ਚੰਡੀਗੜ੍ਹ: ਪੰਜਾਬ ਦੇ ਪੰਚਾਇਤ ਚੋਣਾਂ ਦੇ ਪਿੜ ‘ਚ ਕੁੱਦੇ ਉਮੀਦਵਾਰਾਂ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਐਤਕੀਂ ਪਹਿਲੀ ਵਾਰ ਪੰਚਾਇਤ ਚੋਣਾਂ ਵਿਚ ਤਿੰਨ ਸਿਆਸੀ ਧਿਰਾਂ ਸਰਗਰਮ ਹਨ। ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਆਪਣੀ ਹਕੂਮਤ ਦੌਰਾਨ ਪੰਚਾਇਤ ਚੋਣਾਂ ਲੜਨ ਦਾ ਮੌਕਾ ਮਿਲਿਆ ਹੈ। ਭਾਵੇਂ ਕਿ ਉਮੀਦਵਾਰ ਪਾਰਟੀ ਚੋਣ ਨਿਸ਼ਾਨ ‘ਤੇ ਚੋਣ ਨਹੀਂ ਲੜ ਸਕਣਗੇ,
ਪਰ ਆਪ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਪੰਚਾਇਤ ਚੋਣਾਂ ਵਿਚ ਪੂਰਾ ਤਾਣ ਲਾ ਰਿਹਾ ਹੈ।
ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਗਿਆ ਹੈ। ਹਾਲਾਂਕਿ, ਨਾਮਜ਼ਦਗੀ ਨੂੰ ਲੈ ਕੇ ਕਾਫੀ ਟਕਰਾਅ ਵਾਲਾ ਮਾਹੌਲ ਬਣਿਆ ਰਿਹਾ। ਰਾਜ ਚੋਣ ਕਮਿਸ਼ਨ ਨੇ ਨਾਮਜ਼ਦਗੀਆਂ ਦਾ ਵੇਰਵਾ ਜਾਰੀ ਕੀਤਾ ਹੈ, ਉਸ ਤੋਂ ਪੰਚਾਇਤੀ ਚੋਣਾਂ ਦਿਲਚਸਪ ਨਜ਼ਰ ਆ ਰਹੀਆਂ ਹਨ।
ਰਾਜ ਚੋਣ ਕਮਿਸ਼ਨ ਅਨੁਸਾਰ ਪੰਜਾਬ ਵਿਚ 13,229 ਪੰਚਾਇਤਾਂ ਲਈ ਸਰਪੰਚੀ ਦੇ ਅਹੁਦੇ ਲਈ 52,825 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਹਨ ਜਦਕਿ ਸਾਲ 2018 ਦੀਆਂ ਪੰਚਾਇਤੀ ਚੋਣਾਂ ਮੌਕੇ ਸਰਪੰਚੀ ਦੇ ਅਹੁਦੇ ਲਈ 49,261 ਉਮੀਦਵਾਰ ਸਾਹਮਣੇ ਆਏ ਸਨ। ਮਤਲਬ ਸਾਫ ਹੈ ਕਿ ਐਤਕੀਂ ਸਰਪੰਚੀ ਵਾਸਤੇ ਉਮੀਦਵਾਰਾਂ ਦਾ ਅੰਕੜਾ ਵਧਿਆ ਹੈ। ਇਸੇ ਤਰ੍ਹਾਂ ਆਖਰੀ ਦਿਨ ਤੱਕ ਪੰਚ ਦੇ ਅਹੁਦੇ ਲਈ 1,66,338 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ ਜਦਕਿ ਸਾਲ 2018 ਵਿਚ 1,65,453 ਉੁਮੀਦਵਾਰ ਮੈਦਾਨ ਵਿਚ ਆਏ ਸਨ। ਸਰਪੰਚੀ ਤੇ ਪੰਚੀ ਵਾਸਤੇ ਉਮੀਦਵਾਰ ਇਸ ਵਾਰ ਜ਼ਿਆਦਾ ਪੱਬਾਂ ਭਾਰ ਨਜ਼ਰ ਆ ਰਹੇ ਹਨ। ਹਾਲਾਂਕਿ, ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੇ ਕਈ ਥਾਵਾਂ ‘ਤੇ ਕਾਗਜ਼ ਦਾਖਲ ਹੀ ਨਹੀਂ ਕੀਤੇ ਹਨ।
ਪੰਜਾਬ ਵਿਚ ਇਕ ਪੰਚਾਇਤ ਪਿੱਛੇ ਸਰਪੰਚੀ ਲਈ ਔਸਤ ਚਾਰ ਉਮੀਦਵਾਰ ਮੈਦਾਨ ਵਿਚ ਹਨ। ਪੰਜਾਬ ਭਰ ‘ਚੋਂ ਸਭ ਤੋਂ ਵੱਧ ਜ਼ਿਲ੍ਹਾ ਹੁਸ਼ਿਆਰਪੁਰ ਵਿਚ 1405 ਪੰਚਾਇਤਾਂ ਹਨ, ਜਿਨ੍ਹਾਂ ਦੀ ਸਰਪੰਚੀ ਦੇ ਅਹੁਦੇ ਲਈ 4,419 ਅਤੇ ਪੰਚੀ ਵਾਸਤੇ 12,767 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਹਨ। ਗੁਰਦਾਸਪੁਰ ਦੀਆਂ 1,279 ਪੰਚਾਇਤਾਂ ਲਈ ਸਰਪੰਚੀ ਵਾਸਤੇ 5,319 ਅਤੇ ਪੰਚ ਦੇ ਅਹੁਦੇ ਲਈ 17,484 ਉਮੀਦਵਾਰ ਸਾਹਮਣੇ ਆਏ ਹਨ। ਪਟਿਆਲਾ ਜ਼ਿਲ੍ਹੇ ਦੀਆਂ 1022 ਪੰਚਾਇਤਾਂ ਦੀ ਚੋਣ ‘ਚ ਸਰਪੰਚੀ ਲਈ 4,296 ਅਤੇ ਪੰਚ ਦੇ ਅਹੁਦੇ ਲਈ 11,688 ਉਮੀਦਵਾਰਾਂ ਨੇ ਰੁਚੀ ਦਿਖਾਈ ਹੈ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੀਆਂ 941 ਪੰਚਾਇਤਾਂ ਲਈ 3,753 ਸਰਪੰਚੀ ਵਾਸਤੇ ਅਤੇ 13,192 ਪੰਚ ਦੇ ਅਹੁਦੇ ਲਈ ਉਮੀਦਵਾਰ ਹਨ। ਸਭ ਤੋਂ ਘੱਟ ਜ਼ਿਲ੍ਹਾ ਬਰਨਾਲਾ ਵਿਚ 175 ਪੰਚਾਇਤਾਂ ਹਨ ਜਿਨ੍ਹਾਂ ਦੀ ਸਰਪੰਚੀ ਵਾਸਤੇ 774 ਉਮੀਦਵਾਰ ਅਤੇ ਪੰਚ ਦੇ ਅਹੁਦੇ ਲਈ 2,297 ਉਮੀਦਵਾਰਾਂ ਨੇ ਕਾਗਜ਼ ਭਰੇ ਹਨ।
ਧਾਂਦਲੀਆਂ ਜ਼ੋਰਾਂ ਉਤੇ: ਡਾ. ਧਰਮਵੀਰ ਗਾਂਧੀ
ਪਟਿਆਲਾ: ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਸੱਤਾਧਾਰੀ ਆਮ ਆਦਮੀ ਪਾਰਟੀ ‘ਤੇ ਪੰਚਾਇਤੀ ਚੋਣਾਂ ਵਿਚ ਧਾਂਦਲੀਆਂ ਦੇ ਦੋਸ਼ ਲਾਉਂਦਿਆਂ ਪੰਜਾਬ ਰਾਜ ਚੋਣ ਅਧਿਕਾਰੀ ਅਤੇ ਭਾਰਤ ਦੇ ਚੋਣ ਕਮਿਸ਼ਨ ਤੋਂ ਜ਼ਿੰਮੇਵਾਰ ਅਧਿਕਾਰੀਆਂ ਅਤੇ ਸੱਤਾਧਾਰੀ ਧਿਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਾ ਹੋਇਆ ਤਾਂ ਕਾਂਗਰਸ ਵੱਲੋਂ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਡਾ. ਗਾਂਧੀ ਨੇ ਕਿਹਾ ਕਿ ਨਾਮਜ਼ਦਗੀਆਂ ਭਰਨ ਆਏ ਉਮੀਦਵਾਰਾਂ ਦੇ ਕਾਗ਼ਜ਼ ਪਾੜੇ ਜਾ ਰਹੇ ਹਨ ਅਤੇ ਬਿਨਾਂ ਕਾਰਨ ਹੀ ਵਿਰੋਧੀਆਂ ਦੇ ਕਾਗ਼ਜ਼ ਰੱਦ ਕਰਵਾਏ ਜਾ ਰਹੇ ਹਨ।