ਵਲਟੋਹਾ ਖਿਲਾਫ ਕਾਰਵਾਈ ਨਾਲ ਅਕਾਲੀ ਸਫਾਂ ਵਿਚ ਹਲਚਲ

ਅਗਲੀ ਵਾਰੀ ਸੁਖਬੀਰ ਸਿੰਘ ਬਾਦਲ ਦੀ?
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਲਏ ਸਖਤ ਫੈਸਲੇ ਨੇ ਪਾਰਟੀ ਸਫਾਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਅਕਾਲ ਤਖਤ ਨੇ ਸਖਤ ਫੈਸਲਾ ਕਰਦਿਆਂ ਵਲਟੋਹਾ ਨੂੰ 10 ਸਾਲ ਲਈ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਅਤੇ ਹੋਰ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਨ ਦੇ ਹੁਕਮ ਦਿੱਤੇ।

ਇਹ ਹੁਕਮ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਜਾਰੀ ਕੀਤੇ ਗਏ ਜਿਨ੍ਹਾਂ ਵਿਚ ਆਖਿਆ ਗਿਆ ਕਿ ਵਿਰਸਾ ਸਿੰਘ ਵਲਟੋਹਾ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ 10 ਸਾਲ ਲਈ ਪਾਰਟੀ ਵਿਚ ਸ਼ਾਮਲ ਹੋਣ ਤੋਂ ਰੋਕ ਲਾਈ ਜਾਵੇ। ਇਨ੍ਹਾਂ ਹੁਕਮਾਂ ਦੇ ਕੁਝ ਹੀ ਘੰਟਿਆਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਖੁਦ ਹੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਉਤੇ ਗੰਭੀਰ ਦੋਸ਼ ਵੀ ਲਾਏ। ਵਲਟੋਹਾ ਨੇ ਬਗਾਵਤੀ ਸੁਰ ਜਾਰੀ ਰੱਖਦਿਆਂ ਇਥੋਂ ਤੱਕ ਆਖ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਅਜਿਹੇ ਹੁਕਮ ਜਾਰੀ ਕਰਵਾ ਕੇ ਅਕਾਲੀ ਸਫਾਂ ‘ਚ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਫ਼ੈਸਲੇ ਨਾਲ ਪਾਰਟੀ ਵਿਰੋਧੀ ਸ਼ਕਤੀਆਂ ਜ਼ਰੂਰ ਖੁਸ਼ ਹੋਣਗੀਆਂ। ਦੱਸ ਦਈਏ ਕਿ ਵਲਟੋਹਾ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਮਾਮਲਿਆਂ ਵਿਚ ਸਖ਼ਤ ਫੈਸਲਾ ਕਰਨ ਲਈ ਭਾਜਪਾ ਅਤੇ ਆਰ.ਐਸ.ਐਸ. ਵੱਲੋਂ ਜਥੇਦਾਰਾਂ ਉਤੇ ਦਬਾਅ ਪਾਉਣ ਦੇ ਦੋਸ਼ ਲਾਏ ਗਏ ਸਨ। ਇਸ ਤੋਂ ਬਾਅਦ ਅਕਾਲ ਤਖਤ ਵੱਲੋਂ ਵਲਟੋਹਾ ਤੋਂ ਸਬੂਤ ਮੰਗੇ ਗਏ। ਜਥੇਦਾਰ ਦਾ ਦਾਅਵਾ ਹੈ ਕਿ ਵਲਟੋਹਾ ਦੋਸ਼ਾਂ ਬਾਰੇ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੇ। ਇਸ ਤੋਂ ਇਲਾਵਾ ਅਕਾਲੀ ਆਗੂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਦੇ ਘਰ ਜਾ ਕੇ ਸੁਖਬੀਰ ਸਿੰਘ ਬਾਦਲ ਦੇ ਚਲਦੇ ਮਾਮਲੇ ‘ਤੇ ਰਾਜਨੀਤਕ ਫੈਸਲਾ ਨਾ ਲੈਣ ਸਬੰਧੀ ਧਮਕੀ ਦੇਣ ਦਾ ਵੀ ਦੋਸ਼ ਹੈ। ਜਥੇਦਾਰ ਨਾਲ ਹੋਈ ਗੱਲਬਾਤ ਦੀ ਬਿਨਾਂ ਦੱਸੇ ਰਿਕਾਰਡਿੰਗ ਵੀ ਕੀਤੀ ਗਈ। ਵਲਟੋਹਾ ਜਥੇਦਾਰ ਸਾਹਿਬਾਨ ਦੀਆਂ ਵਿਦੇਸ਼ਾਂ ਵਿਚ ਜਾਇਦਾਦਾਂ ਸਬੰਧੀ ਦਿੱਤੇ ਗਏ ਬਿਆਨ ਬਾਰੇ ਵੀ ਕੋਈ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੇ।
