ਹਰਪ੍ਰੀਤ ਕੌਰ ਧੂਤ ਦੀ ਕਥਾਕਾਰੀ ਅਤੇ ਪ੍ਰਵਚਨ

ਸੁਹਿੰਦਰ ਬੀਰ
ਹੱਥਲੇ ਲੇਖ ਵਿਚ ਮੈਂ ਹਰਪ੍ਰੀਤ ਕੌਰ ਧੂਤ ਦੇ ਨਵ-ਪ੍ਰਕਾਸ਼ਿਤ ਕਹਾਣੀ-ਸੰਗ੍ਰਹਿ ‘ਸੂਰਜ ਹਾਰ ਗਿਆ ਹੈ’ ਦੀਆਂ ਕੁਝ ਕਹਾਣੀਆਂ ਦੇ ਆਧਾਰ `ਤੇ ਉਸ ਦੀ ਕਥਾ ਕਾਰੀ ਅਤੇ ਪ੍ਰਵਚਨ ਬਾਰੇ ਆਪਣੇ ਵਿਚਾਰ ਪੇਸ਼ ਕਰ ਰਿਹਾ ਹਾਂ। ਉਸ ਦੀ ਕਹਾਣੀ ‘ਘਰ’ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਘਰ ਦੀ ਹੋਂਦ ਬਾਰੇ ਜੋ ਭਾਰਤੀ ਪਰੰਪਰਾ ਵਿਚ ਇੱਕ ਸੰਕਲਪ ਬਣਿਆ ਹੋਇਆ ਹੈ

ਇਹ ਉਸ ਪਰੰਪਰਾਗਤ ਸੰਕਲਪ ਨੂੰ ਤੋੜ ਕੇ ਨਵੇਂ ਅਰਥਾਂ ਵਿਚ ਢਾਲਣ ਦੀ, ਰੂਪਾਂਤਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿੱਥੋਂ ਤੱਕ ਹਰਪ੍ਰੀਤ ਦੀ ਸਿਰਜਣ ਪ੍ਰਕਿਰਿਆ ਦਾ ਤਾਅਲੁਕ ਹੈ ਉਹ ਉਸ ਦੇ ਪਰਵਾਸ ਨਾਲ ਆਰੰਭ ਹੁੰਦਾ ਹੈ। ਹਰਪ੍ਰੀਤ ਨੇ 1997 ਵਿਚ ਅਮਰੀਕਾ ਵਿਖੇ ਪਰਵਾਸ ਧਾਰਨ ਕੀਤਾ ਅਤੇ ਉਸ ਤੋਂ ਬਾਅਦ ਕਵਿਤਾ ਤੇ ਕਹਾਣੀ ਉਸਦੀ ਸਿਰਜਣ ਪ੍ਰਕਿਰਿਆ ਵਿਚ ਸਮਵਿਥ ਚਲਦੀਆਂ ਰਹੀਆਂ। ਉਹ ਹੁਣ ਤੱਕ ਕਵਿਤਾ ਦੇ ਤਿੰਨ ਸੰਗ੍ਰਹਿ ਵੀ ਪ੍ਰਕਾਸ਼ਿਤ ਕਰਵਾ ਚੁੱਕੀ ਹੈ ਅਤੇ ਹੁਣ ਉਸਨੇ 2024 ਵਿਚ ‘ਸੂਰਜ ਹਾਰ ਗਿਆ ਹੈ’ ਕਹਾਣੀ ਸੰਗ੍ਰਹਿ ਦੀ ਪ੍ਰਕਾਸ਼ਨਾ ਕੀਤੀ ਹੈ।
ਇਸ ਕਹਾਣੀ-ਸੰਗ੍ਰਹਿ ਵਿਚ ਪ੍ਰਤਿਭਾ ਇੱਕ ਅਜਿਹਾ ਕਿਰਦਾਰ ਹੈ ਜੋ ਭਾਰਤੀ ਅਤੇ ਪਰੰਪਰਾਗਤ ਜੀਵਨ ਦਾ ਅਨੁਸਾਰੀ ਹੈ ਅਤੇ ਲਗਭਗ ਆਪਣੀ ਸਾਰੀ ਜ਼ਿੰਦਗੀ ਇਸੇ ਹੀ ਸਮਾਜਕ-ਸਭਿਆਚਾਰਕ ਵਿਧੀ ਵਿਧਾਨ ਅਨੁਸਾਰ ਉਸ ਨੇ ਬਸਰ ਕੀਤੀ ਹੈ। ਉਸ ਦਾ ਆਪਣਾ ਜੀਵਨ ਪਤੀ ਦੇ ਨਾਲ ਬਹੁਤ ਸੁਖਾਵਾਂ ਬਤੀਤ ਹੋਇਆ ਹੈ। ਉਸ ਦੀਆਂ ਤਿੰਨ ਧੀਆਂ ਸ਼ਾਲਿਨੀ, ਰੀਮਾ ਅਤੇ ਰਮਾ ਹਨ। ਕੁਝ ਅਰਸਾ ਪਹਿਲਾਂ ਉਸਦਾ ਪਤੀ ਉਸ ਨੂੰ ਵਿਛੋੜਾ ਦੇ ਜਾਂਦਾ ਹੈ ਅਤੇ ਹੁਣ ਘਰ ਪਰਿਵਾਰ ਅਤੇ ਧੀਆਂ ਦੀ ਜ਼ਿੰਮੇਵਾਰੀ ਉਸਦੇ ਸਿਰ ਆ ਪੈਂਦੀ ਹੈ। ਉਹ ਲੋੜ ਤੋਂ ਵੱਧ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦੀ ਹੈ, ਉਸਦੇ ਦੁੱਖ ਨੂੰ ਪਤੀ ਦਾ ਵਿਯੋਗ ਵਧੇਰੇ ਦੁਖਾਂਤਕ ਬਣਾਉਂਦਾ ਹੈ। ਉਸਦੀ ਦਿਲੀ ਇੱਛਾ ਹੈ ਕਿ ਜਿਵੇਂ ਉਸ ਨੇ ਆਦਰਸ਼ਕ ਪਤਨੀ ਵਾਂਗ ਸਾਰੀ ਜ਼ਿੰਦਗੀ ਬਤੀਤ ਕੀਤੀ ਹੈ, ਉਸ ਦੀਆਂ ਧੀਆਂ ਵੀ ਆਪਣੇ ਪਤੀਆਂ ਨਾਲ ਉਸੇ ਤਰ੍ਹਾਂ ਦਰ-ਗੁਜ਼ਰ ਕਰ ਕੇ ਆਪਣੀ ਜ਼ਿੰਦਗੀ ਬਤੀਤ ਕਰਨ। ਉਹ ਹਰ ਹੀਲੇ ਆਪਣੀਆਂ ਧੀਆਂ ਦੇ ਘਰ ਨੂੰ ਵਸਦਾ-ਰਸਦਾ ਅਤੇ ਸੰਗਠਿਤ ਕਰਨ ਦੀ ਸਲਾਹ ਦਿੰਦੀ ਹੈ। ਉਹ ਜਾਣਦੀ ਹੈ ਕਿ ਵਿਗਠਤ ਹੋਇਆ ਜਾਂ ਟੁੱਟਾ ਹੋਇਆ ਘਰ ਪਰਿਵਾਰ ਲਈ ਆਉਣ ਵਾਲੇ ਸਮੇਂ ਵਿਚ ਬਿਪਤਾਵਾਂ ਦੇ ਪਹਾੜ ਵਾਂਗ ਟੁੱਟਦਾ ਹੈ। ਇਸ ਦਾ ਕਾਰਨ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਭਾਰਤ ਦੀ ਪਰੰਪਰਾਗਤ ਨਾਰੀ ਆਰਥਿਕ ਤੌਰ `ਤੇ ਆਪਣੇ ਪਤੀ `ਤੇ ਹੀ ਨਿਰਭਰ ਕਰਦੀ ਹੈ ਤੇ ਜ਼ਿੰਦਗੀ ਜਿਉਣ ਲਈ ਆਰਥਿਕ ਸਹਾਰੇ ਦੀ ਸਭ ਤੋਂ ਵਧੀਕ ਲੋੜ ਹੁੰਦੀ ਹੈ। ਕਹਾਣੀਕਾਰਾ ਨੇ ਇਸ ਕਹਾਣੀ ਦੇ ਨਾਲ ਨਾਲ ਟੈਲੀਵਿਜ਼ਨ `ਤੇ ਹੋ ਰਹੀ ਨਾਰੀਵਾਦ ਬਾਰੇ ਨਾਰੀ ਦੀ ਬਹਿਸ ਨੂੰ ਵੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਪਰ ਇਨ੍ਹਾਂ ਨਾਰੀਵਾਦੀ ਵਿਚਾਰਾਂ ਨਾਲ ਸੰਬੰਧਿਤ ਔਰਤਾਂ ਦੀ ਬਹਿਸ ਉਸਨੂੰ ਕੋਈ ਵਧੇਰੇ ਸਾਰਥਕ ਨਹੀਂ ਪ੍ਰਤੀਤ ਹੁੰਦੀ।
ਕਥਾਕਾਰਾ ਦਾ ਕਹਿਣਾ ਹੈ ਕਿ ਕੁੜੀਆਂ ਨੂੰ ਆਪਣਾ ਘਰ ਆਪ ਬਣਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਸਾਰੀ ਉਮਰ ਇਸ ਗੱਲ ਦਾ ਮਿਹਣਾ ਨਾ ਸਹਿਣਾ ਪਵੇ ਕਿ ਇਹ ਘਰ ਮੁੰਡੇ ਦਾ ਹੈ ਜਾਂ ਮੁੰਡਾ ਇਹ ਨਹੀਂ ਕਹੇਗਾ ਕਿ ਇਹ ਘਰ ਮੇਰਾ ਹੈ ਤੇ ਤੂੰ ਮੇਰੇ ਘਰੋਂ ਨਿਕਲ ਜਾ। ਪੱਛਮੀ ਦੇਸ਼ਾਂ ਵਿਚ ਜਦੋਂ ਵੀ ਲੜਕੇ ਤੇ ਲੜਕੀ ਦਾ ਵਿਆਹ ਹੁੰਦਾ ਹੈ ਤਾਂ ਉਹ ਦੋਵੇਂ ਰਲ ਕੇ ਆਪਣਾ ਘਰ ਬਣਾਉਂਦੇ ਹਨ ਅਤੇ ਜੇ ਰੱਬ ਨਾ ਕਰੇ ਦੋਹਾਂ ਦਾ ਤੋੜ-ਵਿਛੋੜ ਹੋ ਵੀ ਜਾਂਦਾ ਹੈ, ਤਲਾਕ ਤੱਕ ਨੌਬਤ ਆ ਜਾਂਦੀ ਹੈ ਤਾਂ ਉਨ੍ਹਾਂ ਦੁਆਰਾ ਬਣਾਇਆ ਘਰ ਦੋ ਹਿੱਸਿਆਂ ਵਿਚ ਪਤੀ-ਪਤਨੀ ਵਿਚਕਾਰ ਵੰਡ ਲਿਆ ਜਾਂਦਾ ਹੈ। ਇਹ ਨਵਾਂ ਵਿਚਾਰ ਹਰਪ੍ਰੀਤ ਕੌਰ ਧੂਤ ਨੇ ਆਪਣੀਆਂ ਕਹਾਣੀਆਂ ਵਿਚ ਪੇਸ਼ ਕੀਤਾ ਹੈ। ਇਸ ਕਹਾਣੀ ਵਿਚ ਇਕ ਵਿਚਾਰ ਵਧੇਰੇ ਕਰਕੇ ਉਭਰ ਕੇ ਸਾਹਮਣੇ ਆਇਆ ਹੈ ਕਿ ਜੇ ਲੜਕੀ ਵਿਆਹ ਤੋਂ ਪਹਿਲਾਂ ਆਪਣਾ ਘਰ ਬਣਾ ਲਵੇਗੀ ਤੇ ਫਿਰ ਉਸ ਦਾ ਆਉਣ ਵਾਲਾ ਜੀਵਨ ਵਧੇਰੇ ਸੁਖਮਈ ਹੋ ਸਕਦਾ ਹੈ, ਉਸ ਨੂੰ ਮਾਨਸਿਕ ਤੌਰ `ਤੇ ਘਰ ਦੇ ਮਿਹਣੇ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ ਅਤੇ ਇਕ ਵਿਲੱਖਣ ਭਾਂਤ ਦਾ ਸਕੂਨ ਹਾਸਲ ਹੋਣ ਦੀ ਵੀ ਸੰਭਾਵਨਾ ਬਣੀ ਰਹਿੰਦੀ ਹੈ। ਇਹ ਵਿਚਾਰ ਸਮਾਜਕ-ਸਭਿਆਚਾਰਕ ਅਤੇ ਮਨੋਵਿਗਿਆਨਕ ਪੱਖ ਤੋਂ ਨਵੀਨ ਮਹਿਸੂਸ ਹੁੰਦਾ ਹੈ।
ਮੈਂ ਸਮਝਦਾ ਹਾਂ ਕਿ ਹਰਪ੍ਰੀਤ ਕੌਰ ਧੂਤ ਦਾ ਔਰਤ ਲਈ ਸਵੈ-ਨਿਰਭਰਤਾ ਅਤੇ ਘਰ ਬਣਾਉਣ ਦਾ ਸੰਕਲਪ ਸਮਾਜ ਸ਼ਾਸਤਰ ਦੇ ਪੱਖ ਤੋਂ ਬਹੁਤ ਹੀ ਮਹੱਤਵਪੂਰਨ ਅਤੇ ਆਉਣ ਵਾਲੇ ਸਮਾਜ ਨੂੰ ਸਾਰਥਕ ਸੇਧ ਦੇਣ ਵਾਲਾ ਹੈ। ਇਹ ਅਜੋਕੇ ਸਮੇਂ ਵਿਚ ਬਹੁਤ ਹੀ ਉਸਾਰੂ ਨਜ਼ਰੀਆ ਹੈ ਜਿਸ ਦੀ ਮੈਂ ਭਰਪੂਰ ਪ੍ਰਸ਼ੰਸਾ ਕਰਦਾ ਹਾਂ।
ਕਹਾਣੀ ‘ਖਾਲੀਪਨ’ ਸਿੰਮੀ ਅਤੇ ਕਮਲ ਦੇ ਵਿਆਹੁਤਾ ਜੀਵਨ ਨੂੰ ਪੇਸ਼ ਕਰਦੀ ਹੈ, ਭਾਵੇਂ ਇਸ ਕਹਾਣੀ ਵਿਚ ਹੋਰ ਵੀ ਬਹੁਤ ਸਾਰੇ ਬਿਰਤਾਂਤ ਹਨ ਜੋ ਸਿੱਧੇ ਅਸਿੱਧੇ ਤਰੀਕੇ ਨਾਲ ਵਿਆਹੁਤਾ ਜ਼ਿੰਦਗੀ ਦੀ ਅਸਲੀਅਤ ਨੂੰ ਯਥਾਰਥਕ ਰੂਪ ਵਿਚ ਪੇਸ਼ ਕਰਨ ਨਾਲ ਜੁੜੇ ਹੋਏ ਹਨ। ਅਜਿਹਾ ਇੱਕ ਵੇਰਵਾ ਦਲੀਪ ਅਤੇ ਅਮਨ ਦਾ ਵੀ ਹੈ।
