ਨੋਇਲ ਟਾਟਾ ਨੂੰ ਰਤਨ ਟਾਟਾ ਦਾ ਜਾਨਸ਼ੀਨ ਚੁਣਿਆ

ਮੁੰਬਈ: ਉਘੇ ਉਦਯੋਗਪਤੀ ਮਰਹੂਮ ਰਤਨ ਟਾਟਾ ਦੇ ਮਤਰੇਏ ਭਰਾ ਨੋਇਲ ਟਾਟਾ (67) ਟਾਟਾ ਟਰੱਸਟਸ ਦੇ ਅਗਲੇ ਚੇਅਰਮੈਨ ਹੋਣਗੇ। ਉਨ੍ਹਾਂ ਦੀ ਚੋਣ ਬੋਰਡ ਵੱਲੋਂ ਕੀਤੀ ਗਈ ਜੋ ਟਾਟਾ ਟਰੱਸਟਸ ਦੀਆਂ ਕੰਪਨੀਆਂ ਸਰ ਰਤਨ ਟਾਟਾ ਟਰੱਸਟ ਐਂਡ ਐਲਾਈਡ ਟਰੱਸਟਸ, ਸਰ ਦੋਰਾਬਜੀ ਟਾਟਾ ਟਰੱਸਟ ਐਂਡ ਐਲਾਈਡ ਟਰੱਸਟਸ ਦੀ ਅਗਵਾਈ ਕਰਨਗੇ, ਜਿਸ ਦੇ ਉਹ ਪਹਿਲਾਂ ਹੀ ਟਰੱਸਟੀ ਹਨ।

ਉਨ੍ਹਾਂ ਕੋਲ ਟਾਟਾ ਸੰਨਜ਼ ਦੀ 66 ਫ਼ੀਸਦੀ ਹਿੱਸੇਦਾਰੀ ਹੈ। ਨੋਏਲ ਨੂੰ ਟਾਟਾ ਟਰੱਸਟਸ ‘ਚ ਰਤਨ ਟਾਟਾ ਦੀ ਥਾਂ ਲੈਣ ਲਈ ਸਭ ਤੋਂ ਅੱਗੇ ਦੇਖਿਆ ਜਾ ਰਿਹਾ ਸੀ। ਉਂਝ ਰਤਨ ਟਾਟਾ ਦੇ ਲੰਬੇ ਸਮੇਂ ਦੇ ਭਰੋਸੇਯੋਗ ਮੇਹਲੀ ਮਿਸਤਰੀ ਦੇ ਨਾਮ ਨੂੰ ਲੈ ਕੇ ਕਿਆਸਾਂ ਸਨ। ਕੁਝ ਰਿਪੋਰਟਾਂ ਮੁਤਾਬਕ ਮੇਹਲੀ, ਜੋ ਪਹਿਲਾਂ ਤੋਂ ਹੀ ਟਾਟਾ ਟਰੱਸਟਸ ਦੇ ਟਰੱਸਟੀ ਹਨ, ਨੂੰ ਪੱਕੇ ਤੌਰ ‘ਤੇ ਟਰੱਸਟੀ ਬਣਾਏ ਜਾਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਨੋਇਲ ਦੀ ਪਤਨੀ ਅਲੂ ਮਿਸਤਰੀ ਹੈ, ਜੋ ਮਰਹੂਮ ਸਾਇਰਸ ਮਿਸਤਰੀ ਦੀ ਭੈਣ ਹੈ। ਅਲੂ ਮਿਸਤਰੀ ਸ਼ਾਪੂਰਜੀ ਪਾਲੋਨਜੀ ਪਰਿਵਾਰ ਦਾ ਹਿੱਸਾ ਹਨ, ਜੋ 18.4 ਫ਼ੀਸਦੀ ਤੋਂ ਵਧ ਹਿੱਸੇਦਾਰੀ ਨਾਲ ਟਾਟਾ ਸੰਨਜ਼ ਦਾ ਸਭ ਤੋਂ ਵੱਡਾ ਨਿੱਜੀ ਸ਼ੇਅਰਧਾਰਕ ਹੈ। ਸਾਇਰਸ ਮਿਸਤਰੀ ਨੂੰ ਟਾਟਾ ਸੰਨਜ਼ ਦੇ ਚੇਅਰਮੈਨ ਅਹੁਦੇ ਤੋਂ ਹਟਾਏ ਜਾਣ ਮਗਰੋਂ ਸ਼ਾਪੂਰਜੀ ਪਾਲੋਨਜੀ ਗਰੁੱਪ ਅਤੇ ਟਾਟਾ ਵਿਚਕਾਰ ਸਬੰਧ ਠੀਕ ਨਹੀਂ ਰਹੇ। ਟਾਟਾ ਸੰਨਜ਼ ਗਰੁੱਪ ਸਾਰੇ ਕਮਰਸ਼ੀਅਲ ਉੱਦਮਾਂ ਦਾ ਕੰਮ ਦੇਖਦਾ ਹੈ ਅਤੇ ਪਿਛਲੇ ਵਰ੍ਹੇ ਸਮੂਹਿਕ ਤੌਰ ‘ਤੇ ਇਸ ਦਾ ਮਾਲੀਆ 165 ਅਰਬ ਅਮਰੀਕੀ ਡਾਲਰ ਰਿਹਾ ਸੀ। ਦੱਸ ਦਈਏ ਕਿ ਬਜ਼ੁਰਗ ਸਨਅਤਕਾਰ ਤੇ ਟਾਟਾ ਸਮੂਹ ਦੇ ਸਾਬਕਾ ਚੇਅਰਮੈਨ ਰਤਨ ਟਾਟਾ(86) ਦਾ ਮੁੰਬਈ ਦੇ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖ਼ਲ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸ ਆਗੂ ਰਾਹੁਲ ਗਾਂਧੀ ਤੇ ਸਨਅਤਕਾਰ ਗੌਤਮ ਅਡਾਨੀ ਸਣੇ ਹੋਰਨਾਂ ਨੇ ਟਾਟਾ ਦੇ ਦੇਹਾਂਤ ‘ਤੇ ਦੁੱਖ ਜਤਾਇਆ।
ਉਹ ਦੋ ਦਹਾਕਿਆਂ ਤੋਂ ਵੱਧ ਅਰਸੇ ਤੱਕ ਟਾਟਾ ਸੰਨਜ਼ ਦੇ ਚੇਅਰਮੈਨ ਰਹੇ। ਉਨ੍ਹਾਂ ਦਾ ਜਨਮ 1937 ਵਿਚ ਹੋਇਆ ਅਤੇ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਭਾਰਤ ਨੇ ਬਹੁਤ ਵੱਡੀਆਂ ਤਬਦੀਲੀਆਂ ਹੁੰਦੀਆਂ ਦੇਖੀਆਂ ਹਨ। 1991 ਵਿਚ ਉਨ੍ਹਾਂ ਆਪਣੇ ਜੇਆਰਡੀ ਟਾਟਾ ਤੋਂ ਟਾਟਾ ਸਮੂਹ ਦੀ ਵਾਗਡੋਰ ਸੰਭਾਲੀ ਸੀ ਜਿਸ ਦਾ ਦੁਨੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਸਮੂਹਾਂ ਵਿਚ ਸ਼ੁਮਾਰ ਹੁੰਦਾ ਹੈ।