ਡਾ. ਲਖਵਿੰਦਰ ਸਿੰਘ ਜੌਹਲ
ਡਾਕਟਰ ਰਾਮ ਮਨੋਹਰ ਲੋਹੀਆ ਸੁਤੰਤਰਤਾ ਸੰਗਰਾਮ ਦੇ ਉਨ੍ਹਾਂ ਆਗੂਆਂ ਵਿਚੋਂ ਇੱਕ ਸਨ, ਜਿਨ੍ਹਾਂ ਨੇ ਆਪਣੀ ਵਿਚਾਰਧਾਰਾ ਦੀ ਸੁਤੰਤਰਤਾ ਨੂੰ ਕਾਇਮ ਰੱਖਦੇ ਹੋਏ ਵੀ, ਸਾਂਝੇ ਸੁਤੰਤਰਤਾ ਸੰਘਰਸ਼ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਅਤੇ ਆਜ਼ਾਦੀ ਤੋਂ ਬਾਅਦ ਵੀ ਇੱਕ ਚੰਗੇ ਸਮਾਜ ਦੀ ਸਿਰਜਣਾ ਦਾ ਸੁਪਨਾ ਸਾਕਾਰ ਕਰਨ ਲਈ, ਆਪਣੀ ਪ੍ਰਤੀਬੱਧਤਾ ਨੂੰ ਕਾਇਮ ਰੱਖਿਆ।
ਉਹ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਨਾਲ ਨਾਲ ਵਿਚਰਦੇ ਹੋਏ, ਉਨ੍ਹਾਂ ਨਾਲ ਲਗਾਤਾਰ ਸੰਵਾਦ ਵਿਚ ਰਹੇ। ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਵਿਅਕਤੀਗਤ ਬਦਲਾਓ ਦੇ ਨਾਲ ਨਾਲ ਸਮੂਹਿਕ ਤਬਦੀਲੀ ਤੱਕ ਵਿਸਥਾਰਨ ਦੀ ਵਕਾਲਤ ਕਰਨ ਵਾਲੇ ਡਾਕਟਰ ਲੋਹੀਆ, ਵਿਲੱਖਣ ਰਾਜਨੇਤਾ ਸਨ। ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਇੱਕ ਅਸਾਧਾਰਨ ਵਿਅਕਤੀ ਕਿਹਾ ਸੀ ਅਤੇ ਉਨ੍ਹਾਂ ਦੇ ‘ਹਿੰਦ ਸਵਰਾਜ’ ਸੰਕਲਪ ਦੀ ਹਮਾਇਤ ਵੀ ਕੀਤੀ ਸੀ।
ਦੇਸ਼ ਦੀ ਵਰਤਮਾਨ ਰਾਜਨੀਤਕ ਸਥਿਤੀ ਨੂੰ, ਕੇਂਦਰ ਅਤੇ ਵੱਖ-ਵੱਖ ਰਾਜ ਸਰਕਾਰਾਂ ਦੀ ਪਿਛਲੇ ਕੁਝ ਸਾਲਾਂ ਦੀ ਕਾਰਗੁਜ਼ਾਰੀ ਦੇ ਸੰਦਰਭ ਵਿਚ ਵੇਖੀਏ, ਤਾਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਇਹ ਦੇਸ਼ ਜਨ ਸਾਧਾਰਨ ਦੀਆਂ ਜੀਵਨ-ਲੋੜਾਂ ਦੀ ਪੂਰਤੀ ਉਤੇ ਕੇਂਦਰਿਤ ਹੋਣ ਦੀ ਬਜਾਏ, ਕੁਝ ਭਾਵਨਾਤਮਕ ਮੁੱਦਿਆਂ ਦੁਆਲੇ ਲਗਾਤਾਰ ਘੁੰਮ ਰਿਹਾ ਹੈ। ਪਿਛਲੇ ਸਾਲਾਂ ਵਿਚ, ਦੇਸ਼ ਦੀ ਰਾਜਨੀਤੀ ਦੇ ਨਵੀਨੀਕਰਨ ਦੀਆਂ ਸੁਰਾਂ ਉੱਭਰਦੀਆਂ ਜ਼ਰੂਰ ਰਹੀਆਂ ਹਨ, ਪਰ ਇਹ ਸਾਰੀਆਂ ਸੁਰਾਂ, ਵਿਆਪਕ ਜਨਤਕ ਉਭਾਰ ਅਤੇ ਜਨ ਅੰਦੋਲਨਾਂ ਦੇ ਬਾਵਜੂਦ ਆਪਣੀਆਂ ਸਰਗਰਮੀਆਂ ਨੂੰ, ਸਿਵਲ ਸੁਸਾਇਟੀ ਦੀ ਅਗਵਾਈ ਵਾਲੀ, ਬਦਲਵੀਂ ਰਾਜਨੀਤੀ ਦੇ ਸੰਕਲਪ ਨੂੰ, ਪਾਰਦਰਸ਼ੀ ਰਾਜਨੀਤੀ ਦੇ ਉਸ ਮੁਕਾਮ ਤੱਕ ਨਹੀਂ ਪਹੁੰਚਾ ਸਕੀਆਂ, ਜਿਸਦੀ ਲੋੜ ਇਹ ਦੇਸ਼ ਮਹਿਸੂਸ ਕਰ ਰਿਹਾ ਹੈ।
ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ, ਦੇਸ਼ ਵਿਚ ਵਾਪਰੇ ਵੱਡੇ ਵਰਤਾਰਿਆਂ ਵਿਚ, ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਾਲਾ ਸੰਪੂਰਨ ਕ੍ਰਾਂਤੀ ਅੰਦੋਲਨ, ਅੰਨਾ ਹਜ਼ਾਰੇ ਅੰਦੋਲਨ, ਅਤੇ ਕਿਸਾਨ ਅੰਦੋਲਨ ਪ੍ਰਮੁੱਖ ਹਨ। ਇਨ੍ਹਾਂ ਸਾਰੇ ਅੰਦੋਲਨਾਂ ਦੇ ਬੀਜ, ਸਾਂਝੇ ਸੁਤੰਤਰਤਾ ਸੰਗਰਾਮ ਦੇ ਸੰਕਲਪ ਵਿਚ ਅਤੇ ਅੰਗਰੇਜ਼ਾਂ ਵਿਰੁੱਧ ਲੜ ਰਹੀਆਂ, ਵੱਖ ਵੱਖ ਵਿਚਾਰਧਾਰਾਵਾਂ ਦੀ ਜ਼ਮੀਨ ਵਿਚ ਹਨ। ਸਾਂਝੇ ਸੁਤੰਤਰਤਾ ਸੰਗਰਾਮ ਵਿਚ ਵੀ, ਆਜ਼ਾਦ ਭਾਰਤ ਦੀ ਸੰਭਾਵੀ ਵਿਵਸਥਾ ਸੰਬੰਧੀ ਸੁਪਨੇ ਵੱਖ ਵੱਖ ਸਨ। ਇਨ੍ਹਾਂ ਸੁਪਨਿਆਂ ਨੂੰ ਅਤੀਤ ਦੇ ਸ਼ੀਸ਼ੇ ਵਿਚੀਂ ਨਿਹਾਰੀਏ ਤਾਂ ਇਕ ਨਜ਼ਰ ਡਾ. ਰਾਮ ਮਨੋਹਰ ਲੋਹੀਆ ਦੀ ਵਿਚਾਰਧਾਰਾ ਉੱਤੇ ਵੀ ਟਿਕਦੀ ਹੈ।
