ਡਾ: ਆਸਾ ਸਿੰਘ ਘੁੰਮਣ
ਫੋਨ: 97798-53245
ਪਿਛਲੇ ਦਿਨੀਂ ਜਦ “ਆਇਆ ਪ੍ਰੀਤਾ, ਗਿਆ ਪ੍ਰੀਤਾ” ਦੇ ਵਿਸ਼ੇਸ਼ਕ ਨਾਲ ਕਬੱਡੀ-ਜਗਤ ਵਿਚ ਮਕਬੂਲ ਪ੍ਰੀਤਮ ਸਿੰਘ ਪ੍ਰੀਤਾ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਤਾਂ ਉਸਦੇ ਜਾਣਕਾਰ-ਪ੍ਰਸ਼ੰਸਕਾਂ ਦੇ ਮਨਾਂ ਵਿਚ ਇੱਕ ਅਹਿਸਾਸ ਜ਼ਰੂਰ ਭਾਰੂ ਹੋਇਆ ਰਿਹਾ ਕਿ ਸਮੇਂ ਦੀਆਂ ਸਰਕਾਰਾਂ, ਸਮਰੱਥ-ਅਧਿਕਾਰੀਆਂ, ਵਿਦਮਾਨ ਸਿਸਟਮ ਅਤੇ ਹਾਲਾਤ ਨੇ ਉਸ ਨੂੰ ਉਹ ਮੁਕਾਮ ਨਹੀਂ ਮੁਹੱਈਆ ਕਰਾਇਆ ਜਿਸਦਾ ਉਹ ਹੱਕਦਾਰ ਸੀ। ਪੇਂਡੂ-ਮਾਨਸਿਕਤਾ ਨੇ ਤਾਂ ਉਸਨੂੰ ਸਿਰ `ਤੇ ਚੁੱਕੀ ਰੱਖਿਆ ਸੀ ਪਰ ਜ਼ਿੰਮੇਵਾਰ ਸੰਸਥਾਵਾਂ ਨੇ ਨਾ ਜਿਉਂਦੇ ਜੀ ਨਾ ਮ੍ਰਿਤੂ-ਉਪਰੰਤ ਉਸਨੂੰ ਉਹ ਮਾਣ-ਸਨਮਾਨ ਪ੍ਰਦਾਨ ਕੀਤੇ ਜੋ ਉਸਦੇ ਹਿੱਸੇ ਆਉਣੇ ਚਾਹੀਦੇ ਸਨ।
ਸਮਾਂ ਪਾ ਕੇ ‘ਪ੍ਰੀਤੇ’ ਦੇ ਨਾਂ ਨਾਲ ਮਸ਼ਹੂਰ ਹੋ ਜਾਣ ਵਾਲਾ ਪਿਤਾ ਲਾਭ ਸਿੰਘ ਅਤੇ ਮਾਤਾ ਜਿੰਦ ਕੌਰ ਦਾ ਲਾਡਲਾ ਪ੍ਰੀਤਮ ਸਿੰਘ ਅਜੇ ਚਾਰ ਸਾਲ ਦਾ ਵੀ ਨਹੀਂ ਸੀ ਹੋਇਆ ਕਿ ਪਰਿਵਾਰ ਨੂੰ 1947 ਵਿਚ ਡਸਕਾ (ਸਿਆਲਕੋਟ) ਛੱਡ ਏਧਰ ਆਉਣਾ ਪੈ ਗਿਆ। ਨਡਾਲਾ (ਕਪੂਰਥਲਾ) ਆ ਕੇ ਮੁੜ-ਵੱਸਿਆ ਇਹ ਸਾਹੀ ਪਰਿਵਾਰ ‘ਭਲਵਾਨਾਂ ਦਾ ਟੱਬਰ’ ਅਖਵਾਉਂਦਾ ਸੀ, ਇਸ ਲਈ ਉਸਦੇ ਮਾਤਾ-ਪਿਤਾ ਅਤੇ ਚਾਚੇ ਦੀ ਖਾਹਸ਼ ਸੀ ਕਿ ਪ੍ਰੀਤਮ ਨੂੰ ਤਕੜਾ ਭਲਵਾਨ ਬਣਾਇਆ ਜਾਵੇ ਜਿਸ ਲਈ ਉਸ ਦੀ ਖੁਰਾਕ ਦਾ ਖ਼ੂਬ ਖਿਆਲ ਰੱਖਿਆ ਗਿਆ। ਵੇਂਹਦਿਆਂ ਵੇਂਹਦਿਆਂ ਪ੍ਰੀਤਾ ਸੋਹਣਾ ਗਭਰੂ ਨਿਕਲਣ ਲੱਗਾ।
