ਭਾਰਤ ਅਤੇ ਕੈਨੇਡਾ ਵਿਚਕਾਰਦੂਰੀਆਂ ਹੋਰ ਵਧ ਗਈਆਂ ਹਨ। ਕੈਨੇਡਾ ਨੇ ਭਾਰਤ ਦੇ ਛੇ ਡਿਪਲੋਮੈਟਾਂ ਨੂੰ ਕੈਨੇਡਾ ਛੱਡਣ ਦੇ ਹੁਕਮ ਦੇ ਦਿੱਤੇ ਜਿਸ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਕੂਟਨੀਤਕ ਰਿਸ਼ਤਿਆਂ `ਚ ਕੁੜੱਤਣ ਹੋਰ ਵਧ ਗਈ ਹੈ।ਤੁਰੰਤ ਜਵਾਬੀ ਕਾਰਵਾਈ ਕਰਦਿਆਂ ਭਾਰਤ ਵਿਚ ਵੀ ਕੈਨੇਡਾ ਦੇ ਡਿਪਲੋਮੈਟਾਂ ਨੂੰ ਵਾਪਸ ਜਾਣ ਲਈ ਕਹਿ ਦਿੱਤਾ ਹੈ।
ਜੂਨ 2023 ਵਿੱਚ ਕੈਨੇਡਾ ਵਿਚ ਕੱਟੜ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿੱਚ ਕੈਨੇਡਾ ਦੇ ਲਾਏ ਗਏ ਨਵੇਂ ਦੋਸ਼ਾਂ ਨੂੰ ਭਾਰਤ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਕੈਨੇਡਾ ਨੇ ਦੋਸ਼ ਲਾਇਆ ਹੈ ਕਿ ਸਿੱਖ ਆਗੂ ਦੀ ਹੱਤਿਆ `ਚ ਭਾਰਤੀ ਡਿਪਲੋਮੈਟਾਂ ਦੀ ਸ਼ਮੂਲੀਅਤ ਸੀ। ਭਾਰਤ ਵੱਲੋਂ ਅਤਿਵਾਦੀ ਐਲਾਨੇ ਗਏ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਨੂੰ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨਾਲ ਜੋੜਿਆ ਗਿਆ ਸੀ। ਭਾਰਤ ਨੇ ਸਾਫ ਕਿਹਾ ਹੈ ਕਿ ਇਸ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ `ਤੇ ਬਿਲਕੁਲ ਭਰੋਸਾ ਨਹੀਂ ਹੈ, ਟਰੂਡੋ ਵੋਟ ਬੈਂਕ ਦੀ ਸਿਆਸਤ ਖਾਤਰ ਭਾਰਤ ਖ਼ਿਲਾਫ਼ ਭੜਕਾਹਟ ਪੈਦਾ ਕਰ ਰਹੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਸਾਫ ਦੋਸ਼ ਲਾਏ ਕਿ ਕੈਨੇਡੀਅਨ ਨਾਗਰਿਕਾਂ ਉਤੇ ਉਨ੍ਹਾਂ ਦੇ ਆਪਣੇ ਮੁਲਕ ਵਿਚ ਹਮਲੇ ਕਰਨ ਲਈ ਭਾਰਤ ਆਪਣੇ ਡਿਪਲੋਮੈਟਾਂ ਅਤੇ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਦੀ ਵਰਤੋਂ ਕਰ ਰਿਹਾ ਹੈ, ਇਉਂ ਕੈਨੇਡਾ ਦੇ ਨਾਗਰਿਕ ਆਪਣੀ ਹੀ ਧਰਤੀ ਉੱਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਇਸ ਨੂੰ ਭਾਰਤ ਦੀ ‘ਮਿਸਾਲੀ ਗ਼ਲਤੀ` ਕਰਾਰ ਦਿੱਤਾ ਹੈ।ਟਰੂਡੋ ਨੇ ਇਹ ਟਿੱਪਣੀਆਂ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੇ ਐਲਾਨ ਤੋਂ ਬਾਅਦ ਕੀਤੀਆਂ ਹਨ। ਜਸਟਿਨ ਟਰੂਡੋ ਨੇ ਪਿਛਲੇ ਸਾਲ ਸਤੰਬਰ ਵਿਚ ਨਿੱਝਰ ਕਤਲ ਕੇਸ ਵਿਚ ਭਾਰਤੀ ਏਜੰਟਾਂ ਦੀ ‘ਸੰਭਾਵੀ` ਸ਼ਮੂਲੀਅਤ ਦੇ ਦੋਸ਼ ਲਾਏ ਸਨ ਜਿਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਤਣਾਅ ਪੈਦਾ ਹੋਗਿਆ ਸੀ।ਹੁਣਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਪੱਤਰਕਾਰਾਂ ਨਾਲ ਵੱਖਰੀ ਮਿਲਣੀ ਦੌਰਾਨ ਕਿਹਾ ਕਿ ਕੈਨੇਡਾ ਸਰਕਾਰ ਭਾਰਤ ਨਾਲ ਕੂਟਨੀਤਕ ਟਕਰਾਅ ਨਹੀਂ ਚਾਹੁੰਦੀ ਪਰ ਬਾਹਰਲੇ ਦੇਸ਼ ਦੇ ਏਜੰਟਾਂ ਵਲੋਂ ਇਥੋਂ ਦੇ ਲੋਕਾਂ ਨੂੰ ਡਰਾਉਣਾ, ਧਮਕਾਉਣਾ, ਤੰਗ ਪ੍ਰੇਸ਼ਾਨ ਕਰਨਾ ਜਾਂ ਮਾਰਨ ਦੇ ਯਤਨ ਕਰਨ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਧਰ, ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਦੋਸ਼ ਲਾਏ ਹਨ ਕਿ ਭਾਰਤ ਸਰਕਾਰ ਦੇ ‘ਏਜੰਟਾਂ` ਦੇ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੋਹ ਨਾਲ ਸਬੰਧ ਹਨ ਜੋ ਕੈਨੇਡਾ ਵਿਚ ਦੱਖਣ ਏਸ਼ਿਆਈ ਭਾਈਚਾਰੇ ਖ਼ਾਸਕਰ ਖ਼ਾਲਿਸਤਾਨ ਪੱਖੀਆਂ ਉਤੇ ਹਮਲੇ ਕਰ ਰਹੇ ਹਨ। ਜਾਪਦਾ ਇਉਂ ਹੈ ਕਿ ਕੈਨੇਡਾ ਇਸ ਮਾਮਲੇ ਨੂੰ ਫਿਲਹਾਲ ਮੁਕਾਉਣ ਦੇ ਹੱਕ ਵਿਚ ਨਹੀਂ। ਇਸ ਨਾਲ ਆਉਣ ਵਾਲੇ ਸਮੇਂ ਵਿਚ ਦੋਹਾਂ ਮੁਲਕਾਂ ਦੇ ਸਬੰਧਾਂ ‘ਤੇ ਅਸਰ ਪਵੇਗਾ।
ਕੁਝ ਲੋਕ ਜਸਟਿਨ ਟਰੂਡੋ ਬਾਰੇ ਕਹਿ ਰਹੇ ਹਨ ਕਿ ਲਗਭਗ ਨੌਂ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਕੈਨੇਡਾ ਵਿੱਚ ਟਰੂਡੋ ਦਾ ਰੰਗ ਫਿੱਕਾ ਪੈ ਗਿਆ ਹੈ।ਅੰਦਰਲੀ ਕਨਸੋਅ ਇਹ ਵੀ ਹੈ ਕਿ ਸੱਤਾਧਾਰੀ ਲਿਬਰਲ ਪਾਰਟੀ ਵੀ ਉਨ੍ਹਾਂ ਉੱਤੇ ਅਹੁਦਾ ਛੱਡਣ ਦਾ ਦਬਾਅ ਬਣਾ ਰਹੀ ਹੈ। ਪਾਰਟੀ ਨੂੰ ਖਦਸ਼ਾ ਹੈ ਕਿ ਜੇ ਅਗਲੀਆਂ ਚੋਣਾਂ ਜਸਟਿਨ ਟਰੂਡੋ ਦੀ ਅਗਵਾਈ ਵਿਚ ਲੜੀਆਂ ਗਈਆਂ ਤਾਂ ਪਾਰਟੀ ਦੀ ਹਾਰ ਪੱਕੀ ਹੈ। ਹੁਣ ਤੱਕ ਸਾਹਮਣੇ ਆਏ ਚੋਣ ਸਰਵੇਖਣਾਂ ਵਿਚ ਵੀ ਇਹੀ ਗੱਲ ਉਭਰ ਕੇ ਸਾਹਮਣੇ ਆਈ ਹੈ। ਕੈਨੇਡਾ ਵਿਚ ਫੈਡਰਲ ਚੋਣਾਂ ਅਗਲੇ ਸਾਲ ਅਕਤੂਬਰ ਤੱਕ ਹੋਣੀਆਂ ਹਨ। ਕਿਹਾ ਜਾ ਰਿਹਾ ਹੈ ਕਿ ਟਰੂਡੋ ਵੱਲੋਂ ਕੱਟੜ ਸਿੱਖਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਂਝ, ਸਿਆਸੀ ਮਾਹਿਰਾਂ ਦੀ ਰਾਇ ਹੈ ਕਿ ਕੈਨੇਡਾ ਵਿਚ ਸਿੱਖਾਂ ਦੀ ਪੈਂਠ ਇਤਨੀ ਵੀ ਨਹੀਂ ਕਿ ਉਹ ਕਿਸੇ ਪਾਰਟੀ ਨੂੰ ਜਿਤਾ ਸਕਣ। ਹਾਂ, ਕੁਝ ਸੀਟਾਂ ਉਤੇ ਸਿੱਖਾਂ ਦਾ ਦਬਦਬਾ ਜ਼ਰੂਰ ਹੈ। ਸਰਵੇਖਣ ਦੱਸਦੇ ਹਨ ਕਿ ਅਗਲੀਆਂ ਚੋਣਾਂ ਵਿਚ ਟੋਰੀ ਪਾਰਟੀ ਦਾ ਹੱਥ ਉਪਰ ਹੋ ਸਕਦਾ ਹੈ ਅਤੇ ਇਹ ਵੀ ਸੱਚ ਹੈ ਕਿ ਟੋਰੀ ਪਾਰਟੀ ਇੰਮੀਗਰੇਸ਼ਨ ਦੇ ਮਾਮਲੇ ਵਿਚ ਬਹੁਤ ਸਖਤ ਰਵੱਈਏ ਵਾਲੀ ਹੈ।