ਡਾ. ਰਾਮ ਮਨੋਹਰ ਲੋਹੀਆ ਭਾਰਤ ਦੇ ਰਾਜਨੀਤਕ ਇਤਿਹਾਸ ਵਿਚ ਅਜਿਹਾ ਨਾਂਅ ਹੈ, ਜਿਸ ਨੇ ਆਜ਼ਾਦੀ ਦੇ ਸੰਘਰਸ਼ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਆਜ਼ਾਦ ਭਾਰਤ ਦੇ ਪੁਨਰ ਨਿਰਮਾਣ ਸੰਬੰਧੀ ਆਪਣੇ ਮੌਲਿਕ ਵਿਚਾਰਾਂ ਨੂੰ, ਨਾ ਸਿਰਫ਼ ਖੁੱਲ੍ਹ ਕੇ ਪ੍ਰਗਟ ਕੀਤਾ, ਸਗੋਂ ਇਨ੍ਹਾਂ ਨੂੰ ਲਾਗੂ ਕਰਕੇ, ਆਪਣੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ ਕਰਨ ਲਈ ਰਾਜਨੀਤਕ ਲੜਾਈ ਵੀ ਲੜੀ। ਡਾ. ਲੋਹੀਆ ਨੇ ਖੱਬੇਪੱਖੀ ਅਤੇ ਸਮਾਜਵਾਦੀ ਵਿਚਾਰਧਾਰਾ ਨੂੰ ਭਾਰਤੀ ਲੋੜਾਂ ਅਨੁਸਾਰ ਸਮਝਣ ਅਤੇ ਵਿਚਾਰਨ ਦੇ ਲਗਾਤਾਰ ਯਤਨ ਕੀਤੇ, ਅਤੇ ਇਕ ਵਿਚਾਰਵਾਨ ਵਜੋਂ ਆਪਣੀ ਵੱਖਰੀ ਸ਼ਖ਼ਸੀਅਤ ਦਾ ਲੋਹਾ ਮੰਨਵਾਇਆ।
ਉਸ ਨੂੰ ਦ੍ਰਿੜ੍ਹ ਵਿਚਾਰਾਂ ਅਤੇ ਆਪਣੇ ਵਿਚਾਰਾਂ ਉੱਤੇ ਪੂਰਨ ਪਹਿਰਾ ਦੇ ਕੇ ਸਦਾ ਕਾਰਜਸ਼ੀਲ ਰਹਿਣ ਵਾਲੇ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ।
ਗੋਆ ਦੀ ਆਜ਼ਾਦੀ ਅਤੇ ਨੇਪਾਲ ਵਿਚ ਜਮਹੂਰੀਅਤ ਲਈ ਸੰਘਰਸ਼ ਦੀਆਂ ਲੜਾਈਆਂ ਵੀ ਡਾਕਟਰ ਲੋਹੀਆ ਨੇ ਇਕ ਵੱਖਰੇ ਹੀ ਅੰਦਾਜ਼ ਵਿਚ ਲੜੀਆਂ ਸਨ। ਡਾਕਟਰ ਲੋਹੀਆ ਦੀ ਰਾਜਨੀਤੀ ਨੂੰ ਭਾਰਤੀ ਰਾਜਨੀਤੀ ਦੀ ਵਿਆਕਰਣ ਬਦਲਣ ਵਾਲੀ ਰਾਜਨੀਤੀ ਕਿਹਾ ਜਾਂਦਾ ਹੈ। ਉਸ ਨੇ ਉੱਤਰੀ ਭਾਰਤ ਵਿਚ ਆਪਣੀ ਅਜਿਹੀ ਛਾਪ ਛੱਡੀ ਕਿ ਉਸ ਦਾ ਵਿਅਕਤੀਤਵ ਪਛੜੀਆਂ ਜਾਤੀਆਂ ਦੀ ਆਵਾਜ਼ ਵਜੋਂ ਸਥਾਪਤ ਹੋਇਆ। ਰਾਜਨੀਤੀ ਦੇ ਵੱਡੇ ਨਾਵਾਂ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਕਰਨਾਟਕ ਦੇ ਸਿਧਾਰਮੱਈਆ, ਸਮਾਜ ਸੇਵਿਕਾ ਮੇਧਾ ਪਾਟੇਕਰ, ਮੁਲਾਇਮ ਸਿੰਘ ਯਾਦਵ ਅਤੇ ਲਾਲੂ ਪ੍ਰਸਾਦ ਯਾਦਵ ਸਮੇਤ ਅਨੇਕਾਂ ਵਿਅਕਤੀ ਗਿਣੇ ਜਾ ਸਕਦੇ ਹਨ, ਜਿਹੜੇ ਡਾਕਟਰ ਲੋਹੀਆ ਨੂੰ ਆਪਣਾ ਰਾਜਨੀਤਕ ਅਤੇ ਬੌਧਿਕ ਪ੍ਰੇਰਨਾ ਸਰੋਤ ਮੰਨਦੇ ਰਹੇ ਹਨ। ਇਥੋਂ ਤੱਕ ਕਿ ਜਦੋਂ ਕਾਂਗਰਸ ਮੁਕਤ ਭਾਰਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਦਾ ਆਧਾਰ ਵੀ ਡਾਕਟਰ ਲੋਹੀਆ ਦਾ ਗ਼ੈਰ-ਕਾਂਗਰਸਵਾਦੀ ਸਿਧਾਂਤ ਹੀ ਹੈ, ਜਿਸ ਦਾ ਸੰਕਲਪ ਡਾ. ਲੋਹੀਆ ਨੇ ਆਜ਼ਾਦੀ ਤੋਂ ਇਕਦਮ ਬਾਅਦ ਹੀ ਕਰ ਲਿਆ ਸੀ।
23 ਮਾਰਚ 1910 ਨੂੰ ਤਮਸਾ ਨਦੀ ਦੇ ਕਿਨਾਰੇ ਵਸੇ ਉੱਤਰ ਪ੍ਰਦੇਸ਼ ਦੇ ਛੋਟੇ ਜਿਹੇ ਪਿੰਡ ਅਕਬਰਪੁਰ, ਜ਼ਿਲ੍ਹਾ ਫ਼ੈਜ਼ਾਬਾਦ ਵਿਚ ਜਨਮੇ ਡਾ. ਰਾਮ ਮਨੋਹਰ ਲੋਹੀਆ ‘ਭਾਰਤ ਛੱਡੋ’ ਅੰਦੋਲਨ ਦੇ ਮੋਹਰੀ ਆਗੂਆਂ ਵਿਚੋਂ ਸਨ। ਇਕ ਸਾਹਸੀ ਅਤੇ ਰਾਸ਼ਟਰਵਾਦੀ ਆਗੂ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਡਾ. ਲੋਹੀਆ, ਬੰਬਈ ਕੋਲਕਾਤਾ ਅਤੇ ਹੋਰ ਕਈ ਥਾਵਾਂ ਤੋਂ ਚਲਾਏ ਜਾਂਦੇ ‘ਕਾਂਗਰਸ ਰੇਡੀਓ’ ਰਾਹੀਂ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਉੱਘੇ ਬੁਲਾਰੇ ਸਨ। ਉਹ ਅਜੇ 24 ਸਾਲ ਦੇ ਹੀ ਸਨ, ਜਦੋਂ 1934 ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਖੱਬੇਪੱਖੀ ਵਿੰਗ ‘ਕਾਂਗਰਸ ਸੋਸ਼ਲਿਸਟ ਪਾਰਟੀ’ ਵਿਚ ਸ਼ਾਮਿਲ ਹੋ ਗਏ ਸਨ। ਪੰਡਤ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਭਾਰਤੀ ਰਾਜਨੀਤੀ ਦਾ ਉਭਰਦਾ ਸਿਤਾਰਾ ਦੱਸਦਿਆਂ ਕਾਂਗਰਸ ਦੇ ਵਿਦੇਸ਼ੀ ਵਿੰਗ ਦਾ ਜਨਰਲ ਸਕੱਤਰ ਨਿਯੁਕਤਾ ਕੀਤਾ ਸੀ।
ਪਹਿਲਾਂ ਮਹਾਤਮਾ ਗਾਂਧੀ ਦੇ ਪਰਚੇ ‘ਹਰੀਜਨ’ ਵਿਚ ‘ਹੁਣ ਸਤਿਆਗ੍ਰਹਿ’ ਸਿਰਲੇਖ ਵਾਲਾ ਲੇਖ ਲਿਖਣ ਕਰਕੇ ਅਤੇ ਫੇਰ ਦੂਸਰੇ ਮਹਾਂਯੁੱਧ ਵਿਰੁਧ ਪ੍ਰਚਾਰ ਕਰਨ ਕਰਕੇ, ਡਾਕਟਰ ਲੋਹੀਆ ਨੂੰ ਜੇਲ੍ਹ ਜਾਣਾ ਪਿਆ ਸੀ। ਇਹ ਸਮਾਂ 1938 ਤੋਂ 1942 ਤੱਕ ਦਾ ਸੀ ‘ਭਾਰਤ ਛੱਡੋ’ ਅੰਦੋਲਨ ਵਿਚ ਹਿੱਸਾ ਲੈਣ ਦੇ ਦੋਸ਼ ਵਿਚ ਉਨ੍ਹਾਂ ਨੂੰ 1944 ਵਿਚ ਫੇਰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪਹਿਲਾਂ ਲਾਹੌਰ ਤੇ ਫੇਰ ਆਗਰਾ ਜੇਲ੍ਹ ਵਿਚ ਡੱਕ ਦਿੱਤਾ ਗਿਆ। ਸੰਨ 1946 ਵਿਚ, ਜਦੋਂ ਉਹ ਜੇਲ੍ਹ ਵਿਚੋਂ ਬਾਹਰ ਆਏ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਕਾਂਗਰਸ ਦਾ ਜਨਰਲ ਸਕੱਤਰ ਬਣਾਉਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਡਾਕਟਰ ਲੋਹੀਆ ਨੇ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਉਹ ਕਾਂਗਰਸ ਦੇ ਦੇਸ਼ ਦੀ ਵੰਡ ਪ੍ਰਤੀ ਵਤੀਰੇ ਨਾਲ ਸਹਿਮਤ ਨਹੀਂ ਹਨ। ਇਨ੍ਹਾਂ ਦਿਨਾਂ ਵਿਚ ਹੀ ਡਾਕਟਰ ਲੋਹੀਆ ਨੇ ਗੋਆ ਦੀ ਆਜ਼ਾਦੀ ਲਈ ਸਤਿਆਗ੍ਰਹਿ ਸ਼ੁਰੂ ਕਰ ਦਿੱਤਾ। ਅਗਲੇ ਹੀ ਸਾਲ 1947 ਦੇ ਫਰਵਰੀ ਮਹੀਨੇ ਵਿਚ ਕਾਨ੍ਹਪੁਰ ਸਮਾਗਮ ਵਿਚ ਉਹ ‘ਕਾਂਗਰਸ ਸੋਸ਼ਲਿਸਟ ਪਾਰਟੀ’ ਦੇ ਪ੍ਰਧਾਨ ਚੁਣੇ ਗਏ।
ਕਾਂਗਰਸ ਦੇ ਮੁੱਖ ਆਗੂਆਂ ਨਾਲ ਉਨ੍ਹਾਂ ਦੇ ਵਖਰੇਵੇਂ ਉਦੋਂ ਹੋਰ ਵੀ ਵਧਣੇ ਸ਼ੁਰੂ ਹੋ ਗਏ, ਜਦੋਂ ਜੂਨ 1947 ਵਿਚ ਦੇਸ਼ ਦੀ ਵੰਡ ਬਾਰੇ ਆਖਰੀ ਫ਼ੈਸਲਾ ਕਰਨ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ। ਵਰਕਿੰਗ ਕਮੇਟੀ ਦੀ ਇਸ ਮੀਟਿੰਗ ਵਿਚ ਡਾਕਟਰ ਲੋਹੀਆ ਅਤੇ ਜੈ ਪ੍ਰਕਾਸ਼ ਨਰਾਇਣ ਵਿਸ਼ੇਸ਼ ਸੱਦੇ ਉੱਤੇ ਸ਼ਾਮਿਲ ਹੋਏ ਸਨ। ਡਾ. ਲੋਹੀਆ ਨੇ ਵੰਡ ਦੇ ਮਤੇ ਵਿਰੁੱਧ ਆਪਣਾ ਇਤਰਾਜ਼ ਦਰਜ ਕਰਾਇਆ। ਮਤਾ ਭਾਵੇਂ ਬਹੁਸੰਮਤੀ ਨਾਲ ਪਾਸ ਹੋ ਗਿਆ, ਪਰ ਡਾ. ਲੋਹੀਆ ਪੰਡਤ ਨਹਿਰੂ ਦੀਆਂ ਨੀਤੀਆਂ ਵਿਰੁਧ ਸਪੱਸ਼ਟ ਰੂਪ ਵਿਚ ਖੜ੍ਹੇ ਹੋ ਗਏ। ਦੇਸ਼ ਦੀ ਵੰਡ ਉਪਰੰਤ 29 ਜਨਵਰੀ 1948 ਨੂੰ ਮਹਾਤਮਾ ਗਾਂਧੀ ਦੇ ਮੰਦਭਾਗੇ ਕਤਲ ਤੋਂ ਇਕ ਦਿਨ ਪਹਿਲਾਂ, ਡਾਕਟਰ ਲੋਹੀਆ ਆਪਣੇ ਕੁਝ ਸਾਥੀਆਂ ਸਮੇਤ ਮਹਾਤਮਾ ਗਾਂਧੀ ਨੂੰ ਮਿਲੇ ਸਨ ਅਤੇ ਆਪਣੀ ਮਾਂ-ਪਾਰਟੀ ‘ਇੰਡੀਅਨ ਨੈਸ਼ਨਲ ਕਾਂਗਰਸ’ ਨੂੰ ਅਲਵਿਦਾ ਕਹਿ ਆਏ ਸਨ।