ਦਲੀਪ ਅਤੇ ਅਮਨ ਦਾ ਜਦੋਂ ਵਿਆਹ ਹੁੰਦਾ ਹੈ ਤਾਂ ਦਲੀਪ ਅਮਨ ਨੂੰ ਆਪਣੇ ਪਿੰਡ ਛੱਡ ਕੇ ਬਾਹਰਲੇ ਦੇਸ਼ ਚਲਾ ਜਾਂਦਾ ਹੈ। ਕੁਝ ਸਾਲਾਂ ਬਾਅਦ ਜਦੋਂ ਉਹ ਅਮਨ ਨੂੰ ਲੈ ਕੇ ਬਾਹਰ ਆਇਆ ਤਾਂ ਉਸ ਨੂੰ ਸ਼ੱਕਾ ਰਹਿੰਦਾ ਹੈ ਕਿ ਉਸ ਦਾ ਉਸਦੇ ਪਿੰਡ ਰਹਿੰਦੇ ਭਾਣਜੇ ਨਾਲ ਜਿਨਸੀ ਸੰਬੰਧ ਸੀ। ਇਹ ਸ਼ੰਕਾ ਉਸਦੀ ਮਾਨਸਿਕਤਾ `ਤੇ ਏਨਾ ਭਾਰੂ ਹੋ ਜਾਂਦਾ ਹੈ ਕਿ ਉਹ ਉਹ ਨੂੰ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਉਸਦੇ ਬੱਚੇ ਹੋਇਆਂ ਨੂੰ ਵੀ ਕਾਫ਼ੀ ਸਮਾਂ ਬੀਤ ਚੁੱਕਾ ਹੈ ਪਰ ਉਹ ਅਮਨ ਨਾਲ ਲੜਦਾ ਰਹਿੰਦਾ ਹੈ ਤੇ ਕਦੇ-ਕਦੇ ਉਹਨੂੰ ਘਰੋਂ ਬਾਹਰ ਵੀ ਕੱਢ ਦਿੰਦਾ ਹੈ। ਅਸਲ ਵਿਚ ਇਹ ਮੁੱਦਾ ਪਰਵਾਸੀਆਂ ਦੇ ਵਿਆਹੁਤਾ-ਜੀਵਨ ਦਾ ਇੱਕ ਵਿਲੱਖਣ ਸੱਚ ਹੈ। ਪਰਵਾਸੀ ਆਪਣੀ ਵਡੇਰੀ ਉਮਰ ਵਿਚ ਛੋਟੀ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰ ਲੈਂਦੇ ਹਨ ਅਤੇ ਫਿਰ ਉਨ੍ਹਾਂ ਦੀਆਂ ਪਤਨੀਆਂ ਨਿਰਾਸ਼ ਹੋ ਕੇ ਸਾਥ ਤੋੜ ਦਿੰਦੀਆਂ ਹਨ, ਜਿਸ ਨਾਲ ਵਿਆਹੁਤਾ ਜ਼ਿੰਦਗੀ ਸਮੱਸਿਆ ਪੂਰਕ ਹੋ ਜਾਂਦੀ ਹੈ। ਇਸੇ ਤਰ੍ਹਾਂ ਅਮਨ ਵੀ ਕੁਝ ਸਾਲਾਂ ਬਾਅਦ ਦੇਸ਼ ਜਾ ਕੇ ਆਪਣੇ ਤੋਂ ਛੋਟੀ ਉਮਰ ਦੇ ਮੁੰਡੇ ਨਾਲ ਵਿਆਹ ਕਰ ਲੈਂਦੀ ਹੈ। ਪਹਿਲਾਂ ਉਸਦੇ ਪਤੀ ਨੇ ਇਹ ਕਾਰਜ ਕੀਤਾ, ਹੁਣ ਉਹੀ ਕਾਰਜ ਉਸ ਨੇ ਆਪਣੇ ਨਵੇਂ ਪਤੀ ਨਾਲ ਕੀਤਾ। ਸਕੂਨ ਦੋਹਾਂ ਪਾਸੋਂ ਨਹੀਂ ਮਿਲਿਆ। ਦੂਸਰਾ ਤਾਂ ਅਮਨ ਦੀ ਕੁੱਟ-ਮਾਰ ਵੀ ਕਰਦਾ ਸੀ।
ਇਸ ਵੇਰਵੇ ਤੋਂ ਬਾਅਦ ਇਹ ਕਹਾਣੀ ਆਪਣੇ ਮੂਲ ਮੁੱਦੇ ਵੱਲ ਆਉਂਦੀ ਹੈ ਸਿੰਮੀ ਅਤੇ ਕਮਲ ਦੀ ਵਿਆਹੁਤਾ ਜ਼ਿੰਦਗੀ ਆਰਥਿਕ ਪੱਖ ਤੋਂ ਭਾਵੇਂ ਸੁਖਾਵੀਂ ਹੈ ਪਰ ਉਨ੍ਹਾਂ ਦੀ ਜ਼ਿੰਦਗੀ ਦਾ ਅੰਦਰਲਾ ਸੁਖਾਵਾਂਪਨ ਗ਼ਾਇਬ ਹੈ, ਜਿਸ ਨਾਲ ਮਨਾਂ ਵਿਚ ਖਾਲੀਪਨ ਆ ਗਿਆ ਹੈ। ਇਸ ਖਾਲੀਪਨ ਦਾ ਆਧਾਰ ਇਸ ਕਹਾਣੀ ਦੇ ਸਿੰਮੀ ਅਤੇ ਜੱਸੀ ਨਾਲ ਹੋਏ ਵਿਹਾਰ ਵਿਚੋਂ ਪ੍ਰਾਪਤ ਹੁੰਦਾ ਹੈ। ਇਹ ਵੇਰਵੇ ਵਿਆਹੁਤਾ ਜੀਵਨ ਦੇ ਜਿਨਸੀ ਅਤੇ ਆਤਮਿਕ ਰਿਸ਼ਤੇ ਨਾਲ ਜੁੜੇ ਹੋਏ ਹਨ। ਜਿਵੇਂ ਜੱਸੀ ਜਦੋਂ ਸਿੰਮੀ ਦੇ ਘਰ ਉਸਨੂੰ ਮਿਲਣ ਆਉਂਦੀ ਹੈ ਤਾਂ ਉਹ ਹੈਰਾਨ -ਪਰੇਸ਼ਾਨ ਰਹਿ ਜਾਂਦੀ ਹੈ ਕਿ ਜੱਸੀ ਤਾਂ ਸੱਚ ਮੁੱਚ ਇੱਕ ਵੱਡੇ ਮਹਿਲ ਵਿਚ ਰਾਣੀਆਂ ਵਾਂਗੂ ਰਹਿ ਰਹੀ ਹੈ। ਉਹ ਸਿੰਮੀ ਨੂੰ ਇਹ ਅਹਿਸਾਸ ਕਰਾਉਣਾ ਚਾਹੁੰਦੀ ਹੈ ਕਿ ਉਹ ਤਾਂ ਬਹੁਤ ਕਿਸਮਤ ਵਾਲੀ ਏ।
ਇਸਦੇ ਜਵਾਬ ਵਿਚ ਸਿੰਮੀ ਕਹਿੰਦੀ ਹੈ ਕਿ ਮੈਨੂੰ ਮੇਰੇ ਪਤੀ ਨੇ ਵਸਤੂ ਹੀ ਸਮਝ ਰੱਖਿਆ ਹੈ। ਉਸ ਨੇ ਮੈਨੂੰ ਆਪਣਾ ਕਰੈਡਿਟ ਕਾਰਡ ਦਿੱਤਾ ਹੈ ਪਰ ਕਰੈਡਿਟ ਕਾਰਡ ਦੀ ਪ੍ਰਾਪਤੀ ਨਾਲ ਜਾਂ ਵਸਤਾਂ ਖਰੀਦਣ ਨਾਲ ਰੂਹਾਂ ਨੂੰ ਸਕੂਨ ਨਹੀਂ ਮਿਲਦਾ। ਸਕੂਨ ਤਾਂ ਤਦ ਮਿਲਦਾ ਹੈ ਜੇ ਜਿਨਸੀ ਸਾਂਝ ਦੇ ਨਾਲ ਨਾਲ ਆਤਮਕ ਸਾਂਝ ਵੀ ਕਾਇਮ ਹੋਵੇ। ਇਸ ਕਹਾਣੀ ਵਿਚ ਕਥਾਕਾਰਾ ਨੇ ਆਪਣੇ ਪਿੰਡ ਦੇ ਤਾਏ ਬਘੇਲ ਸਿੰਘ ਦਾ ਵੇਰਵਾ ਵੀ ਦਿੱਤਾ ਹੈ, ਜੋ ਇਸ ਥੀਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿਚ ਆਪਣਾ ਅਹਿਮ ਰੋਲ ਅਦਾ ਕਰਦਾ ਹੈ। ਤਾਇਆ ਬਘੇਲ ਸਿੰਘ ਤਾਈ ਦੇ ਵਿਛੜ ਜਾਣ ਤੋਂ ਬਾਅਦ ਆਪਣੇ ਸ਼ਰੀਕੇ-ਭਾਈਚਾਰੇ ਵਿਚ ਕਹਿੰਦਾ ਹੈ ਕਿ ਮੇਰੀ ਰੂਹ ਮੇਰੇ ਤੋਂ ਅਲਹਿਦਾ ਹੋ ਗਈ ਹੈ। ਕਥਾਕਾਰਾ ਇਹ ਦਲੀਲ ਦਿੰਦੀ ਹੈ ਕਿ ਤਾਈ ਨੇ ਆਪਣੇ ਸਾਰੇ ਗਹਿਣੇ-ਗੱਟੇ ਆਪਣੀ ਸਾਰੀ ਜ਼ਿੰਦਗੀ ਪਤੀ ਦੇ ਭਰਾਵਾਂ ਆਪਣੇ ਧੀਆਂ-ਪੁੱਤਰਾਂ ਦੇ ਜੀਵਨ ਨਿਰਬਾਹ ਲਈ ਅਰਪਣ ਕਰ ਦਿੱਤੀ ਸੀ ਪਰ ਤਾਇਆ ਹਮੇਸ਼ਾ ਉਹਦੇ ਨਾਲ ਲੜਦਾ-ਝਗੜਦਾ ਰਹਿੰਦਾ ਸੀ। ਤਾਏ ਨੇ ਤਾਈ ਦੇ ਸਮਰਪਣ ਦਾ ਸੁਹਿਰਦਤਾ ਨਾਲ ਮੁੱਲ ਨਹੀਂ ਪਾਇਆ। ਹੁਣ ਉਸਦੇ ਜਾਣ ਤੋਂ ਬਾਅਦ ਦਿਖਾਵੇ ਦੇ ਤੌਰ `ਤੇ ਰੂਹ ਦੇ ਚਲੇ ਜਾਣ ਦਾ ਇਜ਼ਹਾਰ ਕਰਦਾ ਹੈ ਜੋ ਸਹੀ ਨਹੀਂ।
ਹਰਪ੍ਰੀਤ ਕੌਰ ਧੂਤ ਸੂਖਮ ਕਿਸਮ ਦੀ ਕਥਾਕਾਰਾ ਹੈ। ਉਹ ਕਵਿਤਾ ਵੀ ਲਿਖਦੀ ਹੈ ਅਤੇ ਕਹਾਣੀ ਵੀ। ਉਸਦੀ ਸ਼ਖ਼ਸੀਅਤ ਵਿਚ ਕਵੀ ਵਾਲੀ ਸੰਵੇਦਨਾ ਵੀ ਹੈ ਅਤੇ ਕਥਾਕਾਰਾਂ ਵਾਲੀ ਗਹਿਰਾਈ ਵੀ। ਉਹ ਆਪਣੇ ਸਮਾਜ ਅਤੇ ਸਭਿਆਚਾਰ ਵਿਚ ਮਰਦ-ਔਰਤ ਦਰਮਿਆਨ ਸੁਮੇਲ-ਸੰਗਮ ਵੇਖਣਾ ਚਾਹੁੰਦੀ ਹੈ। ਉਸ ਕੋਲ ਇਕ ਆਦਰਸ਼ ਹੈ, ਕਲਪਨਾ ਹੈ, ਖਾਬ -ਖਿਆਲ ਹੈ, ਜੰਨਤ ਦਾ ਇੱਕ ਸੁਪਨਾ ਹੈ, ਜਿੱਥੇ ਪਤੀ-ਪਤਨੀ ਰੂਹਾਂ ਦੀ ਸਾਂਝ ਵਾਲਾ ਸਕੂਨ ਭਰਿਆ ਜੀਵਨ ਬਤੀਤ ਕਰਨ। ਇਹ ਇੱਕ ਆਦਰਸ਼ ਹੈ, ਪਰ ਜ਼ਿੰਦਗੀ ਦਾ ਯਥਾਰਥ ਆਦਰਸ਼ ਵੱਲ ਤੁਰਦਾ ਹੈ। ਨਿੱਕੇ-ਨਿੱਕੇ ਵਿਅਕਤੀਗਤ-ਹਿਤਾਂ ਕਰਕੇ ਇਹ ਆਪਣੇ ਪੂਰਨ ਆਦਰਸ਼ ਤੱਕ ਨਹੀਂ ਪੁੱਜਦਾ। ਇਸ ਕਹਾਣੀ ਵਿਚ ਜ਼ਿੰਦਗੀ ਦਾ ਯਥਾਰਥ ਪੇਸ਼ ਹੋਇਆ ਹੈ ਪਰ ਜੋ ਉਸਨੇ ਉਸ ਆਦਰਸ਼ ਦੀ ਕਾਮਨਾ ਕੀਤੀ ਹੈ ਉਹ ਕਿਸੇ ਵਿਰਲੇ-ਵਾਂਝੇ ਦੇ ਹੱਥ ਹੀ ਆਉਂਦਾ ਹੈ। ਇਹ ਕਹਾਣੀ ਸਾਡੇ ਸਮਾਜ ਦੀ ਯਥਾਰਥਕ ਰੰਗਣ ਨੂੰ ਆਦਰਸ਼ ਰੂਪ ਵਿਚ ਰੂਪਾਂਤਰਨ ਕਰਨ ਵਿਚ ਜ਼ਰੂਰ ਸਹਾਇਕ ਹੋਵੇਗੀ, ਇਹ ਮੇਰੀ ਆਸ ਹੈ।
ਇੱਕ ਹੋਰ ਕਹਾਣੀ ਪਿੰਡ-ਸ਼ਹਿਰ ਅਤੇ ਮਨੋਵਿਗਿਆਨਕ-ਪੱਖ ਤੋਂ ਸਾਰਥਕ ਸੇਧ ਦੇਣ ਵਾਲੀ ਹੈ। ਇਸ ਕਹਾਣੀ ਵਿਚ ਸਿਮਰ ਦੀ ਜੀਵਨ-ਕਥਾ ਨੂੰ ਬਿਆਨ ਕੀਤਾ ਗਿਆ ਹੈ, ਜੋ ਹੁਣ ਭਾਵੇਂ ਪਾਗਲਖ਼ਾਨੇ ਦੇ ਇੱਕ ਕਮਰੇ ਵਿਚ ਆਪਣੇ ਹੋਸ਼-ਹਵਾਸ ਗਵਾ ਕੇ ਬੈਠੀ ਹੋਈ ਹੈ ਪਰ ਬੁਨਿਆਦੀ ਤੌਰ `ਤੇ ਉਹ ਹੋਣਹਾਰ ਕਲਾਕਾਰ ਸੀ। ਉਸ ਨੂੰ ਡਾਂਸ ਦਾ ਸ਼ੌਂਕ ਸੀ ਅਤੇ ਉਸਨੇ ਕੁਝ ਖ਼ੂਬਸੂਰਤ ਪੇਂਟਿੰਗਜ਼ ਵੀ ਬਣਾਈਆਂ ਸਨ, ਉਸ ਦੀਆਂ ਕੁਝ ਪੇਂਟਿੰਗਾਂ ਨੂੰ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਵੱਖ-ਵੱਖ ਅਦਾਰਿਆਂ ਵੱਲੋਂ ਮਾਣ-ਸਨਮਾਨ ਵੀ ਹਾਸਿਲ ਹੋ ਚੁੱਕੇ ਸਨ।
