ਉੱਘੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੇ ਕਿਹਾ ਕਿ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਲੰਡਨ ਵਿਚ ਆਪਣੇ ਸੰਗੀਤ ਪ੍ਰੋਗਰਾਮ ਵਿਚ ਉਸ ਨੂੰ ਜੋ ਪਿਆਰ ਅਤੇ ਸਨਮਾਨ ਦਿੱਤਾ, ਉਹ ਉਸ ਲਈ ਯਾਦਗਾਰੀ ਸੀ ਜਿਸ ਨੂੰ ਉਹ ਕਦੇ ਭੁੱਲ ਨਹੀਂ ਸਕਦੀ। ਲੰਡਨ ਵਿਚ ਪੰਜਾਬੀ ਗਾਇਕ ਦੁਸਾਂਝ ਦੇ ਪ੍ਰੋਗਰਾਮ ‘ਕਨਸਰਟ` ਵਿਚ ਸ਼ਾਮਲ ਹੋਈ ਹਾਨੀਆ ਨੇ ਇੰਸਟਾਗ੍ਰਾਮ `ਤੇ ਲਿਖਿਆ ਹੈ:
‘ਦਿਲਜੀਤ ਦੁਸਾਂਝ ਸਰ ਇੱਕ ਹੀ ਦਿਲ ਕਿੰਨੀ ਵਾਰ ਜਿੱਤੋਗੇ।`
ਅਸਲ ਵਿਚ ਦਿਲਜੀਤ ਦੁਸਾਂਝ ਨੇ ਚੱਲਦੇ ਪ੍ਰੋਗਰਾਮ ਵਿਚ ਹਾਨੀਆ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ ਅਤੇ ਫਿਰ ਦੋਹਾਂ ਨੇ ਸਟੇਜ ਉਤੇ ਅਜਿਹਾ ਜਾਦੂ ਧੂੜਿਆ ਕਿ ਦਰਸ਼ਕ ਅਸ਼-ਅਸ਼ ਕਰ ਉਠੇ, ਖਾਸ ਕਰ ਕੇ ਪਾਕਿਸਤਾਨੀ ਪੰਜਾਬੀ ਦਿਲਜੀਤ ਦੋਸਾਂਝ ਦੇ ਇਸ ਵਿਹਾਰ ‘ਤੇ ਬਹੁਤ ਖੁਸ਼ ਹੋਏ। ਦਿਲਜੀਤ ਨੇ ਉਘੇ ਰੈਪਰ ਬਾਦਸ਼ਾਹ ਨੂੰ ਵੀ ਸਟੇਜ ‘ਤੇ ਬੁਲਾਇਆ। ਉਂਝ, ਇਸ ਕਹਾਣੀ ਦਾ ਇਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਅੱਜ ਕੱਲ੍ਹ ਬਾਦਸ਼ਾਹ ਅਤੇ ਹਾਨੀਆ ਆਮਿਰ ਵਿਚਕਾਰ ਮੁਹੱਬਤਾਂ ਦੀ ਵਰਖਾ ਹੋ ਰਹੀ ਹੈ। ਦੋਹਾਂ ਨੇ ਇਹ ਗੱਲ ਅਜੇ ਖੁੱਲ੍ਹੇਆਮ ਸਵੀਕਾਰ ਨਹੀਂ ਕੀਤੀ ਪਰ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਦੌਰਾਨ ਇਹ ਜੋੜੀ ਇਕੱਠੀ ਹੀ ਸੀ।
12 ਫਰਵਰੀ 1997 ਨੂੰ ਜਨਮੀ ਹਾਨੀਆ ਆਮਿਰ ਪਾਕਿਸਤਾਨ ਦੇ ਪੰਜਾਬੀ ਤੇ ਉਰਦੂ ਡਰਾਮਿਆਂ ਅਤੇ ਫਿਲਮਾਂ ਵਿਚ ਕੰਮ ਕਰਦੀ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2016 ਵਿਚ ਕਾਮੇਡੀ ਫਿਲਮ ‘ਜਨਾਨ’ ਨਾਲ ਕੀਤੀ ਸੀ। ਫਿਰ 2017 ਵਿਚ ਉਹ ਟੈਲੀਵਿਜ਼ਨ ਡਰਾਮੇ ‘ਤਿਤਲੀ’ ਵਿਚ ਨਜ਼ਰ ਆਈ। ‘ਮੇਰੇ ਹਮਸਫਰ’ ਨੇ ਉਸ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿੱਤਾ।
ਕੁਦਰਤ ਕੌਰ