲਿਊਏਬਲ ਖਿਡਾਰੀ। ਖੇਡ ਦੇ ਸਿਰ `ਤੇ ਬਿਲੀਅਨ ਡਾਲਰਾਂ ਤੋਂ ਵੱਧ ਨਾਵਾਂ ਕਮਾ ਚੁੱਕੈ। 2003 ਤੋਂ ਉਹ ਐੱਨਬੀਏ `ਚ ਖੇਡਣ ਲੱਗਾ ਸੀ ਅਤੇ ਉਮਰ ਦੇ 40ਵੇਂ ਸਾਲ ਵਿਚ ਵੀ ਖੇਡ ਰਿਹੈ। 2005 ਤੋਂ 2024 ਤਕ ਵੀਹ ਵਾਰ ਉਹ ਐੱਨਬੀਏ ਦੀ ਆਲ ਸਟਾਰ ਟੀਮ ਵਿਚ ਚੁਣਿਆ ਗਿਆ।

2008 ਦੀ ਐੱਮਬੀਏ ਚੈਂਪੀਅਨਸ਼ਿਪ `ਚ ਉਹਦੇ ਸਭ ਤੋਂ ਵੱਧ ਅੰਕ ਸਨ। 2012 `ਚ ਉਹ ਬਾਸਕਟਬਾਲ ਦਾ ‘ਅਥਲੀਟ ਆਫ਼ ਦਾ ਯੀਅਰ’ ਐਲਾਨਿਆ ਗਿਆ। ਕਿਸੇ ਖਿਡਾਰੀ ਦਾ ਲਗਾਤਾਰ 21 ਸਾਲ ਖੇਡੀ ਜਾਣਾ ਤੇ ਉਹ ਵੀ ਵਿਸ਼ਵ ਪੱਧਰ `ਤੇ, ਦੰਗ ਕਰ ਦੇਣ ਵਾਲੀ ਗੱਲ ਹੈ!
ਲੇਬਰਾਨ ਜੇਮਸ ਨੂੰ ਅਮਰੀਕਾ ਦਾ ‘ਧਰਤੀ ਧੱਕ’ ਕਿਹਾ ਜਾ ਸਕਦੈ। ਉਹਦਾ ਕੱਦ 6 ਫੁੱਟ 9ਇੰਚ ਹੈ ਤੇ ਭਾਰ 113 ਕਿਲੋਗਰਾਮ। ਉਹਦੇ ਕੱਦ-ਕਾਠ ਤੋਂ ਮੈਨੂੰ ਸਰਹਾਲੀ ਦਾ ਡਿਸਕਸ ਥਰੋਅਰ ਪਰਵੀਨ ਕੁਮਾਰ ਯਾਦ ਆ ਗਿਆ ਹੈ। ਉਸ ਦਾ ਕੱਦ 6 ਫੁੱਟ 7 ਇੰਚ ਤੇ ਭਾਰ 125 ਕਿਲੋਗਰਾਮ ਸੀ। 1966 `ਚ ਲਿਖੇ ਉਹਦੇ ਸ਼ਬਦ ਚਿੱਤਰ ਦਾ ਨਾਂ ਮੈਂ ‘ਧਰਤੀ ਧੱਕ’ ਰੱਖਿਆ ਸੀ ਜੋ ਸਾਹਿਤਕ ਰਸਾਲੇ ‘ਆਰਸੀ’ ਵਿਚ ਛਪਿਆ। ਉਦੋਂ ਤੋਂ ਹੀ ਮੈਨੂੰ ਖਿਡਾਰੀਆਂ ਬਾਰੇ ਲਿਖਣ ਦੀ ਚੇਟਕ ਲੱਗੀ। ਏਸ਼ੀਆ ਦੇ ਚੈਂਪੀਅਨ ਪਰਵੀਨ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡਾਂ ਦੇ ਮੈਡਲ ਜਿੱਤਣ ਪਿੱਛੋਂ ਟੀਵੀ ਦੇ ਮਹਾਂਭਾਰਤ ਸੀਰੀਅਲ ਵਿਚ ਭੀਮ ਸੈਨ ਦਾ ਰੋਲ ਵੀ ਅਦਾ ਕੀਤਾ ਸੀ। ਦਾਰੇ ਪਹਿਲਵਾਨ ਵਾਂਗ ਹਿੰਦੀ ਡਾਇਲਾਗ ਉਹ ਵੀ ਪੰਜਾਬੀ ਵਾਂਗ ਹੀ ਬੋਲਦਾ ਸੀ। ਕਹਿੰਦੇ ਹਨ ਕਿ ਫਿਲਮਾਂ ਬਣਾਉਣ ਵਾਲਿਆਂ ਨੇ ਦਾਰੇ ਨੂੰ ਹਿੰਦੀ ਬੋਲਣੀ ਸਿਖਾਉਣ ਲਈ ਹਿੰਦੀ ਦੇ ਟਿਊਟਰ ਦਾ ਪ੍ਰਬੰਧ ਕੀਤਾ। ਮਹੀਨਿਆਂ ਦੀ ਮਗਜ਼ ਖਪਾਈ ਪਿੱਛੋਂ ਦਾਰਾ ਤਾਂ ਹਿੰਦੀ ਬੋਲਣੀ ਸਿੱਖ ਨਾ ਸਕਿਆ ਪਰ ਹਿੰਦੀ ਦਾ ਟਿਊਟਰ ਹਿੰਦੀ ਭੁੱਲ ਗਿਆ ਤੇ ਦਾਰੇ ਵਾਂਗ ਪੰਜਾਬੀ ਬੋਲਣ ਲੱਗ ਪਿਆ!
