ਮੁਹੱਬਤ ਨਿਰਛਲ ਅਹਿਸਾਸ ਹੈ, ਸਾਧਨਾ ਹੈ, ਅਰਾਧਨਾ ਅਤੇ ਉਪਾਸਨਾ ਹੈ, ਮੁਹੱਬਤ ਮੈਂ ਤੋਂ ਤੂੰ ਤੱਕ ਹੋਣ ਦਾ ਸੁਹਣਾ ਅਹਿਸਾਸ ਹੈ, ਜੋ ਖੁਸ਼ੀ ਬਖਸ਼ਦਾ ਹੈ। ਮੁਹੱਬਤ ਰੂਹ ਤੋਂ ਰੂਹ ਤੀਕ ਦਾ ਅਰਪਿਤ ਹੋਣਾ, ਆਤਮਾ ਦਾ ਸਮਰਪਣ ਹੈ ਜਿਸ ਵਿਚ ਸਰੀਰ ਕੋਈ ਮਾਇਨੇ ਨਹੀਂ ਰੱਖਦਾ। ਮੁਹੱਬਤ, ਰੂਹ ਦੀ ਭਾਵਨਾ। ਦਿਲ ਦੇ ਅਹਿਸਾਸ ਅਤੇ ਮਨ ਦੇ ਵਲਵਲਿਆਂ ਦਾ ਤੁਹਾਡੀ ਸਮੁੱਚੀ ਸ਼ਖ਼ਸੀਅਤ `ਚ ਫੈਲ ਜਾਣਾ।
ਮੁਹੱਬਤ, ਆਪਣੇ ਆਪ ਨਾਲ ਨਿੱਘੀ ਨਿੱਘੀ ਗੁਫ਼ਤਗੂ ਜਦੋਂ ਤੁਸੀਂ ਅੰਤਰੀਵ ਦੀ ਯਾਤਰਾ `ਤੇ ਨਿਕਲਦੇ, ਆਪਣੇ ਆਪ ਨੂੰ ਮਿਲਦੇ, ਖ਼ੁਦ ਨੂੰ ਪਿਆਰ ਕਰਦੇ। ਮੁਹੱਬਤ ਦਾ ਨਗ਼ਮਾ ਤੁਹਾਡੇ ਹੋਠਾਂ `ਤੇ ਵੀ ਗੁਣਗੁਣਾਉਂਦਾ ਅਤੇ ਸੰਸਾਰ ਵਿਚ ਮੁਹੱਬਤ ਦਾ ਪੈਗ਼ਾਮ ਪਹੁੰਚਾਉਂਦਾ।
ਮੁਹੱਬਤ ਦਾ ਅੰਦਾਜ਼ ਅਤੇ ਅਸੀਮਤਾ ਕਦੇ ਦੇਖਣਾ ਹੋਵੇ ਤਾਂ ਮਾਂ ਦੀ ਮੁਹੱਬਤ ਨੂੰ ਦੇਖਣਾ। ਉਹ ਆਪਣੇ ਬੱਚਿਆਂ, ਪਰਿਵਾਰ ਤੇ ਘਰ ਨੂੰ ਕਿੰਨੀ ਮੁਹੱਬਤ ਨਾਲ ਉਸਾਰਦੀ। ਕੰਧਾਂ ਨੂੰ ਘਰ ਬਣਾਉਂਦੀ। ਬੱਚੇ ਨੂੰ ਮਾਣਮੱਤੀ ਸ਼ਖ਼ਸੀਅਤ ਬਣਾਉਂਦੀ। ਰਿਸ਼ਤਿਆਂ ਵਿਚ ਪਾਕੀਜ਼ਗੀ ਤੇ ਪਕਿਆਈ ਧਰਦੀ। ਬੱਚਿਆਂ ਦੇ ਉੱਦਮ ਨੂੰ ਹੌਸਲਾ, ਹਠ ਤੇ ਸਿਰੜ ਸਾਧਨਾ ਦਿੰਦੀ। ਘਰ ਵਾਲੇ ਦੀਆਂ ਸੁੱਖਾਂ ਮੰਗਦੀ। ਸਾਰੇ ਜੀਆਂ ਨੂੰ ਹਰ ਸੁੱਖ ਪ੍ਰਦਾਨ ਕਰਦੀ ਤਾਂ ਕਿ ਘਰ ਵਿਚ ਖੇੜਿਆਂ ਅਤੇ ਰਹਿਮਤਾਂ ਦਾ ਦਰਿਆ ਸਦਾ ਵਗਦਾ ਰਹੇ। ਬੱਚਿਆਂ ਨੂੰ ਸੁਪਨੇ ਵੀ ਦਿੰਦੀ। ਉਚੇਰੀ ਪਰਵਾਜ਼ ਲਈ ਅੰਬਰ ਦਾ ਸਿਰਨਾਵਾਂ ਵੀ ਦੱਸਦੀ।
ਉਹ ਸਮਾਜਿਕ ਸੰਬੰਧਾਂ ਨੂੰ ਸਥਾਈ, ਸੁਹਜਮਈ ਅਤੇ ਸਦੀਵ ਬਣਾਉਣ ਲਈ ਖ਼ੁਦ ਨਾਲ ਸੰਵਾਦ ਰਚਾਉਂਦੀ। ਬਹੁਤ ਕੁਝ ਅਮੁੱਲਾ ਪਰਿਵਾਰ ਦੇ ਨਾਮ ਕਰਦੀ ਤਾਂ ਕਿ ਪਰਿਵਾਰ ਇਕਮਿਕਤਾ, ਇਕਸੁਰਤਾ, ਇੱਕਜੁੱਟਤਾ ਅਤੇ ਇਕਰੰਗਤਾ ਵਿਚ ਰੰਗਿਆ ਸੋਹਣੇ ਸਮਾਜ ਦਾ ਨਰੋਇਆ ਅੰਗ ਬਣਿਆ ਰਹੇ।
ਕੁਦਰਤ ਵੀ ਮੁਹੱਬਤ ਕਰਦੀ, ਸਮੁੱਚੀ ਕਾਇਨਾਤ ਨੂੰ, ਬਿਰਖਾਂ, ਪੰਛੀਆਂ, ਪਰਿੰਦਿਆਂ ਪਸ਼ੂਆਂ ਅਤੇ ਮਨੁੱਖਾਂ ਨੂੰ। ਇਹ ਕੁਦਰਤ ਦੀ ਮੁਹੱਬਤ ਦਾ ਸਿਖਰ ਕਿ ਉਹ ਜੀਵਨ-ਦਾਤਾਂ ਵੀ ਬਖ਼ਸ਼ਦੀ, ਨਿਆਮਤਾਂ ਨਾਲ ਨਿਵਾਜਦੀ ਅਤੇ ਉਚੇਰੀਆਂ ਉਪਲਬਧੀਆਂ ਲਈ ਨਵੀਆਂ ਰਾਹਾਂ ਦੀ ਦੱਸ ਪਾਉਂਦੀ।
ਪਾਣੀ ਦੀ ਧਰਤ ਅਤੇ ਜੀਵਾਂ ਨਾਲ ਕਿੰਨੀ ਪੀਡੀ ਮੁਹੱਬਤ ਹੁੰਦੀ ਕਿ ਪਾਣੀ ਧਰਤ ਨੂੰ ਸਿੰਜਦਾ, ਰੱਕੜ ਨੂੰ ਜ਼ਰਖੇਜ਼ ਬਣਾਉਂਦਾ, ਮਾਰੂਥਲਾਂ ਨੂੰ ਭਾਗ ਲਾਉਂਦਾ ਅਤੇ ਪਸ਼ੂ-ਪੰਛੀਆਂ ਅਤੇ ਜੀਵਾਂ ਦੀ ਪਿਆਸ ਮਿਟਾਉਂਦਾ। ਸਮੁੰਦਰ ਜੀਵਾਂ ਦਾ ਘਰ ਵੀ ਹੁੰਦਾ। ਸਮੁੰਦਰ ਮਾਣਕ-ਮੋਤੀਆਂ ਦੀ ਖਾਣ। ਖ਼ਾਲੀ ਭੜੋਲਿਆਂ ਨੂੰ ਭਰ ਕੇ ਕਿਸਾਨ ਦੇ ਮੁੱਖ `ਤੇ ਖੇੜਾ ਉਪਜਾਉਂਦਾ। ਤਪਦੇ ਜਿਸਮਾਂ ਨੂੰ ਆਪਣੇ ਕਲਾਵੇ ਵਿਚ ਲੈ ਠੰਢਕ ਪਹੁੰਚਾਉਂਦਾ। ਇਹ ਦਰਿਆ ਦੀ ਰਵਾਨਗੀ ਇਸ ਦੀ ਤਰਲਤਾ, ਪਵਿੱਤਰਤਾ ਅਤੇ ਨਿਰੰਤਰਤਾ ਹੀ ਹੁੰਦੀ ਕਿ ਸਮੁੱਚੀ ਕਾਇਨਾਤ ਇਸ ਦੀ ਮੁਹੱਬਤੀ ਗਲਵੱਕੜੀ ਨੂੰ ਮਾਣਦੀ, ਵਧਦੀ-ਫੁੱਲਦੀ, ਧਰਤ ਅਤੇ ਇਸ ਦੇ ਜੀਵਾਂ ਨੂੰ ਭਾਗ ਲਾਉਂਦੀ। ਪਾਣੀ ਦੀ ਇਹ ਮੁਹੱਬਤ ਦਰਸਾਉਂਦੀ ਕਿ ਮੁਹੱਬਤ ਵੰਡਿਆਂ ਘਟਦੀ ਨਹੀਂ ਸਗੋਂ ਇਹ ਹੋਰ ਵਧਦੀ ਅਤੇ ਇਸ ਦੀ ਬਹੁਲਤਾ ਸਮੁੱਚੇ ਚੌਗਿਰਦੇ ਨੂੰ ਮਹਿਕਣ ਲਾਉਂਦੀ।