ਗੌਰਮਿੰਟ ਹਾਈ ਸਕੂਲ ਨਡਾਲੇ ਪੜ੍ਹਦਿਆਂ ਉਹ ਹਰ ਖੇਡ ਵਿਚ ਹਿੱਸਾ ਲੈਣ ਲੱਗਾ। ਅੱਠਵੀਂ ਵਿਚ ਪੜ੍ਹਦਿਆਂ ਧਰਮਸ਼ਾਲਾ ਵਿਖੇ ਵਿਸ਼ਾਲ ਪੰਜਾਬ ਦੇ ਸਕੂਲੀ ਮੁਕਾਬਲਿਆਂ ਵਿਚ ਕਈ ਮੁਕਾਬਲੇ ਏਸ ਕਰਕੇ ਲੇਟ ਕਰਨੇ ਪਏ ਕਿਉਂਕਿ ਪ੍ਰੀਤਮ ਸਿੰਘ ਕਿਸੇ ਹੋਰ ਮੁਕਾਬਲੇ ਵਿਚ ਹਿੱਸਾ ਲੈ ਰਿਹਾ ਹੁੰਦਾ। ਸੰਨ 1962 ਵਿਚ ਇੰਫਾਲ ਵਿਖੇ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਆਯੋਜਿਤ ਅੱਠਵੀਂ ਨੈਸ਼ਨਲ ਚੈਂਪੀਅਨਸ਼ਿਪ ਵਿਚੋਂ ਉਸ ਨੇ ਕਬੱਡੀ ਵਿਚੋਂ ਵਿਸ਼ੇਸ਼ ‘ਸੋਵੀਨਾਰ ਸਰਟੀਫਿਕੇਟ’ ਪ੍ਰਾਪਤ ਕੀਤਾ ਜਦੋਂਕਿ ਏਸੇ ਸਾਲ ਹੀ ਜਲੰਧਰ ਡਿਵੀਜ਼ਨ ਹਾਈ ਅਤੇ ਹਾਇਰ ਸੈਕੰਡਰੀ ਸਕੂਲਜ਼ ਹਾੱਟ-ਵੈਦਰ ਟੂਰਨਾਮੈਂਟ ਵਿਚ ਉਸਨੇ ਹਾਈ ਜੰਪ ਵਿਚੋਂ ਦੂਸਰੀ ਅਤੇ ਡਿਸਕਸ ਥਰੋ ਅਤੇ ਸ਼ਾੱਟ-ਪੁੱਟ ਵਿਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ।
ਥਰੋਆਂ ਵਿਚ ਪ੍ਰੀਤਮ ਸਿੰਘ ਦੀ ਵਧੀਆ ਕਾਰਗੁਜ਼ਾਰੀ ਵੇਖ ਕੇ ਪ੍ਰਸਿੱਧ ਖੇਡ-ਪ੍ਰਬੰਧਕ ਅਤੇ ਪੁਲਿਸ ਅਧਿਕਾਰੀ ਅਸ਼ਵਨੀ ਕੁਮਾਰ ਨੇ ਉਸ ਨੂੰ 1965 ਵਿਚ ਪੰਜਾਬ ਆਰਮਡ ਪੁਲਿਸ ਵਿਚ ਬਤੌਰ ਹੈੱਡ-ਕਾਂਸਟੇਬਲ ਭਰਤੀ ਕਰ ਲਿਆ। 1966 ਵਿਚ ਅਸ਼ਵਨੀ ਕੁਮਾਰ ਜਦ ਨਵ-ਗਠਿਤ ਬੀ.ਐਸ.ਐਫ. ਦੇ ਡਾਇਰੈਕਟਰ ਬਣੇ ਤਾਂ ਪ੍ਰੀਤਮ ਸਿੰਘ ਨੂੰ 56 ਬਟਾਲੀਅਨ ਬੀ.ਐੱਸ.ਐੱਫ. ਵਿਚ ਬਤੌਰ ਇੰਸਪੈਕਟਰ ਭਰਤੀ ਕਰ ਲਿਆ ਗਿਆ ਜਿਥੇ ਉਹ 1986 ਤੱਕ ਸਰਵਿਸ ਕਰਦੇ ਰਹੇ। ਇਸ ਸਮੇਂ ਦੌਰਾਨ ਉਸ ਨੇ ਜੈਵਲਿਨ ਵਿਚ ਪੰਜਾਬ, ਨਾੱਰਥ ਜ਼ੋਨ ਅਤੇ ਨੈਸ਼ਨਲ ਪੱਧਰ ਦੇ ਸਭ ਰਿਕਾਰਡ ਤੋੜੇ ਪਰ ਅਫਸੋਸ ਨਾ ਤਾਂ ਉਸ ਹਿੱਸੇ ਪ੍ਰਮੋਸ਼ਨਾਂ ਆਈਆਂ ਅਤੇ ਨਾ ਹੀ ਇਨਾਮ-ਖ਼ਨਾਮ!
1962 ਤੋਂ 1968 ਤੱਕ ਜੇ ਅਸੀਂ ਜੈਵਲਿਨ ਥਰੋ ਦੇ ਰਿਕਾਰਡਾਂ ਦਾ ਨਿਰੀਖਣ-ਵਿਸ਼ਲੇਸ਼ਣ ਕਰੀਏ ਤਾਂ ਜ਼ਾਹਰ ਹੁੰਦਾ ਹੈ ਕਿ ਇਹ ਰਿਕਾਰਡ ਕਾਇਮ ਕਰਨ ਵਾਲੇ ਖ਼ੁਦ ਉੱਚ-ਵਿਦਿਆ ਪ੍ਰਾਪਤ ਸਨ, ਉਨ੍ਹਾਂ ਨੂੰ ਮੌਟੀਵੇਟਿਡ ਕੋਚ ਮਿਲੇ ਹੋਏ ਸਨ ਅਤੇ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਵੀ ਪ੍ਰਭਾਵਸ਼ਾਲੀ ਸੀ ਪਰ ਪ੍ਰੀਤਮ ਸਿੰਘ ਕੋਲ ਕੇਵਲ ਕੁਦਰਤ ਵੱਲੋਂ ਦਿੱਤਾ ਬਹੁ-ਬਲ ਹੀ ਸੀ।
ਸੰਨ 1962 ਵਿਚ ਪਿੰਡ ਨੰਗਲੀ (ਅੰਮ੍ਰਿਤਸਰ) ਤੋਂ ਗੁਰਬਚਨ ਸਿੰਘ ਰੰਧਾਵਾ ਨੇ 210 ਫੁੱਟ 3 ਇੰਚ (64.08 ਮੀਟਰ) ਜੈਵਲਿਨ ਸੁੱਟ ਕੇ ਨੈਸ਼ਨਲ ਰਿਕਾਰਡ ਕਾਇਮ ਕੀਤਾ ਸੀ। ਪ੍ਰੀਤਮ ਸਿੰਘ ਨੇ ਐਮਚਿਓਰ ਐਥਲੈਟਿਕ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਬੰਧ ਅਧੀਨ 1969 ਵਿਚ ਹੋਈ ਅੱਠਵੀਂ ਆਲ ਇੰਡੀਆ ਓਪਨ ਚੈਂਪੀਅਨਸ਼ਿਪ, ਅਜਮੇਰ (ਰਾਜਸਥਾਨ) ਵਿਖੇ 67.32 ਮੀਟਰ ਦੂਰੀ ਸੁੱਟ ਕੇ 3.24 ਮੀਟਰ ਦੇ ਵੱਡੇ ਫਰਕ ਨਾਲ ਉਸਦਾ ਬਣਿਆ ਰਿਕਾਰਡ ਤੋੜ ਕੇ ਕਮਾਲ ਕਰ ਦਿੱਤੀ। ਭਾਵੇਂ ਕਿ ਗੁਰਬਚਨ ਸਿੰਘ ਰੰਧਾਵਾ ਦੀਆਂ ਹਾਈ ਜੰਪ ਅਤੇ ਹਰਡਲਜ਼ ਵਿਚ ਵੱਡੀਆਂ ਪ੍ਰਾਪਤੀਆਂ ਵੀ ਸਨ ਜਿਨ੍ਹਾਂ ਕਰਕੇ ਉਸਨੂੰ ਅਰਜਨ ਅਵਾਰਡ ਅਤੇ ਪਦਮ ਸ਼੍ਰੀ ਤੱਕ ਵਰਗੇ ਵੱਡੇ ਮਾਣ-ਸਨਮਾਨ ਹਾਸਲ ਹੋ ਗਏ ਪਰ ਪ੍ਰੀਤਮ ਸਿੰਘ ਦਾ ਜੈਵਲਿਨ ਦੀ ਦੁਨੀਆਂ ਵਿਚ ਕਿਤੇ ਕੋਈ ਜ਼ਿਕਰ ਤੱਕ ਨਹੀਂ ਮਿਲਦਾ।
ਪ੍ਰੀਤਮ ਸਿੰਘ ਦਾ ਇਹ ਰਿਕਾਰਡ ਕਈ ਓਲੰਪਿਕ ਵਿਚ ਪਹੁੰਚਣ ਵਾਲੇ ਅਥਲੀਟਾਂ ਤੋਂ ਵੀ ਵੱਧ ਸੀ ਭਾਵੇਂ ਕਿ ਉਹ ਆਪ ਕਦੀ ਏਸ਼ੀਆ ਜਾਂ ਓਲੰਪਿਕ ਤੱਕ ਨਾ ਪਹੁੰਚ ਸਕਿਆ। 1964 ਦੀ ਓਲੰਪਿਕ ਵਿਚ ਟੋਕੀਓ ਵਿਖੇ ਪੰਜਾਬੀ-ਮੂਲ ਦੇ ਨਸ਼ੱਤਰ ਸਿੰਘ ਸਿੱਧੂ ਨੇ ਮਲੇਸ਼ੀਆ ਦੀ ਪ੍ਰਤੀਨਿਧਤਾ ਕੀਤੀ। ਉਹ 17 ਦੇਸ਼ਾਂ ਦੇ 27 ਅਥਲੀਟਾਂ ਵਿਚੋਂ ਇੱਕ ਸੀ। ਤਿੰਨ ਮਿਲਦੇ ਮੌਕਿਆਂ ਵਿਚ ਉਸਦੀ ਕਾਰਗੁਜ਼ਾਰੀ ਕੇਵਲ 45.49/51.65/49.45 ਮੀਟਰ ਰਹੀ ਅਤੇ ਉਹ 25ਵੇਂ ਨੰਬਰ ‘ਤੇ ਰਿਹਾ। ਜਦੋਂਕਿ ਪ੍ਰੀਤਮ ਸਿੰਘ ਨੇ 1966 ਵਿਚ 58.47 ਮੀਟਰ ਅਤੇ 1967 ਵਿਚ 60.52 ਮੀਟਰ ਜੈਵਲਿਨ ਸੁੱਟਿਆ। ਸੰਨ 1969 ਵਿਚ 67.32 ਮੀਟਰ ਦੇ ਰਿਕਾਰਡ ਦਾ ਅਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ।
1968 ਦੀਆਂ ਓਲੰਪਿਕਸ ਅਕਤੂਬਰ ਵਿਚ ਮੈਕਸੀਕੋ ਸ਼ਹਿਰ ਵਿਚ ਹੋਈਆਂ ਜਿਸ ਵਿਚ ਭਾਰਤ ਵਿਚੋਂ ਕਿਸੇ ਜੈਵਲੀਅਨ ਨੇ ਹਿੱਸਾ ਨਹੀਂ ਸੀ ਲਿਆ। ਇਨ੍ਹਾਂ ਓਲੰਪਿਕਸ ਵਿਚ ਨਸ਼ੱਤਰ ਸਿੰਘ 70.70 ਮੀਟਰ ਨੇਜ਼ਾ ਸੁੱਟ ਕੇ 23ਵੇਂ ਨੰਬਰ ‘ਤੇ ਰਿਹਾ ਜਦੋਂ ਕਿ 25ਵੇਂ, 26ਵੇਂ ਅਤੇ 27ਵੇਂ ਨੰਬਰ ‘ਤੇ ਰਹਿਣ ਵਾਲੇ ਸਾਰੇ ਹੀ ਪ੍ਰੀਤਮ ਸਿੰਘ ਤੋਂ ਪਿੱਛੇ ਸਨ। 