ਗੁਲਜ਼ਾਰ ਸਿੰਘ ਸੰਧੂ
ਮੱਧ ਪ੍ਰਦੇਸ਼ ਦੇ ਰਤਨਗੜ੍ਹ ਮੰਦਰ ਦਾ ਦੁਖਾਂਤ ਭਾਰਤ ਵਾਸੀਆਂ ਦੀ ਖੁਦਾਪ੍ਰਸਤੀ ਦਾ ਅਤਿਅੰਤ ਦੁਖਦਾਈ ਚਿਹਰਾ ਹੈ। ਇਸ ਦਾ ਕਾਰਨ ਚਾਨਣ ਵੰਡਦੇ ਵਿਗਿਆਨ ਦੀ ਕੁਦਰਤ ਦਾ ਹਨੇਰਾ ਹੂੰਝਣ ਵਿਚ ਅਸਮਰਥਾ ਹੈ। ਸਭ ਤੋਂ ਮਾੜੀ ਗੱਲ ਇਹ ਕਿ ਮਾਨਵ ਜਾਤੀ ਨੇ ਕੁਦਰਤ ਦੀ ਪੂਜਾ ਲਈ ਆਪਣੇ ਆਪ ਉਤੇ ਕੁਝ ਗਿਣੇ ਮਿਥੇ ਦਿਨ ਥੋਪ ਰੱਖੇ ਹਨ। ਭਲੇ ਸਮਿਆਂ ਵਿਚ ਇਹ ਦਿਨ ਮੌਜ ਮੇਲੇ ਤੇ ਨੱਚਣ ਕੁੱਦਣ ਦੇ ਅਵਸਰ ਵੀ ਸਨ। ਹੁਣ ਵਸੋਂ ਦੇ ਵਾਧੇ ਤੇ ਆਵਾਜਾਈ ਦੀ ਗਤੀ ਨੇ ਤਿੱਥਾਂ ਤਿਉਹਾਰਾਂ ਲਈ ਸਵੈ-ਸਿਰਜੀਆਂ ਘੜੀਆਂ ਨੂੰ ਮਨਹੂਸ ਬਣਾ ਛੱਡਿਆ ਹੈ।
ਇਕ ਅਨੁਮਾਨ ਅਨੁਸਾਰ ਪਿਛਲੇ ਅੱਠ ਸਾਲਾਂ ਵਿਚ ਮੰਧਾਰ ਦੇਵੀ ਮਹਾਰਾਸ਼ਟਰ (340), ਨੈਨਾ ਦੇਵੀ, ਹਿਮਾਚਲ (150), ਚਮੁੰਡਾ ਦੇਵੀ ਜੋਧਪੁਰ (224), ਪ੍ਰਤਾਪ ਗੜ੍ਹ, ਉਤਰ ਪ੍ਰਦੇਸ਼ (63) ਮਕਰ ਜਿਉਤੀ ਕੇਰਲ (104) ਤੇ ਕੁੰਭ ਮੇਲਾ ਅਲਾਹਾਬਾਦ (37) ਵਿਚ ਨੌ ਸੌ ਤੋਂ ਵੱਧ ਬੱਚੇ, ਬੁੱਢੇ ਤੇ ਜਵਾਨ ਇਸਤਰੀ-ਪੁਰਸ਼ ਸਵੈ-ਸਿਰਜੀ ਭਗਦੜ ਦਾ ਸ਼ਿਕਾਰ ਹੋ ਚੁੱਕੇ ਹਨ। ਰਤਨਗੜ੍ਹ ਦੇ ਮ੍ਰਿਤਕਾਂ ਦੀ ਗਿਣਤੀ ਉੜੀਸਾ ਤਟਵਰਤੀ ਫਾਈਲਿਨ ਨਾਲੋਂ ਕਈ ਗੁਣਾ ਵੱਧ ਹੈ। ਅੱਜ ਲੋੜ ਅਜਿਹੇ ਵਰਤਾਰੇ ਨੂੰ ਨੱਥ ਪਾਉਣ ਦੀ ਹੈ। ਇਹ ਕੰਮ ਸੁਲਝੇ ਹੋਏ ਧਾਰਮਕ ਆਗੂ ਕਰ ਸਕਦੇ ਹਨ।