ਜਦ ਪੈਰਾਂ ਦੀ ਰਾਹਾਂ ਨਾਲ ਮੁਹੱਬਤ ਹੋ ਜਾਵੇ ਤਾਂ ਮੰਜ਼ਲਾਂ ਦੇ ਪੈਂਡੇ ਸਿਮਟ ਜਾਂਦੇ, ਸਿਰਨਾਵੇਂ ਜਾਣੇ ਪਛਾਣੇ ਲੱਗਦੇ ਅਤੇ ਤੁਸੀਂ ਸਫਲਤਾਵਾਂ ਦੀ ਸਿਖਰ ਬਣਦੇ।
ਮੁਹੱਬਤ ਜਦ ਸੁਪਨੇ ਲੈਣ ਤੇ ਸੁਪਨਿਆਂ ਦੀ ਪੂਰਤੀ ਦੇ ਅਹਿਸਾਸ ਨਾਲ ਹੋ ਜਾਵੇ ਤਾਂ ਅਸੀਂ ਨਿੱਤ ਨਵੇਂ ਸੁਪਨੇ ਲੈਂਦੇ, ਉਨ੍ਹਾਂ ਨੂੰ ਪੂਰਾ ਕਰਦੇ ਅਤੇ ਪੂਰੇ ਹੋਏ ਸੁਪਨਿਆਂ ਦਾ ਕਾਫ਼ਲਾ ਸਾਡਾ ਹਾਸਲ ਬਣ ਜਾਂਦਾ। ਕੋਈ ਵੀ ਸੁਪਨਾ ਅਧੂਰਾ ਜਾਂ ਤਿੜਕਦਾ ਨਹੀਂ ਅਤੇ ਹਰ ਸੁਪਨਾ ਤੁਹਾਡੀ ਛੋਹ ਲਈ ਅਹੁਲਦਾ ਅਤੇ ਸੁਪਨਿਆਂ ਦਾ ਸੱਚ ਤੁਹਾਡਾ ਆਪਣਾ ਸੱਚ ਹੋ ਜਾਂਦਾ।
ਜਿਗਰੀ ਯਾਰ ਨਾਲ ਮੁਹੱਬਤ ਦਾ ਇਹ ਗੂੜ੍ਹਾ ਰੰਗ ਹੀ ਹੁੰਦਾ ਕਿ ਤੁਸੀਂ ਉਸ ਦੇ ਮੋਢੇ `ਤੇ ਸਿਰ ਰੱਖ ਕੇ ਰੋ ਸਕਦੇ, ਮਿਲ ਕੇ ਹੱਸ ਸਕਦੇ, ਆਪਣੇ ਗ਼ਮਾਂ ਅਤੇ ਦਰਦਾਂ ਦੀ ਗਾਥਾ ਸਾਂਝੀ ਕਰ ਸਕਦੇ। ਇਹ ਦਰਦ ਵੰਡਾਉਣ ਦੀ ਬਿਰਤੀ ਹੀ ਹੁੰਦੀ ਜੋ ਮੁਹੱਬਤ ਨੂੰ ਨਵਾਂ ਅੰਜਾਮ ਸਿਰਜਣ ਵਿਚ ਸਹਾਈ ਹੁੰਦੀ।
ਮੁਹੱਬਤ ਜਦ ਸਾਹਾਂ ਵਿਚ ਸੁਗੰਧ, ਸੰਗੀਤਕਤਾ ਅਤੇ ਨਿਰੰਤਰਤਾ ਦਾ ਹੁੰਗਾਰਾ ਬਣਦੀ ਤਾਂ ਇਕ ਅਜੇਹੀ ਨੇੜਤਾ ਨੂੰ ਜਨਮ ਦਿੰਦੀ ਜੋ ਤੁਹਾਡੇ ਲਈ ਨਵੀਂ ਜ਼ਿੰਦਗੀ ਦਾ ਵਰਦਾਨ ਹੁੰਦੀ। ਜ਼ਿੰਦਗੀ ਜਿਹੜੀ ਕਦੇ ਤੁਹਾਡੇ ਖ਼ਾਬਾਂ ਅਤੇ ਖ਼ਿਆਲਾਂ ਦਾ ਹਿੱਸਾ ਰਹੀ ਹੋਵੇ।
