ਬਸੰਤ ਕੁਮਾਰ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਚੋਣਾਂ ਸਮੇਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ਮਿਲਣ ਨਾਲ ਭਾਜਪਾ ਸਰਕਾਰ ਉੱਪਰ ਸਵਾਲ ਖੜ੍ਹੇ ਹੁੰਦੇ ਰਹੇ ਹਨ ਪਰ ਆਖਿਰ ਡੇਰੇ ਨਾਲ ਜੁੜੇ ਲੋਕ ਕਿਸ ਨੂੰ ਵੋਟ ਦੇਣ, ਇਹ ਫ਼ੈਸਲਾ ਕਿਵੇਂ ਹੁੰਦਾ ਹੈ, ਇਸ ਬਾਰੇ ਪੱਤਰਕਾਰ ਬਸੰਤ ਕੁਮਾਰ ਦੀ ਰਿਪੋਰਟ ਕਈ ਪਰਤਾਂ ਸਾਹਮਣੇ ਲਿਆਉਂਦੀ ਹੈ। ਚੋਣਾਂ ਵਿਚ ਡੇਰੇ ਦੇ ਫ਼ੈਸਲੇ ਦਾ ਵੱਡਾ ਰਾਜਨੀਤਕ ਮਹੱਤਵ ਹੋਣ ਕਾਰਨ ਇਸ ਰਿਪੋਰਟ ਦਾ ਪੰਜਾਬੀ ਰੂਪ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਰਿਪੋਰਟ ਦਾ ਪੰਜਾਬੀ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।
ਬਲਾਤਕਾਰ ਅਤੇ ਕਤਲ ਦੇ ਕੇਸ ਵਿਚ ਰੋਹਤਕ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਇਕ ਵਾਰ ਫਿਰ 20 ਦਿਨਾਂ ਦੀ ਪੈਰੋਲ `ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ। ਹਾਲਾਂਕਿ, ਉਸ ਨੂੰ ਇਸ ਸ਼ਰਤ `ਤੇ ਪੈਰੋਲ ਦਿੱਤੀ ਗਈ ਹੈ ਕਿ ਉਹ 20 ਦਿਨ ਤੱਕ ਬਾਗਪਤ ਦੇ ਆਸ਼ਰਮ ਵਿਚ ਰਹੇਗਾ। ਪਰ ਗੁਆਂਢੀ ਰਾਜ ਹਰਿਆਣਾ ਵਿਚ ਚੋਣਾਂ ਦੇ ਮੱਦੇਨਜ਼ਰ ਉਸ ਦੀ ਪੈਰੋਲ ਬਾਰੇ ਇਕ ਵਾਰ ਫਿਰ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਵਿਰੋਧੀ ਧਿਰ ਇਲਜ਼ਾਮ ਲਾ ਰਹੀ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਨੂੰ ਰਾਜਨੀਤਕ ਫ਼ਾਇਦਾ ਲੈਣ ਲਈ ਬਾਹਰ ਭੇਜਿਆ ਗਿਆ ਹੈ। ਉੱਧਰ, ਹਰਿਆਣਾ ਸਰਕਾਰ ਦਾਅਵਾ ਕਰਦੀ ਹੈ ਕਿ ਨਿਯਮਾਂ ਤਹਿਤ ਹੋਰ ਕੈਦੀਆਂ ਵਾਂਗ ਉਨ੍ਹਾਂ ਨੂੰ ਵੀ ਪੈਰੋਲ ਅਤੇ ਫਰਲੋ ਮਿਲਦੀ ਹੈ। ਗੁਰਮੀਤ 2020 ਤੋਂ ਲੈ ਕੇ ਹੁਣ ਤੱਕ 12 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਇਸ ਤਰ੍ਹਾਂ ਉਸ ਨੇ 255 ਦਿਨ ਤੋਂ ਵੱਧ ਸਮਾਂ ਜੇਲ੍ਹ ਤੋਂ ਬਾਹਰ ਗੁਜ਼ਾਰਿਆ ਹੈ। ਅਤੇ ਇਹ ਪੰਜਵੀਂ ਵਾਰ ਹੈ ਜਦੋਂ ਉਹ ਚੋਣਾਂ ਤੋਂ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਹੈ।
ਇਸ ਤੋਂ ਪਹਿਲਾਂ ਉਸ ਨੂੰ 7 ਫਰਵਰੀ 2020 ਨੂੰ ਪੰਜਾਬ ਵਿਚ 2020 ਦੀਆਂ ਚੋਣਾਂ ਤੋਂ ਪਹਿਲਾਂ ਪੈਰੋਲ ਦਿੱਤੀ ਗਈ ਸੀ। ਅਕਤੂਬਰ 2022 ਵਿਚ ਉਸ ਨੂੰ 40 ਦਿਨ ਲਈ ਪੈਰੋਲ ਮਿਲੀ, ਉਦੋਂ ਆਦਮਪੁਰ ਸੀਟ ਦੀ ਜ਼ਿਮਨੀ ਚੋਣ ਦੇ ਨਾਲ-ਨਾਲ ਹਿਮਾਂਚਲ ਵਿਚ ਚੋਣਾਂ ਸਨ। ਇਸੇ ਤਰ੍ਹਾਂ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਸ ਨੂੰ 21 ਨਵੰਬਰ 2023 ਨੂੰ 21 ਦਿਨ ਲਈ ਪੈਰੋਲ ਦਿੱਤੀ ਗਈ ਸੀ। ਇਸ ਸਾਲ 20 ਜਨਵਰੀ ਨੂੰ ਉਸ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ 50 ਦਿਨਾਂ ਲਈ ਪੈਰੋਲ ਦਿੱਤੀ ਗਈ ਸੀ। ਉੱਥੇ ਹੁਣ 5 ਅਕਤੂਬਰ ਨੂੰ ਹਰਿਆਣਾ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਉਸ ਨੂੰ ਦੋ ਵਾਰ ਪੈਰੋਲ ਦਿੱਤੀ ਗਈ। ਇਕ ਵਾਰ 13 ਅਗਸਤ ਨੂੰ 21 ਦਿਨ ਲਈ ਅਤੇ ਫਿਰ ਇਸੇ ਹਫ਼ਤੇ 20 ਦਿਨ ਲਈ।
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਗੁਰਮੀਤ ਸਿੰਘ ਆਪਣੇ ਆਸ਼ਰਮ ਵਿਚ ਰਹਿੰਦਾ ਹੈ। ਇੱਥੋਂ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਪੈਰੋਕਾਰਾਂ (ਜਿਨ੍ਹਾਂ ਨੂੰ ਡੇਰਾ ਪ੍ਰੇਮੀ ਕਿਹਾ ਜਾਂਦਾ ਹੈ) ਨਾਲ ਗੱਲਬਾਤ ਕਰਦਾ ਹੈ। ਕਈ ਵਾਰ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਅਸ਼ੀਰਵਾਦ ਲੈਣ ਆਉਂਦੇ ਹਨ। ਹਾਲਾਂਕਿ, ਡੇਰਾ ਮੁਖੀ ਦੀ ਗ਼ੈਰਹਾਜ਼ਰੀ ਵਿਚ, ਸਿਰਸਾ ਸਥਿਤ ਡੇਰੇ ਵਿਚ ਹਜ਼ਾਰਾਂ ਪ੍ਰੇਮੀ ਰੋਜ਼ਾਨਾ ਆਉਂਦੇ ਹਨ। ਉੱਥੇ ਪਹਿਲਾਂ ਹੀ ਰਿਕਾਰਡ ਕੀਤੇ ਹੋਏ ਪ੍ਰਚਵਨ ਚਲਾਏ ਜਾਂਦੇ ਹਨ।
ਡੇਰਾ ਦੇ ਮੀਡੀਆ ਵਿਭਾਗ ਦਾ ਇਕ ਸੀਨੀਅਰ, ਜਿਸ ਨੇ ਗੁਰਮੀਤ ਸਿੰਘ ਨਾਲ ਲੰਬੇ ਸਮੇਂ ਤੱਕ ਕੰਮ ਕੀਤਾ ਹੈ, ਦੱਸਦਾ ਹੈ, “ਇਸ ਵੇਲੇ ਡੇਰੇ ਨਾਲ ਲੱਗਭੱਗ 6 ਕਰੋੜ ਪ੍ਰੇਮੀ ਜੜੇ ਹੋਏ ਹਨ। ਜੋ ਪਿਤਾ (ਗੁਰਮੀਤ ਸਿੰਘ) ਦੇ ਕਹਿਣ `ਤੇ ਲੋਕ ਸੇਵਾ ਵਿਚ ਜੁਟੇ ਹਨ। ਚੋਣਾਂ ਨਾਲ ਪਿਤਾ ਜੀ ਦਾ ਕਦੇ ਵੀ ਕੋਈ ਲੈਣਾ-ਦੇਣਾ ਨਹੀਂ ਰਿਹਾ। ਪਹਿਲਾਂ ਸੰਗਤ ਦਾ ਇਕ ਰਾਜਨੀਤਕ ਵਿੰਗ ਹੁੰਦਾ ਸੀ। ਉਹ ਸੰਗਤ ਦੇ ਲੋਕਾਂ ਨਾਲ ਗੱਲ ਕਰਕੇ ਅੰਤਿਮ ਫ਼ੈਸਲਾ ਲੈਂਦੇ ਸਨ। ਉਸ ਸਮੇਂ ਤੋਂ ਲੈ ਕੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਜਾਂਦਾ ਸੀ ਕਿ ਇਸ ਵਾਰ ਕਿਸ ਰਾਜਨੀਤਕ ਪਾਰਟੀ ਦੀ ਹਮਾਇਤ ਕਰਨੀ ਹੈ। ਹਾਲਾਂਕਿ, ਪਿਛਲੇ ਸਾਲ ਰਾਜਨੀਤਿਕ ਵਿੰਗ ਨੂੰ ਭੰਗ ਕਰ ਦਿੱਤਾ ਗਿਆ।”
ਤਾਂ ਫਿਰ, ਹੁਣ ਫ਼ੈਸਲਾ ਕੌਣ ਲੈਂਦਾ ਹੈ? ਇਸ ਬਾਰੇ ਉਹ ਕਹਿੰਦਾ ਹੈ, “ਹੁਣ ਤਾਂ ਡੇਰੇ ਨੇ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ। ਰਾਜਨੀਤੀ ਦੇ ਕਾਰਨ ਹੀ ਪਿਤਾ ਜੀ ਨੂੰ ਏਨਾ ਕੁਝ ਝੱਲਣਾ ਪੈ ਰਿਹਾ ਹੈ। ਪਿਤਾ ਜੀ ਬਸ ਏਨਾ ਕਹਿਣਾ ਹੈ ਕਿ ਪ੍ਰੇਮੀਆਂ ਨੂੰ ਏਕਤਾ ਬਣਾਈ ਰੱਖਣੀ ਚਾਹੀਦੀ ਹੈ।”
ਡੇਰੇ ਨਾਲ ਜੁੜੇ ਲੋਕਾਂ ਨਾਲ ਗੱਲ ਕਰਨ `ਤੇ ਪਤਾ ਲੱਗਦਾ ਹੈ ਕਿ ਅਜੇ ਵੀ ਸੰਗਤ ਦੇ ਲੋਕ ਫ਼ੈਸਲੇ ਲੈਂਦੇ ਹਨ ਅਤੇ ਚੋਣਾਂ ਤੋਂ ਇਕ ਦਿਨ ਪਹਿਲਾਂ ਜਾਂ ਉਸੇ ਦਿਨ ਪ੍ਰੇਮੀਆਂ ਨੂੰ ਸੂਚਨਾ ਪੁੱਜਦੀ ਕੀਤੀ ਜਾਂਦੀ ਹੈ ਕਿ ਕਿਸ ਨੂੰ ਵੋਟ ਪਾਉਣੀ ਹੈ।
ਸੂਚਨਾ ਪ੍ਰੇਮੀਆਂ ਤੱਕ ਕਿਵੇਂ ਪਹੁੰਚਾਈ ਜਾਂਦੀ ਹੈ?
ਕਿਸੇ ਵੀ ਕੰਪਨੀ ਦੀ ਤਰ੍ਹਾਂ ਡੇਰਾ ਪ੍ਰੇਮੀਆਂ ਦੀ ਵੀ ਮੈਨੇਜਮੈਂਟ ਹੈ। ਪ੍ਰੇਮੀ, ਪ੍ਰੇਮੀ ਸੇਵਕ (ਪਹਿਲਾਂ ਇਸ ਨੂੰ ਭੰਗੀਦਾਸ ਕਿਹਾ ਜਾਂਦਾ ਸੀ) ਬਲਾਕ ਪ੍ਰੇਮੀ ਸੇਵਕ, ਇਕ 15 ਮੈਂਬਰੀ ਕਮੇਟੀ ਅਤੇ ਅੰਤ ਵਿਚ ਰਾਜ ਪੱਧਰੀ 85 ਮੈਂਬਰੀ ਕਮੇਟੀ ਹੁੰਦੀ ਹੈ। ਇਸ ਤਰ੍ਹਾਂ ਡੇਰੇ ਦੀ ਮੈਨੇਜਮੈਂਟ ਸਿੱਧੀ ਆਪਣੇ ਪੈਰੋਕਾਰਾਂ ਨਾਲ ਜੁੜਦੀ ਹੈ।
ਹਰ ਪਿੰਡ ਵਿਚ ਪ੍ਰੇਮੀ ਸੇਵਕ ਹੁੰਦਾ ਹੈ। ਜਿਨ੍ਹਾਂ ਦਾ ਕੰਮ ਸਤਿਸੰਗ ਕਰਾਉਣਾ, ਲੋਕਾਂ ਦੀ ਮਦਦ ਕਰਨਾ ਅਤੇ ਡੇਰੇ ਤੋਂ ਪ੍ਰਾਪਤ ਇਤਲਾਹਾਂ ਅੱਗੇ ਪ੍ਰੇਮੀਆਂ ਤੱਕ ਪਹੁੰਚਾਉਣਾ ਹੁੰਦਾ ਹੈ। ਚੋਣਾਂ ਤੋਂ ਪਹਿਲਾਂ ਇਸੇ ਪ੍ਰੇਮੀ ਸੇਵਕ ਰਾਹੀਂ ਸੂਚਨਾ ਡੇਰਾ ਪ੍ਰੇਮੀਆਂ ਤੱਕ ਪਹੁੰਚਾਈ ਜਾਂਦੀ ਹੈ।
ਸਿਰਸਾ ਜ਼ਿਲ੍ਹੇ ਦੇ ਰਾਣੀਆਂ ਵਿਧਾਨ ਸਭਾ ਹਲਕੇ ਦੇ ਪਿੰਡ ਬੰਬੂਰ ਦਾ ਵਸਨੀਕ ਰਾਜਿੰਦਰ ਪ੍ਰਸਾਦ ਪ੍ਰੇਮੀ ਸੇਵਕ ਹੈ। ਪ੍ਰਸਾਦ ਦੇ ਘਰ ਵਿਚ ਗੁਰਮੀਤ ਸਿੰਘ ਦੀ ਤਸਵੀਰ ਹੈ। ਇਸ ਤੋਂ ਇਲਾਵਾ, ਹੋਰ ਵੀ ਕਈ ਤਸਵੀਰਾਂ ਹਨ। ਉਸ ਨੇ ਕਿਹਾ, “ਮੇਰੇ ਕੋਲ ਕੁਝ ਵੀ ਨਹੀਂ ਸੀ। ਅੱਜ ਪਿਤਾ ਦੀ ਬਦੌਲਤ ਬੈਟਰੀਆਂ ਦੀ ਇਕ ਕੰਪਨੀ ਹੈ। ਮੈਂ ਸਾਲਾਨਾ ਇਕ ਕਰੋੜ ਰੁਪਏ ਦੇ ਕੇ ਠੇਕੇ `ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹਾਂ। ਇਹ ਸਭ ਪਿਤਾ ਜੀ ਦੀ ਦੇਣ ਹੈ।”
‘ਤੁਸੀਂ ਚੋਣਾਂ ਵਿਚ ਵੋਟ ਕਿਵੇਂ ਪਾਉਂਦੇ ਹੋ?` ਇਸ ਸਵਾਲ ਦੇ ਜਵਾਬ ਵਿਚ, ਪ੍ਰਸਾਦ ਦੱਸਦਾ ਹੈ, “ਕਿਸ ਨੂੰ ਵੋਟ ਪਾਉਣੀ ਹੈ, ਇਸ ਦਾ ਫ਼ੈਸਲਾ ਸੰਗਤ ਦੇ ਲੋਕ ਮਿਲ ਕੇ ਲੈਂਦੇ ਹਨ। ਉਸ ਵਿਚ ਮੈਂ ਵੀ ਬਰਾਬਰ ਸ਼ਾਮਲ ਹੁੰਦਾ ਹਾਂ। ਉਸ ਵਿਚ ਕੋਈ ਇਕ ਸ਼ਖ਼ਸ ਫ਼ੈਸਲਾ ਨਹੀਂ ਲੈਂਦਾ। ਸਾਰਿਆਂ ਦੀ ਰਾਏ ਲੈਣ ਤੋਂ ਬਾਅਦ ਫ਼ੈਸਲਾ ਲਿਆ ਜਾਂਦਾ ਹੈ ਅਤੇ ਇਕ-ਦੋ ਦਿਨ ਪਹਿਲਾਂ ਇਤਲਾਹ ਸਾਡੇ (ਪ੍ਰੇਮੀ ਸੇਵਕ) ਕੋਲ ਆਉਂਦੀ ਹੈ। ਜਿਉਂ ਹੀ ਸਾਨੂੰ ਸੂਚਨਾ ਮਿਲਦੀ ਹੈ, ਅਸੀਂ ਇਹ ਪ੍ਰੇਮੀਆਂ ਤੱਕ ਪਹੁੰਚਾ ਦਿੰਦੇ ਹਾਂ। ਪਿਛਲੀਆਂ ਚੋਣਾਂ (ਲੋਕ ਸਭਾ 2024) ਵਿਚ ਇਕ ਦਿਨ ਪਹਿਲਾਂ ਹੀ ਦੱਸਿਆ ਗਿਆ ਕਿ ਇਸ ਵਾਰ ਭਾਜਪਾ ਨੂੰ ਵੋਟ ਪਾਉਣੀ ਹੈ।”
‘ਡੇਰਾ ਵੱਲੋਂ ਵੋਟ ਪਾਉਣ ਦਾ ਫ਼ੈਸਲਾ ਕਦੋਂ ਤੋਂ ਆ ਰਿਹਾ ਹੈ?` ਇਸ ਸਵਾਲ ਦੇ ਜਵਾਬ `ਚ ਪ੍ਰਸਾਦ ਦੱਸਦਾ ਹੈ, “ਪਹਿਲਾਂ, ਸਾਡਾ ਆਪਣਾ ਰਾਜਨੀਤਕ ਵਿੰਗ ਹੁੰਦਾ ਸੀ। ਉਹੀ ਫ਼ੈਸਲਾ ਕਰਦਾ ਸੀ। ਉਸ ਤੋਂ ਬਾਅਦ ਸੰਗਤ ਹੀ ਫ਼ੈਸਲਾ ਲੈਂਦੀ ਹੈ। ਉੱਥੋਂ ਜਿਸ ਪਾਰਟੀ ਬਾਰੇ ਫ਼ੈਸਲਾ ਆਉਂਦਾ ਹੈ, ਪ੍ਰੇਮੀ ਉਸੇ ਨੂੰ ਹੀ ਵੋਟ ਪਾਉਂਦੇ ਹਨ। ਕਈ ਵਾਰ ਸੰਗਤ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਹਿਸਾਬ ਨਾਲ ਬਿਹਤਰ ਨੂੰ ਵੋਟ ਪਾ ਦਿਓ। ਫਿਰ ਅਸੀਂ ਦੇਖਦੇ ਹਾਂ ਕਿ ਕਿਹੜਾ ਉਮੀਦਵਾਰ ਨਸ਼ਿਆਂ ਵਿਰੁੱਧ ਬੋਲ ਰਿਹਾ ਹੈ। ਕੌਣ ਸਾਡੀ ਮਦਦ ਕਰੇਗਾ? ਪਿਤਾ ਜੀ ਦਾ ਹੁਕਮ ਹੈ ਕਿ ਜਿੱਥੇ ਵੀ ਰਹੋ ਇਕਜੁੱਟ ਹੋ ਕੇ ਰਹੋ।”
ਪਿੰਡ ਬੰਬੂਰ ਵਿਚ 900 ਪ੍ਰੇਮੀ ਹਨ। ਪ੍ਰਸਾਦ 1988 ਤੋਂ ਡੇਰੇ ਨਾਲ ਜੁੜਿਆ ਹੋਇਆ ਹੈ। ਅਸੀਂ ਉਸ ਨੂੰ ਪੁੱਛਿਆ ਕਿ ਉਸ ਨੂੰ ਹੁਣ ਤੱਕ ਕਿਸ ਪਾਰਟੀ ਨੂੰ ਵੋਟ ਪਾਉਣ ਦਾ ਨਿਰਦੇਸ਼ ਆਇਆ ਹੈ। ਉਸ ਦਾ ਕਹਿਣਾ ਸੀ ਕਿ ਮੇਰੀ ਜਾਣਕਾਰੀ ਵਿਚ ਤਾਂ ਸਿਰਫ਼ ਦੋ ਵਾਰ ਹੀ ਆਇਆ ਹੈ ਅਤੇ ਦੋਨੋਂ ਵਾਰ ਭਾਜਪਾ ਨੂੰ ਵੋਟ ਦੇਣ ਲਈ ਕਿਹਾ ਗਿਆ। ਬਾਕੀ ਸੰਗਤ ਦਾ ਜੋ ਫ਼ੈਸਲਾ ਹੋਵੇਗਾ ਉਸ ਉੱਪਰ ਕਿੰਤੂ-ਪ੍ਰੰਤੂ ਨਹੀਂ ਕਰੀਦਾ।
ਡੇਰੇ ਤੋਂ ਲੱਗਭੱਗ ਇਕ ਕਿਲੋਮੀਟਰ ਦੂਰ ਸ਼ਾਹਪੁਰ ਬੇਗੂ ਪਿੰਡ ਹੈ। ਇੱਥੇ ਸੱਤ ਹਜ਼ਾਰ ਵੋਟਰ ਹਨ। ਇੱਥੇ ਪਿੰਡ ਦੀ ਕੁਲ ਆਬਾਦੀ ਦਾ 40 ਪ੍ਰਤੀਸ਼ਤ ਲੋਕ ਡੇਰੇ ਨਾਲ ਜੁੜੇ ਹੋਏ ਹਨ। ਇਸ ਪਿੰਡ ਵਿਚ ਕਰਿਆਨੇ ਦੀ ਦੁਕਾਨ ਚਲਾਉਣ ਵਾਲਾ 55 ਸਾਲਾ ਬਾਲਕ੍ਰਿਸ਼ਨ 12 ਸਾਲ ਦੀ ਉਮਰ ਤੋਂ ਹੀ ਡੇਰੇ ਨਾਲ ਜiੁੜਆ ਹੋਇਆ ਹੈ। ਹਾਲਾਂਕਿ, ਕਾਰੋਬਾਰੀ ਰੁਝੇਵਿਆਂ ਕਾਰਨ, ਉਹ ਸੰਗਤ ਵਿਚ ਘੱਟ ਹੀ ਜਾਂਦਾ ਹੈ, ਪਰ ਚੋਣਾਂ ਵਿਚ ਆਉਣ ਵਾਲੇ ਹੁਕਮ ਦੀ ਪਾਲਣਾ ਕਰਦਾ ਹੈ।
ਨਿਊਜ਼ ਲਾਂਡਰੀ ਨਾਲ ਗੱਲਬਾਤ ਕਰਦਿਆਂ ਬਾਲਕ੍ਰਿਸ਼ਨ ਕਹਿੰਦਾ ਹੈ, “ਹਾਲੇ ਤੱਕ ਇਨ੍ਹਾਂ ਚੋਣਾਂ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਆਇਆ। ਕਈ ਵਾਰ ਅਜਿਹਾ ਹੋਇਆ ਕਿ ਸੰਗਤ ਦਾ ਫ਼ੈਸਲਾ ਚੋਣਾਂ ਦੀ ਸਵੇਰ ਨੂੰ ਆਇਆ। ਕਈ ਵਾਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡੇ ਪਰਿਵਾਰ ਦੀਆਂ ਅੱਧੀਆਂ-ਅੱਧੀਆਂ ਵੋਟਾਂ ਭਾਜਪਾ ਅਤੇ ਕਾਂਗਰਸ ਨੂੰ ਪਾ ਦਿਓ। ਇਹ (ਡੇਰਾ) ਰੱਬ ਦਾ ਘਰ ਹੈ। ਦੋਹਾਂ ਪਾਰਟੀਆਂ ਦੇ ਲੋਕ ਇੱਥੇ ਵੋਟਾਂ ਮੰਗਣ ਆ ਗਏ ਤਾਂ ਅਜਿਹੇ ਫ਼ੈਸਲੇ ਆਉਂਦੇ ਹਨ।”
ਇਸ ਪਿੰਡ ਦਾ ਪ੍ਰੇਮੀ ਸੇਵਕ ਗੁਰੂਦਿਆਲ ਕੰਬੋਜ 1989 ਤੋਂ ਡੇਰੇ ਨਾਲ ਜੁੜਿਆ ਹੋਇਆ ਹੈ। ਗੁਰੂਦਿਆਲ ਦੱਸਦਾ ਹੈ, “ਅਸੀਂ ਲੋਕ ਇਕ ਹੋ ਕੇ ਰਹਿੰਦੇ ਹਾਂ। ਸਾਰੇ ਪ੍ਰੇਮੀ ਜਿੱਥੇ ਵੋਟ ਪਾਉਂਦੇ ਹਨ, ਇਕਜੁੱਟ ਹੋ ਕੇ ਪਾਉਂਦੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਅਸੀਂ ਭਾਜਪਾ ਨੂੰ ਵੋਟ ਪਾਈ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ (2019 ਵਿਚ) ਵਿਚ ਵੀ ਸਾਨੂੰ ਭਾਜਪਾ ਨੂੰ ਵੋਟ ਦੇਣ ਲਈ ਕਿਹਾ ਗਿਆ ਸੀ। ਸਾਨੂੰ ਇਕ-ਦੋ ਦਿਨ ਪਹਿਲਾਂ ਹੀ ਮੈਨੇਜਮੈਂਟ ਤੋਂ ਸੂਚਨਾ ਆਉਂਦੀ ਹੈ। ਪਰ ਅਸੀਂ ਆਪਸ ਵਿਚ ਇਸ ਤਰ੍ਹਾਂ ਜੁੜੇ ਹੋਏ ਹਾਂ ਕਿ 10 ਮਿੰਟ ਵਿਚ ਇਹ ਗੱਲ ਪਿੰਡ ਦੇ ਹਰ ਪ੍ਰੇਮੀ ਤੱਕ ਪਹੁੰਚ ਜਾਂਦੀ ਹੈ।”
ਸਜ਼ਾ ਹੋਣ ਤੋਂ ਬਾਅਦ ਗੁਰਮੀਤ ਸਿੰਘ ਸਿਰਸਾ ਡੇਰੇ ਨਹੀਂ ਆਇਆ ਹੈ। ਇਸ ਦੇ ਬਾਜਵੂਦ ਇੱਥੇ ਰੋਜ਼ਾਨਾ ਸੈਂਕੜੇ ਲੋਕ ਆਉਂਦੇ ਹਨ। ਪੁਰਾਣੇ ਅਤੇ ਨਵੇਂ, ਦੋਹਾਂ ਡੇਰਿਆਂ ਵਿਚ ਸਕ੍ਰੀਨਾਂ ਉੱਪਰ ਪੁਰਾਣੇ ਰਿਕਾਰਡ ਕੀਤੇ ਪ੍ਰਵਚਨ ਚਲਾਏ ਜਾਂਦੇ ਹਨ। ਜਿਸ ਨੂੰ ਲੋਕ ਬੈਠ ਕੇ ਸੁਣਦੇ ਹਨ।
