ਚੰਡੀਗੜ੍ਹ: ਪਾਰਟੀ ਫੰਡ ਦੇ ਗਬਨ ਸਮੇਤ ਹੋਰ ਦੋਸ਼ ਲੱਗਣ ਤੋਂ ਬਾਅਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਸੁਖਦੇਵ ਦਾ ਪਰਿਵਾਰ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਤੋਂ ਖਫ਼ਾ ਹੈ ਤੇ ਦੋਵੇਂ ਪਰਿਵਾਰਾਂ ਨੂੰ ਉਨ੍ਹਾਂ ਦੀ ਪਹਿਲਾਂ ਕੀਤੀ ਮਦਦ ‘ਤੇ ਪਛਤਾਵਾ ਹੈ। ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੇ ਸਿੰਘ ਸੰਧੂ ਤੇ ਸ਼ਹੀਦ ਸੁਖਦੇਵ ਦੇ ਭਤੀਜੇ ਭਾਰਤ ਭੂਸ਼ਣ ਥਾਪਰ ਨੂੰ ਜ਼ਿਆਦਾ ਦੁੱਖ ਹੈ ਕਿ ਉਨ੍ਹਾਂ ਨੂੰ ਪਾਰਟੀ ਵਿਚ ਰਲਾ ਕੇ ਪੂਰੀ ਤਰ੍ਹਾਂ ਵਰਤਿਆ ਗਿਆ ਹੈ।
ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋæ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਅਭੇ ਸਿੰਘ ਦਾ ਪੀæਪੀæਪੀ ਵਿਚ ਸ਼ਾਮਲ ਹੋਣ ਦਾ ਫੈਸਲਾ ਨਿੱਜੀ ਸੀ ਤੇ ਇਸ ਨੂੰ ਪਰਿਵਾਰ ਦੀ ਸਹਿਮਤੀ ਵਜੋਂ ਨਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਤੋਂ ਤਾਂ ਪਹਿਲੇ ਦਿਨ ਤੋਂ ਹੀ ਕੋਈ ਆਸ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਤੇ ਕਾਂਗਰਸੀ ਵੀ ਸ਼ਹੀਦਾਂ ਦਾ ਨਾਂ ਵਰਤਣ ਵਿਚ ਪਿੱਛੇ ਨਹੀਂ ਹਨ। ਸ਼ਹੀਦ ਸੁਖਦੇਵ ਦੇ ਭਤੀਜੇ ਭਾਰਤ ਭੂਸ਼ਣ ਥਾਪਰ ਦਾ ਕਹਿਣਾ ਹੈ ਕਿ ਮਨਪ੍ਰੀਤ ਨੇ ਉਸ ਨੂੰ ਘਰੋਂ ਬੁਲਾ ਕੇ ਪਾਰਟੀ ਦੀ ਕੌਂਸਲ ਤੇ ਕੋਰ ਕਮੇਟੀ ਵਿਚ ਸ਼ਾਮਲ ਕਰ ਲਿਆ ਸੀ ਪਰ ਬਾਅਦ ਵਿਚ ਕੋਈ ਪੁੱਛ ਨਹੀਂ ਹੋਈ। ਮਨਪ੍ਰੀਤ ਬਾਦਲ ਨੂੰ ਉਨ੍ਹਾਂ ‘ਤੇ ਲੱਗੇ ਦੋਸ਼ਾਂ ਦੇ ਜਵਾਬ ਬਿਨਾਂ ਕਿਸੇ ਦੇਰੀ ਤੋਂ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ 16 ਦਸੰਬਰ ਦੇ ਜਨਰਲ ਇਜਲਾਸ ਵਿਚ ਜਾਣਗੇ ਤੇ ਪੀਪਲਜ਼ ਪਾਰਟੀ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀ ਸੋਚ ‘ਤੇ ਸਹੀ ਤਰ੍ਹਾਂ ਚੱਲਣ ਵਾਲੇ ਨੇਤਾ ਨੂੰ ਪਾਰਟੀ ਦੀ ਵਾਗਡੋਰ ਫੜਾਈ ਜਾਣੀ ਚਾਹੀਦੀ ਹੈ। ਅਭੈ ਸਿੰਘ ਸੰਧੂ ਜੋ ਪਾਰਟੀ ਦੇ ਮੀਤ ਪ੍ਰਧਾਨ ਹਨ ਤੇ ਉਨ੍ਹਾਂ ਪਾਰਟੀ ਦੀ ਟਿਕਟ ‘ਤੇ ਹਲਕਾ ਨਵਾਂ ਸ਼ਹਿਰ ਤੋਂ ਚੋਣ ਲੜੀ ਸੀ, ਨੇ ਕਿਹਾ ਕਿ ਪਰਵਾਸੀ ਭਾਰਤੀਆਂ ਨੇ ਪਾਰਟੀ ਨੂੰ ਚੋਣ ਫੰਡ ਦਿੱਤਾ ਸੀ ਪਰ ਇਸ ਦਾ ਕੋਈ ਹਿਸਾਬ-ਕਿਤਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਵੀ ਵਧੇਰੇ ਦੁਖੀ ਹਨ ਕਿ ਮਨਪ੍ਰੀਤ ਨੇ ਉਨ੍ਹਾਂ ਨੂੰ ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਕੇ ਮੁੜ ਬਾਤ ਨਾ ਪੁੱਛੀ।
__________________________________________________
ਕਾਂਗਰਸ ਨਾਲੋਂ ਸਾਂਝੇ ਮੋਰਚੇ ਨੂੰ ਤਰਜੀਹ: ਮਨਪ੍ਰੀਤ
ਚੰਡੀਗੜ੍ਹ: ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਮਕਸਦ ਸੱਤਾਧਾਰੀ ਅਕਾਲੀ-ਭਾਜਪਾ ਖ਼ਿਲਾਫ਼ ਮਜ਼ਬੂਤ ਵਿਰੋਧੀ ਧਿਰ ਖੜ੍ਹੀ ਕਰਨਾ ਹੈ ਤੇ ਇਸ ਲਈ ਉਹ ਸਾਂਝੇ ਮੋਰਚੇ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੀ ਹਮਾਇਤ ਲੈਣ ਦੇ ਵਿਰੁੱਧ ਨਹੀਂ ਪਰ ਇਸ ਲਈ ਮੋਰਚੇ ਵਿਚ ਸ਼ਾਮਲ ਸਾਰੀਆਂ ਪਾਰਟੀਆਂ ਦੀ ਸਹਿਮਤੀ ਜ਼ਰੂਰੀ ਹੈ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਂਝੇ ਮੋਰਚੇ ਦੀ ਮੀਟਿੰਗ 20 ਨਵੰਬਰ ਨੂੰ ਰੱਖੀ ਗਈ ਹੈ ਤੇ ਇਸ ਵਿਚ ਕਾਂਗਰਸ ਸਮੇਤ ਦੂਜੀਆਂ ਪਾਰਟੀਆਂ ਨਾਲ ਰਲ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਨਾਲ ਚੋਣ ਗਠਜੋੜ ਨੂੰ ਲੈ ਕੇ ਅਜੇ ਤਾਈਂ ਕੋਈ ਮੀਟਿੰਗ ਨਹੀਂ ਹੋਈ। ਕਾਂਗਰਸ ਨਾਲ ਮੀਟਿੰਗਾਂ ਬਾਰੇ ਸਿਰਫ਼ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਵਿਚ ਅਜੇ 20 ਮਹੀਨਿਆਂ ਤੋਂ ਵੱਧ ਸਮਾਂ ਪਿਆ ਹੈ। ਉਦੋਂ ਤਕ ਪਤਾ ਨਹੀਂ ਹਾਲਾਤ ਨੇ ਕਿਸ ਤਰਫ਼ ਕਰਵਟ ਲੈਣੀ ਹੈ। ਇਸ ਕਰਕੇ ਉਹ ਸਿਰਫ਼ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੇ ਯਤਨਾਂ ਵਿਚ ਹਨ। ਦੂਜੇ ਪਾਸੇ ਸਾਂਝੇ ਮੋਰਚੇ ਦੀ ਭਾਈਵਾਲ ਪਾਰਟੀ ਸੀæਪੀæਆਈæ ਦੇ ਆਗੂ ਡਾæ ਜੁਗਿੰਦਰ ਦਿਆਲ ਦਾ ਕਹਿਣਾ ਹੈ ਕਿ ਉਹ ਕਾਂਗਰਸ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਸੰਘਰਸ਼ ਛੇੜਨ ਦੇ ਹੱਕ ਵਿਚ ਹਨ। ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਪ੍ਰਧਾਨ ਤੇ ਮੋਰਚੇ ਦੇ ਸਰਪ੍ਰਸਤ ਸੁਰਜੀਤ ਸਿੰਘ ਬਰਨਾਲਾ ਨੇ ਕਿਹਾ ਹੈ ਕਿ ਮਨਪ੍ਰੀਤ ਬਾਦਲ ਨੇ ਅਜੇ ਤਾਈਂ ਕਾਂਗਰਸ ਨਾਲ ਚੋਣ ਗਠਜੋੜ ਦੀ ਗੱਲ ਉਨ੍ਹਾਂ ਨਾਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਡੁੱਬ ਰਹੇ ਪੰਜਾਬ ਨੂੰ ਬਚਾਉਣ ਲਈ ਕਾਂਗਰਸ ਸਮੇਤ ਦੂਜੀਆਂ ਪਾਰਟੀਆਂ ਨਾਲ ਰਲ ਕੇ ਲੜਾਈ ਲੜਨ ਦੇ ਹੱਕ ਵਿਚ ਹਨ।
_______________________________________________________
ਪੀæਪੀæਪੀ ਦੇ ਬੁਲਾਰੇ ਨੇ ਲਾਏ ਵਿਦੇਸ਼ਾਂ ਤੋਂ ਆਏ ਫੰਡ ਹੜੱਪਣ ਦੇ ਦੋਸ਼
ਚੰਡੀਗੜ੍ਹ: ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਬੁਲਾਰੇ ਤੇ ਸਕੱਤਰ ਅਰੁਣਜੋਤ ਸਿੰਘ ਸੋਢੀ ਨੇ ਮਨਪ੍ਰੀਤ ਸਿੰਘ ਬਾਦਲ ‘ਤੇ ਪਾਰਟੀ ਫੰਡ ਵਿਚ ਗ਼ਬਨ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਪਰਵਾਸੀ ਭਾਰਤੀਆਂ ਵੱਲੋਂ ਵਿਧਾਨ ਸਭਾ ਚੋਣਾਂ ਲਈ ਭੇਜਿਆ ਫੰਡ ਵੀ ਨਿੱਜੀ ਕੰਮਾਂ ਲਈ ਵਰਤ ਲਿਆ ਹੈ।
ਸ਼ ਸੋਢੀ ਨੇ ਪ੍ਰੈੱਸ ਕਾਨਫਰੰਸ ਵਿਚ ਦੋਸ਼ ਲਾਇਆ ਕਿ ਸ਼ ਬਾਦਲ ਨੇ ਪਾਰਟੀ ਲਈ ਇਕੱਠੇ ਕੀਤੇ ਫੰਡ ਨਾਲ ਆਪਣੀ ਕੋਠੀ ਮੁਕੰਮਲ ਕਰਵਾਈ ਹੈ ਤੇ ਸ਼ੋਅਰੂਮ ਦੀਆਂ ਕਿਸ਼ਤਾਂ ਭਰ ਦਿੱਤੀਆਂ ਹਨ। ਉਨ੍ਹਾਂ ਨੇ ਵਿਦੇਸ਼ ਦੌਰੇ ਵੇਲੇ ਨਾਲ ਗਏ ਦੂਜੇ ਅਹੁਦੇਦਾਰਾਂ ਦੇ ਜਹਾਜ਼ ਦੀਆਂ ਟਿਕਟਾਂ ਦੇ ਪੈਸੇ ਵੀ ਹੜੱਪ ਲਏ ਹਨ। ਉਨ੍ਹਾਂ ਨੇ ਪਰਵਾਸੀਆਂ ਵੱਲੋਂ ਟਿਕਟਾਂ ਲਈ ਭੇਜੇ ਪੈਸਿਆਂ ਦੇ ਡਰਾਫ਼ਟ ਵੀ ਦਿਖਾਏ।
