ਵਿਸ਼ਵ ਦੇ ਮਹਾਨ ਖਿਡਾਰੀ: ਬ੍ਰਾਜ਼ੀਲ ਦਾ ਫੁੱਟਬਾਲ ਸਿਤਾਰਾ ਨੇਮਾਰ ਜੂਨੀਅਰ

ਪ੍ਰਿੰ. ਸਰਵਣ ਸਿੰਘ
ਬ੍ਰਾਜ਼ੀਲ ਫੁੱਟਬਾਲ ਦਾ ਘਰ ਹੈ ਤੇ ਸੈਂਟੋਸ ਕਲੱਬ ਉਹਦਾ ਪੰਘੂੜਾ। ਉਸ ਪੰਘੂੜੇ ਦੇ ਝੂਟੇ ਲੈਂਦਿਆਂ ਅਨੇਕ ਖਿਡਾਰੀ ਉਡਾਰ ਹੋਏ ਜਿਨ੍ਹਾਂ ਨੇ ਵਿਸ਼ਵ ਅੰਬਰ ਦੀਆਂ ਉਡਾਰੀਆਂ ਭਰੀਆਂ। ਉਨ੍ਹਾਂ `ਚੋਂ ਕਈ ਫੁੱਟਬਾਲ ਅੰਬਰ ਦੇ ਸਿਤਾਰੇ ਬਣੇ। ਫੁੱਟਬਾਲ ਦੇ ਬਾਦਸ਼ਾਹ ਕਹੇ ਜਾਂਦੇ ਮਹਾਨ ਪੇਲੇ ਤੋਂ ਲੈ ਕੇ ਨੌਜੁਆਨਾਂ ਦੇ ਆਈਕੋਨ ਨੇਮਾਰ ਤਕ ਦਰਜਨਾਂ ਖਿਡਾਰੀ ਹਨ ਜਿਨ੍ਹਾਂ ਨੇ ਬ੍ਰਾਜ਼ੀਲ ਦੀਆਂ ਵਰਦੀਆਂ ਪਾ ਕੇ ਫੀਫਾ ਦੇ ਵਿਸ਼ਵ ਕੱਪ ਖੇਡੇ ਤੇ ਸਭ ਤੋਂ ਵੱਧ ਵਾਰ ਜਿੱਤੇ। ਫੁੱਟਬਾਲ ਦੀ ਆਲਮੀ ਸਰਦਾਰੀ ਦਾ ਚਿੰਨ੍ਹ ਫੀਫਾ ਵਿਸ਼ਵ ਕੱਪ 1930 ਤੋਂ 2022 ਤਕ 22 ਵਾਰ ਖੇਡਿਆ ਗਿਆ। 1942 ਤੇ 46 ਦੇ ਵਿਸ਼ਵ ਕੱਪ ਦੂਜੀ ਵਿਸ਼ਵ ਜੰਗ ਕਾਰਨ ਖੇਡੇ ਨਾ ਸਕੇ। ਉਦੋਂ ਓਲੰਪਿਕ ਖੇਡਾਂ ਵੀ ਨਹੀਂ ਸੀ ਹੋ ਸਕੀਆਂ।

ਬੇਸ਼ਕ ਓਲੰਪਿਕ ਖੇਡਾਂ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਮੰਨੀਆਂ ਜਾਂਦੀਆਂ ਹਨ ਪਰ ਫੀਫਾ ਦੇ ਵਿਸ਼ਵ ਕੱਪਾਂ ਦੀ ਖਿੱਚ ਵੀ ਘੱਟ ਨਹੀਂ। ਬ੍ਰਾਜ਼ੀਲ ਦੀ ਟੀਮ 5 ਵਾਰ ਵਿਸ਼ਵ ਕੱਪ ਜਿੱਤੀ ਹੈ। ਜਰਮਨੀ ਤੇ ਇਟਲੀ ਦੀਆਂ ਟੀਮਾਂ 4-4 ਵਾਰ ਵਿਸ਼ਵ ਕੱਪ ਜਿੱਤੀਆਂ। ਅਰਜਨਟੀਨਾ 3 ਵਾਰ, ਫਰਾਂਸ ਤੇ ਉਰੂਗੇ 2-2 ਵਾਰ ਅਤੇ ਇੰਗਲੈਂਡ ਤੇ ਫਰਾਂਸ ਨੇ 1-1 ਵਾਰ ਵਿਸ਼ਵ ਕੱਪ ਜਿੱਤੇ। ਹੁਣ ਤਕ 80 ਮੁਲਕਾਂ ਦੀਆਂ ਟੀਮਾਂ ਹੀ ਵਿਸ਼ਵ ਕੱਪਾਂ `ਚ ਭਾਗ ਲੈਣ ਯੋਗ ਹੋਈਆਂ। 2022 ਦੇ ਵਿਸ਼ਵ ਕੱਪ `ਚ ਕੁਆਲੀਫਾਈ ਕੀਤੀਆਂ 32 ਟੀਮਾਂ ਵਿਚਕਾਰ ਮੁਕਾਬਲਾ ਸੀ ਜੋ ਬ੍ਰਾਜ਼ੀਲ ਦੀ ਟੀਮ ਨੇ ਪੰਜਵੀਂ ਵਾਰ ਜਿੱਤਿਆ। ਉਸ ਦਾ ਕਪਤਾਨ ਫੁੱਟਬਾਲ ਦਾ ਚਮਕਦਾ ਸਿਤਾਰਾ ਨੇਮਾਰ ਸੀ। 