ਜ਼ਾਹਿਰ ਹੈ ਕਿ ਜੇ ਕੈਨਡਾ ਵਿਚ ਟੋਰੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਕੈਨੇਡਾ ਜਾਣ ਵਾਲਿਆਂ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਪੱਖ ਤੋਂ ਲਿਬਰਲ ਪਾਰਟੀ ਅਤੇ ਜਸਟਿਨ ਟਰੂਡੋ ਦੇ ਹੱਕ ਵਿਚ ਲਾਮਬੰਦੀ ਹੋਣ ਦੀਆਂ ਕਨਸੋਆਂ ਹਨ।
ਦੋਹਾਂ ਦੇਸ਼ਾਂ ਵਿਚਕਾਰ ਵਧ ਰਹੇ ਤਣਾਅ ਦਾ ਨਵੇਂ ਪਰਵਾਸੀਆਂ ਉਤੇ ਡਾਢਾ ਅਸਰ ਪੈਣ ਦੇ ਖਦਸ਼ੇ ਹਨ। ਪਿਛਲੇ ਦੋ ਸਾਲਾਂ ਦੌਰਾਨ ਹੋਇਆ ਵੀ ਇਹੀ ਹੈ। ਕੈਨੇਡਾ ਨੇ ਇੰਮੀਗਰੇਸ਼ਨ ਨੀਤੀ ਵਿਚ ਕਈ ਵਾਰ ਤਬਦੀਲੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾਂ ਕੈਨੇਡਾ ਨੂੰ ਆਪਣਾ ਅਮਲਾ ਫੈਲਾ ਘਟਾਉਣ ਲਈ ਕਹਿ ਦਿੱਤਾ ਸੀ ਜਿਸ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਕੁਝ ਸ਼ਹਿਰਾਂ ਵਿਚ ਆਪਣੇ ਕੌਂਸਲੇਟ ਬੰਦ ਕਰ ਦਿੱਤੇ ਸਨ ਅਤੇ 41 ਮੁਲਾਜ਼ਮਾਂ ਨੂੰ ਵਾਪਸ ਸੱਦ ਲਿਆ ਸੀ। ਭਾਰਤ ਤੋਂ ਕੈਨਡਾ ਜਾ ਰਹੇ ਲੋਕਾਂ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਸ਼ਾਮਿਲ ਹਨ, ਨੂੰ ਖਦਸ਼ਾ ਹੈ ਕਿ ਦੋਹਾਂ ਦੇਸ਼ਾਂ ਵਿਚ ਸਬੰਧ ਵਿਗੜਨ ਦਾ ਅਸਰ ਉਨ੍ਹਾਂ ਉਤੇ ਸਿੱਧਾ ਹੀ ਪੈ ਰਿਹਾ ਹੈ। ਵਿਦਿਆਰਥੀਆਂ ਦੇ ਮਾਪੇ ਵੱਖਰੇ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੇ ਬਹੁਤ ਔਖੇ ਹੋ ਕੇ ਆਪਣੇ ਬੱਚੇ ਕੈਨੇਡਾ ਭੇਜੇ ਪਰ ਹੁਣ ਉਥੇ ਵੀ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਨਹੀਂ ਹੈ। ਉਂਝ ਵੀ ਸੰਸਾਰ ਪੱਧਰ ‘ਤੇ ਮਹਿੰਗਾਈ ਅਤੇ ਬੇਰੁਜ਼ਗਾਰੀ ਵਧਣ ਕਾਰਨ ਕੈਨੇਡਾ ਉਤੇ ਵੀ ਇਸ ਦਾ ਅਸਰ ਪਿਆ ਹੈ ਤੇ ਇਸ ਦਾ ਅਗਾਂਹ ਅਸਰ ਪਰਵਾਸੀਆਂ ਉਤੇ ਪੈ ਰਿਹਾ ਹੈ। ਫਿਰ ਵੀ ਦੋਹਾਂ ਮੁਲਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਮਸਲੇ ਦਾ ਹੱਲ ਗੱਲਬਾਤ ਰਾਹੀਂ ਸੁਲਝਾਉਣ। ਇਸ ਮਾਮਲੇ ਦਾ ਆਮ ਲੋਕਾਂ ‘ਤੇ ਅਸਰ ਨਹੀਂ ਪੈਣਾ ਚਾਹੀਦਾ।