ਪੁਰਾਣੇ ਡੇਰੇ ਵਿਚ ਸਾਡੀ ਮੁਲਾਕਾਤ ਫ਼ਤਿਹਾਬਾਦ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਨਾਲ ਹੋਈ। ਉਹ 23 ਸਤੰਬਰ ਨੂੰ ਗੱਦੀ ਦਿਵਸ ਦੇ ਮੌਕੇ `ਤੇ ਡੇਰੇ ਵਿਚ ਆਇਆ ਸੀ। ਤਾਂ ਕੀ ਉਹ ਸੰਗਤ ਦੇ ਕਹਿਣ ਅਨੁਸਾਰ ਵੋਟ ਪਾਉਂਦੇ ਹਨ? ਇਸ ਦੇ ਜਵਾਬ `ਚ ਸ਼ਮਸ਼ੇਰ ਸਿੰਘ ਕਹਿੰਦਾ ਹੈ, “ਅਸੀਂ ਪਿੰਡ ਵਿਚ ਰਹਿੰਦੇ ਹਾਂ। ਕਈ ਵਾਰ ਨੇਤਾਵਾਂ ਨਾਲ ਨਿੱਜੀ ਸਬੰਧ ਹੁੰਦੇ ਹਨ। ਕਦੇ-ਕਦੇ ਅਜਿਹੀ ਸਥਿਤੀ ਬਣ ਜਾਂਦੀ ਹੈ ਕਿ ਸੰਗਤ ਦਾ ਫ਼ੈਸਲਾ ਵੱਖਰਾ ਹੈ ਤਾਂ ਪਰਿਵਾਰ ਦੀਆਂ ਅੱਧੀਆਂ ਵੋਟਾਂ ਸੰਗਤ ਦੇ ਕਹੇ ਨੇਤਾ ਨੂੰ ਪਾਈਆਂ ਜਾਂਦੀਆਂ ਹਨ ਅਤੇ ਅੱਧੀ ਆਪਣੀ ਪਛਾਣ ਵਾਲੇ ਨੂੰ ਪਾ ਦਿੱਤੀਆਂ ਜਾਂਦੀਆਂ ਹਨ।”
ਐਲਨਾਬਾਦ ਤੋਂ ਭਾਜਪਾ ਦੇ ਉਮੀਦਵਾਰ ਅਮੀਰ ਚੰਦ ਮਹਿਤਾ ਦੇ ਪਿੰਡ ਤਲਵਾੜਾ ਵਿਚ ਸਾਡੀ ਮੁਲਾਕਾਤ ਡੇਰੇ ਨਾਲ ਜੁੜੇ ਅੰਤੂਰਾਮ ਇੰਸਾਨ ਨਾਲ ਹੋਈ। ਡੇਰਾ ਨਾਲ ਜੁੜੇ ਲੋਕ ਆਪਣੇ ਨਾਮ ਦੇ ਪਿੱਛੇ ਇਨਸਾਨ ਲਗਾਉਂਦੇ ਹਨ। ਅੰਤੂਰਾਮ, ਜੋ 2001 ਤੋਂ ਡੇਰੇ ਨਾਲ ਜੁੜਿਆ ਹੋਇਆ ਹੈ, ਕਹਿੰਦਾ ਹੈ, “ਇਕ-ਦੋ ਦਿਨ ਪਹਿਲਾਂ ਡੇਰੇ ਤੋਂ ਸੰਦੇਸ਼ ਆਉਂਦਾ ਹੈ। ਜਿਹੜੇ ਪੱਕੇ ਪ੍ਰੇਮੀ ਹਨ, ਉਹ ਡੇਰੇ ਦੇ ਕਹਿਣ ਅਨੁਸਾਰ ਹੀ ਵੋਟ ਪਾਉਂਦੇ ਹਨ। ਜੋ ਬਹਿਕਾਵੇ ਵਿਚ ਆਉਂਦੇ ਹਨ, ਉਹ ਹੀ ਕਿਸੇ ਹੋਰ ਨੂੰ ਵੋਟ ਪਾਉਂਦੇ ਹਨ। ਮੇਰੇ ਪਿੰਡ ਵਿਚ ਲੱਗਭੱਗ ਪੰਜ ਸੌ ਵੋਟਰ ਹਨ, ਜਿਨ੍ਹਾਂ ਵਿੱਚੋਂ ਚਾਰ ਸੌ ਡੇਰੇ ਦੇ ਕਹਿਣ `ਤੇ ਵੋਟ ਪਾਉਂਦੇ ਹਨ। ਭੰਗੀਦਾਸ ਕੋਲ ਸੰਦੇਸ਼ ਆਉਂਦਾ ਹੈ ਅਤੇ ਉਹ ਅੱਗੇ ਇਸ ਨੂੰ ਦੂਜੇ ਪ੍ਰੇਮੀਆਂ ਤੱਕ ਪਹੁੰਚਾ ਦਿੰਦਾ ਹੈ। ਭੰਗੀਦਾਸ ਕਹਿੰਦਾ ਹੈ ਕਿ ਇਹ ਉੱਪਰਲਾ ਆਦੇਸ਼ ਹੈ।”
ਆਖ਼ਿਰ ਕਿਉਂ ਬੰਦ ਹੋ ਗਿਆ ਰਾਜਨੀਤਕ ਵਿੰਗ?
