ਸੁਭਾਸ਼ ਪਰਿਹਾਰ
ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਭਾਰਤੀ ਉਪ ਮਹਾਂਦੀਪ ਦੀ ਅਮੀਰ ਅਤੇ ਵਿਭਿੰਨ ਸੱਭਿਆਚਾਰਕ ਵਿਰਾਸਤ ਦਾ ਸ਼ਕਤੀਸ਼ਾਲੀ ਪ੍ਰਤੀਕ ਹੈ। ਇਹ ਇੱਕ ਅਜਿਹੇ ਆਗੂ ਦਾ ਸਮਾਰਕ ਹੈ ਜਿਸ ਨੇ ਆਪਣੀ ਦੂਰ-ਦ੍ਰਿਸ਼ਟੀ ਅਤੇ ਅਗਵਾਈ ਦੁਆਰਾ ਖੁਸ਼ਹਾਲ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਲਈ ਵੱਖ-ਵੱਖ ਧਰਮਾਂ ਅਤੇ ਪਿਛੋਕੜਾਂ ਦੇ ਲੋਕਾਂ ਨੂੰ ਇਕੱਠੇ ਕੀਤਾ।
ਭਾਰਤ ਵਿਚ ਮ੍ਰਿਤਕ ਦੀ ਯਾਦਗਾਰ ਬਣਵਾਉਣ ਦੀ ਪਰੰਪਰਾ ਹਜ਼ਾਰਾਂ ਸਾਲ ਪੁਰਾਣੀ ਹੈ। ਜੈਨ ਅਤੇ ਬੁੱਧ ਧਰਮਾਂ ਵਿਚ ਮ੍ਰਿਤਕਾਂ ਦੀਆਂ ਅਸਥੀਆਂ `ਤੇ ਉਸਾਰੇ ਗਏ ਸਤੂਪ ਅਜਿਹੀਆਂ ਯਾਦਗਾਰਾਂ ਹੀ ਹਨ। ਬਾਰ੍ਹਵੀਂ ਸਦੀ ਦੇ ਅੰਤ ਵਿਚ ਮੁਸਲਿਮ ਸ਼ਾਸਕਾਂ ਦੇ ਆਉਣ ਤੀਕ ਅਜਿਹੀਆਂ ਯਾਦਗਾਰਾਂ ਸਿਰਫ਼ ਧਾਰਮਿਕ ਪੁਰਖਾਂ ਦੀਆਂ ਹੀ ਮਿਲਦੀਆਂ ਹਨ। ਭਾਰਤ ਵਿਚ ਮੁਸਲਿਮ ਯਾਦਗਾਰਾਂ ਵਿਚੋਂ ਪਹਿਲੀ ‘ਸੁਲਤਾਨ-ਘੜੀ` ਨਾਂ ਦੀ ਇਮਾਰਤ ਹੈ ਜਿਸ ਦੀ ਉਸਾਰੀ ਸੁਲਤਾਨ ਇਲਤੁਤਮਿਸ਼ ਨੇ ਦਿੱਲੀ ਦੇ ਛਤਰਪੁਰ ਇਲਾਕੇ ਵਿਚ ਆਪਣੇ ਸਭ ਤੋਂ ਵੱਡੇ ਬੇਟੇ ਨਾਸਿਰ-ਉਦ-ਦੀਨ ਮਹਿਮੂਦ ਦੀ ਮ੍ਰਿਤਕ ਦੇਹ `ਤੇ ਕਰਵਾਈ ਸੀ। ਉਸ ਦਾ ਦੇਹਾਂਤ 1231 ਵਿਚ ਹੋ ਗਿਆ ਸੀ। ਇਹ ਮਕਬਰਾ ਜ਼ਮੀਨਦੋਜ਼ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ ਇਹ ਅਧੂਰਾ ਰਹਿ ਗਿਆ ਹੋਵੇ। ਜ਼ਮੀਨ ਦੇ ਉੱਪਰ ਉਸਾਰਿਆ ਗਿਆ ਪ੍ਰਾਚੀਨਤਮ ਮਕਬਰਾ ਕੁਤਬ ਮੀਨਾਰ ਨੇੜੇ ਸੁਲਤਾਨ ਇਲਤੁਤਮਿਸ਼ ਦਾ ਹੈ ਜਿਸ ਦੀ ਮ੍ਰਿਤੂ 30 ਅਪਰੈਲ 1236 ਨੂੰ ਹੋਈ ਸੀ। ਇਸ ਤੋਂ ਬਾਅਦ ਆਉਣ ਵਾਲੇ 600 ਸਾਲਾਂ ਵਿਚ ਇੱਕ ਤੋਂ ਵਧ ਕੇ ਇੱਕ ਖ਼ੂਬਸੂਰਤ ਮਕਬਰੇ ਉਸਾਰੇ ਗਏ ਜਿਨ੍ਹਾਂ ਦਾ ਸਿਖ਼ਰ ਤਾਜ ਮਹਿਲ ਦੇ ਰੂਪ ਵਿਚ ਵੇਖਣ ਨੂੰ ਮਿਲਦਾ ਹੈ। ਮੁਸਲਿਮ ਹਾਕਮਾਂ ਦੀ ਰੀਸ ਨਾਲ ਇਹ ਪਰੰਪਰਾ ਪਹਿਲਾਂ ਰਾਜਪੂਤਾਂ ਅਤੇ ਫਿਰ ਸਿੱਖਾਂ ਵਿਚ ਵੀ ਆ ਗਈ। ਰਾਜਪੂਤ ਅਜਿਹੀ ਯਾਦਗਾਰ ਨੂੰ ‘ਛਤਰੀ` ਜਾਂ ‘ਸਮਾਧੀ` ਕਹਿੰਦੇ ਸਨ ਅਤੇ ਸਿੱਖ ਇਸ ਨੂੰ ‘ਸਮਾਧ` ਦਾ ਨਾਂ ਦਿੰਦੇ ਹਨ।
ਲਾਹੌਰ ਵਿਖੇ ਸਿੱਖ ਸਾਮਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਇਸੇ ਲੜੀ ਦੀ ਇੱਕ ਕੜੀ ਹੈ। ਲਾਹੌਰ (ਪਾਕਿਸਤਾਨ) ਵਿਚ ਸ਼ਾਹੀ ਕਿਲ੍ਹੇ ਦੇ ਸਾਹਮਣੇ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਥਾਨ ਨੇੜੇ ਸਥਿਤ ਇਹ ਸਮਾਧ ਇਤਿਹਾਸਕ ਇਮਾਰਤਸਾਜ਼ੀ ਕਲਾ ਦਾ ਇੱਕ ਅਹਿਮ ਮੀਲ ਪੱਥਰ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਵਿਚ ਗੁੱਜਰਾਂਵਾਲਾ ਵਿਖੇ ਹੋਇਆ ਸੀ ਜੋ ਹੁਣ ਆਧੁਨਿਕ ਪਾਕਿਸਤਾਨ ਵਿਚ ਹੈ। ਉਸ ਨੇ ਉੱਨੀ ਸਾਲ ਦੀ ਛੋਟੀ ਉਮਰ ਵਿਚ ਹੀ ਸੱਤਾ ਪ੍ਰਾਪਤ ਕਰ ਲਈ ਅਤੇ ਸਿੱਖ ਸਾਮਰਾਜ ਦੀ ਨੀਂਹ ਰੱਖੀ। ਮਹਾਰਾਜੇ ਨੂੰ ਉਸ ਦੀ ਫ਼ੌਜੀ ਸ਼ਕਤੀ, ਵੱਖ-ਵੱਖ ਸਿੱਖ ਧੜਿਆਂ ਨੂੰ ਇਕਜੁੱਟ ਕਰਨ ਵਿਚ ਭੂਮਿਕਾ ਅਤੇ ਸ਼ਾਸਨ ਪ੍ਰਤੀ ਧਰਮ ਨਿਰਪੱਖ ਪਹੁੰਚ ਲਈ ਯਾਦ ਕੀਤਾ ਜਾਂਦਾ ਹੈ।