ਪਟਿਆਲੇ ਕੋਚਿੰਗ ਕੈਂਪ `ਚ ਪਰਵੀਨ ਭਾਊ ਨੇ ਮੈਨੂੰ ਭੇਤ ਦੀ ਗੱਲ ਦੱਸੀ, “ਭਾਅ ਜੀ, ਲੰਮੇ ਕੱਦ ਦਾ ਫੈਦਾ ਵੀ ਆ ਤੇ ਨੁਕਸਾਨ ਵੀ।” ਮੈਂ ਪੁੱਛਿਆ “ਉਹ ਕਿਵੇਂ?” ਕਹਿੰਦਾ,“ਰਿਕਸ਼ੇ `ਤੇ ਚੜ੍ਹਾਂ ਤਾਂ ਡੂਢਾ ਕਿਰਾਇਆ ਦੇਣਾ ਪੈਂਦਾ। ਸਿਨਮਾ ਦੇਖਾਂ ਤਾਂ ਪਿਛਲੀਆਂ ਕਤਾਰਾਂ ਵਾਲੇ ‘ਪਲੀਜ਼-ਪਲੀਜ਼’ ਕਰੀ ਜਾਂਦੇ ਆ। ਜਹਾਜ਼ ਚੜ੍ਹਾਂ ਤਾਂ ਕੁਰਸੀ ਹੇਠੋਂ ਢਿਲਕ ਜਾਂਦੀ ਆ। ਲੱਗਦੈ ਗਈ ਕਿ ਗਈ! ਗੱਡੀ ਚੜ੍ਹਾਂ ਤਾਂ ਬੱਚੇ ਵੇਖ ਕੇ ਹੱਸਣ ਲੱਗਦੇ ਆ। ਅੱਗੋਂ ਮੈਂ ਵੀ ਮੂੰਹ ਖੋਲ੍ਹ ਲਵਾਂ ਤਾਂ ਡਾਡਾਂ ਮਾਰਦੇ ਮਾਵਾਂ ਦੀਆਂ ਗੋਦੀਆਂ `ਚ ਲੁਕਣ ਲੱਗਦੇ ਆ ਪਈ ਆਹ ਦਿਓ ਜਿਆ ਕਿਤੇ ਖਾ ਈ ਨਾ ਜਾਵੇ!”
ਇਕੇਰਾਂ ਉਹ ਰੇਲ ਗੱਡੀ `ਚ ਰਜਾਈ ਲੈ ਕੇ ਸੌਂ ਗਿਆ। ਉਹਦੇ ਵਰਗਾ ਇਕ ਹੋਰ ਮੁਸਾਫ਼ਿਰ ਆਇਆ ਜੀਹਨੂੰ ਸੌਣ ਨੂੰ ਤਾਂ ਕੀ, ਬਹਿਣ ਨੂੰ ਥਾਂ ਵੀ ਨਹੀਂ ਸੀ ਮਿਲ ਰਹੀ। ਉਸ ਨੇ ਪਰਵੀਨ ਨੂੰ ਕਿਹਾ, “ਭਾਅ ਜੀ, ਰਤਾ ਗੋਡੇ ਮੋੜ ਲਓਂ, ਮੈਂ ਵੀ ਬਹਿ ਲਵਾਂ।”
ਗੋਡੇ ਮਖੌਲੀਏ ਪਰਵੀਨ ਦੇ ਪਹਿਲਾਂ ਹੀ ਮੋੜੇ ਹੋਏ ਸਨ। ਉਸ ਨੇ ਸਿੱਧੇ ਕਰ ਲਏ। ਸਿਰ ਪਹਿਲਾਂ ਹੀ ਰਜਾਈ ਤੋਂ ਬਾਹਰ ਸੀ, ਫਿਰ ਪੈਰ ਵੀ ਬਾਹਰ ਨਿਕਲ ਆਏ। ਮੁਸਾਫ਼ਿਰ ਕਦੇ ਸਿਰ ਵੱਲ ਤੇ ਕਦੇ ਪੈਰਾਂ ਵੱਲ ਵੇਖਦਾ ਬੋਲਿਆ, “ਤਾਂਹੀਏਂ।” ਪਰਵੀਨ ਨੇ ਪੁੁੱਛਿਆ, “ਤਾਂਹੀਏਂ ਕੀ?”
“ਮੈਂ ਸਮਝਿਆ ਸੀ, ਕੋਈ ਬੰਦਾ ਪਿਆ!”
ਲੇਬਰਾਨ ਜੇਮਸ ਦਾ ਰੰਗ ਸਾਂਵਲਾ, ਨੈਣ ਨਕਸ਼ ਮੋਟੇ ਠੁੱਲ੍ਹੇ, ਲੱਤਾਂ ਬਾਹਾਂ ਲੰਮੀਆਂ ਤੇ ਵਾਲ਼ ਛੱਲੇਦਾਰ ਹਨ। ਮੱਥਾ ਖੁੱਲ੍ਹਾ, ਨੱਕ ਚੌੜਾ, ਬੁੱਲ੍ਹ ਢਾਲ਼ੂ, ਦੰਦ ਚਿੱਟੇ, ਦਾੜ੍ਹੀ ਭਰਵੀਂ ਤੇ ਕੰਨ ਗੋਲ ਮੋਲ। ਸਮੁੱਚਾ ਪ੍ਰਭਾਵ ਬਾਤਾਂ ਵਿਚਲੇ ਦਿਓ ਦਾ ਹੀ ਪੈਂਦਾ ਹੈ। ਉਸ ਨੂੰ ਵੀ ਕੋਈ ਬੱਚਾ ਵੇਖੇ ਤਾਂ ਪਹਿਲਾਂ ਹੱਸੇ ਤੇ ਫਿਰ ਜਦੋਂ ਲੇਬਰਾਨ ਮੁਸਕਰਾਉਂਦਾ ਹੋਇਆ ਬੱਚੇ ਵੱਲ ਬਾਹਾਂ ਵਧਾਵੇ ਤਾਂ ਉਹੀ ਬੱਚਾ ਡਰਦਾ ਮਾਰਾ ਡਾਡਾਂ ਮਾਰਨ ਲੱਗੇ ਪਈ ਦਿਓ ਮੈਨੂੰ ਪੈ ਚੱਲਿਆ!