ਉਧਰ, ਵਲਟੋਹਾ ਖਿਲਾਫ ਸਖਤ ਕਾਰਵਾਈ ਪਿੱਛੋਂ ਇਹ ਚਰਚਾ ਤੇਜ਼ ਹੋ ਗਈ ਹੈ ਕਿ ਆਉਂਦੇ ਦਿਨਾਂ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਕੁਝ ਹੋਰ ਆਗੂਆਂ ਖਿਲਾਫ ਵੀ ਸਖਤ ਹੁਕਮ ਆ ਸਕਦੇ ਹਨ। ਸੂਤਰ ਦੱਸਦੇ ਹਨ ਕਿ ਅਕਾਲ ਤਖਤ ਵੱਲੋਂ ਸੁਖਬੀਰ ਬਾਦਲ ਖਿਲਾਫ ਸਖਤ ਫੈਸਲਾ ਲੈਣ ਦੀ ਤਿਆਰੀ ਕਰ ਲਈ ਗਈ ਹੈ ਅਤੇ ਪਿਛਲੇ ਦਿਨਾਂ ਵਿਚ ਸੁਖਬੀਰ ਦੇ ਨੇੜਲਿਆਂ ਦੀ ਜਥੇਦਾਰ ਤੱਕ ਪਹੁੰਚ ਕਰਨਾ ਵੀ ਇਹੀ ਸੰਕੇਤ ਦੇ ਰਿਹਾ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸਣੇ ਵੱਡੀ ਗਿਣਤੀ ਸਿੱਖ ਜਥੇਬੰਦੀਆਂ ਵੱਲੋਂ ਵੀ ਸੁਖਬੀਰ ਬਾਰੇ ਜਲਦ ਫੈਸਲਾ ਲੈਣ ਲਈ ਅਪੀਲ ਕੀਤੀ ਜਾ ਰਹੀ ਹੈ।
ਅਕਾਲੀ ਦਲ ਸੁਧਾਰ ਲਹਿਰ ਨਾਲ ਸਬੰਧਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਮੈਂਬਰਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਦੇ ਕੇ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਪੱਤਰ ਰਾਹੀਂ ਉਨ੍ਹਾਂ ਦੋਸ਼ ਲਾਇਆ ਕਿ ਅਕਾਲ ਤਖ਼ਤ ਵੱਲੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਪਰ ਉਹ ਇਸ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਪ੍ਰਧਾਨ ਅਤੇ ਹੋਰਨਾਂ ਨਾਲ ਸਿੱਧੇ ਤੌਰ ‘ਤੇ ਮੀਟਿੰਗਾਂ ਕਰਕੇ ਤਖ਼ਤ ਦੇ ਸਿਧਾਂਤਾਂ ਨੂੰ ਢਾਹ ਲਾ ਰਿਹਾ। ਇਹ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੂੰ ਚੁਣਨ ਲਈ ਕੀਤੀਆਂ ਜਾ ਰਹੀਆਂ ਹਨ।
ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਪੱਤਰ ਵਿਚ ਨੌਂ ਮੁੱਦੇ ਰੱਖੇ ਹਨ। ਇਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਕੋਈ ਠੋਸ ਕਾਰਵਾਈ ਨਾ ਕਰਨਾ, 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸੀਏ ਕੋਹਲੀ ਕੋਲੋਂ ਬਣਦੀ ਕਰੋੜਾਂ ਰੁਪਇਆਂ ਦੀ ਰਕਮ ਹੁਣ ਤੱਕ ਨਾ ਵਸੂਲਣਾ, ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿਚ ਦਿੱਤੇ ਇਸ਼ਤਿਆਰਾਂ ਬਾਰੇ, ਹਰਿਮੰਦਰ ਸਾਹਿਬ ਵਿਚ ਹੁੰਦੇ ਗੁਰਬਾਣੀ ਦੇ ਪ੍ਰਸਾਰਨ ਲਈ ਹੁਣ ਤੱਕ ਆਪਣੇ ਚੈਨਲ ਚਲਾਉਣ ਵਿਚ ਅਸਫ਼ਲ ਰਹਿਣ, ਸ਼੍ਰੋਮਣੀ ਕਮੇਟੀ ਨੂੰ ਵੰਡ ਕੇ ਹਰਿਆਣਾ ਕਮੇਟੀ ਬਣਾਉਣ ਦੇ ਮਾਮਲੇ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੋਵੇਂ ਸਿੱਖ ਕੌਮ ਨੂੰ ਕੋਈ ਠੋਸ ਪ੍ਰੋਗਰਾਮ ਦੇਣ ਵਿਚ ਅਸਫ਼ਲ ਰਹੇ। ਇਸ ਤੋਂ ਇਲਾਵਾ ਕੁਝ ਹੋਰ ਵੀ ਦੋਸ਼ ਲਾਏ ਗਏ ਹਨ। ਚਰਚਾ ਹੈ ਕਿ ਜਥੇਦਾਰ ਇਨ੍ਹਾਂ ਸ਼ਿਕਾਇਤਾਂ ਉਤੇ ਕਾਰਵਾਈ ਕਰ ਸਕਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੋਇਆ ਹੈ। ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਵਿਚ ਰਹੇ ਸਿੱਖ ਮੰਤਰੀਆਂ ਨੂੰ ਵੀ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਸੁਖਬੀਰ ਉਤੇ ਦੋਸ਼ ਹਨ ਕਿ ਅਕਾਲੀ ਸਰਕਾਰ ਵਿਚ ਉੱਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਨੇ ਕਈ ਅਜਿਹੇ ਫੈਸਲੇ ਲਏ ਜਿਨ੍ਹਾਂ ਨਾਲ ਪੰਥ ਦੇ ਅਕਸ ਨੂੰ ਢਾਹ ਲੱਗੀ ਹੈ। ਅਕਾਲੀ ਦਲ ਦੀ ਹਾਲਤ ਕਮਜ਼ੋਰ ਹੋਈ ਹੈ ਅਤੇ ਸਿੱਖ ਹਿੱਤਾਂ ਨੂੰ ਨੁਕਸਾਨ ਪੁੱਜਿਆ ਹੈ।