ਮਹਾਰਾਜਾ ਰਣਜੀਤ ਸਿੰਘ ਦੀ 27 ਜੂਨ 1839 ਨੂੰ ਮੌਤ ਮਗਰੋਂ ਉਸ ਦਾ 39 ਸਾਲਾ ਜੇਠਾ ਪੁੱਤਰ ਖੜਕ ਸਿੰਘ ਗੱਦੀ `ਤੇ ਬੈਠਾ ਅਤੇ ਉਸ ਨੇ ਤੁਰੰਤ ਸਮਾਧ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ। ਉਸ ਨੇ ਫ਼ਕੀਰ ਨੂਰ-ਉਦ-ਦੀਨ ਨੂੰ ਯਾਦਗਾਰੀ ਇਮਾਰਤ ਦੀ ਯੋਜਨਾ ਪੇਸ਼ ਕਰਨ ਲਈ ਕਿਹਾ ਅਤੇ ਸ਼ੁਰੂਆਤੀ ਰਕਮ 50000 ਰੁਪਏ ਜਾਰੀ ਕਰ ਦਿੱਤੀ। ਕੁਝ ਦਿਨਾਂ ਮਗਰੋਂ ਹੀ ਮਿਸਰ ਬੇਲੀ ਰਾਮ ਅਤੇ ਭਾਈ ਗੋਬਿੰਦ ਰਾਮ ਨੂੰ ਇਸ ਸਮਾਧ ਲਈ ਦੋ ਲੱਖ ਰੁਪਏ ਰਕਮ ਹੋਰ ਜਾਰੀ ਕਰ ਦਿੱਤੀ। ਅੰਦਾਜ਼ਾ ਸੀ ਕਿ ਇਸ ਇਮਾਰਤ ਦੀ ਉਸਾਰੀ `ਤੇ 25 ਲੱਖ ਰੁਪਏ ਖਰਚ ਆਉਣਗੇ। ਲਾਡਵਾ ਦੇ ਮੁਖੀ ਸਰਦਾਰ ਅਜੀਤ ਸਿੰਘ ਨੇ ਸਲਾਹ ਦਿੱਤੀ ਕਿ ਸਮਾਧ ਲਾਹੌਰ ਵਿਖੇ ਹੀ ਸਥਿਤ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਮਕਬਰੇ ਵਰਗੀ ਬਣਵਾਈ ਜਾਵੇ ਪਰ ਇਹ ਵਿਚਾਰ ਸਿਰੇ ਨਾ ਚੜ੍ਹਿਆ। ਮਹਾਰਾਜਾ ਖੜਕ ਸਿੰਘ ਸਮੇਂ ਲਾਹੌਰ ਦਰਬਾਰ ਸਾਜ਼ਿਸ਼ਾਂ ਦਾ ਕੇਂਦਰ ਬਣ ਗਿਆ ਸੀ। ਕੁਝ ਸਮੇਂ ਬਾਅਦ ਹੀ ਉਸ ਦੇ ਪੁੱਤਰ ਨੌਨਿਹਾਲ ਸਿੰਘ ਨੇ ਪਿਤਾ ਨੂੰ ਲਾਂਭੇ ਕਰ ਗੱਦੀ ਆਪ ਸੰਭਾਲ ਲਈ। ਪੰਜ ਨਵੰਬਰ 1840 ਨੂੰ ਖੜਕ ਸਿੰਘ ਦੀ ਮੌਤ ਹੋ ਗਈ। ਜਦੋਂ ਖੜਕ ਸਿੰਘ ਦਾ ਸਸਕਾਰ ਕਰਕੇ ਨੌਨਿਹਾਲ ਸਿੰਘ ਮੁੜ ਰਿਹਾ ਸੀ ਤਾਂ ਉਸ `ਤੇ ਹਜ਼ੂਰੀ ਬਾਗ ਦਾ ਗੇਟ ਡਿੱਗ ਗਿਆ ਜਿਸ ਕਾਰਨ ਉਸ ਦਾ ਵੀ ਅੰਤ ਹੋ ਗਿਆ। ਥੋੜ੍ਹੇ ਸਮੇਂ ਲਈ ਗੱਦੀ ਸ਼ੇਰ ਸਿੰਘ ਨੇ ਸੰਭਾਲੀ, ਪਰ 15 ਸਤੰਬਰ 1843 ਨੂੰ ਉਸ ਦਾ ਵੀ ਕਤਲ ਹੋ ਗਿਆ। ਇਸ ਉਥਲ-ਪੁਥਲ ਦੇ ਸਮੇਂ ਦੌਰਾਨ ਸਮਾਧ ਦੀ ਉਸਾਰੀ ਨਿਰਵਿਘਨ ਚਲਦੀ ਰਹੀ।
ਜਾਪਦਾ ਹੈ ਕਿ 1840 ਦੀ ਗਰਮੀ ਤੀਕ ਇਮਾਰਤ ਸੰਗਮਰਮਰ ਲਾਉਣ ਲਈ ਤਿਆਰ ਹੋ ਚੁੱਕੀ ਸੀ ਕਿਉਂਕਿ 21 ਜੁਲਾਈ 1840 ਦੇ ਇੱਕ ਦਸਤਾਵੇਜ਼ ਵਿਚ ਇੱਕ ਹੁਕਮ ਹੈ ਜਿਸ ਮੁਤਾਬਿਕ ਵਰਤੋਂ ਲਈ ਰਾਮ ਬਾਗ਼, ਅੰਮ੍ਰਿਤਸਰ ਦੀ ਬਾਰਾਂਦਰੀ ਦਾ ਸੰਗਮਰਮਰ ਉਧੇੜ ਲਿਆਉਣ ਦੀ ਹਦਾਇਤ ਹੈ। ਲਾਹੌਰ ਦੀ ਵਿਦਵਾਨ ਨਾਧਰਾ ਸ਼ਾਹਬਾਜ਼ ਖ਼ਾਨ ਨੇ ਇਸ ਸਮਾਧ `ਤੇ ਪੀਐੱਚ.ਡੀ. ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਬਾਅਦ ਦੇ ਸਿੱਖ ਇਤਿਹਾਸ ਦੇ ਸੋਮੇ ਇਸ ਸਮਾਧ ਬਾਰੇ ਕੁਝ ਨਹੀਂ ਦੱਸਦੇ, ਪਰ ਇੰਨਾ ਹੈ ਕਿ 1850 ਤੀਕ ਸਮਾਧ ਦੇ ਕੁਝ ਹਿੱਸੇ ਅਧੂਰੇ ਸਨ। ਸਾਨੂੰ ਈਸਟ ਇੰਡੀਆ ਕੰਪਨੀ ਦੇ ਕੁਝ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਜਨਰਲ ਚਾਰਲਸ ਜੇਮਜ਼ ਨੇਪੀਅਰ ਨੇ ਸਮਾਧ ਪੂਰੀ ਕਰਨ ਲਈ ਕੰਪਨੀ ਤੋਂ 16,927 ਰੁਪਏ ਦੀ ਮੰਗ ਕੀਤੀ ਜੋ ਸਰਕਾਰ ਨੇ ਮਨਜ਼ੂਰ ਕਰ ਲਈ ਸੀ।
ਉੱਚੇ ਪਲੇਟਫਾਰਮ `ਤੇ ਉਸਰੀ ਇਹ ਸਮਾਧ ਦੋ-ਮੰਜ਼ਿਲੀ ਗੁੰਬਦਦਾਰ ਇਮਾਰਤ ਹੈ। ਇਸ ਵਿਚ ਰਾਜਪੂਤ ਅਤੇ ਮੁਗ਼ਲ ਸ਼ੈਲੀ ਦਾ ਅਜਿਹਾ ਮਿਸ਼ਰਣ ਹੈ ਕਿ ਇਸ ਨੂੰ ਸਿੱਖ ਇਮਾਰਤਸਾਜ਼ੀ ਦੀ ਬਿਹਤਰੀਨ ਮਿਸਾਲ ਕਿਹਾ ਜਾ ਸਕਦਾ ਹੈ।