ਕੰਗਾਲ ਤੋਂ ਅਰਬਪਤੀ ਬਣੇ ਲੇਬਰਾਨ ਜੇਮਸ ਦਾ ਜਨਮ 30 ਦਸੰਬਰ 1984 ਨੂੰ ਅਮਰੀਕਾ ਦੀ ਓਹਾਇਓ ਸਟੇਟ ਦੇ ਸ਼ਹਿਰ ਐਕਰਨ ਵਿਚ ਗਲੋਰੀਆ ਮੈਰੀ ਜੇਮਸ ਦੀ ਕੁੱਖੋਂ ਹੋਇਆ ਸੀ। ਉਹਦਾ ਪਿਓ ਐਂਥੋਨੀ ਮਕਲੈਂਡ ਜਰਾਇਮ ਪੇਸ਼ਾ ਬੰਦਾ ਸੀ ਜੋ ਸੋਲਾਂ ਸਾਲ ਦੀ ਨਵ-ਵਿਆਹੀ ਪਤਨੀ ਤੇ ਨਵਜੰਮੇ ਪੁੱਤ ਨੂੰ ਛੱਡ ਕੇ ਕਿਤੇ ਟਿੱਭ ਗਿਆ ਸੀ। ਵਿਚਾਰੀ `ਕੱਲੀ ਕਾਰੀ ਮਾਂ ਨੇ ਰੁਲ਼ਦਿਆਂ-ਖੁਲ਼ਦਿਆਂ ਨਾ ਸਿਰਫ਼ ਪੁੱਤਰ ਨੂੰ ਪਾਲਿਆ ਸਗੋਂ ਬਾਸਕਟਬਾਲ ਦਾ ਅਜਿਹਾ ਖਿਡਾਰੀ ਬਣਾਇਆ ਜੋ ਬਾਸਕਟਬਾਲ ਦਾ ਕਿੰਗ ਕਹਾਇਆ। ਉਹ 2003 ਤੋਂ ਪ੍ਰੋਫ਼ੈਸ਼ਨਲ ਬਾਸਕਟਬਾਲ ਖੇਡ ਰਿਹੈ ਤੇ 40000 ਤੋਂ ਵੱਧ ਅੰਕ ਹਾਸਲ ਕਰ ਚੁੱਕੈ! 40 ਸਾਲਾਂ ਨੂੰ ਢੁੱਕ ਕੇ ਵੀ ਉਹ ਐੱਨਬੀਏ ਲੀਗ ਦਾ ਸਰਗਰਮ ਖਿਡਾਰੀ ਹੈ।
ਜਨਮ ਤੋਂ ਪਿਉ ਵਿਹੂਣੇ ਪੁੱਤ ਨੇ ਮਾਂ ਦੀ ਮਿਹਨਤ ਸਦਕਾ ਆਪਣੀ ਖੇਡ ਨਾਲ ਬਿਲੀਅਨ ਡਾਲਰਾਂ ਤੋਂ ਵੱਧ ਨਾਵਾਂ ਤੇ ਵਿਸ਼ਵ ਪੱਧਰ `ਤੇ ਨਾਮਣਾ ਖੱਟ ਲਿਆ ਹੈ। ਉਹਦੇ ਵਾਂਗ ਹੋਰਨਾਂ ਦੇਸ਼ ਵਿਚ ਵੀ ਐਸੇ ਖਿਡਾਰੀ ਹਨ ਜੋ ਗੋਦੜੀ ਦੇ ਲਾਲ ਸਾਬਤ ਹੋਏ ਹਨ। ਲੇਬਰਾਨ ਦੀ ਮਾਂ ਕੋਲ ਨਾ ਕੋਈ ਪੱਕਾ ਰੈਣ ਬਸੇਰਾ ਸੀ ਤੇ ਨਾ ਕੋਈ ਪੱਕੀ ਨੌਕਰੀ। `ਕੱਲੀ ਕਾਰੀ ਮਾਂ ਨੇ ਕੰਮ ਵੀ ਲੱਭਿਆ ਤੇ ਰੈਣ-ਬਸੇਰਾ ਵੀ। ਲੇਬਰਾਨ ਨੂੰ ਐਕਰਨ ਦੇ ਪ੍ਰਾਇਮਰੀ ਸਕੂਲ `ਚ ਪੜ੍ਹਨੇ ਪਾਇਆ ਤਾਂ ਪਹਿਲਾਂ ਉਸ ਨੂੰ ਫੁੱਟਬਾਲ ਖੇਡਣ ਦੀ ਚੇਟਕ ਲੱਗੀ। ਸੇਂਟ ਵਿਨਸੈਂਟ-ਸੇਂਟ ਮੈਰੀ ਕੈਥੋਲਿਕ ਹਾਈ ਸਕੂਲ `ਚ ਉਹ ਬਾਸਕਟਬਾਲ ਖੇਡਣ ਲੱਗਾ। ਉਥੇ ਉਹ ਓਹਾਇਓ ਦੇ ਸਕੂਲਾਂ ਦਾ ਸਟਾਰ ਖਿਡਾਰੀ ਬਣ ਗਿਆ। ਉਸ ਦਾ ਪਹਿਲਾਂ ਕੋਚ ਫਰੈਂਕ ਵਾਕਰ ਸੀ ਜਿਸ ਨੇ ਜੇਮਸ ਅੰਦਰ ਛੁਪੀ ਬਾਸਕਟਬਾਲ ਦੀ ਪ੍ਰਤਿਭਾ ਭਾਂਪੀ। ਸਕੂਲ `ਚ ਖੇਡਦਿਆਂ ਹੀ ਉਸ ਦਾ ਨਾਂ ਸਟੇਟ ਪੱਧਰ ਤੋਂ ਨੈਸ਼ਨਲ ਪੱਧਰ ਤਕ ਪੁੱਜ ਗਿਆ। ਉਹ ਅਮਰੀਕਾ ਦੇ ਬਾਸਕਟਬਾਲ ਅੰਬਰ `ਤੇ ਚੜ੍ਹਿਆ ਨਵਾਂ ਸਿਤਾਰਾ ਸਮਝਿਆ ਜਾਣ ਲੱਗਾ। ਫਿਰ ਉਸ ਨੂੰ ਐੱਨਬੀਏ `ਚ ਸ਼ਾਮਲ ਕੀਤੇ ਜਾਣ ਦੀਆਂ ਗੱਲਾਂ ਹੋਣ ਲੱਗੀਆਂ।
ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਨਾਰਥ ਅਮਰੀਕਾ ਦੀ ਪੇਸ਼ਾਵਰ ਬਾਸਕਟਬਾਲ ਲੀਗ ਹੈ। ਉਸ ਵਿਚ ਕੈਨੇਡਾ ਦੀ 1 ਤੇ ਅਮਰੀਕਾ ਦੀਆਂ 29 ਟੀਮਾਂ ਸ਼ਾਮਲ ਹਨ। ਉਹ ਵਿਸ਼ਵ ਦੀ ਪ੍ਰੀਮੀਅਰ ਪ੍ਰੋਫੈਸ਼ਨਲ ਲੀਗ ਸਮਝੀ ਜਾਂਦੀ ਹੈ ਜੋ ਬਾਸਕਟਬਾਲ ਐਸੋਸੀਏਸ਼ਨ ਆਫ਼ ਅਮਰੀਕਾ ਅਤੇ ਨੈਸ਼ਨਲ ਬਾਸਕਟਬਾਲ ਲੀਗ ਨੂੰ ਮਿਲਾ ਕੇ 3 ਅਗਸਤ 1949 ਨੂੰ ਹੋਂਦ ਵਿਚ ਆਈ ਸੀ। ਬੀਏਏ ਕਿਉਂਕਿ 6 ਜੂਨ 1946 ਨੂੰ ਬਣੀ ਸੀ ਇਸ ਲਈ ਐੱਨਬੀਏ ਦਾ ਇਤਿਹਾਸ 6 ਜੂਨ 1946 ਤੋਂ ਹੀ ਅੰਕਿਆ ਜਾਂਦਾ ਹੈ। ਐੱਨਬੀਏ ਦਾ ਬਾਕਾਇਦਾ ਸੀਜ਼ਨ ਅਕਤੂਬਰ ਤੋਂ ਅਪ੍ਰੈਲ ਤਕ ਚਲਦਾ ਹੈ ਜਿਸ ਵਿਚ ਹਰ ਟੀਮ 82 ਮੈਚ ਖੇਡਦੀ ਹੈ। ਜੂਨ ਤਕ ਫਾਈਨਲ ਚੈਂਪੀਅਨਸ਼ਿਪਸ ਦੀ ਲੜੀ ਚਲਦੀ ਹੈ। 2020 ਦੀ ਗੱਲ ਕਰੀਏ ਤਾਂ ਐੱਨਬੀਏ ਦੇ ਖਿਡਾਰੀਆਂ ਨੂੰ ਬਾਕੀ ਸਭ ਲੀਗਾਂ ਨਾਲੋਂ ਔਸਤਨ ਸਭ ਤੋਂ ਵੱਧ ਪੈਸੇ ਮਿਲੇ। ਇਸ ਦਾ ਹੈੱਡ ਆਫਿਸ ਨਿਊ ਯੌਰਕ ਦੇ ਮਿਡਟਾਊਨ ਮੈਨਹਟਨ ਵਿਚ ਹੈ। ਇਸ ਵੇਲੇ ਆਮਦਨ ਪੱਖੋਂ ਨੈਸ਼ਨਲ ਫੁੱਟਬਾਲ ਲੀਗ ਸਭ ਤੋਂ ਵੱਧ ਅਮੀਰ ਹੈ, ਦੂਜੇ ਨੰਬਰ `ਤੇ ਮੇਜਰ ਲੀਗ ਬੇਸਬਾਲ ਤੇ ਤੀਜੇ ਥਾਂ ਐੱਨਬੀਏ ਹੈ। 2024 ਤਕ ਬੋਸਟਨ ਸੈੱਲਟਿਕਸ ਨੇ ਐੱਨਬੀਏ ਦੇ 18 ਟਾਈਟਲ ਜਿੱਤੇ ਹਨ ਜੋ ਸਭ ਤੋਂ ਵੱਧ ਹਨ।
ਲੇਬਰਾਨ 2003 ਤੋਂ ਕਲੀਵਲੈਂਡ ਕੈਵਲੀਅਰਜ਼ ਕਲੱਬ ਵੱਲੋਂ ਐੱਨਬੀਏ ਚੈਂਪੀਅਨਸ਼ਿਪ ਖੇਡਣ ਲੱਗਾ ਸੀ ਜੋ ਲਗਾਤਾਰ 2010 ਤਕ ਖੇਡਦਾ ਰਿਹਾ। 