ਰਤਨ ਟਾਟਾ: ਕਾਰਪੋਰੇਟ ‘ਫਰਿਸ਼ਤਾ` ਤੇ ਉਸ ਦੇ ‘ਪਰਉਪਕਾਰ`

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
9 ਅਕਤੂਬਰ ਨੂੰ ਭਾਰਤ ਦੇ ਮੁੱਖ ਕਾਰਪੋਰੇਟ ਕਾਰੋਬਾਰੀ ਰਤਨ ਟਾਟਾ ਦਾ ਦੇਹਾਂਤ ਹੋ ਗਿਆ। ਉਹਨੂੰ ਸਫਲ ਉਦਯੋਗਪਤੀ ਦੇ ਨਾਲ ਪਰਉਪਕਾਰੀ ਮਸੀਹਾ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
28 ਦਸੰਬਰ 1937 ਨੂੰ ਬੰਬਈ ਵਿਚ ਜਨਮੇ ਰਤਨ, ਟਾਟਾ ਸਮੂਹ ਦੇ ਸੰਸਥਾਪਕ ਜਮਸ਼ੇਦਜੀ ਟਾਟਾ ਦੇ ਪੜਪੋਤੇ ਸਨ। ਰਤਨ ਟਾਟਾ 1961 ਵਿਚ ਟਾਟਾ ਸਮੂਹ ਵਿਚ ਸ਼ਾਮਲ ਹੋਏ।

1991 `ਚ ਇਸ ਸਮੂਹ ਦਾ ਚੇਅਰਮੈਨ ਬਣਨ ਤੋਂ ਪਹਿਲਾਂ ਉਸ ਨੇ ਸਮੂਹ ਅੰਦਰ ਵੱਖ-ਵੱਖ ਕੰਪਨੀਆਂ ਵਿਚ ਕੰਮ ਕੀਤਾ। ਕਾਰਨੇਲ ਯੂਨੀਵਰਸਿਟੀ ਤੋਂ ਇਮਾਰਤਸਾਜ਼ੀ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਟਾਟਾ ਸਮੂਹ ਦੀਆਂ ਮੁੱਖ ਇਕਾਈਆਂ `ਚੋਂ ਇਕ, ਜਮਸ਼ੇਦਪੁਰ ਵਿਚ ਟਾਟਾ ਸਟੀਲ ਵਿਚ ਬਤੌਰ ਜੂਨੀਅਰ ਇੰਜਨੀਅਰ ਸ਼ਾਮਲ ਹੋਏ। ਪਿੱਛੋਂ ਉਸ ਨੂੰ ਸਮੂਹ ਦੇ ਇਲੈਕਟ੍ਰਾਨਿਕ ਉੱਦਮ ਨੈਸ਼ਨਲ ਰੇਡੀਓ ਐਂਡ ਇਲੈਕਟ੍ਰਾਨਿਕਸ (ਨੈਲਕੋ) ਅਤੇ ਇੰਪਰੈੱਸ ਮਿੱਲਜ਼ ਵਿਚ ਮਿਲੀਜੁਲੀ ਕਾਮਯਾਬੀ ਮਿਲੀ।
ਸੱਚਮੁੱਚ ਉਸ ਨੇ ਭਾਰਤ ਦੇ ਸਭ ਤੋਂ ਵੱਡੇ ਅਤੇ ਪੁਰਾਣੇ ਉਦਯੋਗਪਤੀ ਸਮੂਹਾਂ ਵਿਚੋਂ ਇਕ, ਟਾਟਾ ਸਮੂਹ ਦੀ ਅਗਵਾਈ ਕਾਮਯਾਬੀ ਨਾਲ ਕੀਤੀ। ਉਸ ਨੇ ਗਰੁੱਪ ਦੀਆਂ ਕੰਪਨੀਆਂ ਉੱਪਰ ਆਪਣੀ ਪਕੜ ਵਧਾਉਣ ਲਈ ਵੱਡੇ ਕਦਮ ਚੁੱਕੇ ਅਤੇ ਇਨ੍ਹਾਂ ਵਿਚ ਟਾਟਾ ਸੰਨਜ਼ ਦੀ ਹਿੱਸੇਦਾਰੀ ਵਧਾ ਕੇ ਦਬਦਬਾ ਬਣਾ ਲਿਆ। ਉਸ ਨੇ ਟਾਟਾ ਸਮੂਹ ਨੂੰ ‘ਆਲਮੀ ਪੱਧਰ `ਤੇ ਸੋਚਣ` ਦੀ ਦ੍ਰਿਸ਼ਟੀ ਦਿੱਤੀ। ਉਸ ਦੀ ਅਗਵਾਈ `ਚ ਟਾਟਾ ਸਮੂਹ ਨੇ ਦੱਖਣੀ ਕੋਰੀਆ ਦੀ ਦਾਇਵੂ ਮੋਟਰਜ਼ ਖ਼ਰੀਦੀ ਅਤੇ ਟੈਟਲੇ ਟੀ, ਬਰਤਾਨਵੀ ਕਾਰ-ਨਿਰਮਾਤਾ ਜਗੁਆਰ ਲੈਂਡ ਰੋਵਰ ਅਤੇ ਐਂਗਲੋ-ਡੱਚ ਸਟੀਲ ਨਿਰਮਾਤਾ ਕੋਰਸ ਸਟੀਲ ਵਰਗੇ ਕੌਮਾਂਤਰੀ ਬ੍ਰਾਂਡ ਐਕਵਾਇਰ ਕਰ ਕੇ ਟਾਟਾ ਸਲਤਨਤ ਦਾ ਹਿੱਸਾ ਬਣਾ ਲਏ।
ਰਤਨ ਟਾਟਾ ਆਪਣੇ ਮਨੁੱਖਤਾਵਾਦੀ ਕਾਰਜਾਂ ਲਈ ਜਾਣੇ ਜਾਂਦੇ ਹਨ। ਉਸ ਨੇ ਟਾਟਾ ਟਰੱਸਟ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ ਜੋ ਸਿਹਤ, ਸਿੱਖਿਆ ਅਤੇ ਪੇਂਡੂ ਵਿਕਾਸ `ਤੇ ਕੇਂਦਰਤ ਹੈ। ਉਸ ਨੂੰ ਭਾਰਤ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਅਤੇ ਹੋਰ ਵੀ ਕਈ ਸਨਮਾਨ ਮਿਲੇ। ਆਪਣੇ ਕਾਰਜਕਾਲ ਦੌਰਾਨ ਉਸ ਨੇ ਜੋ ਕੰਮ ਕੀਤੇ, ਉਨ੍ਹਾਂ ਕਰ ਕੇ ਉਹ ਬਹੁਤ ਚਰਚਿਤ ਰਹੇ; ਨਾਲ ਹੀ ਵੱਡੇ ਵਿਵਾਦ ਵੀ ਸਹੇੜੇ। ਉਸ ਦੇ ਦੇਹਾਂਤ ਉਪਰੰਤ ਜਿਵੇਂ ਉਸ ਦੀ ਕਾਮਯਾਬੀ ਦਾ ਗੁਣਗਾਣ ਕੀਤਾ ਜਾ ਰਿਹਾ ਹੈ, ਉਹ ਅੱਧਾ-ਸੱਚ ਤੇ ਇਕਤਰਫ਼ਾ ਹੈ। ਉਸ ਦੀ ਸ਼ਖ਼ਸੀਅਤ ਦੇ ਦੂਜੇ ਪਾਸੇ ਦੀ ਚਰਚਾ ਕੀਤੇ ਬਿਨਾਂ ਉਸ ਨੂੰ ਸਮੁੱਚਤਾ `ਚ ਨਹੀਂ ਸਮਝਿਆ ਜਾ ਸਕਦਾ। ਸਾਇਰਸ ਮਿਸਤਰੀ ਵਿਵਾਦ, ਨੁਸਲੀ ਵਾਡੀਆ ਕੇਸ, ਰਾਡੀਆ ਟੇਪ, ਟਾਟਾ ਟੇਪ, ਸਿੰਗੂਰ ਵਿਵਾਦ ਆਦਿ ਉਸ ਨਾਲ ਜੁੜੇ ਵਿਵਾਦ ਹਨ।
ਟਾਟਾ ਸੰਨਜ਼ ਦੇ ਹਿੱਸੇਦਾਰ ਪਲੋਨਜੀ ਮਿਸਤਰੀ ਸਮੂਹ ਦੇ ਸਾਇਰਸ ਮਿਸਤਰੀ ਨੂੰ 2012 `ਚ ਟਾਟਾ ਸਮੂਹ ਦਾ ਮੁਖੀ ਚੁਣਿਆ ਗਿਆ ਜਿਸ ਨੇ ਉਸੇ ਸਾਲ ਦਸੰਬਰ ਵਿਚ ਅਹੁਦਾ ਸੰਭਾਲ ਲਿਆ ਪਰ ਕਈ ਮੁੱਦਿਆਂ ਉੱਪਰ ਰਤਨ ਟਾਟਾ ਨਾਲ ਉਸ ਦੇ ਸਬੰਧ ਵਿਗੜ ਗਏ। 2016 `ਚ ਟਾਟਾ ਸੰਨਜ਼ ਦੇ ਬੋਰਡ ਨੇ ਮਿਸਤਰੀ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ। ਮਿਸਤਰੀ ਨੇ ਸਮੂਹ ਦੇ ਸਮੁੱਚੇ ਕੰਮਕਾਜ ਉੱਪਰ ਕਈ ਗੰਭੀਰ ਇਲਜ਼ਾਮ ਲਗਾਏ ਹਾਲਾਂਕਿ ਟਾਟਾ ਸਮੂਹ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ। ਦੋਵਾਂ ਧਿਰਾਂ `ਚ ਇਲਜ਼ਾਮ ਤਰਾਸ਼ੀ ਦਾ ਸਿਲਸਿਲਾ ਲੰਮਾ ਸਮਾਂ ਚਲਦਾ ਰਿਹਾ।
ਬੰਬੇ ਡਾਇੰਗ ਦੇ ਮੁਖੀ ਨੁਸਲੀ ਵਾਡੀਆ ਅਤੇ ਰਤਨ ਟਾਟਾ ਲੰਮੇ ਸਮੇਂ ਤੋਂ ਕਰੀਬੀ ਦੋਸਤ ਸਨ ਪਰ 2016 `ਚ ਸਾਇਰਸ ਮਿਸਤਰੀ ਕੇਸ ਦੌਰਾਨ ਉਨ੍ਹਾਂ ਦੇ ਸਬੰਧਾਂ `ਚ ਕੁੜੱਤਣ ਆ ਗਈ। ਟਾਟਾ ਸੰਨਜ਼ ਨੇ ਵਾਡੀਆ ਨੂੰ ਟਾਟਾ ਮੋਟਰਜ਼, ਟਾਟਾ ਸਟੀਲ ਅਤੇ ਟਾਟਾ ਕੈਮੀਕਲਜ਼ ਦੇ ਬੋਰਡ ਤੋਂ ਹਟਾ ਦਿੱਤਾ ਕਿਉਂਕਿ ਵਾਡੀਆ ਨੇ ਟਾਟਾ ਸੰਨਜ਼ ਵੱਲੋਂ ਸਾਇਰਸ ਮਿਸਤਰੀ ਨੂੰ ਚਲਦਾ ਕੀਤੇ ਜਾਣ ਵਿਰੁੱਧ ਉਸ ਦੀ ਹਮਾਇਤ ਕੀਤੀ ਸੀ। ਵਾਡੀਆ ਨੇ ਟਾਟਾ, ਟਾਟਾ ਸੰਨਜ਼ ਅਤੇ ਹੋਰ ਡਾਇਰੈਕਟਰਾਂ ਦੇ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਕਰ ਦਿੱਤਾ ਅਤੇ 3000 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ। ਸੁਪਰੀਮ ਕੋਰਟ ਨੇ ਦਖ਼ਲ ਦੇ ਕੇ ਵਾਡੀਆ ਅਤੇ ਟਾਟਾ ਨੂੰ ਅਦਾਲਤ ਤੋਂ ਬਾਹਰ ਇਸ ਮੁੱਦੇ ਨੂੰ ਸੁਲਝਾਉਣ ਲਈ ਕਿਹਾ। ਵਾਡੀਆ ਨੇ ਟਾਟਾ ਵਿਰੁੱਧ ਮਾਣਹਾਨੀ ਦੇ ਸਾਰੇ ਕੇਸ ਤਾਂ ਵਾਪਸ ਲੈ ਲਏ ਪਰ ਉਨ੍ਹਾਂ ਦੀ ਦੋਸਤੀ ਟੁੱਟ ਗਈ।