ਮਈ 1949 ਵਿਚ ਜਦੋਂ ਡਾਕਟਰ ਲੋਹੀਆ ‘ਨੇਪਾਲ ਦਿਵਸ’ ਮਨਾ ਰਹੇ ਸਨ ਤਾਂ ਜਿਸ ਭਾਰਤ ਨੂੰ ਆਜ਼ਾਦ ਕਰਾਉਣ ਲਈ ਉਨ੍ਹਾਂ ਨੇ ਲੜਾਈ ਲੜੀ ਸੀ, ਉਸੇ ਭਾਰਤ ਦੀ ਸਰਕਾਰ ਨੇ ਹੀ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
‘ਹਿੰਦੂ ਬਨਾਮ ਹਿੰਦੂ’ ਅਤੇ ‘ਭਾਰਤ ਦੀ ਵੰਡ ਦੇ ਜ਼ਿੰਮੇਵਾਰ ਵਿਅਕਤੀ’ ਵਰਗੀਆਂ ਕਿਤਾਬਾਂ ਲਿਖ ਕੇ, ਅਤੇ ਸੋਸ਼ਲਿਸਟ ਪਾਰਟੀ ਦੀ ਸਥਾਪਨਾ ਕਰਕੇ, ਡਾਕਟਰ ਲੋਹੀਆ ਨੇ ਦੇਸ਼ ਵਿਚ ਗ਼ੈਰ-ਕਾਂਗਰਸਵਾਦ ਦੇ ਸੰਕਲਪ ਨੂੰ ਉਜਾਗਰ ਕਰ ਦਿੱਤਾ ਸੀ। ਪਰ ਇਸ ਸੰਕਲਪ ਨੂੰ ਉਸ ਵੇਲੇ ਕੋਈ ਬਹੁਤਾ ਹੁੰਗਾਰਾ ਨਾ ਮਿਲਿਆ। ਸੋਸ਼ਲਿਸਟ ਪਾਰਟੀ 1952 ਦੀਆਂ ਲੋਕ ਸਭਾ ਚੋਣਾਂ ਹਾਰ ਗਈ। ਫੇਰ ਡਾਕਟਰ ਲੋਹੀਆ ਨੇ ਇਸ ਪਾਰਟੀ ਨੂੰ ਅਚਾਰੀਆ ਕ੍ਰਿਪਲਾਨੀ ਦੀ ਪਾਰਟੀ ‘ਕਰਿਸ਼ਕ ਮਜ਼ਦੂਰ ਪਰਜਾ ਪਾਰਟੀ’ ਵਿਚ ਸਮਿਲਤ ਕਰਕੇ ਦਸੰਬਰ 1953 ਵਿਚ ਇਲਾਹਾਬਾਦ ਵਿਚ ਇਕ ਸਮਾਗਮ ਰਚਾ ਕੇ, ਇਕ ਨਵੀਂ ਪਾਰਟੀ ‘ਪਰਜਾ ਸੋਸ਼ਲਿਸਟ ਪਾਰਟੀ’ ਦੀ ਸਥਾਪਨਾ ਕੀਤੀ, ਜਿਸ ਦੇ ਜਨਰਲ ਸਕੱਤਰ ਉਹ ਆਪ ਬਣੇ।
ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਇਕ ਦਿਨ ਦੇ ਖਰਚੇ ਉੱਤੇ ਟਿਪਣੀ ਕਰਦਿਆਂ, ਉਨ੍ਹਾਂ ਨੇ ਜਦੋਂ ‘ਇਕ ਦਿਨ ਬਨਾਮ 25000 ਰੁਪਏ’ ਦਾ ਪ੍ਰਚਾਰ ਕੀਤਾ ਅਤੇ ਦੇਸ਼ ਦੇ ਲੋਕਾਂ ਦੀ ਹਾਲਤ ਦਾ ਜ਼ਿਕਰ ਕਰਦਿਆਂ, ਜਨਤਾ ਨੂੰ ਜਾਗਰੂਕ ਹੋਣ ਲਈ ਕਿਹਾ, ਤਾਂ ਉਹ ਕਾਂਗਰਸ ਦੀਆਂ ਅੱਖਾਂ ਵਿਚ ਬਹੁਤ ਗਹਿਰੀ ਤਰ੍ਹਾਂ ਰੜਕਣ ਲੱਗ ਪਏ। ‘ਜਿੰਦਾ ਕੌਮਾਂ ਸਰਕਾਰ ਬਦਲਣ ਲਈ ਪੰਜ ਸਾਲਾਂ ਦੀ ਉਡੀਕ ਨਹੀਂ ਕਰਦੀਆਂ’ ਕਹਿ ਕੇ ਡਾਕਟਰ ਲੋਹੀਆ ਨੇ ਪੰਡਿਤ ਨਹਿਰੂ ਵਿਰੁੱਧ ਖੁੱਲ੍ਹੀ ਬਗ਼ਾਵਤ ਦਾ ਝੰਡਾ ਚੁੱਕ ਲਿਆ। ਜੋ 12 ਅਕਤੂਬਰ, 1967 ਤੱਕ, ਪੂਰੀ ਜ਼ਿੰਦਗੀ ਉਠਾਈ ਰੱਖਿਆ। ਉਨ੍ਹਾਂ ਵਲੋਂ ਜ਼ਿੰਦਗੀ ਨੂੰ ਅਲਵਿਦਾ ਕਹਿਣ ਉਪਰੰਤ ਇਹ ਸੰਕਲਪ ਕਾਂਗਰਸ ਦੇ ਵਿਰੋਧ ਵਿਚ ਬਦਲ ਗਿਆ ਅਤੇ ਇਸ ਨੂੰ ਅੱਗੇ ਤੋਰਨ ਦਾ ਕਾਰਜ ਪਹਿਲਾਂ ਜੈ ਪ੍ਰਕਾਸ਼ ਨਰਾਇਣ , ਫੇਰ ਮੁਲਾਇਮ ਸਿੰਘ ਯਾਦਵ ਅਤੇ ਲਾਲੂ ਪ੍ਰਸਾਦ ਦੇ ਹਿੱਸੇ ਆਇਆ। ਭਾਰਤੀ ਜਨਤਾ ਪਾਰਟੀ ਦੇ ਸੱਤਾ ਵਿਚ ਆਉਣ ਨਾਲ ਇਹ ਸੰਕਲਪ, ਇਕ ਹੋਰ ਰੰਗ ਵਿਚ ਰੰਗਿਆ ਹੋਇਆ ਦਿਸਿਆ। ਪਰ ਕੀ ਵਰਤਮਾਨ ਰਾਜਨੀਤੀ ਇਸ ਨੂੰ ਇਸ ਦੇ ਅਸਲੀ ਰੂਪ ਵਲ ਮੋੜਨ ਵਿਚ ਸਹਾਈ ਹੋ ਸਕਦੀ ਹੈ? ਇਹ ਸਵਾਲ ਬਹੁਤ ਗਹਿਰਾ ਹੈ, ਜਿਸ ਦੇ ਅਨੇਕਾਂ ਵਿਸਥਾਰ ਹੋ ਸਕਦੇ ਹਨ। ਸਮੇਂ ਸਮੇਂ ਚੋਣਾਂ ਵਿਚ ਬਣ ਰਹੇ ਗਠਜੋੜਾਂ ਅਤੇ ਖ਼ਾਸ ਕਰਕੇ ਗ਼ੈਰ-ਕਾਂਗਰਸੀ ਅਤੇ ਧਾਰਮਿਕ ਕੱਟੜਤਾ ਦੇ ਵਿਰੋਧ ਦੀ ਰਾਜਨੀਤੀ ਦਾ ਆਧਾਰ ਵੀ ਡਾ: ਰਾਮ ਮਨੋਹਰ ਲੋਹੀਆ ਦੇ ਰਾਜਨੀਤਕ ਸੰਕਲਪ ਨੂੰ ਮੰਨਿਆ ਜਾ ਸਕਦਾ ਹੈ। ਵਰਤਮਾਨ ਰਾਜਨੀਤੀ ਦੇ ਸੰਦਰਭ ਵਿਚ ਮਹਾਤਮਾ ਗਾਂਧੀ, ਪੰਡਿਤ ਨਹਿਰੂ, ਡਾਕਟਰ ਭੀਮ ਰਾਓ ਅੰਬੇਡਕਰ ਅਤੇ ਡਾ. ਰਾਮ ਮਨੋਹਰ ਲੋਹੀਆ ਦੇ ਵਿਚਾਰਾਂ ਅਤੇ ਵਿਰਾਸਤ ਨੂੰ ਗਹਿਰਾਈ ਨਾਲ ਸਮਝਣ ਦੀ ਲੋੜ ਪ੍ਰਤੀਤ ਹੁੰਦੀ ਹੈ।
-ਡਾ. ਲਖਵਿੰਦਰ ਸਿੰਘ ਜੌਹਲ
ਫੋਨ: 98171-94812