2026 ਦੇ ਵਿਸ਼ਵ ਕੱਪ `ਚ 32 ਦੀ ਥਾਂ 48 ਟੀਮਾਂ ਭਾਗ ਲੈਣਗੀਆਂ ਜਿਸ ਦਾ ਕੁਆਲੀਫਾਈਂਗ ਦੌਰ ਚੱਲ ਰਿਹੈ। ਆਬਾਦੀ `ਚ ਸਭ ਤੋਂ ਵੱਡੇ ਦੇਸ਼ ‘ਮਹਾਨ’ ਭਾਰਤ ਨੇ ਅਜੇ ਤਕ ਵਿਸ਼ਵ ਕੱਪ `ਚ ਕੋਈ ਨਾਂ ਥਾਂ ਨਹੀਂ ਬਣਾਇਆ। ਪਤਾ ਨਹੀਂ ਵਿਸ਼ਵ ਕੱਪ ਲਈ ਕਦੋਂ ਕੁਆਲੀਫਾਈ ਕਰੇ ਜਾਂ ਨਾ ਹੀ ਕਰੇ?
ਖੇਡਾਂ `ਚ ਜਦੋਂ ਕਿਸੇ ਖਿਡਾਰੀ ਦੀ ਗੁੱਡੀ ਚੜ੍ਹਦੀ ਹੈ ਤਾਂ ਨਾਲ ਉਹਦੇ ਦੇਸ਼ ਦੀ ਵੀ ਚੜ੍ਹ ਜਾਂਦੀ ਹੈ। 1960ਵਿਆਂ `ਚ ਪੇਲੇ ਦੀ ਗੁੱਡੀ ਚੜ੍ਹੀ ਸੀ। ਉਸ ਨੇ ਆਪਣੇ ਨਾਂ ਨਾਲ ਬ੍ਰਾਜ਼ੀਲ ਦਾ ਨਾਂ ਵੀ ਕੁਲ ਦੁਨੀਆ `ਚ ਧੁਮਾਇਆ। ਸਭ ਨੂੰ ਪਤਾ ਲੱਗ ਗਿਆ, ਬ੍ਰਾਜ਼ੀਲ ਨਾਂ ਦਾ ਕੋਈ ਮੁਲਕ ਹੈ ਜਿਸ ਦੀ ਫੁੱਟਬਾਲ ਖੇਡਣ `ਚ ਕੁਲ ਦੁਨੀਆ `ਤੇ ਝੰਡੀ ਹੈ। 2022 `ਚ ਪੇਲੇ ਭਾਵੇਂ ਜਹਾਨ ਤੋਂ ਰੁਖ਼ਸਤ ਹੋ ਗਿਐ ਪਰ ਜਿਉਂਦੇ ਜੀਅ ਨੇਮਾਰ ਨੂੰ ਅਸ਼ੀਰਵਾਦ ਦੇ ਗਿਆ ਕਿ ਉਹ ਮੇਰਾ ਵਾਰਸ ਹੋਵੇਗਾ। ਨੇਮਾਰ ਸੱਚਮੁੱਚ ਧਰੂ ਤਾਰੇ ਵਾਂਗ ਲਿਸ਼ਕ ਰਿਹੈ। ਇਕ ਸਮੇਂ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਖਿਡਾਰੀ ਵੀ ਸਾਬਤ ਹੋਇਆ। 2017 `ਚ ਫਰਾਂਸ ਦੇ ਫੁੱਟਬਾਲ ਕਲੱਬ ਪੈਰਿਸ ਸੇਂਟ-ਜਰਮੇਨ ਨੇ ਉਸ ਨੂੰ ਬਾਰਸੀਲੋਨਾ ਕਲੱਬ `ਚੋਂ ਪੱਟਣ ਲਈ 222 ਮਿਲੀਅਨ ਯੂਰੋ ਤਾਰੇ ਜੋ 263 ਮਿਲੀਅਨ ਡਾਲਰ ਬਣਦੇ ਸਨ। ਰੁਪਏ ਬਣਾਉਣੇ ਹੋਣ ਤਾਂ 26 ਕਰੋੜ 30 ਲੱਖ ਅਮਰੀਕਨ ਡਾਲਰਾਂ ਨੂੰ ਰੁਪਈਆਂ ਨਾਲ ਗੁਣਾਂ ਕਰ ਲਓ। ਉਦੋਂ ਕਲੱਬ ਬਦਲਣ ਲਈ ਏਨੀ ਰਕਮ ਕਿਸੇ ਫੁੱਟਬਾਲ ਦੇ ਖਿਡਾਰੀ ਨੂੰ ਤਾਰਨ ਦਾ ਉਹ ਨਵਾਂ ਰਿਕਾਰਡ ਸੀ!