25ਵੇਂ ਨੰਬਰ ‘ਤੇ ਰਹਿਣ ਵਾਲੇ ਫਿਜ਼ੀ ਦੇ ਵਿਲੀਅਮ ਲੀਗਾ ਨੇ 62.3 ਮੀਟਰ, 26ਵੇਂ ਨੰਬਰ ‘ਤੇ ਆਉਣ ਵਾਲੇ ਨਿਕਾਰਗੋਆ ਦੇ ਡੋਨਾਲਡ ਵੈਲਜ਼ ਨੇ 61.32 ਮੀਟਰ ਜੈਵਲਿਨ ਸੁਟਿਆ ਜਦੋਂ ਕਿ ਸਵਿਟਜ਼ਰਲੈਂਡ ਦਾ ਰੌਲਫ ਬਹਲਰ 61.06 ਮੀਟਰ ਥਰੋ ਕਰਕੇ 27ਵੇਂ ਨੰਬਰ ‘ਤੇ ਰਿਹਾ। 24ਵੇਂ ਨੰਬਰ ‘ਤੇ ਰਹਿਣ ਵਾਲਾ ਚਿੱਲੀ ਦਾ ਰੌਲਫ ਹੌਪ ਤਿੰਨਾਂ ਵਿਚੋਂ ਇੱਕ ਵਾਰੀ ਹੀ ਪ੍ਰੀਤਮ ਸਿੰਘ ਤੋਂ ਵੱਧ ਨੇਜ਼ਾ ਸੁੱਟ ਸਕਿਆ।
ਇੰਦਰਜੀਤ ਸਿੰਘ ਪੱਡਾ ਨਾਲ ਇੱਕ ਪ੍ਰਕਾਸ਼ਤ ਇੰਟਰਵਿਊ ਵਿਚ ਪ੍ਰੀਤਮ ਸਿੰਘ ਨੇ ਦੱਸਿਆ ਕਿ 1971 ਵਿਚ ਇੰਟਰਨੈਸ਼ਨਲ ਪਰਮੋਸ਼ਨ ਬੋਰਡ (ਪੈਸਟਾ ਸੁਕਾਨ), ਸਿੰਘਾਪੁਰ ਵੱਲੋਂ ਆਯੋਜਿਤ ਐਨੂਅਲ ਲਿਟਲ ਓਲੰਪਿਕਸ ਵਿਚ ਉਸ ਨੇ ਨਸ਼ੱਤਰ ਸਿੰਘ ਸਿੱਧੂ ਦਾ ਰਿਕਾਰਡ ਤੋੜਿਆ ਸੀ ਪ੍ਰੰਤੂੰ ਮ੍ਰਿਤੂ-ਉਪਰੰਤ ਉਸਦੇ ਕਾਗਜ਼ਾਂ ਵਿਚੋਂ ਲੇਖਕ ਨੂੰ ਤਗਮੇ ਤਾਂ ਮਿਲੇ ਹਨ ਪਰ ਕੋਈ ਸਬੂਤ-ਸਰਟੀਫਿਕੇਟ ਨਹੀਂ ਮਿਲਿਆ ਜਿੱਥੋਂ ਸਾਬਤ ਹੋ ਸਕੇ ਉਸ ਨੇ ਸਿੰਘਾਪੁਰ ਵਿਖੇ ਕਿੰਨੀ ਦੂਰੀ ‘ਤੇ ਜੈਵਲਿਨ ਸੁੱਟਿਆ।
ਇਵੇਂ ਪ੍ਰਤੀਤ ਹੁੰਦਾ ਹੈ ਕਿ 1969-71 ਵਿਚ ਰਿਕਾਰਡ ਤੋੜਨ ਤੋਂ ਬਾਅਦ ਜਿਵੇਂ ਪ੍ਰੀਤਮ ਸਿੰਘ ਅੰਦਰੋਂ ਉਦਾਸ ਰਹਿਣ ਲੱਗਾ ਹੋਵੇ। ਨਾ ਤਾਂ ਏਸ਼ੀਆ ਤੱਕ ਪਹੁੰਚਣ ਦਾ ਕੋਈ ਸਬੱਬ ਬਣ ਰਿਹਾ ਸੀ ਅਤੇ ਨਾ ਹੀ ਉਸਨੂੰ ਕੋਈ ਪ੍ਰਮੋਸ਼ਨ ਹੀ ਮਿਲ ਰਹੀ ਸੀ ਜਿਸਦੇ ਕਈ ਕਾਰਨ ਹੋ ਸਕਦੇ ਹਨ: ਨਾ ਤਾਂ ਉਸਦਾ ਕੋਈ ਗਾਡ-ਫਾਦਰ ਸੀ, ਨਾ ਹੀ ਕੋਈ ਰਾਜਨੀਤਕ ਸਫਾਰਸ਼ੀ-ਹਸਤੀ। ਉਹ ਅਣਖੀ ਅਤੇ ਖ਼ੁੱਦਾਰ ਤਾਂ ਸੀ ਹੀ, ਘੱਟ ਪੜ੍ਹਿਆ-ਲਿਖਿਆ ਹੋਣ ਕਰਕੇ ਉਸ ਵਿਚ ਕਮਤਰੀ ਦਾ ਅਹਿਸਾਸ ਵੀ ਸੀ। ਉਹ ‘ਮੰਗ’ ਕੇ ਜਾਂ ‘ਅਰਜ਼ੀ’ ਦੇ ਕੇ ਕੁਝ ਨਹੀਂ ਸੀ ਲੈਣਾ ਚਾਹੁੰਦਾ।
