ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਕੈਲਾਸ਼ ਕੌਰ ਦਾ ਦੇਹਾਂਤ

ਮੁਹਾਲੀ: ਉੱਘੇ ਨਾਟਕਕਾਰ ਤੇ ਨਾਟ ਨਿਰਦੇਸ਼ਕ ਭਾਅ ਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਪਤਨੀ ਕੈਲਾਸ਼ ਕੌਰ (91) ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਨੋਇਡਾ ਵਿਚ ਕੀਤਾ ਗਿਆ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਮੁਹਾਲੀ ਦੇ ਸੈਕਟਰ 105 ਵਿਚ ਸਥਿਤ ਐਮਾਰ ਹੈਬੀਟੈਟ ਕਲੱਬ ਵਿਚ 13 ਅਕਤੂਬਰ ਨੂੰ ਸਵੇਰੇ 11:30 ਵਜੇ ਤੋਂ ਬਾਅਦ ਦੁਪਹਿਰ 1:30 ਵਜੇ ਤੱਕ ਹੋਵੇਗਾ।

ਬੀਬੀ ਕੈਲਾਸ਼ ਕੌਰ ਨੇ ਭਾਅ ਜੀ ਗੁਰਸ਼ਰਨ ਸਿੰਘ ਨਾਲ ਕਈ ਨਾਟਕਾਂ ਵਿਚ ਮੁੱਖ ਕਿਰਦਾਰ ਨਿਭਾਇਆ। ਮੌਜੂਦਾ ਸਮੇਂ ਉਹ ਆਪਣੀ ਧੀ ਡਾ. ਨਵਸ਼ਰਨ ਨਾਲ ਰਹਿੰਦੇ ਸਨ ਅਤੇ ਉੱਥੇ ਹੀ ਉਨ੍ਹਾਂ ਆਖ਼ਰੀ ਸਾਹ ਲਏ। ਉਨ੍ਹਾਂ ਦੀ ਦੂਜੀ ਧੀ ਡਾ. ਅਰੀਤ ਪੰਜਾਬ ਸਿਹਤ ਵਿਭਾਗ ‘ਚੋਂ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹਨ। ਕੈਲਾਸ਼ ਕੌਰ ਦਾ ਜਨਮ 1933 ਨੂੰ ਗੁੱਜਰਾਂਵਾਲਾ (ਪਾਕਿਸਤਾਨ) ਵਿਚ ਹੋਇਆ ਸੀ। 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸਭ ਕੁਝ ਗੁਆ ਕੇ ਦਿੱਲੀ ਆ ਗਿਆ। ਦਿੱਲੀ ਤੋਂ ਹੀ ਉਨ੍ਹਾਂ ਨੇ ਗ੍ਰੈਜੂਏਸ਼ਨ ਅਤੇ ਐੱਲ.ਐੱਲ.ਬੀ. ਕੀਤੀ। 1959 ਵਿਚ ਕੈਲਾਸ਼ ਕੌਰ ਦਾ ਵਿਆਹ ਗੁਰਸ਼ਰਨ ਸਿੰਘ ਹੋਰਾਂ ਨਾਲ ਹੋਇਆ ਅਤੇ ਵਿਆਹ ਤੋਂ ਬਾਅਦ ਉਹ ਨੰਗਲ ਆ ਗਏ। ਗੁਰਸ਼ਰਨ ਸਿੰਘ ਭਾਖੜਾ ਨੰਗਲ ਡੈਮ ਦੀ ਉਸਾਰੀ ਸਮੇਂ ਸਹਾਇਕ ਖੋਜ ਅਫ਼ਸਰ ਦੇ ਅਹੁਦੇ ‘ਤੇ ਤਾਇਨਾਤ ਰਹੇ। ਇਸ ਮਗਰੋਂ ਭਾਅ ਜੀ ਅੰਮ੍ਰਿਤਸਰ ਆ ਗਏ ਜਿੱਥੇ ਉਨ੍ਹਾਂ ਨੇ ਅੰਮ੍ਰਿਤਸਰ ਕਲਾ ਕੇਂਦਰ ਦਾ ਗਠਨ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਭਾਅ ਜੀ ਦੇ ਨਾਲ ਨਾਟਕਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਭਾਅ ਜੀ ਗੁਰਸ਼ਰਨ ਨਾਲ ਹਰ ਮੰਚ ‘ਤੇ ਨਾਟਕ ਖੇਡਿਆ ਅਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
ਦੇਸ਼ ਭਗਤ ਯਾਦਗਾਰ ਹਾਲ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸੋਗ ਸਭਾ ਕਰਵਾਈ ਗਈ। ਕਮੇਟੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਲੋਕ ਸਰੋਕਾਰਾਂ, ਲੋਕ ਪੀੜਾ ਅਤੇ ਲੋਕ ਮੁਕਤੀ ਨਾਲ ਜੁੜੇ ਰੰਗ ਮੰਚ ਲਈ ਪੂਰਾ ਜੀਵਨ ਸਮਾਜ ਲੇਖੇ ਲਾਉਣ ਵਾਲੀ ਅਦਬੀ ਸ਼ਖ਼ਸੀਅਤ ਨੂੰ ਕਮੇਟੀ ਦਾ ਵਡੇਰਾ ਪਰਿਵਾਰ ਅਦਬ ਨਾਲ ਸਿਜਦਾ ਕਰਦਾ ਹੈ।
ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸੂਬਾ ਪ੍ਰਧਾਨ ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਅਤੇ ਨਾਟਕਕਾਰ ਸਵਰਾਜਬੀਰ ਨੇ ਕਿਹਾ ਕਿ ਉਸ ਦੌਰ ਵਿਚ ਪੰਜਾਬੀ ਆਪਣੀਆਂ ਲੜਕੀਆਂ ਨੂੰ ਰੰਗਮੰਚ ‘ਤੇ ਭੇਜਣ ਲਈ ਤਿਆਰ ਨਹੀਂ ਸਨ ਪਰ ਕੈਲਾਸ਼ ਕੌਰ ਨੇ ਪੰਜਾਬੀ ਰੰਗਮੰਚ ਵਿਚ ਔਰਤਾਂ ਦੀ ਪ੍ਰਤੀਨਿਧਤਾ ਕੀਤੀ।