ਸ਼ ਸੋਢੀ ਜੋ ਮਨਪ੍ਰੀਤ ਦੇ ਪੁਰਾਣੇ ਸਾਥੀ ਹਨ, ਨੇ ਕਿਹਾ ਕਿ ਪਾਰਟੀ ਪ੍ਰਧਾਨ ਤੋਂ ਸਾਬਕਾ ਸਰਪ੍ਰਸਤ ਸਰਦਾਰਾ ਸਿੰਘ ਜੌਹਲ ਸਮੇਤ ਹੋਰ ਕਈ ਆਗੂ ਦੁਖੀ ਸਨ। ਇਹ ਸਾਰੇ ਆਗੂ ਮਨਪ੍ਰੀਤ ਖ਼ਿਲਾਫ਼ ਉਨ੍ਹਾਂ ਕੋਲ ਦਫ਼ਤਰ ਆ ਕੇ ਆਪਣੇ ਮਨ ਦੀ ਭੜਾਸ ਕੱਢਿਆ ਕਰਦੇ ਸਨ। ਉਨ੍ਹਾਂ ਪਾਰਟੀ ਪ੍ਰਧਾਨ ਤੋਂ ਇਕੱਤਰ ਹੋਏ ਪਾਰਟੀ ਫੰਡ ਸਬੰਧੀ ਵਾe੍ਹੀਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਪਾਰਟੀ ਦਾ ਸਕੱਤਰ ਹੋਣ ਨਾਤੇ 16 ਨਵੰਬਰ ਨੂੰ ਜਨਰਲ ਇਜਲਾਸ ਸੱਦ ਲਿਆ ਹੈ। ਸ਼ ਸੋਢੀ ਨੇ ਦਾਅਵਾ ਕੀਤਾ ਕਿ ਜਨਰਲ ਇਜਲਾਸ ਵਿਚ ਮਨਪ੍ਰੀਤ ਬਾਦਲ ਦੀ ਜਵਾਬਤਲਬੀ ਕੀਤੀ ਜਾਵੇ।
_____________________________________________________
ਮਨਪ੍ਰੀਤ ਵੱਲੋਂ ਸਾਰੇ ਦੋਸ਼ ਰੱਦ
ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਭੈ ਤੇ ਥਾਪਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਹੈ ਪਰ ਫੇਰ ਵੀ ਕੋਈ ਕਸਰ ਰਹਿ ਗਈ ਹੋਵੇ ਤਾਂ ਉਹ ਉਨ੍ਹਾਂ ਦੇ ਘਰ ਜਾ ਕੇ ਵੀ ਸਪੱਸ਼ਟੀਕਰਨ ਦੇ ਦੇਣਗੇ। ਸੋਢੀ ਵੱਲੋਂ ਲਾਏ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਹੈ ਕਿ ਸੋਢੀ ਨੂੰ ਕਈ ਦਿਨ ਪਹਿਲਾਂ ਦਫ਼ਤਰ ਆਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ। ਇਸ ਕਰਕੇ ਉਨ੍ਹਾਂ ਨੇ ਆਪਣੀਆਂ ਕੀਤੀਆਂ ‘ਤੇ ਪਰਦਾ ਪਾਉਣ ਲਈ ਉਸ ‘ਤੇ ਦੋਸ਼ ਲਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਲਈ ਕੋਈ ਚੋਣ ਫੰਡ ਨਹੀਂ ਲਿਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਨਿਯਮਾਂ ਤੋਂ ਉਲਟ ਹੋਣ ਕਰਕੇ ਜਿਹੜਾ ਚੋਣ ਫੰਡ ਦਿੱਤਾ ਗਿਆ ਸੀ ਉਹ ਉਸ ਤਰ੍ਹਾਂ ਹੀ ਵਾਪਸ ਕਰ ਦਿੱਤਾ ਗਿਆ ਸੀ। ਉਨ੍ਹਾਂ ਕਾਂਗਰਸੀਆਂ ਨਾਲ ਮੁਲਾਕਾਤਾਂ ਦੇ ਦੋਸ਼ਾਂ ਨੂੰ ਵੀ ਨਕਾਰਿਆ ਹੈ।
Leave a Reply