2010 ਤੋਂ ਉਹ ਮਿਆਮੀ ਹੀਟ ਵੱਲੋਂ ਖੇਡਣ ਲੱਗ ਪਿਆ ਜਿਸ ਵਿਚ 2014 ਤਕ ਖੇਡਿਆ। ਇਸ ਦੌਰਾਨ ਲੇਬਰਾਨ ਨੇ 2012 ਤੇ 13 ਵਿਚ ਦੋ ਬੀਐੱਨਏ ਚੈਂਪੀਅਨਸ਼ਿਪਸ ਜਿੱਤੀਆਂ। ਦੋ ਵਾਰ ਉਹ ਸਭ ਤੋਂ ਮੁੱਲਵਾਨ ਖਿਡਾਰੀ ਸਿੱਧ ਹੋਇਆ। ਮਿਆਮੀ ਹੀਟ ਨਾਲ ਇਹ ਸਮਾਂ ਉਹਦੇ ਖੇਡ ਕੈਰੀਅਰ ਦਾ ਬਿਹਤਰੀਨ ਸਮਾਂ ਗਿਣਿਆ ਜਾਂਦਾ ਹੈ। ਮਿਆਮੀ ਹੀਟ ਵਿਚ ਖੇਡਦਿਆਂ ਉਸ ਨੇ ਆਪਣੀ ਖੇਡ ਤਕਨੀਕ ਵਿਚ ਕਈ ਸੁਧਾਰ ਕੀਤੇ। ਖ਼ਾਸ ਕਰਕੇ 3-ਪੁਆਇੰਟ ਤਕਨੀਕ ਨੂੰ ਸੁਧਾਰਿਆ। 2014 ਤੋਂ 2018 ਤਕ ਉਹ ਮੁੜ ਕਲੀਵਲੈਂਡ ਕੈਵਲੀਅਰਜ਼ ਨੂੰ ਰੰਗ ਭਾਗ ਲਾਉਂਦਾ ਰਿਹਾ। ਕੈਰੀ ਆਇਰਵਿੰਗ ਤੇ ਕੇਵਿਨ ਲਵ ਦੇ ਸਹਿਯੋਗ ਨਾਲ 2016 ਦੀ ਐੱਨਬੀਏ ਚੈਂਪੀਅਨਸ਼ਿਪ ਆਪਣੇ ਸ਼ਹਿਰ ਦੇ ਕਲੱਬ ਨੂੰ ਜਿਤਾਈ। ਤਦ ਤਕ ਉਹਦੀ ਗੁੱਡੀ ਏਨੀ ਚੜ੍ਹ ਚੁੱਕੀ ਸੀ ਕਿ ਨਾਮੀ ਕਲੱਬ ਲਾਸ ਏਂਜਲਸ ਲੇਕਰਜ਼ ਨੇ ਉਸ ਨੂੰ ਮੂੰਹ ਮੰਗੇ ਡਾਲਰ ਦੇ ਕੇ ਆਪਣੇ ਵੱਲੋਂ ਖੇਡਣ ਲਾ ਲਿਆ। ਉਦੋਂ ਤੋਂ ਹੁਣ ਤਕ ਉਹ ਉਸੇ ਕਲੱਬ ਵੱਲੋਂ ਖੇਡ ਰਿਹੈ ਤੇ ਲਾਸ ਏਂਜਲਸ ਲੇਕਰਜ਼ ਦਾ ਨਾਂ ਕੁਲ ਦੁਨੀਆ `ਚ ਚਮਕਾ ਰਿਹੈ।
2018 `ਚ ਲੇਬਰਾਨ ਜੇਮਸ ਨੇ ਲਾਸ ਏਂਜਲਸ ਲੇਕਰਜ਼ ਨਾਲ ਇਕ ਇਸ਼ਤਿਹਾਰੀ ਕਾਂਟ੍ਰੈਕਟ `ਤੇ ਦਸਤਖ਼ਤ ਕੀਤੇ। ਲੇਕਰਜ਼ ਵੱਲੋਂ ਖੇਡਦਿਆਂ ਉਸ ਨੇ ਕਾਂਟ੍ਰੈਕਟ ਦਾ ਪੂਰਾ ਮੁੱਲ ਮੋੜਿਆ। 2020 `ਚ ਉਸ ਨੇ ਲੇਕਰਜ਼ ਨੂੰ ਐੱਨਬੀਏ ਚੈਂਪੀਅਨਸ਼ਿਪ ਜਿੱਤ ਦਿੱਤੀ। ਲੇਬਰਾਨ ਦੀ ਖੇਡ ਕਲਾ ਸਿਰਫ਼ ਸਕੋਰ ਕਰਨ ਤਕ ਹੀ ਸੀਮਤ ਨਹੀਂ। ਉਹ ਸ਼ਾਨਦਾਰ ਸਹਾਇਕ ਖਿਡਾਰੀ, ਰੀਬਾਊਂਡਰ ਤੇ ਡਿਫੈਂਸਿਵ ਖਿਡਾਰੀ ਵੀ ਹੈ। ਕੋਰਟ ਵਿਚ ਉਸ ਦੀ ਹੌਂਸਲੇ ਵਾਲੀ ਮੌਜੂਦਗੀ ਤੇ ਅਗਵਾਈ ਉਸ ਨੂੰ ‘ਮਹਾਨ ਖਿਡਾਰੀਆਂ’ ਦੀ ਲਿਸਟ `ਚ ਲਿਆ ਖੜ੍ਹਾ ਕਰਦੀ ਹੈ। 2023 ਵਿਚ ਉਸ ਨੇ ਲਾਸ ਏਂਜਲਸ ਲੇਕਰਜ਼ ਲਈ ਪਹਿਲਾ ਐੱਨਬੀਏ ਕੱਪ ਵੀ ਜਿੱਤਿਆ। ਉਹ ਇਸ ਵੇਲੇ ਐੱਨਬੀਏ `ਚ ਖੇਡਣ ਵਾਲਾ ਸਭ ਤੋਂ ਵੱਡ ਉਮਰਾ ਖਿਡਾਰੀ ਹੈ। 