ਕਥਾਕਾਰਾ ਨੇ ਇਸ ਕਹਾਣੀ ਵਿਚ ਇਹ ਪ੍ਰਵਚਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਧੀ ਜਦੋਂ ਪੇਕੇ ਘਰ ਤੋਂ ਸਹੁਰੇ ਘਰ ਜਾਂਦੀ ਹੈ ਤਾਂ ਸਹੁਰੇ ਪਰਿਵਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਵੀਂ ਆਈ ਧੀ ਰਾਣੀ ਨੂੰ, ਉਸਦੇ ਜਜ਼ਬਿਆਂ ਨੂੰ, ਉਸ ਦੀਆਂ ਰੁਚੀਆਂ ਨੂੰ, ਉਸਦੇ ਸੁਭਾਅ ਨੂੰ ਲਾਜ਼ਮੀ ਤੌਰ `ਤੇ ਸਮਝਣ ਦਾ ਯਤਨ ਕਰਨ। ਜੇ ਭਾਵਨਾਵਾਂ ਨੂੰ ਨਹੀਂ ਸਮਝਿਆ ਜਾਂਦਾ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਾਜਕ-ਸਭਿਆਚਾਰਕ ਦਬਾਵਾਂ ਕਰਕੇ ਆਪਣੇ ਮਾਨਸਿਕਤਾ ਦੇ ਖੂੰਜੇ ਵਿਚ ਲੁਕਾਈ ਰੱਖਦੀ ਹੈ ਤਾਂ ਮਾਨਸਿਕਤਾ ਵਿਚ ਦਬਾਈਆਂ ਹੋਈਆਂ ਭਾਵਨਾਵਾਂ ਉਸ ਨੂੰ ਹੌਲੀ-ਹੌਲੀ ਪਾਗਲਪਨ ਵੱਲ ਲੈ ਜਾਂਦੀਆਂ ਹਨ, ਜਿੱਥੋਂ ਮੁੜਨਾ ਕਿਸੇ ਲਈ ਵੀ ਸੰਭਵ ਨਹੀਂ ਹੁੰਦਾ।
ਜ਼ਿੰਦਗੀ ਵਿਚ ਛੋਟੀਆਂ-ਛੋਟੀਆਂ ਗੱਲਾਂ, ਘਟਨਾਵਾਂ, ਨਿੱਕੇ-ਨਿੱਕੇ ਅਹਿਸਾਸ, ਜਿਨ੍ਹਾਂ ਦੀ ਜਦੋਂ ਪੂਰਤੀ ਨਹੀਂ ਹੁੰਦੀ ਤਾਂ ਉਹ ਮਨੁੱਖੀ ਅਵਚੇਤਨ ਵਿਚ ਜਾ ਕੇ ਬੈਠ ਜਾਂਦੇ ਹਨ ਤੇ ਜਿੱਥੇ ਆਪਣਾ ਨਿਖੇਧ ਆਤਮਕ ਰੋਲ ਅਦਾ ਕਰਕੇ ਚੇਤਨ ਮਨ ਨੂੰ ਆਪਣੇ ਕਾਬੂ ਵਿਚ ਕਰ ਲੈਂਦੇ ਹਨ। ਕਥਾਕਾਰਾ ਇਹ ਸਵਾਲ ਵੀ ਕਰਦੀ ਹੈ ਕਿ ਕੀ ਜੇ ਉਹ ਪਾਗਲਖ਼ਾਨੇ ਵਿਚ ਰਹਿ ਰਹੀ ਹੈ ਜਾਂ ਉਹ ਆਪਣੇ ਘਰ ਵਿਚ ਰਹਿੰਦੀ ਤਾਂ ਦੋਹਾਂ ਵਿਚ ਕੋਈ ਫਰਕ ਹੋਣਾ ਸੀ? ਜੁਆਬ ਇਹ ਪ੍ਰਾਪਤ ਹੁੰਦਾ ਹੈ ਕਿ ਉਸ ਲਈ ਪਾਗਲਖ਼ਾਨਾ ਬਿਹਤਰ ਹੈ। ਇਸ ਦਾ ਭਾਵ ਇਹ ਹੈ ਕਿ ਜੇ ਕਿਸੇ ਮਨੁੱਖ ਨੂੰ ਉਸ ਦੀਆਂ ਰੁਚੀਆਂ ਮੁਤਾਬਿਕ ਜੀਵਨ ਬਸਰ ਕਰਨ ਦਾ ਮੌਕਾ ਪ੍ਰਾਪਤ ਨਹੀਂ ਹੁੰਦਾ ਉਸ ਦੀਆਂ ਰੁਚੀਆਂ ਦੇ ਖ਼ਿਲਾਫ਼ ਉਸ ਨੂੰ ਜੀਣ ਵਾਸਤੇ ਮਜਬੂਰ ਕੀਤਾ ਜਾਂਦਾ ਹੈ ਤਾਂ ਉਸਦੀ ਚੰਗੀ ਭਲੀ ਜ਼ਿੰਦਗੀ, ਸਾਵੀਂ ਜਾਂ ਸਮਤੋਲ ਚਲਦੀ ਹੋਈ ਜ਼ਿੰਦਗੀ, ਆਪਣਾ ਸੰਤੁਲਨ ਗਵਾ ਬੈਠਦੀ ਹੈ। ਇੱਕ ਹੋਰ ਨੁਕਤਾ ਜੋ ਇਸ ਕਹਾਣੀ ਵਿਚ ਸਾਹਮਣੇ ਆਉਂਦਾ ਹੈ ਕਿ ਕੋਈ ਵੀ ਮਨੁੱਖ ਆਪਣੇ ਅਤੀਤ ਤੋਂ ਬੇਲਾਗ ਨਹੀਂ ਹੋ ਸਕਦਾ। ਅਤੀਤ ਦਾ ਤਿਆਗ ਕਦੇ ਵੀ ਸੰਭਵ ਨਹੀਂ। ਸੰਵੇਦਨਸ਼ੀਲ ਮਨ ਨੂੰ ਨਿੱਕੀਆਂ-ਨਿੱਕੀਆਂ ਚੋਟਾਂ ਬਹੁਤ ਪ੍ਰਭਾਵਿਤ ਕਰਦੀਆਂ ਹਨ। ਸੰਵੇਦਨਸ਼ੀਲ ਮਨੁੱਖ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਸਮਝਦਾ ਜ਼ਿੰਦਗੀ ਦੀਆਂ ਗਹਿਰੀਆਂ ਸੋਚਾਂ ਨਾਲ ਬਰ ਮੇਚਦਾ ਹੈ ਪਰ ਜਦੋਂ ਬਰ ਮੇਚਣ ਤੋਂ ਅਸਮਰੱਥ ਰਹਿੰਦਾ ਹੈ, ਕੋਈ ਠੇਸ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਅਜਿਹੇ ਸੰਵੇਦਨਸ਼ੀਲ ਮਨ ਨੂੰ ਹੀ ਲਗਦੀ ਹੈ।
ਇਹ ਕਹਾਣੀ ਇਹ ਸੰਦੇਸ਼ ਦਿੰਦੀ ਹੈ ਕਿ ਆਪਣੀ ਜ਼ਿੰਦਗੀ ਦੇ ਨਾਲ ਨਾਲ ਦੂਜਿਆਂ ਦੀਆਂ ਭਾਵਨਾਵਾਂ ਦਾ ਵੀ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਦੀ ਚਾਲ ਵਿਅਕਤੀਗਤ ਨਹੀਂ ਸਮੂਹਗਤ ਹੈ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਹਰਪ੍ਰੀਤ ਕੌਰ ਧੂਤ ਅਜਿਹੀ ਕਹਾਣੀਕਾਰਾ ਹੈ ਜਿਸ ਨੇ ਲੰਮਾ ਸਮਾਂ ਅਮਰੀਕੀ ਜ਼ਿੰਦਗੀ ਵਿਚ ਬਤੀਤ ਕੀਤਾ ਹੈ, ਉਸ ਨੇ ਇੱਥੇ ਰਹਿੰਦਿਆਂ ਨਾਰੀ ਦੀ ਮਾਨਸਿਕ ਅਵਸਥਾ ਨੂੰ ਬਹੁਤ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਉਸਨੇ ਇਸ ਅਨੁਭਵ ਨਾਲ ਜੋ ਨਵੇਂ ਸੰਕਲਪ ਪੇਸ਼ ਕੀਤੇ ਹਨ ਉਹ ਉਸਦੇ ਮੌਲਿਕ ਅਤੇ ਨਵੀਨ ਹਨ। ਆਸ ਹੈ ਕਿ ਉਹ ਆਪਣੀਆਂ ਆਉਣ ਵਾਲੀਆਂ ਕਿਰਤਾਂ ਵਿਚ ਜ਼ਿੰਦਗੀ ਦੇ ਅਨੁਭਵ ਨੂੰ ਹੋਰ ਵਧੇਰੇ ਸੂਖਮ ਅਤੇ ਸਾਰਥਕਤਾ ਨਾਲ ਸਮਝਣ ਦੇ ਯੋਗ ਹੋਵੇਗੀ।