ਸਮਾਧ ਦੀ ਉਸਾਰੀ ਲਈ ਵਰਤੇ ਗਏ ਸਾਮਾਨ ਵਿਚ ਲਾਲ ਬਲੂਆ ਪੱਥਰ ਅਤੇ ਸੰਗਮਰਮਰ ਸ਼ਾਮਿਲ ਹਨ। ਸਮਾਧ ਅੰਦਰ ਕੇਂਦਰੀ ਚੈਂਬਰ ਵਿਚ ਮਹਾਰਾਜਾ ਰਣਜੀਤ ਸਿੰਘ ਦੀਆਂ ਅਸਥੀਆਂ ਹਨ ਜੋ ਇੱਕ ਛੋਟੇ ਸੰਗਮਰਮਰ ਦੇ ਕਲਸ਼ ਵਿਚ ਰੱਖੀਆਂ ਹੋਈਆਂ ਹਨ। ਕੇਂਦਰੀ ਚੈਂਬਰ ਛੋਟੇ-ਛੋਟੇ ਕਮਰਿਆਂ ਨਾਲ ਘਿਰਿਆ ਹੋਇਆ ਹੈ, ਜਿਨ੍ਹਾਂ ਦੀ ਵਰਤੋਂ ਪੁਜਾਰੀਆਂ ਅਤੇ ਹੋਰ ਸੇਵਾਦਾਰਾਂ ਦੁਆਰਾ ਅਰਦਾਸਾਂ ਅਤੇ ਰਸਮਾਂ ਲਈ ਕੀਤੀ ਜਾਂਦੀ ਹੈ। ਇਮਾਰਤ `ਤੇ ਆਏ ਖੁੱਲ੍ਹੇ ਖਰਚੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੇ ਸਿਰਫ਼ ਕਲਸ਼ `ਤੇ 800 ਤੋਲੇ (9 ਕਿਲੋ 328 ਗ੍ਰਾਮ) ਸੋਨਾ ਲੱਗਾ ਹੈ ਜੋ ਅੱਜ ਦੀ ਕੀਮਤ `ਤੇ 6 ਕਰੋੜ 65 ਲੱਖ ਰੁਪਏ ਤੋਂ ਵੀ ਵੱਧ ਦਾ ਬਣਦਾ ਹੈ।
ਸਮਾਧ ਦਾ ਇੱਕ ਹੋਰ ਆਕਰਸ਼ਣ ਇਸ ਦੇ ਕੰਧ ਚਿੱਤਰ ਹਨ ਜੋ 24-24 ਤਸਵੀਰਾਂ ਦੇ ਦੋ ਸੈੱਟਾਂ ਦੇ ਰੂਪ ਵਿਚ ਹਨ। ਇਹ ਧਾਰਮਿਕ ਅਤੇ ਸੱਭਿਆਚਾਰਕ ਇਕਸੁਰਤਾ ਦੇ ਸਬੂਤ ਹਨ।
ਚਿੱਤਰਾਂ ਦੇ ਪਹਿਲੇ ਸੈੱਟ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਧਿਆਨ ਸਿੰਘ ਡੋਗਰਾ, ਖੜਕ ਸਿੰਘ, ਨੌਨਿਹਾਲ ਸਿੰਘ, ਗੁਰੂ ਨਾਨਕ ਦੇਵ ਜੀ, ਭਾਈ ਬਾਲਾ ਅਤੇ ਭਾਈ ਮਰਦਾਨਾ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ, ਗੁਰੂ ਹਰਿਗੋਬਿੰਦ ਜੀ ਅਤੇ ਗੁਰੂ ਹਰਿਰਾਏ ਜੀ, ਗੁਰੂ ਹਰਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਿੱਤਰ ਹਨ। ਇੱਥੇ ਹੀ ਵਿਸ਼ਣੂ ਅਵਤਾਰਾਂ ਵਿਚੋਂ ਮਤਸਯ ਅਵਤਾਰ, ਵਾਰਾਹ ਅਵਤਾਰ, ਕੁਰਮ ਅਵਤਾਰ, ਨਰਸਿੰਘ ਅਵਤਾਰ, ਵਾਮਨ ਅਵਤਾਰ, ਪਰਸ਼ੂਰਾਮ ਅਵਤਾਰ, ਕਲਕੀ ਅਵਤਾਰ ਰਾਮ ਦਰਬਾਰ, ਸ੍ਰੀ ਕ੍ਰਿਸ਼ਨ ਅਤੇ ਰਾਧਾ, ਮਾਤਾ ਸੀਤਾ ਤੇ ਸ੍ਰੀ ਰਾਮ ਅਤੇ ਸ੍ਰੀ ਲਛਮਣ, ਸ਼ਿਵ ਜੀ ਅਤੇ ਮਾਤਾ ਪਾਰਵਤੀ, ਮਾਤਾ ਦੁਰਗਾ ਅਤੇ ਹਨੂੰਮਾਨ ਜੀ, ਗਣੇਸ਼ ਜੀ ਆਦਿ ਸ਼ਾਮਿਲ ਹਨ।
ਦੂਜੇ ਸੈੱਟ ਦੀਆਂ ਤਸਵੀਰਾਂ ਦੇ ਵਿਸ਼ੇ ਹਨ: ਦੇਵੀ ਨੂੰ ਮੱਥਾ ਟੇਕਦੇ ਦੇਵਤੇ, ਸ਼ੇਸਨਾਗ `ਤੇ ਆਰਾਮ ਕਰ ਰਹੇ ਭਗਵਾਨ ਵਿਸ਼ਣੂ, ਬੰਸਰੀ ਵਜਾਉਂਦੇ ਸ੍ਰੀ ਕ੍ਰਿਸ਼ਨ, ਚੰਨ ਮੰਗਦੇ ਹੋਏ ਬਾਲ ਕ੍ਰਿਸ਼ਨ, ਵਿਸ਼ਣੂ ਦਾ ਬੈਕੁੰਠ, ਧਰੂ ਭਗਤ, ਵਿਦੁਰ ਦੀ ਸੇਵਾ, ਮਾਨਣੀ ਨਾਇਕਾ, ਜiLੱਦ ਕਰਦੇ ਸ੍ਰੀ ਕ੍ਰਿਸ਼ਨ, ਸੁਦਾਮਾ ਮਿਲਨ, ਰੁਕਮਣੀ ਹਰਣ, ਕ੍ਰਿਸ਼ਨ-ਰਾਧਾ ਘਰ ਮੁੜਦੇ ਹੋਏ, ਬਰਸਾਤ ਦੀ ਸ਼ਾਮ, ਵਿਸ਼ਵਾਮਿੱਤਰ ਦੀ ਪ੍ਰਾਰਥਨਾ, ਅਸੁਰਾਂ `ਤੇ ਹਮਲਾ ਕਰਦੇ ਸ੍ਰੀ ਰਾਮ, ਦਰੋਪਦੀ ਚੀਰਹਰਣ, ਜੰਗਲ ਜਾਂਦੇ ਪਾਂਡਵ, ਸੀਤਾ ਸਵੰਬਰ, ਰਾਮ ਦਰਬਾਰ ਵਿਚ ਵਾਲਮੀਕੀ।
ਚਿੱਤਰਾਂ ਦੇ ਵਿਸ਼ਿਆਂ `ਤੇ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ ਕਿਉਂਕਿ ਉੱਨ੍ਹੀਵੀਂ ਸਦੀ ਤੀਕ ਹਿੰਦੂ ਅਵਤਾਰਾਂ ਅਤੇ ਸਿੱਖ ਗੁਰੂ ਸਾਹਿਬਾਨ ਵਿਚਕਾਰ ਕੋਈ ਵੰਡੀ ਨਹੀਂ ਸੀ। ਇਸ ਸਮੇਂ ਤੀਕ ਦੀਆਂ ਸਾਰੀਆਂ ਇਮਾਰਤਾਂ ਦੇ ਚਿੱਤਰ ਇਸੇ ਤਰ੍ਹਾਂ ਦੇ ਹਨ। ਬਦਕਿਸਮਤੀ ਨਾਲ ਇਨ੍ਹਾਂ ਵਿਚੋਂ ਬਹੁਤੇ ਕਾਰ-ਸੇਵਾ ਕਾਰਨ ਨਸ਼ਟ ਹੋ ਚੁੱਕੇ ਹਨ। ਪੰਜਾਬ ਦੀ ਅਕਾਲੀ ਰਾਜਨੀਤੀ ਨੂੰ ਵੀ ਹਿੰਦੂ-ਸਿੱਖਾਂ ਦੀ ਵੰਡੀ ਵਧੇਰੇ ਰਾਸ ਆਉਂਦੀ ਹੈ। ਇਸ ਵਿਸ਼ੇ `ਤੇ ਪ੍ਰੋਫੈਸਰ ਹਰਜੋਤ ਓਬਰਾਏ ਦੀ ਕਿਤਾਬ (ਧਾਰਮਿਕ ਵੰਡੀਆਂ ਦੀ ਉਸਾਰੀ) ਪੜ੍ਹਨਯੋਗ ਹੈ।
ਹੁਣ ਇਹ ਸਮਾਧ ਲਾਹੌਰ ਵਿਚ ਇੱਕ ਪ੍ਰਸਿੱਧ ਸੈਲਾਨੀ ਆਕਰਸ਼ਣ ਹੈ, ਜੋ ਕਿ ਇਸ ਖੇਤਰ ਦੇ ਇਤਿਹਾਸ ਅਤੇ ਇਮਾਰਤਸਾਜ਼ੀ ਵਿਚ ਦਿਲਚਸਪੀ ਰੱਖਣ ਵਾਲੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਖਿੱਚਦੀ ਹੈ। ਸਮਾਧ ਇੱਕ ਵੱਡੇ ਕੰਪਲੈਕਸ ਦਾ ਹਿੱਸਾ ਹੈ ਜਿਸ ਵਿਚ ਡੇਹਰਾ ਗੁਰੂ ਅਰਜਨ ਦੇਵ ਜੀ, ਹਜ਼ੂਰੀ ਬਾਗ, ਬਾਦਸ਼ਾਹੀ ਮਸਜਿਦ ਅਤੇ ਕਿਲ੍ਹਾ ਸ਼ਾਮਿਲ ਹਨ। ਇਹ ਸਮਾਰਕ ਇੱਕਠਿਆਂ ਮਿਲ ਕੇ ਲਾਹੌਰ ਦੀ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਦੀ ਇੱਕ ਅਮੀਰ ਟੇਪੈਸਟਰੀ ਸਿਰਜਦੀਆਂ ਹਨ।
ਇਸ ਦੀ ਮਹੱਤਤਾ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਨੂੰ ਸੰਭਾਲ ਅਤੇ ਰੱਖ-ਰਖਾਅ ਨਾਲ ਸਬੰਧਿਤ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਮਾਰਤ ਸਮੇਂ, ਮੌਸਮ ਅਤੇ ਪ੍ਰਦੂਸ਼ਣ ਦੀ ਮਾਰ ਦਾ ਸਾਹਮਣਾ ਕਰ ਰਹੀ ਹੈ ਜਿਸ ਨਾਲ ਇਸ ਦੇ ਕੰਧ-ਚਿੱਤਰ ਅਤੇ ਹੋਰ ਸਜਾਵਟੀ ਤੱਤ ਖ਼ਰਾਬ ਹੋ ਰਹੇ ਹਨ। ਸਮਾਧ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਸਾਲਾਂ ਤੋਂ ਯਤਨ ਕੀਤੇ ਜਾ ਰਹੇ ਹਨ, ਪਰ ਸਾਧਨਾਂ ਅਤੇ ਮੁਹਾਰਤ ਦੀ ਘਾਟ ਕਾਰਨ ਇਨ੍ਹਾਂ ਵਿਚ ਰੁਕਾਵਟ ਆ ਰਹੀ ਹੈ। ਇਹ ਸਮਾਧ ਲਾਹੌਰ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿਚ ਸਥਿਤ ਹੈ, ਜਿਸ ਕਾਰਨ ਇਸ ਨੂੰ ਸ਼ਹਿਰੀਕਰਨ ਦੇ ਦਬਾਅ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸਮਾਧ ਦੇ ਨੇੜੇ-ਤੇੜੇ ਕੀਤੇ ਗਏ ਕਬਜ਼ਿਆਂ ਅਤੇ ਨਵੀਆਂ ਇਮਾਰਤਾਂ ਦੀ ਉਸਾਰੀ ਨੇ ਇਸ ਦੀ ਸੰਰਚਨਾਤਮਕ ਅਖੰਡਤਾ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ ਅਤੇ ਆਲੇ-ਦੁਆਲੇ ਦੇ ਖੇਤਰ ਦੇ ਸੁਹਜ ਨੂੰ ਵੀ ਘਟਾ ਦਿੱਤਾ ਹੈ। ਸਮਾਧ ਨੂੰ ਇਤਿਹਾਸਕ ਯਾਦਗਾਰ ਵਜੋਂ ਰਾਖੀ ਅਤੇ ਸੰਭਾਲ ਲਈ ਹੋਰ ਠੋਸ ਯਤਨਾਂ ਦੀ ਲੋੜ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਭਾਰਤੀ ਉਪ ਮਹਾਂਦੀਪ ਦੀ ਅਮੀਰ ਅਤੇ ਵਿਭਿੰਨ ਸੱਭਿਆਚਾਰਕ ਵਿਰਾਸਤ ਦਾ ਸ਼ਕਤੀਸ਼ਾਲੀ ਪ੍ਰਤੀਕ ਹੈ। ਇਹ ਇੱਕ ਅਜਿਹੇ ਆਗੂ ਦਾ ਸਮਾਰਕ ਹੈ ਜਿਸ ਨੇ ਆਪਣੀ ਦੂਰ-ਦ੍ਰਿਸ਼ਟੀ ਅਤੇ ਅਗਵਾਈ ਦੁਆਰਾ ਖੁਸ਼ਹਾਲ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਲਈ ਵੱਖ-ਵੱਖ ਧਰਮਾਂ ਅਤੇ ਪਿਛੋਕੜਾਂ ਦੇ ਲੋਕਾਂ ਨੂੰ ਇਕੱਠੇ ਕੀਤਾ। ਸਿੱਖ, ਹਿੰਦੂ ਅਤੇ ਇਸਲਾਮੀ ਸ਼ੈਲੀ ਦੇ ਸੁਮੇਲ ਨਾਲ ਸਮਾਧ ਦੀ ਇਮਾਰਤਸਾਜ਼ੀ ਦੀ ਸ਼ਾਨ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਸੰਮਲਿਤ ਅਤੇ ਸਹਿਣਸ਼ੀਲ ਸੁਭਾਅ ਨੂੰ ਦਰਸਾਉਂਦੀ ਹੈ।