ਅਕਤੂਬਰ 1997 ਵਿਚ ‘ਇੰਡੀਅਨ ਐਕਸਪ੍ਰੈੱਸ’ ਨੇ ਰਤਨ ਟਾਟਾ, ਉਦਯੋਗਪਤੀ ਕੇਸ਼ਵ ਮਹਿੰਦਰਾ ਅਤੇ ਫੀਲਡ ਮਾਰਸ਼ਲ ਸੈਮ ਮਾਨਿਕ ਸ਼ਾਅ ਨਾਲ ਟੈਲੀਫੋਨ ਗੱਲਬਾਤ ਦੀਆਂ ਟੇਪਾਂ ਛਾਪ ਦਿੱਤੀਆਂ ਜਿਸ ਵਿਚ ਅਸਾਮ ਸਰਕਾਰ ਨਾਲ ਟਾਟਾ ਟੀ ਦੀਆਂ ਸਮੱਸਿਆਵਾਂ ਦੀ ਗੱਲ ਕੀਤੀ ਗਈ ਸੀ। ਅਸਾਮ ਸਰਕਾਰ ਨੇ ਕੰਪਨੀ `ਤੇ ‘ਦਹਿਸ਼ਤਵਾਦੀ ਜਥੇਬੰਦੀ` ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ (ਉਲਫਾ) ਨਾਲ ਮਿਲੀਭੁਗਤ ਦਾ ਇਲਜ਼ਾਮ ਸੀ ਕਿ ‘ਉਲਫਾ’ ਚਾਹ ਕੰਪਨੀਆਂ ਤੋਂ ਧਨ ਵਸੂਲਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਟਾਟਾ ਚਾਹੁੰਦਾ ਸੀ ਕਿ ਕੇਂਦਰ ਸਰਕਾਰ ਇਸ ਮਾਮਲੇ ਵਿਚ ਦਖ਼ਲ ਦੇਵੇ। ਟਾਟਾ ਟੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ‘ਉਲਫਾ’ ਸਬੰਧਾਂ ਦਾ ਪਤਾ ਨਹੀਂ ਸੀ; ਕਿ ਉਸ ਨੇ ਤਾਂ ਅਸਾਮ ਦੇ ਲੋਕਾਂ ਲਈ ਮੈਡੀਕਲ ਸਹਾਇਤਾ ਯੋਜਨਾ ਦੇ ਤਹਿਤ ਵਿਤੀ ਸਹਾਇਤਾ ਦਿੱਤੀ ਸੀ।
ਨਵੰਬਰ 2010 `ਚ ਕਾਰਪੋਰੇਟ ਲੌਬੀਇਸਟ ਨੀਰਾ ਰਾਡੀਆ ਅਤੇ ਵੱਖ-ਵੱਖ ਉਦਯੋਗਪਤੀਆਂ, ਸਿਆਸਤਦਾਨਾਂ, ਪੱਤਰਕਾਰਾਂ ਅਤੇ ਨੌਕਰਸ਼ਾਹਾਂ ਦਰਮਿਆਨ ਹੋਈ ਟੈਲੀਫੋਨ ਗੱਲਬਾਤ ਪ੍ਰੈੱਸ ਵਿਚ ਲੀਕ ਹੋ ਗਈ। ਦੂਰਸੰਚਾਰ ਮੰਤਰੀ ਏ. ਰਾਜਾ ਅਤੇ ਹੋਰ ਕਈ ਸ਼ਖ਼ਸਾਂ ਦਾ ਭ੍ਰਿਸ਼ਟ ਚਿਹਰਾ ਬੇਪਰਦ ਹੋ ਗਿਆ। ਇਹ ਮੰਤਰੀ 2ਜੀ ਟੈਲੀਕਾਮ ਘੁਟਾਲੇ ਦੇ ਮੁੱਖ ਮੁਲਜ਼ਮਾਂ ਵਿਚੋਂ ਇਕ ਸੀ ਜਿਸ ਨੂੰ ਬਾਅਦ ਵਿਚ ਬਰੀ ਕਰ ਦਿੱਤਾ ਗਿਆ। ਰਾਡੀਆ ਨੇ ਜਿਨ੍ਹਾਂ ਉਦਯੋਗਪਤੀਆਂ ਨਾਲ ਗੱਲ ਕੀਤੀ ਸੀ, ਉਨ੍ਹਾਂ ਵਿਚ ਰਤਨ ਟਾਟਾ ਵੀ ਸੀ। ਟਾਟਾ ਸਮੂਹ ਦਾ ਸਬੰਧ ਨੀਤੀ ਨਿਰਮਾਣ ਨੂੰ ਪ੍ਰਭਾਵਤ ਕਰਨ ਲਈ ਲੌਬੀਇਸਟਾਂ ਦੀਆਂ ਕੋਸ਼ਿਸ਼ਾਂ ਨਾਲ ਜੁੜਦਾ ਸੀ। ਇਨ੍ਹਾਂ ਟੇਪਾਂ ਦੇ ਜਾਰੀ ਹੋਣ ਤੋਂ ਬਾਅਦ ਟਾਟਾ ਨੇ ਮੀਡੀਆ ਨੂੰ ਅਜਿਹੀਆਂ ਹੋਰ ਟੇਪਾਂ ਪ੍ਰਸਾਰਿਤ ਕਰਨ ਤੋਂ ਰੋਕਣ ਲਈ ਅਦਾਲਤ ਤੱਕ ਪਹੁੰਚ ਕੀਤੀ ਸੀ।
ਰਤਨ ਟਾਟਾ ਦੇ ਕਰੀਅਰ ਦੀ ਸ਼ੁਰੂਆਤ 1991 ਵਿਚ ਮਨਮੋਹਨ ਸਿੰਘ ਦੀ ਅਗਵਾਈ `ਚ ਭਾਰਤ ਵਿਚ ਖੁੱਲ੍ਹੀ ਮੰਡੀ ਦੀਆਂ ਨੀਤੀਆਂ (ਉਦਾਰੀਕਰਨ-ਨਿੱਜੀਕਰਨ-ਵਿਸ਼ਵੀਕਰਨ) ਦੀ ਆਮਦ ਦੀ ਸਮਕਾਲੀ ਸੀ ਅਤੇ ਟਾਟਾ ਸਮੂਹ ‘ਲਾਇਸੰਸ ਰਾਜ` ਦੇ ਖ਼ਾਤਮੇ ਨਾਲ ਕਾਰਪੋਰੇਟ ਸਰਮਾਏਦਾਰੀ ਨੂੰ ਮਿਲੀ ਖੁੱਲ੍ਹ ਖੇਡ ਦਾ ਲਾਹਾ ਲੈਣ ਵਾਲੇ ਮੁੱਖ ਖਿਡਾਰੀਆਂ `ਚ ਸ਼ੁਮਾਰ ਹੈ। ਇਸੇ ਤਹਿਤ ਜਦੋਂ ਟਾਟਾ ਸਮੂਹ ਨੇ ‘ਵਿਕਾਸ ਪ੍ਰੋਜੈਕਟਾਂ` ਦੇ ਨਾਂ ਹੇਠ ਹਕੂਮਤੀ ਤਾਕਤ ਦੇ ਜ਼ੋਰ ਧੱਕੇ ਨਾਲ ਜ਼ਮੀਨਾਂ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਪ੍ਰੋਜੈਕਟਾਂ ਨੂੰ ਆਦਿਵਾਸੀਆਂ ਤੇ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। 2006 `ਚ ਖੱਬੇ ਮੋਰਚੇ ਦੀ ਸਰਕਾਰ ਨੇ ਟਾਟਾ ਨੂੰ ਸਿੰਗੂਰ ਵਿਚ ਨੈਨੋ ਕਾਰਾਂ ਦਾ ਪ੍ਰੋਜੈਕਟ ਲਾਉਣ ਲਈ ਸੱਦਾ ਦਿੱਤਾ ਸੀ ਜੋ ਰਤਨ ਟਾਟਾ ਦਾ ਇਕ ਲੱਖ ਰੁਪਏ `ਚ ਕਾਰ ਬਣਾ ਕੇ ਦੇਣ ਦਾ ਸੁਫਨਾ ਸੀ। ਜ਼ਮੀਨ ਐਕਵਾਇਰ ਕਰਨ ਵਿਰੁੱਧ ਅੰਦੋਲਨ ਕੁਚਲਣ ਲਈ ‘ਖੱਬੀ` ਸਰਕਾਰ ਨੇ ਹਕੂਮਤੀ ਦਹਿਸ਼ਤਵਾਦ ਤੇ ਕਤਲੇਆਮ ਦੀ ਮਦਦ ਲਈ। ਓੜਕ ਟਾਟਾ ਮੋਟਰਜ਼ ਨੂੰ ਪੱਛਮੀ ਬੰਗਾਲ `ਚੋਂ ਇਹ ਪ੍ਰੋਜੈਕਟ ਸਮੇਟਣਾ ਪਿਆ ਅਤੇ ਪ੍ਰੋਜੈਕਟ ਮੋਦੀ ਦੀ ਅਗਵਾਈ ਵਾਲੇ ਗੁਜਰਾਤ ਵਿਚ ਲਾਇਆ ਗਿਆ ਜਿੱਥੇ ਕਾਰਪੋਰੇਟ ਕਾਰੋਬਾਰੀਆਂ ਲਈ ‘ਸੁਰੱਖਿਅਤ` ਮਾਹੌਲ ਸੀ।