ਜਦ ਕਿਸੇ ਨਾਲ ਮੁਹੱਬਤ ਹੋ ਜਾਵੇ ਤਾਂ ਉਸ ਦਾ ਉਦਾਸ ਵੀ ਹੁੰਦਾ ਤੇ ਫ਼ਿਕਰ ਵੀ ਹੁੰਦਾ। ਸੋਚ, ਸੁਪਨਿਆਂ, ਸੰਵਾਦ, ਸੰਭਾਵਨਾਵਾਂ ਅਤੇ ਸਫ਼ਰ ਵਿਚ ਸਦਾ ਅੰਗ ਸੰਗ ਰਹਿੰਦਾ। ਮੁਹੱਬਤ, ਖ਼ੁਦ ਨੂੰ ਮਿਟਾਉਣਾ, ਖ਼ੁਦੀ ‘ਚੋਂ ਖ਼ੁਦਾ ਦਾ ਦੀਦਾਰ ਪਾਉਣਾ ਅਤੇ ਖ਼ੁਦ ਵਿਚੋਂ ਪਿਆਰੇ ਦੇ ਦਰਸ਼ਨ ਪਾਉਣਾ। ਮੁਹੱਬਤੀ ਪੁਰਵਾਈ ਰੂਹ ਵਿਚ ਠੰਢਕ, ਦਿਲ ਵਿਚ ਸਕੂਨ, ਮਨ ਵਿਚ ਤ੍ਰਿਪਤੀ ਅਤੇ ਸੋਚਾਂ ਨੂੰ ਸੰਵੇਦਨਾ ਅਤੇ ਰੂਹ ਦੀ ਭਟਕਣਾ ਨੂੰ ਦੂਰ ਕਰਦੀ।
ਮੁਹੱਬਤ ਸੱਤ ਫੇਰਿਆਂ, ਚਾਰ ਲਾਵਾਂ ਜਾਂ ਤਿੰਨ ਵਾਰ ‘ਕਬੂਲ ਹੈ’ ਕਹਿਣ ਦੀ ਮੁਥਾਜ਼ ਨਹੀਂ। ਇਹ ਤਾਂ ਉਮਰ ਭਰ ਸਾਥ ਨਿਭਾਉਣ ਦੀ ਕਸਮ ਹੁੰਦੀ।
ਮੁਹੱਬਤ, ਸਵੇਰੇ ਉਡਦੇ ਸਾਰ ਸਭ ਤੋਂ ਪਹਿਲਾਂ ਜਿਸਦਾ ਦੀਦਾਰ ਨੈਣ ਕਰਨ, ਕਿਸੇ ਧਾਰਮਿਕ ਅਸਥਾਨ `ਤੇ ਜਾਂ ਧਾਰਮਿਕ ਆਸਥਾ ਦੌਰਾਨ ਨਾਲ ਨਾਲ ਖੜ੍ਹੇ ਹੋਣ ਦਾ ਅਹਿਸਾਸ, ਆਪਣੇ ਪਿਆਰੇ ਨੂੰ ਯਾਦ ਕਰਦਿਆਂ ਹੀ ਪੂਰੇ ਦਿਨ ਦੀ ਭੱਜ ਦੌੜ ਦੂਰ ਹੋ ਜਾਣਾ, ਕਿਸੇ ਦੇ ਮੋਢੇ `ਤੇ ਸਿਰ ਰੱਖ ਕੇ ਸੁਸਤਾਉਣਾ, ਕਿਸੇ ਦੀ ਕਲਪਿਤ ਛੋਹ ਨਾਲ ਊਰਜਿਤ ਹੋਣਾ, ਕਿਸੇ ਦੇ ਖਿਆਲਾਂ ਵਿਚ ਗਵਾਚੇ ਰਹਿਣਾ ਜਾਂ ਹਰ ਕਾਰਜ ਵਿਚ ਕਿਸੇ ਦੀ ਭਰਵੀਂ ਸ਼ਮੂਲੀਅਤ ਦਾ ਮਹਿਸੂਸ ਹੋਣਾ।
ਮੁਹੱਬਤ ਇਕ ਪਲ ਦਾ ਯੁੱਗਾਂ ਤੀਕ ਫੈਲਣਾ। ਇਕ ਮਨੁੱਖ ਤੋਂ ਸਾਰੀ ਦੁਨੀਆ ਨੂੰ ਬੁੱਕਲ ਵਿਚ ਲੈਣਾ। ਇਕ ਬੋਲ ਦਾ ਜੀਵਨ-ਨਾਦ ਬਣਨਾ। ਇਕ ਸਾਹ ਦਾ ਸਮੁੱਚੀ ਜ਼ਿੰਦਗੀ ਹੋ ਜਾਣਾ। ਇਕ ਸ਼ਬਦ ਦਾ ਇਕ ਗ੍ਰੰਥ ਦਾ ਰੂਪ ਧਾਰਨਾ। ਸਾਰੇ ਗ੍ਰੰਥ ਪ੍ਰੇਮ ਗਾਥਾਵਾਂ ਦੇ ਗ੍ਰੰਥ ਹੀ ਹਨ। ਇਹ ਭਾਵੇਂ ਧਾਰਮਿਕ, ਸੰਸਾਰਕ ਹੋਵੇ, ਨਿੱਜੀ ਹੋਵੇ ਜਾਂ ਸਰਬ ਰੂਪੀ ਹੋਵੇ।
ਮੁਹੱਬਤ ਇਕ ਵਿਚਾਰ ਦਾ ਕਾਵਿ-ਸ਼ਾਰ ਹੋ ਜਾਣਾ। ਬੁਰਸ਼ ਛੋਹ ਦਾ ਕਲਾ-ਕਿਰਤੀ ਬਣ ਜਾਣਾ। ਇਕ ਦ੍ਰਿਸ਼ ਦਾ ਨਵੇਂ ਵਿਚਾਰ ‘ਚ ਤਬਦੀਲ ਹੋਣਾ ਜਾਂ ਇਕ ਛਿਣ ਦਾ ਸਦੀਆਂ ਦਾ ਨਾਮਕਰਨ ਹੋਣਾ। ਮੁਹੱਬਤ ਵਿਚ ਨਫ਼ਰਤ, ਫ਼ਰੇਬ, ਝੂਠ, ਕਮੀਨਗੀ, ਦੁਸ਼ਮਣੀ ਜਾਂ ਕਿਸੇ ਨੂੰ ਦੁੱਖ ਪਹੁੰਚਾਉਣ ਦੀ ਕੋਈ ਵਜ੍ਹਾ ਨਹੀਂ। ਇਹ ਤਾਂ ਆਸ, ਵਿਸ਼ਵਾਸ, ਧਰਵਾਸ ਅਤੇ ਯਕੀਨ ਅਤੇ ਨਿਸ਼ਠਾ ਦਾ ਸੱਚਾ ਨਾਮ ਜਿਸ ਦੀ ਅਰਾਧਨਾ ਵਿਚੋਂ ਜ਼ਿੰਦਗੀ ਮਿਲਦੀ ਕਿਉਂਕਿ ਮੁਹੱਬਤ ਜ਼ਿੰਦਗੀ ਦਾ ਦੂਸਰਾ ਨਾਮ।
ਮੁਹੱਬਤ ਜਦ ਸੁਖਨ, ਸਕੂਨ, ਸੰਤੁਸ਼ਟੀ ਅਤੇ ਸਹਿਜਤਾ ਨਾਲ ਹੁੰਦੀ ਤਾਂ ਮਨੁੱਖੀ ਭਟਕਣ ਤੋਂ ਮਨ ਉਕਤਾ ਜਾਂਦਾ। ਇਕ ਸਹਿਜਤਾ ਜੀਵਨ ਦੀ ਤੋਰ ਨੂੰ ਪੂਰਨ ਸੁੱਖਨਤਾ ਅਤੇ ਸਾਦਗੀ ਦੇ ਜਾਂਦੀ। ਉਹ ਦੁਨਿਆਵੀ ਦੌੜ ਤੋਂ ਪਾਸੇ ਹਟ ਆਪਣੀ ਜ਼ਿੰਦਗੀ ਨੂੰ ਆਪਣੇ ਰੰਗ ਵਿਚ ਮਾਣਦਾ। ਉਹ ਆਪਣਾ ਅੰਬਰ, ਧਰਤ ਅਤੇ ਸੂਰਜ ਹੁੰਦਾ। ਉਹ ਕੁਦਰਤ ਨਾਲ ਇਕਸੁਰ। ਕਦੇ ਉਹ ਚੰਨ-ਚਾਨਣੀ ਵਿਚ ਚੰਨ ਨਾਲ ਗੱਲਾਂ ਕਰਦਾ, ਕਦੇ ਬਿਰਖ਼ਾਂ ਨਾਲ ਗੁਫ਼ਤਗੂ ਕਰਦਾ ਅਤੇ ਕਦੇ ਪੱਤਿਆਂ ਦੀ ਹਵਾਈ ਨਾਲ ਆਪਣੇ ਸਾਹਾਂ ਦੀ ਆਉਧ ਵਧਾਉਂਦਾ। ਕਦੇ ਕਿਸੇ ਬੀਚ ਦੀ ਠੰਢਕ ਨੂੰ ਪੱਬਾਂ ਵਿਚ ਉਪਜਾਉਂਦਾ। ਹਫੇ ਸਾਹਾਂ ਨੂੰ ਠਹਿਰਨ ਅਤੇ ਸਾਹ ਲੈਣ ਲਈ ਆਖਦਾ। ਕਦੇ ਉਹ ਪਹਾੜਾਂ ਨੂੰ ਆਪਣੇ ਬਜ਼ੁਰਗਾਂ ਨਿਆਈਂ ਸਮਝ, ਉਨ੍ਹਾਂ ਨਾਲ ਦਿਲ
ਦੀਆਂ ਗੱਲਾਂ ਕਰਦਾ। ਕਦੇ ਦਰਿਆ ਦੇ ਕੰਢੇ ਬੈਠ ਲਹਿਰਾਂ ਨੂੰ ਮੁਹੱਬਤ ਦੀਆਂ ਕਵਿਤਾਵਾਂ ਸੁਣਾਉਂਦਾ। ਕਦੇ ਇਕੱਲਤਾ ਮਾਣਦਾ, ਖ਼ੁਦ ਦੀ ਨਜ਼ਦੀਕੀ ਵਿਚ ਸਰਬ ਸੁਖਨ ਨੂੰ ਹਾਸਲ ਬਣਾਉਂਦਾ, ਜਿਸ ਦੀ ਭਾਲ ਵਿਚ ਇਹ ਦੁਨੀਆ ਹਫੀ ਪਈ।
ਮੁਹੱਬਤ ਮਿਹਨਤ ਅਤੇ ਮੁਸ਼ਕੱਤ ਨਾਲ ਹੋ ਜਾਵੇ ਤਾਂ ਮੁੜ੍ਹਕੇ ਦੇ ਮੋਤੀਆਂ ਨਾਲ ਖ਼ਾਲੀ ਬੋਝੇ ਵੀ ਭਰ ਜਾਂਦੇ, ਮੁਖੜੇ `ਤੇ ਸੰਤੁਸ਼ਟੀ ਦਾ ਜਲੌਅ ਅਤੇ ਦੀਦਿਆਂ ਵਿਚ ਨਵੀਆਂ ਪ੍ਰਾਪਤੀਆਂ ਦੀ ਖ਼ੁਮਾਰੀ। ਮੁਹੱਬਤ ਜਦ ਆਪਣੇ ਪਰਿਵਾਰ ਅਤੇ ਰਿਸ਼ਤਿਆਂ ਲਈ ਪੈਦਾ ਹੋ ਜਾਵੇ ਤਾਂ ਪਰਿਵਾਰ ਮੌਲਦਾ, ਰਿਸ਼ਤਿਆਂ ਦੀ ਮਹਿਕ ਸਾਡੇ ਸੰਬੰਧਾਂ ਨੂੰ ਸੁਖਾਵਾਂ ਬਣਾਉਂਦੀ। ਕੋਈ ਵੀ ਰਿਸ਼ਤਾ ਤਿੜਕਦਾ ਨਾ। ਨਾ ਹੀ ਤੁਸੀਂ ਕਦੇ ਰਿਸ਼ਤਿਆਂ ਦੇ ਟੁੱਟਣ ਦੀ ਪੀੜਾ ਅਤੇ ਇਸ ਕਾਰਨ ਪੈਦਾ ਹੋਏ ਕੁੜੱਤਣ ਨੂੰ ਆਪਣੇ ਸਾਹਾਂ ਅਤੇ ਸੋਚਾਂ ਦੇ ਨਾਮ ਕਰਦੇ।
ਜਦ ਤੁਸੀਂ ਹਰਫ਼ਾਂ ਨਾਲ ਮੁਹੱਬਤ ਕਰਦੇ ਤਾਂ ਕਲਮਕਾਰੀ ਤੁਹਾਡਾ ਇਸ਼ਟ ਬਣ ਜਾਂਦਾ। ਅਰਥਾਂ ਵਿਚ ਜੁਗਨੂੰ ਜਗਦੇ, ਕੀਰਤੀ ਬਣ ਜਾਂਦਾ ਧਰਮ ਅਤੇ ਫਿਰ ਇਹ ਚਾਨਣ ਸਮੁੱਚੀ ਮਾਨਵਤਾ ਨੂੰ ਚਾਨਣ ਦਾ ਸੰਦੇਸ਼ ਦਿੰਦਾ।
ਮੁਹੱਬਤ ਸੋਚ ਕੇ ਕੀਤੀ ਨਹੀਂ ਜਾਂਦੀ, ਸਹਿਜ ਸੁਭਾ ਹੋ ਜਾਂਦੀ ਹੈ ਜੋ ਅਨੰਤ ਹੋ ਨਿਬੜਦੀ ਹੈ। ਮੁਹੱਬਤ ਹਨੇਰੇ ਰਾਹਾਂ ਦਾ ਉਹ ਚਿਰਾਗ ਹੈ , ਜੋ ਜੀਵਨ `ਚ ਰੌਸ਼ਨੀਆਂ ਵੰਡਦੀ ਜਿਉਣਾ ਸਿਖਾਉਂਦੀ ਹੈ। ਮੁਹੱਬਤ ਉਨ੍ਹਾਂ ਪਾਣੀਆਂ ਦੇ ਸੰਗਮ ਦੀ ਤਰ੍ਹਾਂ ਹੈ ਜੋ ਇੱਕ ਦੂਜੇ `ਚ ਅਭੇਦ ਹੋ ਕੇ ਆਪਣੀ ਹੋਂਦ ਮਿਟਾ ਵੱਖ ਨਹੀਂ ਹੋ ਸਕਦੇ।