ਮਾਰਚ 2023 ਵਿਚ, ਡੇਰੇ ਨੇ ਅਚਾਨਕ ਆਪਣਾ ਰਾਜਨੀਤਕ ਵਿੰਗ ਭੰਗ ਕਰ ਦਿੱਤਾ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਅਨੁਸਾਰ, ਇਸ ਅਚਾਨਕ ਲਏ ਗਏ ਫ਼ੈਸਲੇ ਦੇ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਗਿਆ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡੇਰਾ ਸੱਚਾ ਸੌਦਾ ਖੁਦ ਪੈਰੋਕਾਰਾਂ ਦੀਆਂ ਮੀਟਿੰਗਾਂ ਜਥੇਬੰਦ ਕਰਦਾ ਸੀ। ਜਿਸ ਵਿਚ ਕਿਸੇ ਰਾਜਨੀਤਕ ਪਾਰਟੀ ਜਾਂ ਵਿਅਕਤੀਗਤ ਆਗੂ ਦੀ ਹਮਾਇਤ ਕਰਨ ਬਾਰੇ ਉਨ੍ਹਾਂ ਦੇ ਵਿਚਾਰ ਜਾਣੇ ਜਾ ਸਕਣ। ਇਸ ਮੀਟਿੰਗ ਵਿਚ ਕਈ ਨੇਤਾ ਵੀ ਸ਼ਾਮਲ ਹੁੰਦੇ ਸਨ।
ਹਾਲਾਂਕਿ ਡੇਰੇ ਦਾ ਬੁਲਾਰਾ ਜਿਤੇਂਦਰ ਖੁਰਾਣਾ ਇਸ ਗੱਲ ਤੋਂ ਇਨਕਾਰ ਕਰਦਾ ਹੈ। ਨਿਊਜ਼ ਲਾਂਡਰੀ ਨਾਲ ਗੱਲਬਾਤ ਕਰਦਿਆਂ ਖੁਰਾਣਾ ਨੇ ਕਿਹਾ, “ ਚੋਣਾਂ ਵਿਚ ਸੰਗਤ ਦੇ ਫ਼ੈਸਲੇ ਨਾਲ ਪਿਤਾ ਜੀ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸੰਗਤ ਦੀ ਜੋ ਕਮੇਟੀ ਹੈ, ਉਹ ਆਪਣੇ ਪੱਧਰ `ਤੇ ਫ਼ੈਸਲਾ ਲੈਂਦੀ ਹੈ। ਪਿਤਾ ਜੀ ਨੇ ਕਦੇ ਵੀ ਕਿਸੇ ਰਾਜਨੀਤਕ ਪਾਰਟੀ ਨੂੰ ਵੋਟ ਪਾਉਣ ਲਈ ਕੋਈ ਫ਼ੈਸਲਾ ਨਹੀਂ ਦਿੱਤਾ ਹੈ।”
ਹਾਲਾਂਕਿ ਪੱਤਰਕਾਰ ਅਨੁਰਾਗ ਤ੍ਰਿਪਾਠੀ, ਜਿਸ ਨੇ ਡੇਰੇ ਬਾਰੇ ਇਕ ਕਿਤਾਬ ਲਿਖੀ ਹੈ, ਇਹ ਨਹੀਂ ਮੰਨਦਾ। ਉਹ ਦੱਸਦਾ ਹੈ, “ਗੁਰਮੀਤ ਸਿੰਘ ਕਈ ਸੇਵਾਮੁਕਤ ਆਈ. ਏ. ਐੱਸ. ਅਧਿਕਾਰੀ ਅਤੇ ਆਗੂ ਜੁੜੇ ਸਨ। ਉਹ ਉਸ ਨੂੰ ਦੱਸਦੇ ਸਨ ਕਿ ਰਾਜਨੀਤਕ ਹਵਾ ਦਾ ਰੁੱਖ ਕਿਸ ਪਾਸੇ ਹੈ। ਹਾਲਾਂਕਿ, ਡੇਰਾ ਪੈਰੋਕਾਰਾਂ ਨੇ ਕਿਸ ਪਾਸੇ ਭੁਗਤਣਾ ਹੈ, ਇਸ ਬਾਰੇ ਅੰਤਿਮ ਫ਼ੈਸਲਾ ਗੁਰਮੀਤ ਦਾ ਹੀ ਹੁੰਦਾ ਸੀ।”
