ਭਾਰਤ-ਕੈਨੇਡਾ ਸਫਾਰਤੀ ਤਣਾਅ ਸਿਖਰਾਂ `ਤੇ

ਨਵੀਂ ਦਿੱਲੀ: ਭਾਰਤ ਤੇ ਕੈਨੇਡਾ ਦੇ ਰਿਸ਼ਤੇ ਦਿਨੋ-ਦਿਨ ਵਿਗੜ ਰਹੇ ਹਨ। ਸਿਖਰਾਂ ਦੇ ਸਫ਼ਾਰਤੀ ਤਣਾਅ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗੰਭੀਰ ਦੋਸ਼ ਲਾਏ ਹਨ ਕਿ ਕੈਨੇਡੀਅਨ ਨਾਗਰਿਕਾਂ ਉਤੇ ਉਨ੍ਹਾਂ ਦੇ ਆਪਣੇ ਹੀ ਮੁਲਕ ਵਿਚ ਹਮਲੇ ਕਰਨ ਲਈ ਭਾਰਤ ਵੱਲੋਂ ਆਪਣੇ ਡਿਪਲੋਮੈਟਾਂ ਅਤੇ ਜਥੇਬੰਦ ਜੁਰਮਾਂ ਨੂੰ ਅੰਜਾਮ ਦੇਣ ਵਾਲਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਕੈਨੇਡਾ ਦੇ ਨਾਗਰਿਕ ਆਪਣੀ ਹੀ ਧਰਤੀ ਉਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਇਸ ਨੂੰ ਨਵੀਂ ਦਿੱਲੀ ਦੀ ‘ਭਾਰੀ ਗ਼ਲਤੀ` ਕਰਾਰ ਦਿੱਤਾ ਹੈ।

ਟਰੂਡੋ ਨੇ ਇਹ ਟਿੱਪਣੀਆਂ ਭਾਰਤ ਵੱਲੋਂ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਅਤੇ ਨਾਲ ਹੀ ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨਰ ਅਤੇ ‘ਨਿਸ਼ਾਨਾ ਬਣਾਏ ਗਏ` ਹੋਰ ਡਿਪਲੋਮੈਟਾਂ ਨੂੰ ਵਾਪਸ ਸੱਦਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕੀਤੀਆਂ ਹਨ। ਇਸ ਦੇ ਨਾਲ ਹੀ ਭਾਰਤ ਨੇ ਕੈਨੇਡਾ ਵਿਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਦੀ ਜਾਂਚ ਨਾਲ ਭਾਰਤੀ ਸਫ਼ੀਰਾਂ ਦਾ ਨਾਂ ਜੋੜਦਿਆਂ ਓਟਵਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕੈਨੇਡਾ ਨੇ ਵੀ ਛੇ ਭਾਰਤੀ ਡਿਪਲੋਮੈਟਾਂ ਨੂੰ ਮੁਲਕ ਵਿਚੋਂ ਬਰਤਰਫ਼ ਕਰ ਦਿੱਤਾ ਸੀ।
ਗ਼ੌਰਲਤਬ ਹੈ ਕਿ ਭਾਰਤ ਲਗਾਤਾਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਕੈਨੇਡਾ ਦੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕਰਦਾ ਆ ਰਿਹਾ ਹੈ।
ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਬੀਤੇ ਦਿਨੀਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਸੀ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿਚ ‘ਵੱਡੇ ਪੱਧਰ `ਤੇ ਹਿੰਸਾ` ਫੈਲਾਉਣ ਵਿਚ ਸ਼ਾਮਲ ਹਨ, ਜਿਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤੇ ਬਦ ਤੋਂ ਬਦਤਰ ਹੋ ਗਏ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਇਲਾਜ਼ਾਮ ਲਾਏ ਹਨ ਕਿ ਭਾਰਤ ਸਰਕਾਰ ਦੇ ‘ਏਜੰਟਾਂ` ਦੇ ਕੈਨੇਡਾ ਵਿਚ ਦੱਖਣੀ ਏਸ਼ਿਆਈ ਭਾਈਚਾਰੇ ਖ਼ਾਸਕਰ ‘ਖ਼ਾਲਿਸਤਾਨ ਪੱਖੀ ਅਨਸਰਾਂ` ਉਤੇ ਹਮਲੇ ਕਰਨ ਵਾਲੇ ਬਿਸ਼ਨੋਈ ਗੈਂਗ ਨਾਲ ਸਬੰਧ ਹਨ।