ਬਸਪਾ ਵੱਲੋਂ ਅਕਾਲੀ ਦਲ ਅਤੇ ਇਨੈਲੋ ਨਾਲੋਂ ਤੋੜ-ਵਿਛੋੜਾ

ਜਲੰਧਰ: ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨਾਲ ਗੱਠਜੋੜ ਤੋੜਨ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਹਰਿਆਣਾ ਵਿਚ ਵਿਧਾਨ ਸਭਾ ਦੀਆਂ ਚੋਣਾਂ ਦੇ ਤਿੰਨ ਦਿਨ ਬਾਅਦ ਆਇਆ ਹੈ। ਪੰਜਾਬ ਦੀ ਲੀਡਰਸ਼ਿਪ ਨੇ ਵੀ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨਾਲ ਮੀਟਿੰਗ ਕੀਤੀ ਹੈ। ਇਸ ਮੌਕੇ ਬਸਪਾ ਪੰਜਾਬ ਮਾਮਲਿਆਂ ਦੀ ਜ਼ਿੰਮੇਵਾਰੀ ਹੁਣ ਬਸਪਾ ਦੇ ਕੌਮੀ ਉਪ ਪ੍ਰਧਾਨ ਅਕਾਸ਼ ਆਨੰਦ ਨੂੰ ਸੌਂਪੀ ਗਈ ਹੈ ਅਤੇ ਇਸ ਦੇ ਨਾਲ ਰਣਧੀਰ ਸਿੰਘ ਬੈਨੀਪਾਲ ਤੇ ਵਿਪੁਲ ਕੁਮਾਰ ਵੀ ਪੰਜਾਬ ਮਾਮਲਿਆਂ ਦੇ ਇੰਚਾਰਜ ਬਣੇ ਰਹਿਣਗੇ।

ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਬਸਪਾ ਦੀ ਸੁਪਰੀਮੋ ਨੇ ਸਪੱਸ਼ਟ ਕੀਤਾ ਕਿ ਬਸਪਾ ਤਾਂ ਗੱਠਜੋੜ ਦੌਰਾਨ ਆਪਣੀਆਂ ਸਾਥੀ ਪਾਰਟੀਆਂ ਨੂੰ ਵੋਟ ਤਬਦੀਲ ਕਰਦੀ ਹੈ ਪਰ ਗੱਠਜੋੜ ਵਿਚ ਸ਼ਾਮਲ ਦੂਜੀਆਂ ਪਾਰਟੀਆਂ ਆਪਣਾ ਵੋਟ ਬਸਪਾ ਉਮੀਦਵਾਰਾਂ ਨੂੰ ਟਰਾਂਸਫ਼ਰ ਨਹੀਂ ਕਰਵਾਉਂਦੀਆਂ, ਜਿਸ ਨਾਲ ਬਸਪਾ ਦੇ ਕੈਡਰ ਵਿਚ ਨਿਰਾਸ਼ਾ ਫ਼ੈਲਦੀ ਹੈ ਅਤੇ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਤੋਂ ਬਾਅਦ ਹੁਣ ਹਰਿਆਣਾ ਦੇ ਚੋਣ ਨਤੀਜਿਆਂ ਦੌਰਾਨ ਵੀ ਇਹੀ ਗੱਲ ਸਾਹਮਣੇ ਆਈ ਹੈ ਜਦਕਿ ਪੰਜਾਬ ਵਿਚ ਵੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਤਜਰਬੇ ਕੌੜੇ ਹੀ ਰਹੇ ਹਨ। ਇਸ ਲਈ ਹੁਣ ਬਸਪਾ ਨੇ ਫ਼ੈਸਲਾ ਲਿਆ ਹੈ ਕਿ ਖੇਤਰੀ ਪਾਰਟੀਆਂ ਨਾਲ ਵੀ ਕੋਈ ਗਠਜੋੜ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬਸਪਾ ਦੂਜੀਆਂ ਰਾਜਸੀ ਪਾਰਟੀਆਂ, ਸੰਗਠਨਾਂ ਅਤੇ ਉਨ੍ਹਾਂ ਦੇ ਸਵਾਰਥੀ ਨੇਤਾਵਾਂ ਨੂੰ ਜੋੜਨ ਲਈ ਨਹੀਂ, ਸਗੋਂ ਬਹੁਜਨ ਸਮਾਜ ਦੀ ਰਾਜਸੀ ਮਜ਼ਬੂਤੀ ਕਰਕੇ ਉਨ੍ਹਾਂ ਨੂੰ ਸ਼ਾਸਕ ਬਣਾਉਣ ਦਾ ਅੰਦੋਲਨ ਹੈ। ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅਕਾਸ਼ ਆਨੰਦ ਨੂੰ ਪੰਜਾਬ ਮਾਮਲਿਆਂ ਦੀ ਨਵੀਂ ਜ਼ਿੰਮੇਵਾਰੀ ਦੇਣ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਬਸਪਾ ਦੇ ਗੜ੍ਹ ਰਹੇ ਪੰਜਾਬ ਵਿਚ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਲੋਕਾਂ ਨਾਲ ਤੇ ਖ਼ਾਸ ਕਰਕੇ ਦਲਿਤ ਭਾਈਚਾਰੇ ਨਾਲ ਹੁੰਦੀਆਂ ਵਧੀਕੀਆਂ ਵਿਰੁੱਧ ਸੰਘਰਸ਼ ਛੇੜਿਆ ਜਾਵੇਗਾ।