ਜੇ ਸਾਰੇ ਧਰਮਾਂ ਦੇ ਸੂਝਵਾਨ ਧਾਰਮਕ ਆਗੂ ਮਿਲ ਬੈਠਣ ਤਾਂ ਅਸੰਭਵ ਵੀ ਨਹੀਂ। ਜਿਹੜੀ ਕੌਮ ਅੱਗੇ ਪਿੱਛੇ ਜੰਮੇ ਗੁਰੂ ਪੀਰਾਂ ਦੇ ਜਨਮ ਦਿਵਸ ਮਨਾਉਣ ਲਈ ਪੂਰਨਮਾਸ਼ੀ ਦਾ ਦਿਨ ਚੁਣ ਸਕਦੀ ਹੈ ਉਹ ਕਿਸੇ ਇਕ ਦਿਨ ਨੂੰ ਸ਼ਰਧਾ ਸਪਤਾਹ ਤੱਕ ਵੀ ਪਸਾਰ ਸਕਦੀ ਹੈ। ਚੰਦ ਦੀ ਚਾਨਣੀ ਪੂਰਨਮਾਸ਼ੀ ਤੋਂ ਤਿੰਨ ਦਿਨ ਪਹਿਲਾਂ ਤੇ ਪਿੱਛੋਂ ਵੀ ਘੱਟ ਨਹੀਂ ਹੁੰਦੀ। ਬਦਲਵਾਈ ਨਾ ਹੋਵੇ ਤਾਂ ਵੱਧ ਵੀ ਜਾਂਦੀ ਹੈ।
ਮਿੱਤਰ ਪਿਆਰੇ ਤੇ ਸਾਕ ਸਬੰਧੀ ਪੂਜਾ ਪਾਠ ਤੇ ਸ਼ਰਧਾ ਪਾਲਣ ਲਈ ਮਨਭਾਉਂਦਾ ਧਰਮ ਸਥਾਨ ਤੇ ਸਮਾਂ ਚੁਣ ਕੇ ਵੇਲਾ ਵਹਾ ਚੁੱਕੀਆਂ ਤਿਥੀਆਂ ਤੋਂ ਬਾਹਰ ਨਿਕਲ ਸਕਦੇ ਹਨ। ਨਾਲੇ ਮੁੰਜ ਬਗੜ ਦਾ ਸੌਦਾ, ਨਾਲੇ ਦੇਵੀ ਦੇ ਦਰਸ਼ਨ। ਉਂਜ ਵੀ ਗਿਆਨ ਇੰਦਰੀਆਂ ਨੂੰ ਇਹ ਦੱਸਣ ਦਾ ਵੀ ਕੋਈ ਹਰਜ ਨਹੀਂ ਕਿ ਦੁਰਗਿਆਨਾ, ਹਰਿਮੰਦਰ ਤੇ ਅਜਮੇਰ ਦੇ ਮੰਦਰ, ਮਸਜਿਦ, ਗੁਰਦੁਆਰੇ ਤੇ ਦਰਗਾਹਾਂ ਹਰ ਪ੍ਰਾਣੀ ਨੂੰ ਇੱਕੋ ਜਿਹਾ ਸਕੂਨ ਦੇਣ ਵਾਲੀਆਂ ਹਨ। ਉਹ ਦੇਸ਼ ਜਿਸ ਦਾ ਚੱਪਾ ਚੱਪਾ ਵੱਖ ਵੱਖ ਮੌਸਮਾਂ ਦੇ ਚਾਨਣਾਂ ਤੇ ਹਨੇਰਿਆਂ ਨਾਲ ਭਰਪੂਰ ਹੈ ਉਹ ਕਿਸੇ ਗਿਣੇ ਮਿਥੇ ਦਿਨ ਦਿਹਾੜੇ ਜਾਂ ਘੜੀ ਦਾ ਮੁਹਤਾਜ ਕਿਉਂ ਹੋਵੇ? ਉਹ ਕਿਹੜਾ ਰੱਬ ਹੈ ਜਿਸ ਨੇ ਇਹ ਕਿਹਾ ਹੋਵੇ ਕਿ ਮੈਨੂੰ ਤੁਸੀਂ ਇਸ ਪਲ ਤੋਂ ਅੱਗੇ ਪਿੱਛੇ ਨਹੀਂ ਧਿਆ ਸਕਦੇ। ਹੈ ਕੋਈ ਧਾਰਮਕ ਆਗੂਆਂ ਦਾ ਸਮੂਹ ਜੋ ਇਸ ਦਾ ਨਿਤਾਰਾ ਕਰਨ ਲਈ ਤਿਆਰ ਹੋਵੇ? ਜਾਗੋ!
