ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ) ਦੀ ਮਿਡਵੈਸਟ ਇਕਾਈ ਦੇ ਨਵਨਿਯੁਕਤ ਜਨਰਲ ਸਕੱਤਰ ਸ਼ ਨਰਿੰਦਰ ਸਿੰਘ ਮੁੰਦਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮਿਆਣੀ ਦੇ ਵਸਨੀਕ ਹਨ ਜਿਥੋਂ ਪਹਿਲਾਂ ਚੌਧਰੀ ਲੱਖੀ ਸਿੰਘ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ, ਤੇ ਫਿਰ ਉਨ੍ਹਾਂ ਦੇ ਫਰਜੰਦ ਚੌਧਰੀ ਬਲਬੀਰ ਸਿੰਘ ਮਿਆਣੀ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਮੈਂਬਰ ਰਹੇ।
ਸ਼ ਨਰਿੰਦਰ ਸਿੰਘ ਮੁੰਦਰ ਨੇ ਮੁਢਲੀ ਵਿਦਿਆ ਪਿੰਡ ਦੇ ਹੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਉਚੇਰੀ ਪੜ੍ਹਾਈ ਸੰਤ ਪ੍ਰੇਮ ਸਿੰਘ ਕਰਮਸਰ ਖ਼ਾਲਸਾ ਕਾਲਜ ਬੋਗੇਵਾਲ ਤੋਂ ਪ੍ਰਾਪਤ ਕੀਤੀ। ਸਕੂਲੀ ਦਿਨਾਂ ਤੋਂ ਹੀ ਖੇਡਾਂ ਵੱਲ ਝੁਕਾਅ ਰਿਹਾ ਹੈ। ਗਰਾਈਂ ਹੋਣ ਕਰ ਕੇ ਮੈਂ ਅਕਸਰ ਇਨ੍ਹਾਂ ਦੇ ਕਬੱਡੀ ਦੇ ਮੈਚ ਦੇਖਦਾ ਰਿਹਾ ਹਾਂ। ਉਦੋਂ ਆਪਣੇ ਭਾਰ ਵਰਗ ਵਿਚ ਸ਼ਾਇਦ ਹੀ ਕੋਈ ਧਾਵੀ ਇਨ੍ਹਾਂ ਕੋਲੋਂ ਨੰਬਰ ਲੈ ਕੇ ਗਿਆ ਹੋਵੇ! ਸ਼ ਮੁੰਦਰ ਹਾਕੀ ਦੇ ਬਹੁਤ ਵਧੀਆ ਖਿਡਾਰੀ ਅਤੇ ਕਾਲਜ ਦੀ ਹਾਕੀ ਟੀਮ ਦੀ ਕਪਤਾਨੀ ਕਰਦਿਆਂ ਅੰਤਰ ਯੂਨੀਵਰਸਟੀ ਮੈਚ ਵੀ ਖੇਡੇ। ਉਹ ਸਭਿਆਚਾਰਕ ਪ੍ਰੋਗਰਾਮਾਂ ਵਿਚ ਵੀ ਹਿੱਸਾ ਲੈਂਦੇ ਰਹੇ। ਉਨ੍ਹਾਂ ਦੀ ਦਿਲੀ ਖਾਹਿਸ਼ ਖੇਡਾਂ ਦੇ ਜ਼ੋਰ ਪੰਜਾਬ ਪੁਲਿਸ ਜਾਂ ਪੀæਏæਪੀæ ਵਿਚ ਕੋਈ ਅਹੁਦਾ ਹਾਸਲ ਕਰਨ ਦੀ ਸੀ ਪਰ ਗੁਣਾ ਪੈ ਗਿਆ ਬਾਹਰਲੇ ਦੇਸ਼ ਦਾ। ਅੰਗਰੇਜ਼ੀ ਦੀ ਐਮæਏæ ਵਿਚਾਲੇ ਛੱਡ ਕੇ ਉਹ 1979 ਵਿਚ ਜਰਮਨੀ ਚਲੇ ਗਏ ਅਤੇ ਉਥੋਂ 1982 ਵਿਚ ਅਮਰੀਕਾ ਪੁੱਜ ਗਏ ਅਤੇ ਆ ਕੈਲੀਫੋਰਨੀਆ ਡੇਰਾ ਲਾਇਆ। ਫਿਰ ਮਿਸ਼ੀਗਨ ਸਟੇਟ ਪਹੁੰਚ ਗਏ।
ਸ਼ ਮੰਦਰ ਕਾਰੋਬਾਰ ਤੋਂ ਇਲਾਵਾ ਧਾਰਮਿਕ, ਸਭਿਆਚਾਰਕ ਅਤੇ ਰਾਜਨੀਤਕ ਖੇਤਰਾਂ ਵਿਚ ਵੀ ਸਰਗਰਮ ਰਹੇ ਹਨ। ਖੇਡਾਂ ਲਈ ਮੋਹ ਇੰਨਾ ਕਿ ਕੋਈ ਵੀ ਕਲੱਬ ਹੋਵੇ, ਦਿਲ ਖੋਲ੍ਹ ਕੇ ਮਾਇਕ ਸਹਾਇਤਾ ਕਰਦੇ ਹਨ। ਕਬੱਡੀ ਲਈ ਤਾਂ ਰੈਫ਼ਰੀ ਦੀ ਸੇਵਾ ਵੀ ਨਿਭਾਉਂਦੇ ਹਨ। ਉਮੀਦ ਹੈ ਕਿ ਸਾਫ਼ ਸੁਥਰੇ ਅਕਸ ਵਾਲੀ ਪੀæਪੀæਪੀæ ਦਾ ਅਮਰੀਕਾ ਵਿਚ ਪ੍ਰਭਾਵ ਖੇਤਰ ਵਧਾਉਣ ਵਿਚ ਉਹ ਅਹਿਮ ਰੋਲ ਨਿਭਾਉਣਗੇ।
-ਮਨਜੀਤ ਮਿਆਣਵੀ
Leave a Reply