ਤ੍ਰਿਪਾਠੀ ਅੱਗੇ ਕਹਿੰਦੇ ਹਨ, “ਗੁਰਮੀਤ ਰਾਜਨੀਤਿਕ ਤੌਰ `ਤੇ ਬੇਹੱਦ ਸਮਝਦਾਰ ਹੈ। 2011 ਤੋਂ ਪਹਿਲਾਂ ਉਹ ਇਲਾਕੇ ਅਨੁਸਾਰ ਆਪਣੀ ਹਮਾਇਤ ਦਿੰਦਾ ਸੀ। ਇਸ ਦੌਰਾਨ, ਨਰਿੰਦਰ ਮੋਦੀ ਦੀ ਰਾਸ਼ਟਰੀ ਨੇਤਾ ਵਜੋਂ ਬ੍ਰਾਂਡਿੰਗ ਸ਼ੁਰੂ ਹੋ ਗਈ। ਗੁਰਮੀਤ ਨੇ ਭਾਂਪ ਲਿਆ ਕਿ ਭਾਜਪਾ ਨਾਲ ਜਾਣ ਵਿਚ ਫ਼ਾਇਦਾ ਹੈ। ਉੱਥੇ ਧਰਮ ਦੀ ਰਾਜਨੀਤੀ ਲਈ ਵਧੇਰੇ ਜਗ੍ਹਾ ਸੀ। ਇਸ ਸਥਿਤੀ `ਚ ਉਹ ਖੁੱਲ੍ਹ ਕੇ ਭਾਜਪਾ ਨਾਲ ਖੜ੍ਹ ਗਿਆ। ਉਦੋਂ ਤੋਂ ਲੈ ਕੇ, ਭਾਜਪਾ ਅਤੇ ਡੇਰਾ ਨਾਲ-ਨਾਲ ਚੱਲ ਰਹੇ ਹਨ।”
ਭਾਜਪਾ ਅਤੇ ਡੇਰੇ ਵਿਚਕਾਰ ਸਬੰਧ 2014 ਵਿਚ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਖੁੱਲ੍ਹ ਕੇ ਸਾਹਮਣੇ ਆਇਆ। ਭਾਜਪਾ ਦਾ ਸੀਨੀਅਰ ਆਗੂ ਅਤੇ ਤੱਤਕਾਲੀ ਮੱਧ ਪ੍ਰਦੇਸ਼ ਸਰਕਾਰ ਵਿਚ ਮੰਤਰੀ ਕੈਲਾਸ਼ ਵਿਜੈਵਰਗੀਆ ਚੋਣ ਇੰਚਾਰਜ ਸਨ। ਚੋਣਾਂ ਤੋਂ ਇਕ ਹਫ਼ਤਾ ਪਹਿਲਾਂ ਉਹ ਭਾਜਪਾ ਦੇ 44 ਉਮੀਦਵਾਰਾਂ ਨੂੰ ਡੇਰਾ ਸਿਰਸਾ ਵਿਖੇ ਗੁਰਮੀਤ ਸਿੰਘ ਨੂੰ ਮਿਲਾਉਣ ਲਈ ਲੈ ਕੇ ਗਿਆ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਸ਼ਾਮ ਦੇ 5 ਵਜੇ ਸ਼ੁਰੂ ਹੋਈ ਇਹ ਮੀਟਿੰਗ 15 ਮਿੰਟ ਤੋਂ ਵੀ ਘੱਟ ਸਮੇਂ ਤੱਕ ਚੱਲੀ ਜਿਸ ਵਿਚ ਗੁਰਮੀਤ ਸਿੰਘ ਨੇ ਉਮੀਦਵਾਰਾਂ ਨੂੰ ਆਪਣਾ ‘ਆਸ਼ੀਰਵਾਦ’ ਦਿੱਤਾ ਅਤੇ ਉਨ੍ਹਾਂ ਨੂੰ ਡੇਰੇ ਦੇ ਰਾਜਨੀਤਿਕ ਵਿੰਗ ਨੂੰ ਮਿਲਣ ਲਈ ਕਿਹਾ। ਇਹ ਘਟਨਾ ਦਰਸਾਉਂਦੀ ਹੈ ਕਿ ਰਾਜਨੀਤਕ ਵਿੰਗ ਦਾ ਫ਼ੈਸਲਾ ਦਰਅਸਲ ਗੁਰਮੀਤ ਸਿੰਘ ਦਾ ਹੀ ਹੁੰਦਾ ਸੀ।
ਡੇਰਾ ਨਾਲ ਜੁੜੇ ਇਕ ਸੂਤਰ ਨੇ ਨਿਊਜ਼ ਲਾਂਡਰੀ ਨੂੰ ਦੱਸਿਆ ਕਿ ਪਿੰਡ ਪੱਧਰ `ਤੇ ਪ੍ਰੇਮੀਆਂ ਦੀ ਮੀਟਿੰਗ ਚੱਲ ਰਹੀ ਹੈ। ਅਜੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਉਹ ਕਿਸ ਪਾਰਟੀ ਨੂੰ ਵੋਟ ਪਾਉਣਗੇ ਪਰ ਜ਼ਿਆਦਾ ਝੁਕਾਅ ਭਾਜਪਾ ਵੱਲ ਸੀ।