ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਭਾਰਤ ਵੱਸਦੇ ਉਘੇ ਇਤਿਹਾਸਕਾਰ ਵਿਲੀਅਮ ਡੈਲਰਿੰਪਲ ਦੀ ਨਵੀਂ ਪੁਸਤਕ ‘ਦਿ ਗੋਲਡਨ ਰੋਡ` ਗਿਆਨ ਅਤੇ ਕਥਾ ਰਸ ਦਾ ਸੁਮੇਲ ਹੈ। ਇਸ ਕਿਤਾਬ ਅਤੇ ਇਸ ਦੇ ਲੇਖਕ ਬਾਰੇ ਵਿਸਥਾਰ ਸਹਿਤ ਚਰਚਾ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਤੇਜ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।
ਮਿਸਰ ਦੇ ਪਿਰਾਮਿਡ ਪੰਜ ਹਜ਼ਾਰ ਸਾਲ ਪਹਿਲਾਂ ਵਜੂਦ ਵਿਚ ਆਉਣੇ ਸ਼ੁਰੂ ਹੋਏ ਸਨ। ਰਾਜਿਆਂ-ਰਾਣਿਆਂ, ਉਨ੍ਹਾਂ ਦੀਆਂ ਪਟਰਾਣੀਆਂ ਤੇ ਮਹਿਬੂਬਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਦੇ ਮਕਬਰਿਆਂ ਦੇ ਰੂਪ ਵਿਚ। ਮਿਸਰ ਵਿਚ ਗੀਜ਼ਾ ਦੇ ਮਹਾਂ ਪਿਰਾਮਿਡ ਸਮੇਤ 118 ਪਿਰਾਮਿਡ ਹਨ। 80-84 ਦੇ ਕਰੀਬ ਸੂਡਾਨ ਵਿਚ ਵੀ ਹਨ ਅਤੇ 18 ਦੇ ਕਰੀਬ ਇੱਕ ਹੋਰ ਅਫਰੀਕੀ ਮੁਲਕ ਨਾਈਜਰ ਵਿਚ। ਇਨ੍ਹਾਂ ਪਿਰਾਮਿਡਾਂ ਵਿਚੋਂ ਕੁਝ ਵਿਚ ਮਾਨਵੀ ਦੇਹਾਂ ਅਜੇ ਵੀ ‘ਮੰਮੀਆਂ` ਦੇ ਰੂਪ ਵਿਚ ਮੌਜੂਦ ਹਨ। ਜਿਹੜੇ ਪਿਰਾਮਿਡ ਵਿਦੇਸ਼ੀ ਧਾੜਵੀਆਂ ਜਾਂ ਹੋਰਨਾਂ ਚੋਰ-ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਹੋਏ, ਉਨ੍ਹਾਂ ਵਿਚੋਂ ਦੇਹਾਂ ਵੀ ਗਾਇਬ ਹਨ ਅਤੇ ਉਹ ਸਾਜ਼ੋ-ਸਾਮਾਨ ਵੀ ਜੋ ਦੇਹ ਵਾਲੇ ਬਕਸੇ (ਕੌਫਿਨ ਜਾਂ ਕਫ਼ਨ) ਦੇ ਅੰਦਰ ਰੱਖਿਆ ਜਾਂਦਾ ਸੀ: ਮੁਰਦੇ ਦੇ ਪੁਨਰ-ਜੀਵਤ ਹੋਣ ਦੀ ਸੂਰਤ ਵਿਚ ਉਸ ਦੇ ਭੋਜਨ, ਪਹਿਰਾਵੇ ਤੇ ਹਾਰ-ਸ਼ਿੰਗਾਰ ਲਈ। ਇਸੇ ਸਾਜ਼ੋ-ਸਾਮਾਨ ਵਿਚ ਭਾਰਤੀ ਕਾਲੀਆਂ ਮਿਰਚਾਂ ਵੀ ਸ਼ਾਮਲ ਹਨ ਤੇ ਮੋਤੀ-ਮਣਕੇ ਵੀ। ਕਈ ਬਕਸੇ ਵੀ ਮਾਲਾਬਾਰੀ ਸਾਗਵਾਨ ਦੇ ਬਣੇ ਹੋਏ ਹਨ। ਇਹ ਲੱਕੜ ਸਿਰਫ਼ ਭਾਰਤ ਦੇ ਕੇਰਲਾ ਪ੍ਰਾਂਤ ਵਿਚ ਹੀ ਮਿਲਦੀ ਹੈ, ਹੋਰ ਕਿਸੇ ਸੂਬੇ ਜਾਂ ਆਲਮੀ ਖਿੱਤੇ ਵਿਚ ਨਹੀਂ । ਇਸ ਤੋਂ ਇਹੋ ਹਕੀਕਤ ਜ਼ਾਹਿਰ ਹੁੰਦੀ ਹੈ ਕਿ ਉਸ ਸਮੇਂ ਵੀ ਭਾਰਤ ਤੇ ਮਿਸਰ ਦਰਮਿਆਨ ਵਣਜ-ਵਪਾਰ ਮੌਜੂਦ ਸੀ।
ਦਰਅਸਲ, 10 ਹਜ਼ਾਰ ਸਾਲ ਪਹਿਲਾਂ ਆਦਮ ਜ਼ਾਤ ਵੱਲੋਂ ਆਦਿ ਮਾਨਵ ਤੋਂ ਮਾਨਵ ਵਾਲਾ ਰੂਪ ਗ੍ਰਹਿਣ ਕਰਨ ਮਗਰੋਂ ਉਸ ਅੰਦਰਲੀ ਘੁਮੱਕੜ ਬਿਰਤੀ ਨੇ ਜ਼ੋਰ ਮਾਰਨਾ ਸ਼ੁਰੂ ਕਰ ਦਿੱਤਾ ਸੀ। ਇਸੇ ਬਿਰਤੀ ਨੇ ਵਸਤਾਂ ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੇ ਰਾਹ ਖੋਲ੍ਹੇ ਅਤੇ ਸੱਭਿਅਤਾਵਾਂ ਨੂੰ ਜਨਮ ਦਿੱਤਾ। ਮੁੱਢ ਵਿਚ ਸੱਭਿਅਤਾਵਾਂ ਜਲ ਸੋਮਿਆਂ ਦੇ ਆਸ-ਪਾਸ ਪਿੰਡਾਂ-ਸ਼ਹਿਰਾਂ ਦੇ ਰੂਪ ਵਿਚ ਉੱਭਰੀਆਂ ਅਤੇ ਫਿਰ ਦਰਿਆਵਾਂ ਦੇ ਆਸ-ਪਾਸ, ਕਿਉਂਕਿ ਦਰਿਆ ਆਵਾਜਾਈ ਦਾ ਆਸਾਨ ਤੇ ਸਸਤਾ ਸਾਧਨ ਸਨ। ਮਿਸਰ ਵਿਚ ਨੀਲ ਘਾਟੀ ਦੀ ਸੱਭਿਅਤਾ ਨੀਲ ਦਰਿਆ ਦੇ ਕੰਢਿਆਂ `ਤੇ ਵਿਕਸਤ ਹੋਈ। ਮੈਸੋਪੋਟੇਮੀਆ/ ਬੈਬੀਲੋਨੀਆ/ ਅਸਰੀਰੀਆ ਦੀ ਸੱਭਿਅਤਾ ਨੇ ਮੱਧ-ਪੂਰਬ ਵਿਚ ਦਜਲਾ (ਟਿਗਰਿਸ) ਤੇ ਫ਼ਰਾਤ (ਯੂਫ਼ਰੇਟਸ) ਦਰਿਆਵਾਂ ਦੇ ਆਸ-ਪਾਸ ਪੈਰ ਪਸਾਰੇ। ਭਾਰਤੀ ਸੱਭਿਅਤਾ, ਸਿੰਧ ਘਾਟੀ ਵਿਚੋਂ ਬੁਲੰਦ ਹੋਈ ਅਤੇ ਚੀਨੀ ਸੱਭਿਅਤਾ ਯਾਂਗ-ਸੀ ਤੇ ਪੀਲੇ (ਯੈਲੋ) ਦਰਿਆਵਾਂ ਦੇ ਆਲੇ-ਦੁਆਲੇ ਉੱਭਰੀ। ਯੂਰਪ ਨੂੰ ਇਨ੍ਹਾਂ ਸੱਭਿਅਤਾਵਾਂ ਦੇ ਹਾਣ ਦਾ ਬਣਦਿਆਂ ਇੱਕ ਦਹਿਸਦੀ (ਮਿਲੇਨੀਅਮ) ਦਾ ਸਮਾਂ ਹੋਰ ਲੱਗ ਗਿਆ। ਇਨ੍ਹਾਂ ਸੱਭਿਅਤਾਵਾਂ ਦਰਮਿਆਨ ਵਣਜ-ਵਪਾਰ ਅਤੇ ਬੌਧਿਕਤਾ ਦੇ ਆਦਾਨ-ਪ੍ਰਦਾਨ ਦਾ ਧੁਰਾ ਬਣਿਆ ਰਿਹਾ ਭਾਰਤ। ਕਮਾਲ ਇਹ ਵੀ ਰਿਹਾ ਕਿ ਭਾਰਤ ਨੇ ਹੋਰਨਾਂ ਸੱਭਿਅਤਾਵਾਂ ਨੂੰ ਦਿੱਤਾ ਵੱਧ, ਲਿਆ ਘੱਟ। ਉਹ ਵੀ 2800 ਵਰ੍ਹੇ ਈਸਾ ਪੂਰਵ ਤੋਂ ਲੈ ਕੇ 1200 ਈਸਵੀ ਤੱਕ। ਮਿਸਰ ਤੋਂ ਲੈ ਕੇ ਮੌਜੂਦਾ ਈਸਟ ਤਿਮੋਰ ਤਕ ਭਾਰਤੀ ਸਾਜ਼ੋ-ਸਾਮਾਨ ਤੇ ਵਿਦਵਤਾ ਦਾ ਬੋਲਬਾਲਾ ਰਿਹਾ।
ਇਹ ਸਾਰੀ ਕਹਾਣੀ ਪੁਰਲੁਤਫ਼ ਅੰਦਾਜ਼ ਵਿਚ ਪੇਸ਼ ਕਰਦੀ ਹੈ ਇਤਿਹਾਸਕਾਰ ਵਿਲੀਅਮ ਡੈਲਰਿੰਪਲ ਦੀ ਨਵੀਂ ਪੁਸਤਕ ‘ਦਿ ਗੋਲਡਨ ਰੋਡ` (ਸੁਨਹਿਰੀ ਸੜਕ)। ਗਿਆਨ ਤੇ ਕਥਾ ਰਸ ਦਾ ਸੁਮੇਲ ਹੈ ਇਹ ਪੁਸਤਕ। ਡੈਲਰਿੰਪਲ ਅਨੁਸਾਰ ਭਾਰਤ ਤੇ ਚੀਨ ਤੋਂ ਮੱਧ ਏਸ਼ੀਆ ਜਾਂ ਯੂਰਪ ਵੱਲ ਸੜਕੀ ਵਪਾਰ ਵਾਲੇ ਰਸਤੇ ਤਿੰਨ ਕੁ ਹਜ਼ਾਰ ਵਰ੍ਹੇ ਪਹਿਲਾਂ ਵਿਕਸਤ ਹੋਏ। ਸੁਨਹਿਰੀ ਰਾਹ ਉਸ ਤੋਂ ਦੋ ਦਹਿਸਦੀਆਂ ਪਹਿਲਾਂ ਹੀ ਹੋਂਦ ਵਿਚ ਆ ਚੁੱਕਾ ਸੀ। ਇਹ ਨਾ ਸਿਰਫ਼ ਭਾਰਤੀ ਕੱਪੜੇ, ਦਸਤਕਾਰੀਆਂ, ਹੀਰੇ-ਜਵਾਹਰਾਤ, ਗਹਿਣਿਆਂ ਤੇ ਖ਼ੁਰਾਕੀ ਵਸਤਾਂ ਦੂਰ-ਦੁਰਾਡੇ ਪਹੁੰਚਾਉਣ ਦਾ ਵਸੀਲਾ ਸੀ ਬਲਕਿ ਇਸ ਰਾਹੀਂ ਭਾਰਤੀ ਸੱਭਿਅਤਾ, ਆਚਾਰ-ਵਿਹਾਰ, ਧਰਮ ਤੇ ਵਿਗਿਆਨਕ ਸੋਚ-ਸੁਹਜ ਵੀ ਪ੍ਰਸ਼ਾਂਤ ਮਹਾਸਾਗਰੀ ਮੁਲਕਾਂ ਤੱਕ ਪਹੁੰਚੀ। ਬੁੱਧ ਮੱਤ, ਈਸਵੀ ਯੁੱਗ ਦੀ ਆਰੰਭਤਾ ਤੋਂ ਢਾਈ ਸਦੀਆਂ ਪਹਿਲਾਂ ਸ੍ਰੀਲੰਕਾ, ਬਰਮਾ, ਚੀਨ, ਜਪਾਨ ਤੇ ਕੋਰੀਆ ਤੱਕ ਫੈਲ ਗਿਆ ਸੀ। ਹਿੰਦੂ ਮੱਤ ਮਲਾਯਾ ਤੇ ਇੰਡੋਨੇਸ਼ੀਆ ਦੇ ਲੋਕਾਂ ਦਾ ਮੁੱਖ ਧਰਮ ਈਸਵੀ ਯੁੱਗ ਦੇ ਸ਼ੁਰੂਆਤੀ ਵਰਿ੍ਹਆਂ ਦੌਰਾਨ ਬਣਿਆ। ਇਸੇ ਧਰਮ ਨੂੰ ਥਾਈਲੈਂਡ, ਕੰਬੋਡੀਆ ਤੇ ਲਾਓਸ ਦੇ ਲੋਕਾਂ ਤੋਂ ਵੀ ਚੰਗਾ ਹੁੰਗਾਰਾ ਮਿਲਿਆ। ਧਰਮ ਤੇ ਗਿਆਨ ਦੇ ਸਾਧਕ ਤੇ ਉਪਾਸ਼ਕ ਈਸਵੀ ਯੁੱਗ ਤੋਂ ਪਹਿਲਾਂ ਭਾਰਤ ਆਉਣੇ ਸ਼ੁਰੂ ਹੋਏ। ਸਿਕੰਦਰ ਨੇ ਵੀ ਏਸ਼ੀਆ ਮਾਈਨਰ ਤੇ ਦੱਖਣੀ ਯੂਰਪ ਵਿਚ ਫੈਲੀ ਭਾਰਤੀ ਸਾਖ਼ ਦੇ ਮੱਦੇਨਜ਼ਰ ਭਾਰਤ ਉੱਪਰ ਹਮਲਾ ਕੀਤਾ। ਉਸ ਨੇ ਸੁਪਨਾ ਤਾਂ ਦੁਨੀਆ ਜਿੱਤਣ ਦਾ ਲਿਆ ਸੀ ਪਰ ਸਿੰਧ ਘਾਟੀ ਤੱਕ ਪੁੱਜਣ ਤੋਂ ਪਹਿਲਾਂ ਹੀ ਉਸ ਦੀ ਬਸ ਹੋ ਗਈ। ਇਹ ਬਸ ਬਲੋਚਾਂ ਨੇ ਕਰਵਾਈ, ਉਸ ਦੇ ਤਿੰਨ ਹਜ਼ਾਰ ਫ਼ੌਜੀ ਮਾਰ ਕੇ। ਏਨਾ ਵੱਡਾ ਜਾਨੀ ਨੁਕਸਾਨ ਪਹਿਲੀ ਵਾਰ ਉਸ ਦੀਆਂ ਫ਼ੌਜਾਂ ਦਾ ਹੋਇਆ।
ਉੱਤਰੀ ਅਮਰੀਕਾ ਤੇ ਏਸ਼ੀਆ ਦੇ ਧੁਰ ਪੱਛਮੀ ਹਿੱਸਿਆਂ ਵਿਚੋਂ ਮਿਸਰ ਦੀ ਚੜ੍ਹਤ ਰੋਮਨਾਂ ਨੇ ਖ਼ਤਮ ਕੀਤੀ। ਉਨ੍ਹਾਂ ਨੇ 2100 ਵਰ੍ਹੇ ਪਹਿਲਾਂ ਮਿਸਰ ਨੂੰ ਰੋਮਨ ਸਾਮਰਾਜ ਦਾ ਹਿੱਸਾ ਬਣਾ ਲਿਆ। ਇਹ ਗ਼ਲਬਾ 1200 ਈਸਵੀ ਤਕ ਰਿਹਾ। ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਤੇ ਇਸਲਾਮ ਦੀ ਪੈਦਾਇਸ਼ ਵੇਲੇ ਅਰਬਿਸਤਾਨ, ਤਕਨੀਕੀ ਤੌਰ `ਤੇ ਰੋਮਨ ਸਾਮਰਾਜ ਦਾ ਹੀ ਹਿੱਸਾ ਸੀ। ਇਹ ਵੱਖਰੀ ਗੱਲ ਹੈ ਕਿ ਇਸਤੰਬੁਲ ਜਾਂ ਯੋਰੋਸ਼ਲਮ ਸਥਿਤ ਰੋਮਨ ਗਵਰਨਰ, ਅਰਬਾਂ ਦੇ ਮਾਮਲਿਆਂ ਵਿਚ ਬਹੁਤਾ ਦਖ਼ਲ ਨਹੀਂ ਸੀ ਦਿੰਦੇ; ਦੇ ਵੀ ਨਹੀਂ ਸੀ ਸਕਦੇ। ਸੈਂਕੜੇ ਮੀਲਾਂ ਤੱਕ ਫੈਲੇ ਰੇਗਜ਼ਾਰੀ ਖਿੱਤੇ ਵਿਚ ਰੋਮਨਾਂ ਵਾਲਾ ਅਨੁਸ਼ਾਸਨ ਲਾਗੂ ਕਰਨਾ ਸੰਭਵ ਹੀ ਨਹੀਂ ਸੀ। ਬਹਰਹਾਲ, ਮਿਸਰ ਉੱਪਰ ਜਿੱਤ ਮਗਰੋਂ ਰੋਮਨਾਂ ਨੂੰ ਪਹਿਲੀ ਵਾਰ ਭਾਰਤੀ ਵਪਾਰਕ ਗ਼ਲਬੇ ਦਾ ਅਹਿਸਾਸ ਹੋਇਆ। ਇਸ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਜਾਂ ਤਾਂ ਭਾਰਤੀ ਕਾਲੀਆਂ ਮਿਰਚਾਂ ਬਾਰੇ ਪਤਾ ਸੀ ਅਤੇ ਜਾਂ ਫਿਰ ਦਾਲਚੀਨੀ ਬਾਰੇ। ਇਹ ਦੋਵੇਂ ਮਸਾਲੇ ਉਨ੍ਹਾਂ ਦੀਆਂ ਡਬਲਰੋਟੀਆਂ ਨੂੰ ਨਿੱਤ ਖਾਣਯੋਗ ਬਣਾਉਂਦੇ ਸਨ। (ਹਰੀਆਂ-ਲਾਲ ਮਿਰਚਾਂ ਕ੍ਰਿਸਟੋਫਰ ਕੋਲੰਬਸ ਦੇ 1503 ਵਿਚ ਮੈਕਸਿਕੋ ਪੁੱਜਣ ਮਗਰੋਂ ਪਹਿਲਾਂ ਯੂਰਪ ਤੇ ਫਿਰ ਪੁਰਤਗੀਜ਼ਾਂ ਰਾਹੀਂ ਭਾਰਤ ਪਹੁੰਚੀਆਂ)। ਕਾਲੀਆਂ ਮਿਰਚਾਂ ਦੇ ਮਹੱਤਵ ਤੇ ਮੰਗ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ 403 ਈਸਵੀ ਵਿਚ ਆਇਰਲੈਂਡ ਵਿਚ ਤਾਇਨਾਤ ਰੋਮਨ ਸੈਨਿਕਾਂ ਨੂੰ ਕਈ ਦਿਨ ਰਾਸ਼ਨ ਵਿਚ ਕਾਲੀਆਂ ਮਿਰਚਾਂ ਨਾ ਮਿਲੀਆਂ ਤਾਂ ਉਨ੍ਹਾਂ ਨੇ ਬਗ਼ਾਵਤ ਕਰ ਦਿੱਤੀ। ਆਇਰਲੈਂਡ ਉੱਤਰ-ਪੱਛਮੀ ਯੂਰਪ ਵਿਚ ਰੋਮਨ ਸਾਮਰਾਜ ਦਾ ਆਖ਼ਰੀ ਹਿੱਸਾ ਸੀ। ਉੱਥੇ ਹੋਈ ਬਗ਼ਾਵਤ ਨੇ ਰੋਮਨ ਸਮਰਾਟ ਨੂੰ ਫਿਕਰਾਂ ਵਿਚ ਪਾ ਦਿੱਤਾ। ਉਸ ਨੇ ਕਾਲੀਆਂ ਮਿਰਚਾਂ ਦਾ ਇੰਤਜ਼ਾਮ ਫੌਰੀ ਕਰਵਾਇਆ, ਵੈਨਿਸ ਵਾਲਿਆਂ ਦੇ ਕੋਟੇ `ਚ ਕਟੌਤੀ ਕਰ ਕੇ।
ਮਿਸਰ ਉੱਤੇ ਕਬਜ਼ੇ ਤੋਂ ਬਾਅਦ ਰੋਮਨਾਂ ਨੂੰ ਭਾਰਤ ਤੋਂ ਆਉਂਦੀਆਂ ਐਸ਼ੋ-ਇਸ਼ਰਤ ਦੀਆਂ ਵਸਤਾਂ ਬਾਰੇ ਪਤਾ ਲੱਗਾ। ਇਨ੍ਹਾਂ ਵਿਚ ਮਹੀਨ ਤੋਂ ਮਹੀਨ ਸੂਤੀ ਕੱਪੜੇ (ਖ਼ਾਸ ਕਰ ਕੇ ਮਲਮਲ), ਪਤਲੇ ਤੇ ਮੁਲਾਇਮ ਊਨੀ ਕੱਪੜੇ, ਹਾਥੀ ਦੰਦ ਦੀਆਂ ਵਸਤਾਂ, ਰਤਨ, ਪੰਨੇ ਤੇ ਮੋਤੀ-ਮਣਕੇ, ਦਰਜਨਾਂ ਕਿਸਮਾਂ ਦੀਆਂ ਦਸਤਕਾਰੀਆਂ, ਹਾਥੀ ਦੰਦ ਤੋਂ ਤਿਆਰ ਗਹਿਣੇ ਤੇ ਕੰਗਣ, ਕਈ ਕਿਸਮਾਂ ਦੇ ਇਤਰ-ਫੁਲੇਲ, ਛੋਟੀਆਂ ਤੇ ਵੱਡੀਆਂ ਇਲਾਇਚੀਆਂ, ਲੌਂਗ ਤੇ ਹੋਰ ਮਸਾਲੇ ਆਦਿ ਸ਼ਾਮਲ ਹਨ। ਇਹ ਸਾਰੀਆਂ ਵਸਤਾਂ ਸੋਨੇ ਜਾਂ ਚਾਂਦੀ ਦੀ ਅਦਾਇਗੀ ਰਾਹੀਂ ਖਰੀਦੀਆਂ ਜਾਂਦੀਆਂ ਸਨ। ਇਸ ਵਪਾਰ ਰਾਹੀਂ ਏਨਾ ਜ਼ਿਆਦਾ ਸੋਨਾ-ਚਾਂਦੀ ਭਾਰਤ ਜਾਣ ਲੱਗਾ ਕਿ ਯੋਰੋਸ਼ਲਮ ਵਿਚ ਤਾਇਨਾਤ ਰੋਮਨ ਫ਼ੌਜੀ ਕਮਾਂਡਰ (ਤੇ ਬਾਅਦ ਵਿਚ ਰੋਮਨ ਬਾਦਸ਼ਾਹ) ਪਲਾਇਨੀ ਘੋਰ ਫਿਕਰਮੰਦ ਹੋ ਗਿਆ। ਉਹ ਭਾਰਤ ਨਾਲ ਵਪਾਰ ਉੱਤੇ ਪਾਬੰਦੀ ਲਾਉਣ ਬਾਰੇ ਸੋਚਣ ਲੱਗਾ। ਤਤਕਾਲੀ ਰੋਮਨ ਸਮਰਾਟ ਦੇ ਨਾਮ ਇੱਕ ਖ਼ਤ ਵਿਚ ਉਸ ਨੇ ਲਿਖਿਆ: “ਪਤਾ ਨਹੀਂ ਕਿਹੜਾ ਸ਼ੁਦਾਅ ਸਾਡੇ ਲੋਕਾਂ `ਤੇ ਹਾਵੀ ਹੋ ਗਿਆ ਹੈ। ਔਰਤਾਂ ਨੂੰ ਅਧਨੰਗਾ ਛੱਡ ਦੇਣ ਵਾਲੇ ਪਾਰਦਰਸ਼ੀ ਭਾਰਤੀ ਕੱਪੜੇ (ਮਲਮਲ) ਬਦਲੇ ਸੋਨੇ ਦੇ ਸੈਂਕੜੇ ਸਿੱਕੇ ਅਦਾ ਕੀਤੇ ਜਾ ਰਹੇ ਹਨ। ਇਨ੍ਹਾਂ ਕੱਪੜਿਆਂ ਨੇ ਬੇਹਿਆਈ ਵਧਾ ਦਿੱਤੀ ਹੈ। ਔਰਤਾਂ ਇਹ ਪਹਿਨ ਕੇ ਸ਼ਰਮ ਹੀ ਨਹੀਂ ਮਹਿਸੂਸ ਕਰਦੀਆਂ।” ਡੈਲਰਿੰਪਲ ਲਿਖਦਾ ਹੈ ਕਿ ਕਿਉਂਕਿ ਲਾਲ ਸਾਗਰ ਤੋਂ ਕਿਸ਼ਤੀਆਂ ਰਾਹੀਂ ਵਪਾਰੀ ਮੁੱਖ ਤੌਰ `ਤੇ ਪੱਛਮੀ ਭਾਰਤ ਹੀ ਪੁੱਜਦੇ ਸਨ, ਇਸ ਲਈ ਸੋਨਾ-ਚਾਂਦੀ ਅਮੂਮਨ ਉੱਤਰੀ ਭਾਰਤ ਦੀ ਬਜਾਇ ਦੱਖਣੀ ਭਾਰਤ ਵਿਚ ਹੀ ਜਮ੍ਹਾਂ ਹੋਈ ਜਾਂਦੇ ਸਨ। ਜ਼ਾਹਿਰ ਹੈ ਕਿ ਸੋਨਾ ਵੱਧ ਤੋਂ ਵੱਧ ਜਮ੍ਹਾਂ ਕਰਨ ਅਤੇ ਕਿਸੇ ਵੀ ਪਰਿਵਾਰ ਦੀ ਹੈਸੀਅਤ ਉਸ ਕੋਲ ਜਮ੍ਹਾਂ ਸੋਨੇ ਰਾਹੀਂ ਆਂਕਣ ਦੀ ਦੱਖਣ ਭਾਰਤੀ ਪ੍ਰਵਿਰਤੀ ਦਾ ਮੁੱਢ, ਰੋਮਨਾਂ ਨਾਲ ਵਪਾਰ ਦੇ ਨਾਲ ਬੱਝਿਆ ਹੋਇਆ ਹੈ। ਡੈਲਰਿੰਪਲ ਇੱਕ ਥਾਂ ਲਿਖਦਾ ਹੈ ਕਿ “ਪਲਾਇਨੀ ਨੇ ਇੱਕ ਸਮੇਂ ਭਾਰਤ ਉੱਪਰ ਹਮਲਾ ਕਰ ਕੇ ਕੀਮਤੀ ਧਾਤਾਂ ਦਾ ਭੰਡਾਰ ਹਥਿਆਉਣ” ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ ਪਰ ਉਸ ਦੇ ਇੱਕ ਅਰਬ ਕਮਾਂਡਰ ਨੇ ਉਸ ਨੂੰ ਸਮਝਾਇਆ ਕਿ “ਯੋਰੋਸ਼ਲਮ ਤੋਂ ਭਾਰਤ ਵੱਲ ਫ਼ੌਜੀ ਚੜ੍ਹਾਈ ਆਪਣੀ ਮੌਤ ਆਪ ਸਹੇੜਨ ਤੋਂ ਘੱਟ ਨਹੀਂ।”
ਕਿਤਾਬ ਦੇ ਅਧਿਆਇ ਜੋ ਕੁਝ ਦੱਸਦੇ ਹਨ, ਉਨ੍ਹਾਂ ਵਿਚੋਂ ਕੁਝ ਨੁਕਤੇ ਇਸ ਤਰ੍ਹਾਂ ਹਨ:
*ਯੂਰੇਸ਼ੀਅਨਾਂ ਲਈ ਭਾਰਤ ਨਾ ਸਿਰਫ਼ ਵਪਾਰਕ ਮੰਜ਼ਿਲ ਸੀ ਬਲਕਿ ਧਾਰਮਿਕ ਤੇ ਦਾਰਸ਼ਨਿਕ ਮਹਾਂ ਸ਼ਕਤੀ ਵੀ ਸੀ।
*ਰੋਮਨ ਸਾਮਰਾਜ ਤੋਂ ਲੈ ਕੇ ਕੋਰੀਆ-ਜਾਪਾਨ ਤੱਕ ਭਾਰਤ ਦਾ ਬੋਲਬਾਲਾ ਸੀ। ਇਹ ਬੋਲਬਾਲਾ 250 ਈਸਾ ਪੂਰਵ ਤੋਂ ਲੈ ਕੇ 1200 ਈਸਵੀ ਤਕ ਰਿਹਾ। ਦਰਜਨਾਂ ਕਿਸਮਾਂ ਦੀਆਂ ਵਸਤਾਂ ਤੋਂ ਇਲਾਵਾ ਭਾਰਤੀ ਵਿਦਵਤਾ, ਫਲਸਫ਼ੇ, ਵਿਗਿਆਨ ਤੇ ਗਣਿਤ ਨੇ ਦੋ ਮਹਾਂਦੀਪਾਂ ਦੇ ਹਰ ਕੋਨੇ ਤਕ ਆਪਣਾ ਮੁਕਾਮ ਬਣਾਇਆ।
*ਉਪਰੋਕਤ ਡੇਢ ਦਹਿਸਦੀ ਦੌਰਾਨ ਬੁੱਧ ਮਤ ਦਾ ਤਾਂ ਸੁਦੂਰ ਪੂਰਬ ਤੇ ਪੂਰਬੀ ਏਸ਼ੀਆ ਵਿਚ ਪਾਸਾਰਾ ਹੋਇਆ ਹੀ, ਹਿੰਦੂ ਮੱਤ ਵੀ ਦੱਖਣ ਪੂਰਬੀ ਏਸ਼ੀਆ ਵਿਚ ਤੇਜ਼ੀ ਨਾਲ ਮਕਬੂਲ ਹੋਇਆ। ਇਸੇ ਸਦਕਾ ਭਾਰਤੀ ਗਰੰਥਾਂ ਦਾ ਕਈ ਸਥਾਨਕ ਭਾਸ਼ਾਵਾਂ ਵਿਚ ਅਨੁਵਾਦ ਹੋਇਆ ਅਤੇ ਭਾਰਤੀ ਲਿੱਪੀਆਂ ਕਈ ਨਵੀਆਂ ਲਿੱਪੀਆਂ ਦੇ ਵਿਕਾਸ ਦਾ ਆਧਾਰ ਬਣੀਆਂ।
*ਭਾਰਤ ਵਿਚ ਵਿਕਸਿਤ ਤਾਰਾ ਵਿਗਿਆਨ ਤੇ ਗਣਿਤ ਦੇ ਫਾਰਮੂਲੇ ਪਹਿਲਾਂ ਦੋ ਮਹਾਂਦੀਪਾਂ, ਫਿਰ ਅੱਗੇ ਬਾਕੀ ਜਹਾਨ ਵਿਚ ਫੈਲੇ। ਆਧੁਨਿਕ ਅੰਕ ਪ੍ਰਣਾਲੀ, ਅਲਜਬਰਾ, ਟ੍ਰਿਗਨੋਮੈਟਰੀ ਤੇ ਅਲਗੋਰਿਦਮ ਦਾ ਗਿਆਨ ਭਾਰਤ ਤੋਂ ਹੀ ਹੋਰਨਾਂ ਦੇਸ਼ਾਂ, ਖ਼ਾਸ ਕਰਕੇ ਯੂਰਪ ਵਿਚ ਪਹੁੰਚਿਆ।