ਮੁਹੱਬਤ ਦਰਿਆ ਦੇ ਉਨ੍ਹਾਂ ਕੰਢਿਆਂ ਵਾਂਗ ਜੋ ਨਾ ਮਿਲ ਕੇ ਵੀ ਪਾਣੀ ਦੀ ਛੋਹ ਮਾਣਦੇ ਹੋਏ ਆਪਣੇ ਸਮੁੰਦਰ ਨਾਲ ਅਭੇਦ ਹੋ ਕੇ ਇੱਕ ਰੂਪ ਹੋ ਜਾਂਦੇ ਹਨ। ਮੁਹੱਬਤ ਉਹ ਮਹਿਕਦੀ ਫਿਜ਼ਾ ਹੈ ਜੋ ਰੂਹਾਂ ਨੂੰ ਆਪਣੇ ਜਿਉਂਦੇ ਹੋਣ ਦਾ ਅਹਿਸਾਸ ਕਰਾਉਂਦੀ ਹੈ। ਮੁਹੱਬਤ ਉਹ ਇਬਾਰਤ ਹੈ ਜੋ ਵਰਕਿਆਂ `ਤੇ ਨਹੀਂ ਫੈਲਦੀ ਸਗੋਂ ਦਿਲਾਂ ਦੀ ਧੜਕਣ ਬਣ ਰੂਹ `ਚ ਉਕਰੀ ਜਾਂਦੀ ਹੈ। ਮੁਹੱਬਤ ਇਕ ਸੁੱਚੀ ਇਬਾਦਤ ਹੈ ਜੋ ਧੁਰ ਅੰਦਰੋਂ ਪੈਦਾ ਹੁੰਦੀ ਹੈ ਜੋ ਦਰਗਾਹੇ ਮੁਹੱਬਤ ਆਪਣੇ ਆਪ ਹੁੰਦੀ ਹੈ।
ਮੁਹੱਬਤ ਸੁਹਣੇ ਰੰਗਾਂ ਦਾ ਸੁਮੇਲ ਹੈ, ਮੁਹੱਬਤ ਕਰਨ ਵਾਲੇ ਉਸ ਮਜੀਠੇ ਰੰਗ ਵਿਚ ਰੰਗੇ ਜਾਂਦੇ ਹਨ ਜੋ ਕਦੇ ਨਹੀਂ ਉੱਤਰਦਾ। ਮੁਹੱਬਤ ਕੰਡਿਆਂ ਨਾਲ ਘਿਰੀ ਹੋਈ ਫੁੱਲ ਪੱਤੀਆਂ ਵਰਗੀ ਹੁੰਦੀ ਹੈ ਜੋ ਕੋਮਲਤਾ ਤੇ ਸਰਲਤਾ ਦਾ ਅਹਿਸਾਸ ਕਰਾਉਂਦੀ ਹੈ ਤੇ ਕੁਦਰਤ ਦਾ ਹਰ ਕਣ-ਕਣ ਸੁਹਣਾ ਲੱਗਦਾ ਹੈ
ਮੁਹੱਬਤ ਉਹ ਸੁਹਣੇ ਪਲਾਂ ਦਾ ਅਹਿਸਾਸ ਹੈ ਜਦੋਂ ਚੰਨ ਤਾਰਿਆਂ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਹਨ। ਮੁਹੱਬਤ ਔਖੇ ਵੇਲੇ ਕਠਿਨਾਈਆਂ ਵਿਚ ਉਂਗਲ ਫੜ ਕੇ ਤੁਰਨ ਦਾ ਅਹਿਸਾਸ ਹੈ ਜੋ ਜ਼ਿੰਦਗੀ ਦੇ ਸਫ਼ਰ ਨੂੰ ਸੁਖਾਵਾਂ ਕਰ ਦਿੰਦੀ ਹੈ। ਮੁਹੱਬਤ ਉਹ ਸਮਰਪਿਤ ਦੀ ਭਾਵਨਾ ਹੁੰਦੀ ਹੈ ਜੋ ਮਮਤਾ, ਦੁੱਖ ਸੁੱਖ ਵੰਡਣਾ, ਕਿਸੇ ਦਾ ਹੋਣਾ ਤੇ ਕਿਸੇ ਨੂੰ ਆਪਣਾ ਬਣਾ ਲੈਣਾ ਸਿਖਾਉਂਦੀ ਹੈ।
ਮੁਹੱਬਤ ਸੰਵੇਦਨਾ ਹੈ, ਵੇਦਨਾ ਹੈ ਅਤੇ ਅੰਨਤ ਭਗਤੀ ਹੈ ਜੋ ਰਾਂਝੇ, ਮਜਨੂੰ ਤੇ ਮੀਰਾ ਨੇ ਕੀਤੀ। ਮੁਹੱਬਤ ਅਮਰ ਹੈ। ਬੰਦਾ ਹੱਡ ਮਾਸ ਦਾ ਪੁਤਲਾ। ਅਹਿਸਾਸਾਂ ਜਜ਼ਬਾਤਾਂ ਨਾਲ ਭਰਿਆ ਇੱਕ ਬੁੱਤ। ਪਿਆਰ ਦੇ ਮਜੀਠੇ ਰੰਗ ਵਿਚ ਵੀ ਰੰਗਿਆ। ਉਹ ਰੰਗ ਜੋ ਸਦਾ ਹੀ ਚੜ੍ਹਿਆ ਰਹਿੰਦਾ ਕੋਈ ਸਮਿਆਂ ਦਾ ਝੱਖੜ ਵੀ ਉਸ ਨੂੰ ਖੋਰ ਨਹੀਂ ਸਕਦਾ ਤੇ ਨਾ ਹੀ ਉਹ ਰੰਗ ਫਿੱਕਾ ਪੈਂਦਾ ਹੈ।