ਇਸੇ ਤਰ੍ਹਾਂ ਨਵੇਂ ਬਣੇ ਛੱਤੀਸਗੜ੍ਹ ਰਾਜ ਵਿਚ ਸਥਾਨਕ ਸਰਕਾਰ ਨੇ ਕਾਰਪੋਰੇਟ ਪ੍ਰੋਜੈਕਟ ਲਾਉਣ ਲਈ 100 ਤੋਂ ਉੱਪਰ ਇਕਰਾਰਨਾਮੇ ਕੀਤੇ। ਮਾਓਵਾਦੀ ਲਹਿਰ ਦੀ ਅਗਵਾਈ ਹੇਠ ਜਥੇਬੰਦ ਆਦਿਵਾਸੀਆਂ ਨੇ ਤਬਾਹੀ ਮਚਾਉਣ ਵਾਲੇ ਇਨ੍ਹਾਂ ਪ੍ਰੋਜੈਕਟਾਂ ਦੇ ਵਿਰੋਧ ਨੂੰ ਕੁਚਲਣ ਲਈ ਸਰਕਾਰੀ ਸਰਪ੍ਰਸਤੀ ਨਾਲ ਬਦਨਾਮ ‘ਸਲਵਾ ਜੁਡਮ` ਮੁਹਿੰਮ ਚਲਾਈ ਗਈ ਤਾਂ ਟਾਟਾ ਅਤੇ ਐੱਸ.ਆਰ. ਕਾਰਪੋਰੇਟ ਕੰਪਨੀਆਂ ਮੁੱਖ ਸਪਾਂਸਰ ਸਨ। ਇਸ ਮੁਹਿੰਮ ਨੇ 650 ਦੇ ਕਰੀਬ ਆਦਿਵਾਸੀ ਪਿੰਡਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਇਹ ‘ਸ਼ਾਂਤੀ ਮੁਹਿੰਮ` ਆਦਿਵਾਸੀਆਂ ਦੇ ਕਤਲੇਆਮ, ਸਮੂਹਿਕ ਬਲਾਤਕਾਰਾਂ, ਭਿਆਨਕ ਹਿੰਸਾ ਅਤੇ ਵਿਆਪਕ ਸਾੜ-ਫੂਕ ਦਾ ਦੂਜਾ ਨਾਂ ਬਣ ਗਈ।
ਇਹੀ ਸਿਲਸਿਲਾ ਹੋਰ ਰਾਜਾਂ ਵਿਚ ਵੀ ਚੱਲਿਆ ਜਿਸ ਦੀ ਵੱਡੀ ਮਿਸਾਲ ਉੜੀਸਾ ਦਾ ਕਲਿੰਗਨਗਰ ਕਾਂਡ ਹੈ ਜਿੱਥੇ ਟਾਟਾ ਸਟੀਲ ਪਲਾਂਟ ਲਗਾਏ ਜਾਣ ਦਾ ਵਿਰੋਧ ਕਰ ਰਹੇ 13 ਆਦਿਵਾਸੀਆਂ ਨੂੰ ਪੁਲਿਸ ਨੇ ਕਰੂਰਤਾ ਨਾਲ ਗੋਲੀ ਨਾਲ ਭੁੰਨ ਦਿੱਤਾ ਜਿਨ੍ਹਾਂ ਵਿਚ ਇਕ ਬੱਚਾ ਅਤੇ ਤਿੰਨ ਔਰਤਾਂ ਵੀ ਸਨ।
ਟਾਟਾ ਸਮੂਹ ਦੀ ਮਾਲਕੀ ਵਾਲੀ ਕਨਨ ਦੇਵਨ ਹਿਲਜ਼ ਪਲਾਂਟੇਸਨ ਨੇ ਕੇਰਲ ਵਿਚ ਹਜ਼ਾਰਾਂ ਏਕੜ ਸਰਕਾਰੀ ਜ਼ਮੀਨ ਐਕਵਾਇਰ ਕੀਤੀ। ਇਸ ਹੱਥੋਂ ਉਜਾੜੇ ਤੇ ਬਰਬਾਦ ਕੀਤੇ ਗਏ ਗ਼ਰੀਬ ਲੋਕਾਂ ਦੀਆਂ ਹੋਰ ਵੀ ਮਿਸਾਲ ਦਿੱਤੀਆਂ ਜਾ ਸਕਦੀਆਂ ਹਨ।