7 ਫਰਵਰੀ 2023 ਤੋਂ ਪਹਿਲਾਂ ਐੱਨਬੀਏ ਲੀਗ `ਚੋਂ ਸਭ ਤੋਂ ਵੱਧ ਅੰਕ ਲੈਣ ਦਾ ਰਿਕਾਰਡ ਕਰੀਮ ਅਬਦੁਲ-ਜੱਬਾਰ ਦੇ ਨਾਂ ਹੁੰਦਾ ਸੀ ਜੋ ਹੁਣ ਲੇਬਰਾਨ ਜੇਮਸ ਦੇ ਨਾਂ ਹੈ। ‘ਟਾਈਮ’ ਮੈਗਜ਼ੀਨ ਅਨੁਸਾਰ 2005, 2013, 2017 ਤੇ 2019 ਦੇ ਵਿਸ਼ਵ ਪ੍ਰਸਿੱਧ 100 ਪ੍ਰਭਾਵਸ਼ਾਲੀ ਵਿਅਕਤੀਆਂ ਵਿਚ ਉਹਦਾ ਨਾਂ ਸ਼ਾਮਲ ਕੀਤਾ ਜਾਂਦਾ ਰਿਹਾ। ਉਸ ਨੂੰ ਮਿਲੇ ਮਾਣ ਸਨਮਾਨਾਂ ਦਾ ਕੋਈ ਲੇਖਾ ਨਹੀਂ। ਉਹ 1911 ਤੋਂ ਲਿਵਰਪੂਲ ਫੁੱਟਬਾਲ ਕਲੱਬ ਦਾ ਵੀ ਪਾਰਟਨਰ ਹੈ। ਉਸ ਨੇ ਲੇਬਰਾਨ ਫੈਮਿਲੀ ਫਾਊਂਡੇਸ਼ਨ ਬਣਾਈ ਹੈ ਜੋ ਐਕਰੋਨ ਵਿਖੇ ਐਲੀਮੈਂਟਰੀ ਸਕੂਲ, ਹਾਊਸਿੰਗ ਕੰਪਲੈਕਸ, ਰੀਟੇਲ ਪਲਾਜ਼ਾ ਤੇ ਮੈਡੀਕਲ ਸੈਂਟਰ ਚਲਾ ਰਹੀ ਹੈ।
ਲੇਬਰਾਨ ਜੇਮਸ ਕੇਵਲ 19 ਸਾਲਾਂ ਦਾ ਸੀ ਜਦੋਂ ਏਥਨਜ਼ ਦੀਆਂ ਓਲੰਪਿਕ ਖੇਡਾਂ ਲਈ ਅਮਰੀਕਾ ਦੀ ਬਾਸਕਟਬਾਲ ਟੀਮ `ਚ ਚੁਣਿਆ ਗਿਆ। ਅਮਰੀਕੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। 2006 ਦੀ ਫੀਬਾ ਵਿਸ਼ਵ ਚੈਂਪੀਅਨਸ਼ਿਪ ਲਈ ਉਹ ਫਿਰ ਅਮਰੀਕਾ ਦੀ ਟੀਮ ਵਿਚ ਖੇਡਿਆ। ਉਥੇ ਵੀ ਅਮਰੀਕੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਪਰ ਬੀਜਿੰਗ-2008 ਦੀਆਂ ਓਲੰਪਿਕ ਖੇਡਾਂ `ਚੋਂ ਅਮਰੀਕਾ ਦੀ ਟੀਮ ਨੇ ਗੋਲਡ ਮੈਡਲ ਜਿੱਤਿਆ ਜੋ ਲੇਬਰਾਨ ਦਾ ਪਹਿਲਾ ਓਲੰਪਿਕ ਗੋਲਡ ਬਣਿਆ। ਉਥੇ ਅਮਰੀਕੀ ਟੀਮ ਕੋਈ ਵੀ ਮੈਚ ਨਹੀਂ ਹਾਰੀ। 2012 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ `ਚੋਂ ਵੀ ਅਮਰੀਕਾ ਦੀ ਟੀਮ ਗੋਲਡ ਮੈਡਲ ਜਿੱਤੀ ਜਿਸ ਨਾਲ ਲੇਬਰਾਨ ਦੇ ਦੋ ਓਲੰਪਿਕ ਗੋਲਡ ਮੈਡਲ ਹੋ ਗਏ।
12 ਸਾਲ ਓਲੰਪਿਕ ਖੇਡਾਂ ਲਾਂਭੇ ਰਹਿਣ ਪਿੱਛੋਂ ਉਹ 2024 ਦੀਆਂ ਓਲੰਪਿਕ ਖੇਡਾਂ ਵਿਚ ਫਿਰ ਸ਼ਾਮਲ ਹੋਇਆ ਜੋ ਪੈਰਿਸ ਵਿਖੇ ਹੋਈਆਂ। ਅਮਰੀਕਾ ਦੇ 592 ਖਿਡਾਰੀਆਂ ਦੇ ਦਲ ਦੀ ਅਗਵਾਈ ਇਕ ਪੁਰਸ਼ ਖਿਡਾਰੀ ਤੇ ਇਕ ਔਰਤ ਖਿਡਾਰਨ ਨੇ ਕਰਨੀ ਸੀ। ਪੁਰਸ਼ ਖਿਡਾਰੀਆਂ `ਚੋਂ ਅਮਰੀਕਾ ਦਾ ਝੰਡਾਬਰਦਾਰ ਲੇਬਰਾਨ ਜੇਮਸ ਨੂੰ ਬਣਾਇਆ ਗਿਆ। ਓਲੰਪਿਕ ਖੇਡਾਂ ਦੇ ਇਤਿਹਾਸ `ਚ ਇਹ ਪਹਿਲਾ ਮੌਕਾ ਸੀ ਕਿ ਅਮਰੀਕਾ ਵੱਲੋਂ ਨੈਸ਼ਨਲ ਫਲੈਗ ਕਿਸੇ ਬਾਸਕਟਬਾਲ ਦੇ ਖਿਡਾਰੀ ਨੂੰ ਫੜਾਇਆ ਗਿਆ। ਅਮਰੀਕਾ ਦੀ ਬਾਸਕਟਬਾਲ ਟੀਮ ਨੇ ਫਿਰ ਗੋਲਡ ਮੈਡਲ ਜਿੱਤਿਆ। ਇੰਜ ਲੇਬਰਾਨ ਦੇ ਓਲੰਪਿਕ ਖੇਡਾਂ `ਚੋਂ 3 ਗੋਲਡ ਮੈਡਲ ਹੋ ਗਏ। ਸੈਮੀ ਫਾਈਨਲ ਮੈਚ ਸਰਬੀਆ ਦੀ ਟੀਮ ਵਿਰੁੱਧ ਸੀ ਜਿਸ ਵਿਚ ਲੇਬਰਾਨ ਦੇ 16 ਅੰਕ 12 ਰੀਬਾਊਂਡ ਤੇ 10 ਅਸਿਸਟ ਅੰਕ ਸਨ। ਫਾਈਨਲ ਮੈਚ ਫਰਾਂਸ ਦੀ ਟੀਮ ਵਿਰੁੱਧ ਸੀ ਜੋ ਅਮਰੀਕਾ ਨੇ 98-87 ਅੰਕਾਂ ਨਾਲ ਜਿੱਤਿਆ। ਉਸ ਵਿਚ ਉਹਦੇ 14 ਆਪਣੇ ਅੰਕ, 6 ਰੀਬਾਊਂਡ ਤੇ 10 ਸਹਾਇਕ ਅੰਕ ਸਨ। ਉਸ ਦੀ ਸਮੁੱਚੀ ਕਾਰਗੁਜ਼ਾਰੀ ਦੇ ਆਧਾਰ `ਤੇ ਉਸ ਨੂੰ ਫੀਬਾ ਓਲੰਪਿਕਸ ਆਲ ਸਟਾਰ ਟੀਮ `ਚ ਚੁਣਿਆ ਗਿਆ। ਇੰਜ ਉਹ ਬਾਸਕਟਬਾਲ ਦੇ ਮਹਾਨ ਖਿਡਾਰੀ ਆਸਕਰ ਰੋਬਰਟਸਨ, ਮੈਜਿਕ ਜੌਨ੍ਹਸਨ ਤੇ ਮਾਈਕਲ ਜੋਰਡਨ ਦੀ ਕਤਾਰ ਵਿਚ ਸ਼ਾਮਲ ਹੋ ਗਿਆ।
ਸਕੂਲੇ ਪੜ੍ਹਦਿਆਂ ਉਹਦਾ ਮਿਸ ਸਵਾਨਾਹ ਨਾਲ ਸਨੇਹ ਹੋ ਗਿਆ ਸੀ। ਜਿਵੇਂ ਉਸ ਦੀ ਖੇਡ `ਚ ਗੁੱਡੀ ਚੜ੍ਹਦੀ ਗਈ ਉਵੇਂ ਪਿਆਰ ਵੀ ਪ੍ਰਫੁੱਲਤ ਹੁੰਦਾ ਗਿਆ। 14 ਸਤੰਬਰ 2013 ਨੂੰ ਉਨ੍ਹਾਂ ਨੇ ਸਾਨ ਡੀਗੋ, ਕੈਲੇਫੋਰਨੀਆ ਵਿਚ ਵਿਆਹ ਕਰਵਾ ਲਿਆ। ਉਨ੍ਹਾਂ ਦੇ ਦੋ ਪੁੱਤਰ ਹੋਏ ਤੇ ਇਕ ਧੀ। ਉਨ੍ਹਾਂ ਦੇ ਨਾਂ ਬਰੌਨੀ, ਬ੍ਰਾਈਸ ਤੇ ਜ਼ਹੂਰੀ ਹਨ। ਬਰੌਨੀ ਹੁਣ ਬਾਸਕਟਬਾਲ ਦਾ ਉਭਰਦਾ ਖਿਡਾਰੀ ਹੈ ਜਿਸ ਤੋਂ ਵੱਡੀਆਂ ਆਸਾਂ ਹਨ। ਲੇਬਰਾਨ ਦਾ ਇਕ ਘਰ ‘ਕੋਕੋਨਟ ਗ੍ਰੋਵ’ ਬਿਸਕੇਨੇ ਬੇਅ `ਚ ਹੈ ਜੋ 9 ਮਿਲੀਅਨ ਡਾਲਰਾਂ `ਚ ਖਰੀਦਿਆ ਸੀ। ਦੂਜਾ ਘਰ 21 ਮਿਲੀਅਨ ਦਾ ਮੈਨਸਨ ਬਰੈਂਟਵੁੱਡ, ਲਾਸ ਏਂਜਲਸ `ਚ ਹੈ। ਉਥੇ ਇਕ ਹੋਰ ਘਰ 2017 ਵਿਚ 23 ਮਿਲੀਅਨ ਡਾਲਰ ਦਾ ਖਰੀਦ ਰੱਖਿਆ ਹੈ। 30000 ਵਰਗ ਫੁੱਟ ਦਾ ਮੈਨਸਨ ਆਪਣੇ ਜੱਦੀ ਸ਼ਹਿਰ ਐਂਕਰਨ ਵਿਚ ਹੈ। ਹੁਣ ਉਹ ਕੁਝ ਵੀ ਖਰੀਦ ਸਕਦਾ ਹੈ।