ਮਾਲ ਰੋਡ ਕਸੌਲੀ ਤੇ ਖੁਸ਼ਵੰਤ ਸਿੰਘ: ਕਸੌਲੀ ਦੀ ਅੱਪਰ ਮਾਲ ਉਤੇ ਇਕ ਰਾਜ ਵਿਲਾ ਨਾਂ ਦੀ ਕੋਠੀ ਹੈ। ਇਹ ਖੁਸ਼ਵੰਤ ਸਿੰਘ ਦੇ ਸਹੁਰੇ ਤੇਜਾ ਸਿੰਘ ਮਲਿਕ ਨੇ ਭਾਰਤ ਛੱਡ ਕੇ ਜਾ ਰਹੇ ਅੰਗਰੇਜ਼ ਤੋਂ 1948 ਵਿਚ ਖਰੀਦੀ ਸੀ। ਖੁਸ਼ਵੰਤ ਸਿੰਘ ਕੁਝ ਵਰ੍ਹੇ ਪਹਿਲਾਂ ਤੱਕ ਹਰ ਵਰ੍ਹੇ ਵਰਖਾ ਰੁੱਤ ਤੋਂ ਪਹਿਲਾਂ ਤੇ ਪਿੱਛੋਂ ਦੋ ਵਾਰੀ ਇਥੇ ਆਉਂਦਾ ਰਿਹਾ ਹੈ। ਉਸ ਦੀਆਂ ਅਨੇਕ ਰਚਨਾਵਾਂ ਉਸ ਕੁਰਸੀ ਦੀ ਉਪਜ ਹਨ ਜਿਹੜੀ ਉਸ ਨੇ ਆਪਣੇ ਲਿਖਣ ਕਾਰਜ ਲਈ ਆਪਣੇ ਦਿੱਲੀ ਵਾਲੇ ਘਰ ਦੀ ਕੁਰਸੀ ਦਾ ਨਮੂਨਾ ਦੇ ਕੇ ਬਣਵਾਈ ਸੀ। ਹੁਣ ਉਸ ਦੀ ਸਿਹਤ ਏਨੇ ਸਫਰ ਦੀ ਆਗਿਆ ਨਹੀਂ ਦਿੰਦੀ। ਕੁਰਸੀ, ਕੋਠੀ ਤੇ ਕਸੌਲੀ ਉਸ ਨੂੰ ਉਡੀਕਦੇ ਹਨ ਪਰ ਉਹ ਨਹੀਂ ਆਉਂਦਾ। ਸੰਨ 2000 ਤੋਂ ਕੋਠੀ ਦੇ ਬੂਟਿਆਂ ਦੀਆਂ ਜੜ੍ਹਾਂ ਵਿਚ ਉਸ ਦੀ ਪਤਨੀ ਕਵਲ ਦੀ ਰਾਖ ਵੀ ਰਲ ਚੁੱਕੀ ਹੈ ਤੇ ਪਿਛਲੇ ਸਾਲ ਤੋਂ ਨਵ ਸਥਾਪਤ ਖੁਸ਼ਵੰਤ ਸਿੰਘ ਫਾਊਂਡੇਸ਼ਨ ਇਥੇ ਉਸ ਦੇ ਨਾਂ ਦਾ ਸਾਹਿਤਕ ਉਤਸਵ ਵੀ ਮਨਾਉਂਦੀ ਹੈ ਪਰ ਉਹ ਨਹੀਂ ਆਉਂਦਾ। ਮੈਨੂੰ ਦੁੱਖ ਹੈ ਕਿ ਹੁਣ 18 ਤੋਂ 20 ਅਕਤੂਬਰ ਨੂੰ ਇਸ ਉਤਸਵ ਦੇ ਦਿਨਾਂ ਵਿਚ ਉਸ ਨੇ ਫੇਰ ਨਹੀਂ ਆ ਸਕਣਾ। ਪਿਛਲੀ ਵਾਰੀ ਵੀ ਨਹੀਂ ਸੀ ਆ ਸਕਿਆ। ਪਰ ਮੈਂ ਖੁਸ਼ ਹਾਂ ਕਿ ਖੁਸ਼ਵੰਤ ਸਿੰਘ ਫਾਊਂਡੇਸ਼ਨ ਉਤਸਵਾਂ ਰਾਹੀਂ ਪ੍ਰਾਪਤ ਹੋਈ ਮਾਇਆ ਕਸੌਲੀ ਦਾ ਮੂੰਹ ਮਥਾ ਸੰਵਾਰਨ ਲਈ ਵਰਤਦੀ ਹੈ। ਮੈਨੂੰ ਇਸ ਥਾਂ ਨਾਲ ਮੋਹ ਹੈ। ਪਰਿਵਾਰ ਦੀ ਆਗਿਆ ਨਾਲ ਮੈਂ ਵੀ ਇਥੇ ਰਹਿੰਦਾ ਰਿਹਾ ਹਾਂ।
ਅੰਤਿਕਾ: ਬਸ਼ੀਰ ਬਦਰ
ਉਨ੍ਹੀ ਰਾਸਤੋਂ ਨੇ ਜਿਨ ਪਰ
ਕਭੀ ਤੁਮ ਥੇ ਸਾਥ ਮੇਰੇ
ਮੁਝੇ ਰੋਕ ਰੋਕ ਪੂਛਾ,
ਤੇਰਾ ਹਮਸਫਰ ਕਹਾਂ ਹੈ।
Leave a Reply