ਟਾਟਾ ਸਮੂਹ ਕਥਿਤ ਵਿਕਾਸ ਪ੍ਰੋਜੈਕਟਾਂ ਲਈ ਮੁਲਕ ਦੇ ਵਡਮੁੱਲੇ ਕੁਦਰਤੀ ਵਸੀਲੇ ਹੜੱਪਣ ਦੀ ਧਾੜਵੀ ਮੁਹਿੰਮ ਦੇ ਮੁੱਖ ਖਿਡਾਰੀਆਂ `ਚੋਂ ਇਕ ਹੋਣ ਕਾਰਨ ਜਿੱਥੇ ਇਸ ਦੇ ਹੱਥ ਭਾਰਤੀ ਲੋਕਾਂ, ਖ਼ਾਸ ਕਰ ਕੇ ਆਦਿਵਾਸੀਆਂ ਦੇ ਲਹੂ ਨਾਲ ਲਿੱਬੜੇ ਹੋਏ ਹਨ, ਉੱਥੇ ਟਾਟਾ ਆਲਮੀ ਪੱਧਰ `ਤੇ ਘੋਰ ਪਿਛਾਖੜੀ ਤਾਕਤਾਂ ਨਾਲ ਵੀ ਜੁੜਿਆ ਰਿਹਾ ਹੈ। ਜੰਗੀ ਸਾਜ਼ੋ-ਸਮਾਨ ਦੇ ਨਿਰਮਾਣ ਵਿਚ ਇਜ਼ਰਾਈਲ ਏਅਰੋਸਪੇਸ ਇੰਡਸਟਰੀਜ਼ (ਆਈ.ਏ.ਆਈ.) ਨਾਲ ਸਹਿਯੋਗ ਕਰ ਕੇ ਇਹ ਫ਼ਲਸਤੀਨੀਆਂ ਦੀ ਨਸਲਕੁਸ਼ੀ `ਚ ਹਿੱਸੇਦਾਰ ਹੈ। ਟਾਟਾ ਨੇ ਮਿਆਂਮਾਰ ਸਰਕਾਰ ਨੂੰ ਹਥਿਆਰ ਤੇ ਫ਼ੌਜੀ ਸਾਜ਼ੋ-ਸਮਾਨ ਸਪਲਾਈ ਕੀਤਾ ਜੋ ਆਪਣੇ ਲੋਕਾਂ ਵਿਰੁੱਧ ਕਰੂਰ ਹਿੰਸਾ ਅਤੇ ਨਸਲਕੁਸ਼ੀ ਲਈ ਜ਼ਿੰਮੇਵਾਰ ਹੈ। ਭਾਰਤੀ ਸੁਰੱਖਿਆ ਬਲਾਂ ਦੁਆਰਾ ਫ਼ੌਜੀਕਰਨ ਅਤੇ ਕਬਜ਼ੇ ਵਾਲੇ ਖੇਤਰਾਂ ਵਿਚ ਜਨਤਕ ਟਾਕਰਾ ਅੰਦੋਲਨਾਂ ਨੂੰ ਕੁਚਲਣ ਲਈ ਵਰਤੇ ਜਾਣ ਵਾਲੇ ਫ਼ੌਜੀ ਵਾਹਨ ਟਾਟਾ ਸਮੂਹ ਹੀ ਮੁਹੱਈਆ ਕਰਵਾਉਂਦਾ ਹੈ।
ਰਤਨ ਟਾਟਾ ਨੂੰ ਉਦਾਰ ਖ਼ਿਆਲ ਮੰਨਿਆ ਜਾਂਦਾ ਹੈ। ਇਹ ਸੱਚ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਗੁਜਰਾਤ ਵਿਚ ਮੁਸਲਮਾਨ ਘੱਟਗਿਣਤੀ ਦੇ ਕਤਲੇਆਮ ਦਾ ਰਤਨ ਟਾਟਾ ਨੇ ਵਿਰੋਧ ਕੀਤਾ ਸੀ ਪਰ ਜਿਉਂ ਹੀ ਮੋਦੀ ਭਾਰਤ ਦੇ ਭਵਿੱਖੀ ਹੁਕਮਰਾਨ ਵਜੋਂ ਉੱਭਰਨਾ ਸ਼ੁਰੂ ਹੋਇਆ ਤਾਂ ਰਤਨ ਟਾਟਾ ਨੇ ਵੀ ਬੀਤੇ `ਤੇ ਪੋਚਾ ਮਾਰ ਕੇ ਉਸ ਨਾਲ ਨੇੜਤਾ ਬਣਾਉਣੀ ਸ਼ੁਰੂ ਕਰ ਦਿੱਤੀ। ਟਾਟਾ ਆਰ.ਐੱਸ.ਐੱਸ. ਦੀ ਹਮਾਇਤ ਕਰਦਾ ਰਿਹਾ ਹੈ ਅਤੇ ਇਹ ਭਾਜਪਾ ਦੇ ਵੱਡੇ ਦਾਨੀਆਂ `ਚੋਂ ਹੈ। 2018-19 ਵਿਚ ਟਾਟਾ ਦੀ ਮਾਲਕੀ ਵਾਲੇ ਪ੍ਰੋਗਰੈਸਿਵ ਇਲੈਕਟੋਰਲ ਟਰਸਟ ਤੋਂ ਭਾਜਪਾ ਨੂੰ 356 ਕਰੋੜ ਰੁਪਏ ‘ਦਾਨ` ਮਿਲਿਆ।