ਪਰ ਕਈ ਬੁੱਤ ਜੋ ਭਾਵਹੀਣ ਤੇ ਚੇਤੰਨਤਾ ਤੋਂ ਦੂਰ, ਰੂਹ ਤੋਂ ਕੋਰੇ ਹੁੰਦੇ, ਸਮਿਆਂ ਦੀ ਥੋੜੀ ਝੰਬ-ਝਾੜ ਵੀ ਰੰਗਾਂ ਨੂੰ ਧੋ ਕੇ ਅਸਲੀਅਤ ਨੰਗਾ ਕਰ ਦਿੰਦੀ। ਇਹ ਬੁੱਤ ਚਾਨਣੀ ਤੋਂ ਵਾਂਝੇ ਰਹਿੰਦੇ। ਨਾ ਹੀ ਸੂਰਜੀ ਕਿਰਨਾਂ ਰੂਹ ਦੀ ਸਰਘੀ ਨੂੰ ਰੁਸ਼ਨਾਉਂਦੀਆਂ। ਅਜਿਹੇ ਬੁੱਤ ਸਫ਼ਰ ਤਾਂ ਬਹੁਤ ਕਰਦੇ ਪਰ ਸਿਰਨਾਵਾਂ ਕੋਈ ਨਹੀਂ। ਅਜੇਹੇ ਬੁੱਤ ਚੌਰਾਹਿਆਂ `ਤੇ ਸਜੇ ਤਾਂ ਬਹੁਤ ਹੁੰਦੇ ਪਰ ਦਿਸ਼ਾਹੀਣ ਹੋ ਬੁੱਤ ਹੀ ਰਹਿ ਜਾਂਦੇ। ਇਹੋ ਜਿਹੇ ਮੁਹੱਬਤ ਹੀਣ ਤੇ ਮਰੀਆਂ ਜ਼ਮੀਰਾਂ ਵਾਲੇ ਕਿਸੇ ਦੇ ਦੁੱਖਾਂ ਨੂੰ ਕੀ ਸਮਝਣਗੇ? ਕਿਹੜੀ ਮਰਹਮ ਬਨਣਗੇ? ਕੀ ਸੇਧ ਦੇਣਗੇ? ਕੀ ਹਨੇਰੇ ਰਾਹਾਂ ਦਾ ਦੀਵਾ ਬਣਨਗੇ?
ਮੁਹੱਬਤ ਕਰੋ ਆਪਣਿਆਂ ਨਾਲ, ਨੇੜਲਿਆਂ ਨਾਲ, ਗਵਾਂਢੀਆਂ ਨਾਲ, ਬੇਗਾਨਿਆਂ ਨਾਲ, ਤੇ ਸਹਿਕਰਮੀਆਂ ਨਾਲ। ਪਰ ਸਭ ਤੋਂ ਅਹਿਮ ਹੈ ਖ਼ੁਦ ਨਾਲ ਮੁਹੱਬਤ ਕਰਨਾ। ਖ਼ੁਦ ਦੀ ਮੁਹੱਬਤ ਵਿਚੋਂ ਬਹੁਤ ਕੁਝ ਅਨਮੋਲ ਅਤੇ ਅਸੀਮਤ ਪ੍ਰਾਪਤ ਕਰ ਕੇ ਖ਼ੁਦ ਨੂੰ ਭਾਗਸ਼ਾਲੀ ਬਣਾਉਗੇ।
ਮੁਹੱਬਤ ਜ਼ਿੰਦਾਬਾਦ ਸੀ, ਹੈ ਅਤੇ ਸਦਾ ਰਹੇਗੀ ਕਿਉਂਕਿ ਮੁਹੱਬਤ ਨਾਲ ਸਾਡੇ ਸਮੁੱਚੇ ਸਰੋਕਾਰ ਬਾਵਾਸਤਾ ਨੇ। ਆਓ ! ਜਾਗਦੀ ਜ਼ਮੀਰ ਵਾਲੇ ਮੁਹੱਬਤੀ ਰੂਹਾਂ ਬਣੀਏ ਮੀਲ ਪੱਥਰ ਬਣੀਏ ਅਤੇ ਰਾਹਾਂ ਨੂੰ ਸਿਰਨਾਵਾਂ ਦੇਈਏ।