ਇਜ਼ਰਾਈਲ ਵੱਲੋਂ ਦੱਖਣੀ ਲਿਬਨਾਨ `ਚ ਜ਼ਮੀਨੀ ਹਮਲੇ ਸ਼ੁਰੂ

ਯੇਰੂਸ਼ਲਮ: ਇਜ਼ਰਾਇਲੀ ਫੌਜ ਨੇ ਦੱਖਣੀ ਲਿਬਨਾਨ ਵਿਚ ਹਿਜ਼ਬੁੱਲ੍ਹਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਆਪਣੀ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ ‘ਜ਼ਮੀਨੀ ਹਮਲੇ` ਸ਼ੁਰੂ ਕਰ ਦਿੱਤੇ ਹਨ। ਇਜ਼ਰਾਈਲ ਨੇ ਇਸ ਨੂੰ ‘ਸੀਮਤ ਤੇ ਸਥਾਨਕ` ਅਪਰੇਸ਼ਨ ਕਰਾਰ ਦਿੱਤਾ ਹੈ। ਇਜ਼ਰਾਇਲੀ ਫੌਜ ਨੇ ਦੋ ਦਰਜਨ ਲਿਬਨਾਨੀ ਭਾਈਚਾਰਿਆਂ ਨੂੰ ਅਵਾਲੀ ਨਦੀ ਦਾ ਉੱਤਰੀ ਇਲਾਕਾ ਖਾਲੀ ਕਰਨ ਲਈ ਆਖ ਦਿੱਤਾ ਹੈ। ਇਜ਼ਰਾਈਲ ਨੇ ਕਿਹਾ ਕਿ ਜਿਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਹ ਉੱਤਰੀ ਇਜ਼ਰਾਈਲ ਵਿਚ ਇਜ਼ਰਾਇਲੀ ਭਾਈਚਾਰਿਆਂ ਲਈ ਫੌਰੀ ਵੱਡਾ ਖ਼ਤਰਾ ਸਨ।

ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਿਜ਼ਬੁੱਲ੍ਹਾ ਤੇ ਹਮਾਸ ਦੀ ਹਮਾਇਤ ਕਰਨ ਵਾਲੇ ਇਰਾਨ ਨੂੰ ਲੰਘੇ ਦਿਨੀਂ ਚਿਤਾਵਨੀ ਦਿੱਤੀ ਸੀ ਕਿ ‘ਮੱਧ ਪੂਰਬ ਵਿਚ ਕੋਈ ਵੀ ਥਾਂ ਇਜ਼ਰਾਈਲ ਦੀ ਪਹੁੰਚ ਤੋਂ ਬਾਹਰ ਨਹੀਂ ਹੈ।“ ਨੇਤਨਯਾਹੂ ਨੇ ਇਹ ਦਾਅਵਾ ਅਜਿਹੇ ਮੌਕੇ ਕੀਤਾ ਸੀ ਜਦੋਂ ਪਿਛਲੇ ਦਿਨੀਂ ਦੱਖਣੀ ਬੈਰੂਤ `ਤੇ ਕੀਤੇ ਹਵਾਈ ਹਮਲੇ ਵਿਚ ਹਿਜ਼ਬੁੱਲ੍ਹਾ ਮੁਖੀ ਹਸਨ ਨਸਰੱਲ੍ਹਾ ਮਾਰਿਆ ਗਿਆ ਸੀ। ਹਿਜ਼ਬੁੱਲ੍ਹਾ ਦੇ ਕਾਰਜਕਾਰੀ ਆਗੂ ਨਈਮ ਕਾਸਿਮ ਨੇ ਹਾਲਾਂਕਿ ਲੜਾਈ ਜਾਰੀ ਰੱਖਣ ਦਾ ਵਾਅਦਾ ਕੀਤਾ ਸੀ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਦੇ ਸੁਰੱਖਿਆ ਬਲਾਂ ਨੇ ਅੱਧੀ ਰਾਤ ਨੂੰ ਸਰਹੱਦ ਪਾਰ ਕਰਕੇ ਹਿਜ਼ਬੁੱਲ੍ਹਾ ਦੇ ਟਿਕਾਣਿਆਂ ‘ਤੇ ਧਾਵਾ ਬੋਲਿਆ। ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਜਾਰੀ ਵੀਡੀਓ ਬਿਆਨ ਵਿਚ ਕਿਹਾ ਕਿ ਸਲਾਮਤੀ ਦਸਤੇ ਹਿਜ਼ਬੁੱਲ੍ਹਾ ਖਿਲਾਫ਼ ਕਾਰਵਾਈ ਕਰ ਰਹੇ ਹਨ ਤਾਂ ਕਿ ਉੱਤਰ ਵਿਚ ਇਜ਼ਰਾਇਲੀ ਨਾਗਰਿਕ ਆਪਣੇ ਘਰਾਂ ‘ਚ ਸੁਰੱਖਿਅਤ ਵਾਪਸੀ ਕਰ ਸਕਣ। ਹਗਾਰੀ ਨੇ ਕਿਹਾ ਕਿ ਯੂਐੱਨ ਸੁਰੱਖਿਆ ਕੌਂਸਲ ਦੇ ਜਿਸ ਮਤੇ ਨਾਲ 2006 ਵਿਚ ਪਿਛਲੀ ਇਜ਼ਰਾਈਲ-ਹਿਜ਼ਬੁੱਲ੍ਹਾ ਜੰਗ ਰੁਕੀ ਸੀ, ਉਹ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ।
ਕੈਨੇਡੀਅਨ ਨਾਗਰਿਕਾਂ ਨੂੰ ਲਿਬਨਾਨ ਛੱਡਣ ਦੀ ਅਪੀਲ
ਪੈਰਿਸ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰਤ ਲਿਬਨਾਨ ਛੱਡ ਦੇਣ। ਲਿਬਨਾਨ ‘ਚ ਜੰਗ ਦੇ ਹਾਲਾਤ ਬਣਨ ਮਗਰੋਂ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਕੈਨੇਡੀਅਨਾਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਵਤਨ ਲਿਆਂਦਾ ਜਾ ਚੁੱਕਿਆ ਹੈ। ਟਰੂਡੋ ਨੇ ਕਿਹਾ ਕਿ ਹਿਜ਼ਬੁੱਲਾ ਅਤੇ ਇਜ਼ਰਾਈਲ ਨੂੰ ਤੁਰਤ ਗੋਲੀਬੰਦੀ ਕਰਨੀ ਚਾਹੀਦੀ ਹੈ ਤਾਂ ਜੋ ਹਾਲਾਤ ਨੂੰ ਸਥਿਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮਤਿਆਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਇਰਾਨ ਨੇ ਇਜ਼ਰਾਈਲ ‘ਤੇ ਦਾਗ਼ੀਆਂ ਮਿਜ਼ਾਈਲਾਂ
ਯੇਰੂਸ਼ਲਮ: ਇਜ਼ਰਾਈਲ ਦੇ ਦੱਖਣੀ ਲਿਬਨਾਨ ਵਿਚ ਕੀਤੇ ਜ਼ਮੀਨੀ ਹਮਲਿਆਂ ਦਾ ਮੋੜਵਾਂ ਜਵਾਬ ਦਿੰਦਿਆਂ ਇਰਾਨ ਨੇ ਕਈ ਇਜ਼ਰਾਇਲੀ ਖੇਤਰਾਂ ਵਿਚ ਮਿਜ਼ਾਈਲਾਂ ਦਾਗ਼ੀਆਂ ਹਨ। ਇਸ ਤੋਂ ਪਹਿਲਾਂ ਇਰਾਨ ਦੇ ਸੰਭਾਵੀ ਹਮਲਿਆਂ ਦੇ ਮੱਦੇਨਜ਼ਰ ਇਜ਼ਰਾਈਲ ਫੌਜ ਨੇ ਸਰਹੱਦ ਨੇੜੇ ਲਿਬਨਾਨ ਦੇ ਲਗਭਗ 24 ਭਾਈਚਾਰਿਆਂ ਨੂੰ ਉੱਥੋਂ ਚਲੇ ਜਾਣ ਦਾ ਆਦੇਸ਼ ਦਿੱਤਾ ਸੀ। ਇਜ਼ਰਾਇਲੀ ਫੌਜ ਨੇ ਕਿਹਾ ਕਿ ਇਰਾਨ ਨੇ ਦੇਸ਼ ‘ਤੇ ਕਈ ਮਿਜ਼ਾਈਲਾਂ ਦਾਗ਼ੀਆਂ ਹਨ। ਪੂਰੇ ਦੇਸ਼ ਵਿਚ ਸਾਇਰਨ ਵੱਜਦਿਆਂ ਹੀ ਦੇਸ਼ ਵਾਸੀਆਂ ਨੂੰ ਸ਼ੈਲਟਰਾਂ ਵਿਚ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।