ਟਾਟਾ ਟਰਸਟ ਹਰ ਸਾਲ 1500 ਕਰੋੜ ਤੋਂ ਲੈ ਕੇ 2500 ਕਰੋੜ ਰੁਪਏ ਦਾਨ-ਪੁੰਨ ਦੇ ਕੰਮਾਂ `ਤੇ ਖ਼ਰਚ ਕਰਦਾ ਹੈ! ਪਰ ਸਵਾਲ ਹੈ: ਉਸ ਦੀ ਇਸ ਦੌਲਤ ਦਾ ਸਰੋਤ ਕੀ ਹੈ? ਇਹ ਸਰੋਤ ਹੈ ਕਿਰਤੀਆਂ ਅਤੇ ਕੁਦਰਤੀ ਵਸੀਲਿਆਂ ਦੀ ਅੰਨ੍ਹੀ ਲੁੱਟ। ਟਾਟਾ ਦੀਆਂ ਫੈਕਟਰੀਆਂ `ਚ ਗੁਜ਼ਾਰੇ ਯੋਗ ਉਜਰਤਾਂ ਅਤੇ ਕਿਰਤ ਕਾਨੂੰਨ ਲਾਗੂ ਕਰਾਉਣ ਦੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਕਿਰਤੀਆਂ ਉੱਪਰ ਜਬਰ ਉਸੇ ਤਰ੍ਹਾਂ ਆਮ ਹੈ ਜਿਵੇਂ ਹੋਰ ਕਾਰਪੋਰੇਟ ਤੇ ਹੋਰ ਸਰਮਾਏਦਾਰੀ ਕਾਰੋਬਾਰਾਂ `ਚ।
ਟਾਟਾ ਘਰਾਣਾ ਹਮੇਸ਼ਾ ਸਾਮਰਾਜਵਾਦ ਦਾ ਏਜੰਟ ਰਿਹਾ ਹੈ ਅਤੇ ਬਸਤੀਵਾਦੀ ਦੌਰ `ਚ ਜਦੋਂ ਵਤਨਪ੍ਰੇਮੀ ਆਜ਼ਾਦੀ ਲਈ ਲੜ ਰਹੇ ਸਨ ਤਾਂ ਟਾਟਾ ਘਰਾਣਾ ਅੰਗਰੇਜ਼ ਸਾਮਰਾਜਵਾਦ ਨਾਲ ਜੋਟੀ ਪਾ ਕੇ ਆਪਣੀ ਕਾਰੋਬਾਰੀ ਸਲਤਨਤ ਉਸਾਰਨ ਵਿਚ ਮਸਰੂਫ ਸੀ। ਟਾਟਾ ਦੇ ਪਰਉਪਕਾਰ ਦੀ ਗੱਲ ਕਰਦਿਆਂ ਇਹ ਭੁੱਲਣਾ ਨਹੀਂ ਚਾਹੀਦਾ ਕਿ ਸੀ.ਐੱਸ.ਆਰ. (ਕਾਰਪੋਰੇਟ-ਸੋਸ਼ਲ ਰਿਸਪਾਂਸੀਬਿਲਟੀ) ਪ੍ਰੋਜੈਕਟਾਂ ਲਈ ਫੰਡ ਕਾਰਪੋਰੇਟ ਮੁਨਾਫ਼ਿਆਂ ਦਾ ਨਿੱਕਾ ਜਿਹਾ ਹਿੱਸਾ ਹੁੰਦੇ ਹਨ ਜੋ ਕਿਰਤੀਆਂ ਦੀਆਂ ਜ਼ਿੰਦਗੀਆਂ ਦੀ ਕੀਮਤ `ਤੇ ਅਤੇ ਉਨ੍ਹਾਂ ਦਾ ਖ਼ੂਨ ਨਿਚੋੜ ਕੇ ਹੂੰਝੇ ਜਾਂਦੇ ਹਨ। ਅਜਿਹੇ ‘ਦਾਨ ਪੁੰਨ` ਦਾ ਮਨੋਰਥ ਟੈਕਸ ਛੋਟਾਂ ਲੈਣਾ ਵੀ ਹੁੰਦਾ ਹੈ ਅਤੇ ਇਸ ਨਾਲ ਸਰਮਾਏਦਾਰਾਂ ਦੀ ਲਹੂ-ਪੀਣੀ ਫ਼ਿਤਰਤ ਨਹੀਂ ਬਦਲ ਜਾਂਦੀ।