ਹਿੰਦੋਸਤਾਨ ਤੇ ਪਾਕਿਸਤਾਨ ਦੀਆਂ ਮੁਹੱਬਤਾਂ ਦੇ ਰਿਸ਼ਤੇ ਅਤੇ ਨਫਰਤ ਦੀਆਂ ਕੰਧਾਂ…

ਮੋਦੀ ਸਰਕਾਰ ਦੀ ਜ਼ਿਦ ਕਾਰਨ ਲਹਿੰਦੇ ਪੰਜਾਬ ਵਿਚ ਬਣੀ ਪੰਜਾਬੀ ਫਿਲਮ ‘ਦਿ ਲੀਜੈਂਡ ਆਫ ਮੌਲਾ ਜੱਟ’ ਭਾਰਤ ਵਿਚ ਦਿਖਾਈ ਨਹੀਂ ਜਾ ਸਕੀ।

ਪਹਿਲੀਆਂ ਰਿਪੋਰਟਾਂ ਅਨੁਸਾਰ, ਇਹ ਫਿਲਮ ਭਾਰਤ ਵਿਚ 2 ਅਕਤੂਬਰ ਨੂੰ ਰਿਲੀਜ਼ ਹੋਣੀ ਸੀ। ਲੋਕ, ਖਾਸ ਕਰ ਕੇ ਪੰਜਾਬੀ ਇਸ ਫਿਲਮ ਦੀ ਉਡੀਕ ਬਹੁਤ ਬੇਸਬਰੀ ਨਾਲ ਕਰ ਰਹੇ ਸਨ ਪਰ ਐਨ ਮੌਕੇ ‘ਤੇ ਆ ਕੇ ਭਾਰਤ ਸਰਕਾਰ ਨੇ ਇਹ ਫਿਲਮ ਭਾਰਤ ਵਿਚ ਦਿਖਾਉਣ ਦੀ ਆਗਿਆ ਨਹੀਂ ਦਿੱਤੀ।
ਇਹ ਫਿਲਮ 2022 ਵਿਚ ਬਣੀ ਸੀ ਅਤੇ ਇਸ ਵਿਚ ਫਵਾਦ ਖਾਨ, ਮਹੀਰਾ ਖਾਨ, ਹਮਜ਼ਾ ਅਲੀ ਅੱਬਾਸ, ਹੁਮੈਮਾ ਖਾਨ, ਗੌਹਰ ਰਸ਼ੀਦ, ਫਾਰਿਸ ਸ਼ਰੀਫ, ਸ਼ਫਕਤ ਚੀਮਾ, ਬਾਬਰ ਅਲੀ ਵਰਗੇ ਅਦਾਕਾਰਾਂ ਨੇ ਆਪੋ-ਆਪਣੀ ਕਲਾ ਦੇ ਜੌਹਰ ਦਿਖਾਏ ਹਨ। 13 ਅਕਤੂਬਰ 2022 ਨੂੰ ਰਿਲੀਜ਼ ਹੋਈ ਇਹ ਫਿਲਮ ਅਸਲ ਵਿਚ 1979 ਵਿਚ ਬਣੀ ਮਸ਼ਹੂਰ ਫਿਲਮ ‘ਮੌਲਾ ਜੱਟ’ ਦਾ ਰੀਮੇਕ ਹੈ। ਉਸ ਫਿਲਮ ਵਿਚ ਸੁਲਤਾਨ ਰਾਹੀ, ਮੁਸਤਫਾ ਕੁਰੈਸ਼ੀ, ਆਸੀਆ, ਕੈਫੀ, ਅਦੀਬ ਆਦਿ ਕਾਲਾਰਾਂ ਨੇ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਸਨ। ਉਦੋਂ ਉਹ ਫਿਲਮ ਯੂਨਿਸ ਮਲਿਕ ਨੇ ਨਿਰਦੇਸ਼ਤ ਕੀਤੀ ਸੀ। ਹੁਣਵਾਲੀ ਫਿਲਮ ਬਿਲਾਲ ਲਾਸ਼ਰੀ ਨੇ ਨਿਰਦੇਸ਼ਤ ਕੀਤੀ ਹੈ।
ਯਾਦ ਰਹੇ ਕਿ ਇਸ ਫਿਲਮ ਦੀ ਅੰਤਾਂ ਦੀ ਚਰਚਾ ਹੋਈ ਅਤੇ ਇਸ ਨੇ ਕਮਾਈ ਵੀ ਅੰਤਾਂ ਦੀ ਕੀਤੀ। ਇਕ ਰਿਪੋਰਟ ਅਨੁਸਾਰ, ਇਸ ਪਾਕਿਸਤਾਨੀ ਫਿਲਮ ਨੇ 400 ਕਰੋੜ ਰੁਪਏ ਤੋਂ ਉਪਰ ਕਮਾਈ ਕੀਤੀ। ਜਿਉਂ ਹੀ ਇਹ ਫਿਲਮ ਰਿਲੀਜ਼ ਹੋਈ, ਇਸ ਨੂੰ ਭਾਰਤ ਵਿਚ ਦਿਖਾਉਣ ਦੀ ਮੰਗ ਵੀ ਹੋਣ ਲੱਗ ਪਈ। ਅਸਲ ਵਿਚ, ਇਸ ਫਿਲਮ ਵਿਚ ਮੁੱਖ ਕਿਰਦਾਰ ਨਿਭਾਉਣ ਵਾਲੇ ਫਵਾਦ ਖਾਨ ਅਤੇ ਮਹੀਰਾ ਖਾਨ ਨੂੰ ਭਾਰਤੀ ਦਰਸ਼ਕ ਬਹੁਤ ਪਸੰਦ ਕਰਦੇ ਹਨ। ਉਂਝ ਵੀ ‘ਮੌਲਾ ਜੱਟ’ ਇਕ ਵਾਰ ਫਿਰ ਪੰਜਾਬ ਦੇ ਦਰਵਾਜ਼ੇ ‘ਤੇ ਦਸਤਕ ਦੇ ਰਿਹਾ ਸੀ ਤਾਂ ਪੰਜਾਬੀ ਦਰਸ਼ਕ ਇਹ ਫਿਲਮ ਦੇਖਣ ਲਈ ਕਾਹਲੇ ਪੈ ਗਏ ਪਰ ਮੋਦੀ ਸਰਕਾਰ ਦੀਆਂ ਨਫਰਤ ਨਾਲ ਭਰੀਆਂ ਨੀਤੀਆਂ ਕਾਰਨ ਪੰਜਾਬ ਦੇ ਦਰਸ਼ਕ ਇਕ ਵਾਰ ਫਿਰ ਇਹ ਫਿਲਮ ਦੇਖਣ ਤੋਂ ਰਹਿ ਗਏ ਹਨ। ਫਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਹ ਇਹ ਫਿਲਮ ਭਾਰਤ ਵਿਚ ਰਿਲੀਜ਼ ਕਰਵਾਉਣ ਲਈ ਲਗਾਤਾਰ ਯਤਨ ਕਰ ਰਹੇ ਹਨ। ਫਿਲਹਾਲ ਭਾਰਤੀ ਦਰਸ਼ਕਾਂ ਨੂੰ ਇਸ ਫਿਲਮ ਦੀ ਉਡੀਕ ਹੀ ਕਰਨੀ ਪਵੇਗੀ। -ਕੁਦਰਤ ਕੌਰ