67.32 ਮੀਟਰ ਨੇਜ਼ਾ ਸੁੱਟਣ ਤੋਂ ਬਾਅਦ ਉਹ ਆਪਣੇ ਰਿਕਾਰਡ ਨੂੰ ਨਾ ਤਾਂ ਕਾਇਮ ਰੱਖ ਸਕਿਆ ਨਾ ਹੀ ਬੇਹਤਰ ਬਣਾ ਸਕਿਆ। ਲੇਖਕ ਨਾਲ ਟੈਲੀਫੋਨ ‘ਤੇ ਹੋਈ ਗੱਲਬਾਤ ਵਿਚ ਗੁਰਬਚਨ ਸਿੰਘ ਰੰਧਾਵਾ ਦਾ ਕਥਨ ਸੀ ਕਿ ਇਸਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਕਬੱਡੀ ਵੱਲ ਜ਼ਿਆਦਾ ਰੁਚਿਤ ਸੀ ਅਤੇ ਜੈਵਲਿਨ ਈਵੈਂਟ ‘ਤੇ ਲੋੜੀਂਦਾ ਧਿਆਨ ਕੇਂਦਰਿਤ ਨਹੀਂ ਸੀ ਕਰ ਰਿਹਾ। ਇੰਝ ਲੱਗਦਾ ਹੈ ਕਿ ਜੈਵਲਿਨ ਦੀ ਬੇਹਤਰੀਨ ਕਾਰਗੁਜ਼ਾਰੀ ਵੀ ਉਸਨੂੰ ਕਬੱਡੀ ਵਾਲਾ ਮਾਨਸਿਕ ਹੁਲਾਰਾ ਅਤੇ ਸ਼ੁਹਰਤ ਨਹੀਂ ਸੀ ਦੇ ਰਹੀ ਅਤੇ ਨਾ ਹੀ ਇਸ ਵਿਚੋਂ ਕੋਈ ਆਰਥਿਕ ਲਾਹਾ ਮਿਲ ਰਿਹਾ ਸੀ। ਦੂਜੇ ਪਾਸੇ ਕਬੱਡੀ ਦੇ ਗਹਿ-ਗੱਚ ਮੁਕਾਬਲਿਆਂ ਵਿਚ ਜਦ ਉਹ ਕਬੱਡੀ ਪਾਉਂਦਾ ਤਾਂ ‘ਆਇਆ ਪ੍ਰੀਤਾ, ਗਿਆ ਪ੍ਰੀਤਾ’ ਫਿਜ਼ਾ ਵਿਚ ਗੂੰਜਣ ਲਗਦਾ। ਇੱਕ ਇੱਕ ਪਲ ਮੁਕਾਬਲੇ ਭਰਪੂਰ ਹੁੰਦਾ ਅਤੇ ਫਤਿਹ ਦੀਆਂ ਤਾੜੀਆਂ ਅਰਸ਼ਾਂ ਨੂੰ ਜਾ ਛੋਂਹਦੀਆਂ, ਉਸਦੇ ਆਪਣੇ ਉਸਨੂੰ ਮੋਢਿਆਂ ‘ਤੇ ਚੁੱਕ ਲੈਂਦੇ। ਨੇੜੇ ਦੇ ਕਈ ਮੈਚਾਂ ਵਿਚ ਉਸ ਦੀ ਮਾਤਾ ਜੀ ਖ਼ੁਦ ਉਸਨੂੰ ਖੇਡਦਿਆਂ ਵੇਖਣ ਚੋਰੀ ਦੇਣੀ ਆ ਜਾਂਦੇ। ਉਦੋਂ ਤੱਕ ਭਾਵੇਂ ਰੇਡਾਂ ਦੇ ਮੁੱਲ ਨਹੀਂ ਸਨ ਪੈਣ ਲੱਗੇ ਪਰ ਜਿੱਤਣ ਵਾਲੀ ਟੀਮ ਨੂੰ ਮਾਲੀ ਦੀ ਰਕਮ ਮਿਲ ਜਾਂਦੀ ਸੀ, ਕੁਝ ਸ਼ਾਬਾਸ਼ੀ ਵੀ ਪ੍ਰਾਪਤ ਹੋ ਜਾਂਦੀ ਸੀ। ਸੰਨ 1974 ਅਤੇ 1977 ਵਿਚ ਦੋ ਵਾਰੀ ਉਹ ਇੰਗਲੈਂਡ ਜਾਣ ਵਾਲੀ ਕਬੱਡੀ ਟੀਮ ਦਾ ਕੈਪਟਨ ਰਿਹਾ। ਕਬੱਡੀ-ਸੰਸਾਰ ਵਿਚ ਉਸ ਜਿਹੀ ਬੱਲੇ ਬੱਲੇ ਕਿਸੇ ਕਿਸੇ ਨੂੰ ਨਸੀਬ ਹੁੰਦੀ ਹੈ।
ਪਿਛਲੇ ਦਿਨੀਂ ਨਡਾਲਾ (ਕਪੂਰਥਲਾ) ਵਿਖੇ ਉਸ ਦੀ ਅੰਤਿਮ ਅਰਦਾਸ ‘ਤੇ ਪਹੁੰਚੇ ਬਹੁਤ ਸਾਰੇ ਉਸ ਦੇ ਪ੍ਰਸ਼ੰਸਕ ਇਹ ਮਹਿਸੂਸ ਕਰ ਰਹੇ ਸਨ ਕਿ ਪ੍ਰੀਤੇ ਨੂੰ ਕਬੱਡੀ-ਜਗਤ ਨੇ ਭਾਵੇਂ ਬੇਪਨਾਹ ਪਿਆਰ-ਸਨੇਹ ਦਿੱਤਾ ਅਤੇ ਉਹ ਅਨੇਕਾਂ ਨੌਜੁਆਨਾਂ ਲਈ ਰੋਲ-ਮਾਡਲ ਬਣਿਆ ਪਰ ਦੇਸ਼ ਅਤੇ ਕੌਮ ਉਸਨੂੰ ਬਣਦਾ ਇਨਸਾਫ ਨਾ ਦੇ ਸਕੀ। ਕਈ ਖਿਡਾਰੀ ਆਪਣੇ ਰਾਜਨੀਤਕ ਅਸਰ-ਰਸੂਖ਼ ਸਦਕਾ ਅਰਜਨ ਅਵਾਰਡ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਪ੍ਰਾਪਤ ਕਰ ਗਏ ਹਾਲਾਂਕਿ ਉਨ੍ਹਾਂ ਵਿਚੋ ਕੁਝ ਉਸ ਦੇ ਮੁਕਾਬਲੇ ਵਿਚ ਇਨਾਂ੍ਹ ਅਵਾਰਡਾਂ ਦੇ ਹੱਕਦਾਰ ਨਹੀਂ ਸਨ। ਭਾਵੇਂ ਕਿ ਉਸ ਨੂੰ ਜ਼ਿੰਦਗੀ ਨਾਲ ਕੋਈ ਬਹੁਤੇ ਗਿਲੇ-ਸ਼ਿਕਵੇ ਨਹੀਂ ਸਨ ਪਰ ਇੱਕ ਨਿੱਜੀ ਟੈਲੀਵਿਜ਼ਨ ‘ਤੇ ਇੰਟਰਵਿਊ ਦੌਰਾਨ ਉਸ ਨਿਰਾਸ਼ਾ ਵਿਚ ਗਾਲ ਕੱਢਦਿਆਂ ਕਿਹਾ ਸੀ, ‘ਐਵੇਂ ਆਪਣਿਆਂ ਨੂੰ ਹੀ ਦੇਈ ਜਾਂਦੇ ਹਨ’। ਅਫ਼ਸੋਸ ਕਿ ਸੱਤਾਧਾਰੀਆਂ ਵਿਚ ਉਸਦਾ ਕੋਈ ‘ਆਪਣਾ’ ਨਹੀਂ ਸੀ।