ਖਿਡਾਰੀਆਂ ਦੇ ਸੱਟਾਂ ਫੇਟਾਂ ਤਾਂ ਲੱਗਦੀਆਂ ਹੀ ਹਨ ਜੋ ਉਹਦੇ ਵੀ ਲੱਗੀਆਂ। ਉਂਜ ਉਹ ਪੂਰਾ ਸਿਹਤਮੰਦ ਹੈ। ਸਿਹਤ ਕਾਇਮ ਰੱਖਣ ਲਈ ਉਹ ਹਰ ਸਾਲ ਡੇਢ ਮਿਲੀਅਨ ਡਾਲਰ ਖਰਚਦਾ ਹੈ। ਵਾਈਨ ਉਸ ਨੂੰ ਮਾਫ਼ਕ ਹੈ ਇਸ ਲਈ ਵਿਸਕੀ ਤੋਂ ਪ੍ਰਹੇਜ਼ ਕਰਦਾ ਹੈ। ਜਨਵਰੀ 2009 ਵਿਚ ਉਸ ਦੇ ਜਬਾ੍ਹੜੇ `ਚ ਟਿਊਮਰ ਉੱਗ ਪਿਆ ਸੀ ਜੋ ਪੰਜ ਘੰਟਿਆਂ ਦੀ ਸਰਜਰੀ ਨਾਲ ਸਾਫ਼ ਕਰ ਦਿੱਤਾ ਗਿਆ। ਉਸ ਦਾ ਪਬਲਿਕ ਇਮੇਜ ਬਹੁਤ ਵਧੀਆ ਹੈ। ਮੀਡੀਏ `ਚ ਉਹਦੀ ਮਹਿਮਾ ਹੁੰਦੀ ਰਹਿੰਦੀ ਹੈ। ਸ਼ੌਕ ਵੀ ਬਥੇਰੇ ਪਾਲਦਾ ਹੈ ਤੇ ਸਿਆਸਤ ਵਿਚ ਵੀ ਮਾੜੀ ਮੋਟੀ ਦਿਲਚਸਪੀ ਰੱਖਦਾ ਹੈ। ਕੰਪਨੀਆਂ ਉਸ ਦੀ ਇਸ਼ਤਿਹਾਰਬਾਜ਼ੀ ਨਾਲ ਆਪੋ ਆਪਣਾ ਮਾਲ ਵੇਚਦੀਆਂ ਹਨ। ਉਹ 2020 `ਚ ਐੱਨਬੀਏ ਆਲ ਸਟਾਰ ਟੀਮ ਵਿਚ ਚੁਣਿਆ ਗਿਆ ਤਾਂ ਟੀਮ ਨੂੰ ਵਿਸ਼ੇਸ਼ ਜਰਸੀਆਂ ਪਹਿਨਾਈਆ ਗਈਆਂ। ਬਾਅਦ ਵਿਚ ਚੈਰਟੀ ਲਈ ਜਰਸੀਆਂ ਦੀ ਬੋਲੀ ਲੱਗੀ ਤਾਂ ਲੇਬਰਾਨ ਜੇਮਸ ਦੀ ਪਹਿਨੀ ਜਰਸੀ 630000 ਡਾਲਰ `ਚ ਵਿਕੀ।
ਵੱਡੇ ਖਿਡਾਰੀਆਂ ਦੀਆਂ ਗੱਲਾਂ ਵੱਡੀਆਂ ਹੁੰਦੀਆਂ ਹਨ ਜੋ ਕਦੇ ਮੁੱਕਦੀਆਂ ਨਹੀਂ। ਜੀਹਨੇ ਲੇਬਰਾਨ ਜੇਮਸ ਬਾਰੇ ਬਹੁਤਾ ਕੁਝ ਜਾਣਨਾ ਹੋਵੇ ਉਹ ਉਸ ਦੀ ਜੀਵਨੀ ਪੜ੍ਹ ਸਕਦਾ ਹੈ ਜਾਂ ਉਸ ਦੀਆਂ ਫਿਲਮਾਂ ਤੇ ਵੀਡੀਓਜ਼ ਵੇਖ ਸਕਦਾ ਹੈ। ਖ਼ੁਦ ਗ਼ਰੀਬੀ ਹੰਢਾਈ ਹੋਣ ਕਰਕੇ ਉਹ 2300 ਲੋੜਵੰਦ ਬੱਚਿਆਂ ਨੂੰ ਪੜ੍ਹਾਈ ਤੇ ਸਿਹਤ ਬਣਾਈ ਰੱਖਣ ਲਈ ਵਜ਼ੀਫ਼ੇ ਦੇ ਰਿਹਾ ਹੈ। ਉਸ ਨੂੰ ਜਿਥੇ ਹੋਰ ਦਰਜਨਾਂ ਅਵਾਰਡ ਮਿਲੇ ਹਨ ਉਥੇ ਕਮਿਊਨਿਟੀ ਦੀ ਉੱਤਮ ਸੇਵਾ ਲਈ ਐੱਨਬੀਏ ਦਾ ਜੇ. ਵਾਲਟਰ ਕੈਨੇਡੀ ਸਿਟੀਜ਼ਨਸ਼ਿਪ ਅਵਾਰਡ ਵੀ ਦਿੱਤਾ ਗਿਆ ਹੈ। ਲੇਬਰਾਨ ਜੇਮਸ ਸੱਚਮੁੱਚ ਖੇਡ ਦਰਸ਼ਕਾਂ ਦੇ ਦਿਲਾਂ ਦਾ ਬਾਦਸ਼ਾਹ ਹੈ।