*ਆਧੁਨਿਕ ਸ਼ਤਰੰਜ (ਚੈੱਸ) ਭਾਰਤੀ ਚੌਪੜ ਦਾ ਹੀ ਵਿਕਸਿਤ ਰੂਪ ਹੈ। ਇਸੇ ਤਰ੍ਹਾਂ ਭਾਰਤੀ ਮੱਲ-ਯੁੱਧ, ਆਧੁਨਿਕ ਪਹਿਲਵਾਨੀ ਦੇ ਜਨਮਦਾਤਾ ਹਨ।
ਕਿਤਾਬ ਵਿਚ ਬਰਮਾ (ਮਿਆਂਮਾਰ) ਜਾਂ ਬਾਲੀ ਬਾਰੇ ਵੇਰਵੇ ਬਹੁਤ ਸੰਖੇਪ ਹਨ। ਬਰਮਾ ਵਾਲਾ ਪੱਖ ਸਮਝ ਆਉਂਦਾ ਹੈ ਕਿਉਂਕਿ ਉੱਥੋਂ ਦੀ ਫ਼ੌਜੀ ਹਕੂਮਤ ਕਿਸੇ ਵਿਦੇਸ਼ੀ ਨੂੰ ਉੱਥੇ ਖੋਜ ਜਾਂ ਅਧਿਐਨ ਕਰਨ ਦੀ ਖੁੱਲ੍ਹ ਨਹੀਂ ਦਿੰਦੀ। ਬਾਲੀ ਜੋ ਇੰਡੋਨੇਸ਼ਿਆਈ ਜਜ਼ੀਰਾ ਤੇ ਸੂਬਾ ਹੈ, ਅਜੇ ਵੀ ਭਾਰਤ ਤੋਂ ਬਾਹਰ ਹਿੰਦੂ ਮੱਤ ਦਾ ਗੜ੍ਹ ਹੈ। ਉੱਥੋਂ ਦੀ 80 ਫ਼ੀਸਦੀ ਵਸੋਂ ਹਿੰਦੂ ਹੈ। ਉਸ ਬਾਰੇ ਕਿਉਂਕਿ ਬਹੁਤ ਕੁਝ ਪਹਿਲਾਂ ਹੀ ਛਪ ਚੁੱਕਾ ਹੈ, ਸ਼ਾਇਦ ਇਸੇ ਕਾਰਨ ਡੈਲਰਿੰਪਲ ਨੇਇੱਕ ਪੰਨੇ ਤਕ ਮਹਿਦੂਦ ਕਰਨਾ ਮੁਨਾਸਿਬ ਸਮਝਿਆ।
ਪੁਸਤਕ ਦਾ ਦਿਲਚਸਪ ਪਹਿਲੂ ਇਹ ਹੈ ਕਿ ਸਮੱਗਰੀ ਉਹੀ ਕੁਝ ਦੱਸਦੀ ਹੈ ਜੋ ਮੋਦੀ ਜਾਂ ਸੰਘ ਪਰਿਵਾਰ ਵਾਲੇ ਪ੍ਰਚਾਰਦੇ ਆਏ ਹਨ। ਫ਼ਰਕ ਇਹ ਹੈ ਕਿ ਸੰਘ ਵਾਲੇ ਇਤਿਹਾਸ ਨੂੰ ਮਿਥਿਹਾਸ ਦੀ ਚਾਸ਼ਨੀ ਚੜ੍ਹਾ ਕੇ ਪੇਸ਼ ਕਰਦੇ ਹਨ; ਵਿਲੀਅਮ ਡੈਲਰਿੰਪਲ ਜੋ ਮੋਦੀ ਦਾ ਕੱਟੜ ਆਲੋਚਕ ਹੈ, ਸਾਰੇ ਤੱਤ-ਤੱਥ ਵਿਗਿਆਨਕ ਖੋਜਾਂ ਦੇ ਆਧਾਰ `ਤੇ ਪੇਸ਼ ਕਰਦਾ ਹੈ। ਉਸ ਦਾ ਨਜ਼ਰੀਆ ਇਹੋ ਹੈ ਕਿ ਭਾਰਤ ਦੀ ਅਮੀਰ ਧਰਮ ਨਿਰਪੇਖ ਵਿਰਾਸਤ ਨੂੰ ਬ੍ਰਿਟਿਸ਼ ਸਾਮਰਾਜ ਨੇ ਤਾਂ ਰੋਲਿਆ ਹੀ, ਕਾਂਗਰਸ ਨੇ ਵੀ ਇਸ ਦੀ ਹਿਫ਼ਾਜ਼ਤ ਨਹੀਂ ਕੀਤੀ; ਹੁਣ ਭਾਜਪਾ ਤੋਂ ਤਾਂ ਇਸ ਕਿਸਮ ਦੀ ਤਵੱਕੋ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।