ਚੰਡੀਗੜ੍ਹ: ਬੇਸ਼ੱਕ ਪੰਚਾਇਤ ਚੋਣਾਂ ‘ਚ ਉਮੀਦਵਾਰਾਂ ਨੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣਾਂ ਨਹੀਂ ਲੜੀਆਂ ਪਰ ਸਿਆਸੀ ਧਿਰਾਂ ਨੇ ਆਪੋ-ਆਪਣੇ ਉਮੀਦਵਾਰ ਮੈਦਾਨ ‘ਚ ਉਤਾਰੇ ਸਨ। ਅਹਿਮ ਸੂਚਨਾ ਅਨੁਸਾਰ ਪੰਜਾਬ ਭਰ ‘ਚ 58 ਫ਼ੀਸਦੀ ਉਮੀਦਵਾਰ ਜੋ ਚੋਣ ਮੈਦਾਨ ‘ਚ ਉਤਰੇ ਜਾਂ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ, ਦਾ ਤੁਅੱਲਕ ਆਮ ਆਦਮੀ ਪਾਰਟੀ ਨਾਲ ਹੈ।
ਪੰਜਾਬ ਸਰਕਾਰ ਤਰਫ਼ੋਂ ਇਕ ਖ਼ੁਫ਼ੀਆ ਰਿਪੋਰਟ ਤਿਆਰ ਕੀਤੀ ਗਈ ਹੈ ਜਿਸ ‘ਚ ਇਹ ਅੰਕੜਾ ਸਾਹਮਣੇ ਆਇਆ ਹੈ। ਵੇਰਵਿਆਂ ਅਨੁਸਾਰ ਸੂਬੇ ਵਿਚ ਸਭ ਤੋਂ ਵੱਧ ਸੱਤਾਧਾਰੀ ਧਿਰ ਦੇ 58 ਫ਼ੀਸਦੀ ਉਮੀਦਵਾਰ ਸਨ। ਦੂਸਰੇ ਨੰਬਰ ‘ਤੇ 18 ਫ਼ੀਸਦੀ ਉਮੀਦਵਾਰ ਕਾਂਗਰਸ ਨਾਲ ਸਬੰਧਤ ਸਨ ਜਦੋਂ ਕਿ 16 ਫ਼ੀਸਦੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਤੁਅੱਲਕ ਰੱਖਦੇ ਹਨ। ਭਾਜਪਾ ਦੇ ਸਿਰਫ਼ 8 ਫ਼ੀਸਦੀ ਹੀ ਉਮੀਦਵਾਰ ਸਨ। ਸਰਕਾਰੀ ਹਲਕੇ ਇਸ ਗੱਲ ਤੋਂ ਇਨਕਾਰ ਕਰਦੇ ਹਨ ਪਰ ਚੋਣ ਮੈਦਾਨ ‘ਚ ਡਟੇ ਇਨ੍ਹਾਂ ਉਮੀਦਵਾਰਾਂ ਨੂੰ ਕਿਸੇ ਨਾ ਕਿਸੇ ਸਿਆਸੀ ਧਿਰ ਦਾ ਥਾਪੜਾ ਸੀ। ਪੰਜਾਬ ਕਾਂਗਰਸ ਆਖ ਚੁੱਕੀ ਹੈ ਕਿ ਕਈ ਹਲਕਿਆਂ ਵਿਚ ਉਨ੍ਹਾਂ ਦੀ ਪਾਰਟੀ ਨਾਲ ਸਬੰਧਤ ਪੰਚਾਂ ਸਰਪੰਚਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਹੀ ਨਹੀਂ ਕਰਨ ਦਿੱਤੇ ਗਏ। ਹਾਕਮ ਧਿਰ ਵੀ ਬਹੁਤੇ ਪਿੰਡਾਂ ਵਿਚ ਆਪਣੇ ਉਮੀਦਵਾਰ ਉਤਾਰ ਨਹੀਂ ਸਕੀ। ਇਨ੍ਹਾਂ ਚੋਣਾਂ ਆਮ ਆਦਮੀ ਪਾਰਟੀ ਦੀ ਦਿਲਚਸਪੀ ਜ਼ਿਆਦਾ ਹੈ ਕਿਉਂਕਿ ਹਕੂਮਤ ਦੌਰਾਨ ਪਾਰਟੀ ਦੀ ਪਹਿਲੀ ਪੰਚਾਇਤੀ ਚੋਣ ਹੈ। ਪਤਾ ਲੱਗਾ ਹੈ ਕਿ ਖ਼ੁਫ਼ੀਆ ਵਿੰਗ ਨੇ ਵਿਸਥਾਰ ਵਿਚ ਅੰਕੜਾ ਇਕੱਠਾ ਕੀਤਾ ਹੈ।
ਸਿਆਸੀ ਹਲਕੇ ਆਖਦੇ ਹਨ ਕਿ ‘ਆਪ` ਇਹ ਦੇਖਣਾ ਚਾਹੁੰਦੀ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਥਾਪੜੇ ਵਾਲੇ ਕਿੰਨੇ ਉਮੀਦਵਾਰ ਚੋਣ ਲੜ ਰਹੇ ਸਨ। ਚੋਣਾਂ ਹੋਣ ਮਗਰੋਂ ਕਿੰਨੇ ਉਮੀਦਵਾਰਾਂ ਨੂੰ ਜਿੱਤ ਹਾਸਲ ਹੁੰਦੀ ਹੈ, ਇਸ ਬਾਰੇ ਵੀ ਮਗਰੋਂ ਪਾਰਟੀ ਨਤੀਜਾ ਕਾਰਡ ਤਿਆਰ ਕਰੇਗੀ। ਅਹਿਮ ਸੂਤਰ ਦੱਸਦੇ ਹਨ ਕਿ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ‘ਆਪ` ਵਿਧਾਇਕਾਂ ਵੱਲੋਂ ਕਿੰਨੇ ਅਕਾਲੀਆਂ ਅਤੇ ਕਾਂਗਰਸੀਆਂ `ਚੋਂ ਆਏ ਲੋਕਾਂ ਨੂੰ ਸਰਪੰਚੀ ਜਾਂ ਪੰਚੀ ਲਈ ਆਮ ਆਦਮੀ ਪਾਰਟੀ ਤਰਫ਼ੋਂ ਉਮੀਦਵਾਰ ਬਣਾਇਆ ਗਿਆ ਹੈ।
ਕੁਝ ਵਿਧਾਇਕਾਂ ਨੇ ‘ਆਪ` ਵਰਕਰਾਂ ਤੇ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਦੂਸਰੀਆਂ ਪਾਰਟੀਆਂ `ਚੋਂ ਰਾਤੋਂ ਰਾਤ ‘ਆਪ` ਵਿਚ ਆਏ ਆਗੂਆਂ ਨੂੰ ਥਾਪੜਾ ਦਿੱਤਾ ਹੈ। ਵਿਰੋਧੀ ਧਿਰਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਪੰਚਾਇਤ ਚੋਣਾਂ ਵਿਚ ਧਾਂਦਲੀਆਂ ਹੋਣ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ ਅਤੇ ਇਸ ਮਾਮਲੇ `ਤੇ ਧਰਨੇ ਮੁਜ਼ਾਹਰੇ ਵੀ ਕੀਤੇ ਸਨ।
ਗਾਇਕ ਐਮੀ ਵਿਰਕ ਦੇ ਪਿਤਾ ਸਰਬਸੰਮਤੀ ਨਾਲ ਸਰਪੰਚ ਬਣੇ
ਨਾਭਾ: ਪਿੰਡ ਲੋਹਾਰ ਮਾਜਰਾ ਦੇ ਵਾਸੀ ਕੁਲਜੀਤ ਸਿੰਘ (62) ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਹਨ। ਉਹ ਉੱਘੇ ਗਾਇਕ, ਅਦਾਕਾਰ ਐਮੀ ਵਿਰਕ ਅਤੇ ਫ਼ਿਲਮ ਨਿਰਮਾਤਾ ਭਗਵੰਤ ਪਾਲ ਸਿੰਘ ਦੇ ਪਿਤਾ ਹਨ। 375 ਵੋਟਾਂ ਵਾਲਾ ਇਹ ਸਾਰਾ ਹੀ ਪਿੰਡ ਵੰਡ ਮੌਕੇ ਪਾਕਿਸਤਾਨ ਦੇ ਸ਼ੇਖੂਪੁਰ ਜ਼ਿਲ੍ਹੇ ਵਿਚੋਂ ਉੱਜੜ ਕੇ ਆਇਆ ਸੀ। ਇਸ ਵਾਰੀ ਇੱਥੇ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ। ਇਸ ਮੌਕੇ ਕੁਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਿਆਸਤ ਵਿਚ ਆਉਣ ਦਾ ਕੋਈ ਇਰਾਦਾ ਨਹੀਂ ਸੀ। ਪਿੰਡ ਵਾਸੀਆਂ ਦੇ ਜ਼ੋਰ ਪਾਉਣ ‘ਤੇ ਹੀ ਉਹ ਸਰਪੰਚ ਬਣੇ ਹਨ।
ਪੰਚਾਇਤ ਚੋਣਾਂ ‘ਚ ਲੋਕਤੰਤਰ ਦਾ ਕਤਲ ਕਰਨ ਦਾ ਦੋਸ਼ ਲਾਇਆ
ਚੰਡੀਗੜ੍ਹ: ਅਕਾਲੀ ਦਲ ਨੇ ‘ਆਪ` ਸਰਕਾਰ `ਤੇ ਪੰਚਾਇਤ ਚੋਣਾਂ ਦੌਰਾਨ ਲੋਕਤੰਤਰ ਦਾ ਕਤਲ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਵਿਚ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕਰਨ ਦਿੱਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਸੂਬਾਈ ਚੋਣ ਕਮਿਸ਼ਨ ਵੀ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ, ਜੋ ਉਸ ਕੋਲ ਪਹੁੰਚੀਆਂ ਸ਼ਿਕਾਇਤਾਂ ਸਬੰਧੀ ਫ਼ੈਸਲੇ ਨਹੀਂ ਲੈ ਪਾ ਰਿਹਾ। ਇਸੇ ਕਰਕੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਹਾਈ ਕੋਰਟ ਤੱਕ ਪਹੁੰਚ ਕਰਨੀ ਪਈ ਹੈ।