ਨੇਮਾਰ ਦੀਆਂ ਪ੍ਰਾਪਤੀਆਂ `ਤੇ ਪੂਰਾ ਲੇਖ ਨਹੀਂ, ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਕੁਝ ਕਿਤਾਬਾਂ ਲਿਖੀਆਂ ਵੀ ਗਈਆਂ ਤੇ ਫਿਲਮਾਂ ਵੀ ਬਣਾਈਆਂ ਗਈਆਂ। ਉਸ ਦੀ ਪਹੁੰਚ ਕੇਵਲ ਬ੍ਰਾਜ਼ੀਲ ਮੁਲਕ ਦੇ ਸਟਾਰ ਖਿਡਾਰੀ ਹੋਣ ਤਕ ਹੀ ਸੀਮਤ ਨਹੀਂ ਬਲਕਿ ਵਿਸ਼ਵ ਪੱਧਰ ਤਕ ਪੁੱਜ ਚੁੱਕੀ ਹੈ। ਉਸ ਦਾ ਨਾਂ ਰੋਨਾਲਡੋ ਤੇ ਮੈੱਸੀ ਵਾਂਗ ਘਰ-ਘਰ ਗੂੰਜ ਰਿਹੈ। ਇਸ ਵੇਲੇ ਫੁੱਟਬਾਲ ਦੀ ਦੁਨੀਆ ਵਿਚ ਮਸ਼ਹੂਰੀ ਪੱਖੋਂ ਪੁਰਤਗਾਲ ਦੇ ਰੋਨਾਲਡੋ ਤੇ ਅਰਜਨਟੀਨਾ ਦੇ ਮੈੱਸੀ ਤੋਂ ਬਾਅਦ ਤੀਜਾ ਨਾਂ ਬ੍ਰਾਜ਼ੀਲ ਦੇ ਨੇਮਾਰ ਦਾ ਲਿਆ ਜਾ ਰਿਹੈ। ਉਸ ਨੇ ਅਨੇਕ ਕੱਪ ਤੇ ਟਰਾਫੀਆਂ ਜਿੱਤਣ ਜਿਤਾਉਣ ਦੇ ਨਾਲ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਤੇ ਸਿਲਵਰ ਮੈਡਲ ਵੀ ਜਿੱਤਿਆ ਹੈ। ਟਰਾਫੀਆਂ ਤੇ ਛੋਟੇ ਵੱਡੇ ਕੱਪਾਂ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਫੁੱਟਬਾਲ ਦੀ ਖੇਡ ਦੇ ਨਵੇਂ ਮਾਪਦੰਡ ਸਿਰਜੇ ਹਨ। ਡ੍ਰਿਬਲਿੰਗ ਅਤੇ ਬਾਲ `ਤੇ ਕੰਟਰੋਲ ਉਸ ਦੀ ਖੇਡ ਸ਼ੈਲੀ ਦੇ ਮੀਰੀ ਗੁਣ ਹਨ। ਸੋਸ਼ਲ ਮੀਡੀਏ `ਤੇ ਵਿਚਰਨ `ਚ ਵੀ ਉਹਦਾ ਕੋਈ ਸਾਨੀ ਨਹੀਂ। ਉਹ ਇੰਸਟਰਾਗ੍ਰਾਮ, ਟਵਿੱਟਰ ਤੇ ਫੇਸਬੁੱਕ ਵਰਗੇ ਪਲੇਟਫਾਰਮਾਂ ਰਾਹੀਂ ਲੱਖਾਂ ਕਰੋੜਾਂ ਪ੍ਰਸ਼ੰਸਕਾਂ ਨਾਲ ਜੁੜਿਆ ਹੋਇਐ। ਉਸ ਦਾ ਸਟਾਈਲ, ਪੋਸਟਾਂ ਤੇ ਜੀਵਨ ਸ਼ੈਲੀ ਨੂੰ ਲੱਖਾਂ ਲੋਕ ਵੇਖਦੇ ਤੇ ਪਸੰਦ ਕਰਦੇ ਹਨ। ਉਹ ਕੇਵਲ ਖਿਡਾਰੀ ਹੀ ਨਹੀਂ ਬਲਕਿ ਬਹੁਗੁਣਾਂ ਸਟਾਰ ਕਲਾਕਾਰ ਹੈ ਜਿਸ ਦਾ ਵਪਾਰਕ ਮੁੱਲ ਲੱਖਾਂ ਕਰੋੜਾਂ `ਚ ਪੈ ਰਿਹੈ। ਉਹਦੇ ਵਾਲਾਂ ਦੇ ਨਵੇਂ ਫੈਸ਼ਨ ਆਏ ਦਿਨ ਬਦਲਦੇ ਰਹਿੰਦੇ ਹਨ ਜਿਨ੍ਹਾਂ ਦੀ ਨੌਜੁਆਨ ਨਕਲ ਕਰਦੇ ਹਨ। ਵੱਖ-ਵੱਖ ਬ੍ਰਾਂਡਾਂ ਨਾਲ ਆਪਣਾ ਨਾਂ ਜੋੜ ਕੇ ਉਹ ਲੱਖਾਂ ਕਰੋੜਾਂ ਕਮਾਉਂਦਾ ਲੱਖਾਂ ਕਰੋੜਾਂ ਦੇ ਦਾਨ ਵੀ ਕਰਦਾ ਹੈ। ਫੁੱਟਬਾਲ ਖੇਡਦਿਆਂ ਸੱਟਾਂ ਵੀ ਖਾਂਦਾ ਹੈ ਤੇ ਨਕਦ ਨਾਵੇਂ ਦੇ ਮੁਕੱਦਮਿਆਂ `ਚ ਅਦਾਲਤਾਂ ਦੀਆਂ ਤਾਰੀਕਾਂ ਵੀ ਭੁਗਤਦਾ ਹੈ। ਹੋਰ ਤਾਂ ਹੋਰ ਉਸ `ਤੇ ਰੇਪ ਦੇ ਚਾਰਜ ਵੀ ਲੱਗੇ ਜਿਨ੍ਹਾਂ `ਚ ਉਹ ਬਰੀ ਹੁੰਦਾ ਰਿਹਾ। ਉਸ ਦੇ ਤਿੰਨ ਬੱਚੇ ਹਨ ਜੋ ਤਿੰਨ ਤ੍ਰੀਮਤਾਂ ਦੀ ਕੁੱਖੋਂ ਜਨਮੇ ਹਨ। ਉਸ ਦੀ ਇਕ ਭੈਣ ਵੀ ਹੈ। ਫੁੱਟਬਾਲ ਦੇ ਸ਼ਹਿਨਸ਼ਾਹ ਮੈੱਸੀ ਨੂੰ ਉਹ ਵਧੀਆ ਦੋਸਤ ਤੇ ਪੇਲੇ ਨੂੰ ਆਪਣਾ ਇਸ਼ਟ ਮੰਨਦਾ ਹੈ।
ਪੁਰਤਗਾਲੀ ਮੂਲ ਦੇ ਨੇਮਾਰ ਦਾ ਪੂਰਾ ਨਾਂ ਨੇਮਾਰ ਦਿ ਸਿਲਵਾ ਸੈਂਟੋਸ ਜੂਨੀਅਰ ਹੈ। ਪੁਰਤਗੇਜ਼ੀ ਰਿਵਾਜ ਅਨੁਸਾਰ ਸਿਲਵਾ ਉਹਦੀ ਮਾਂ ਵੱਲੋਂ ਤੇ ਸੈਂਟੋਸ ਉਹਦੇ ਪਿਓ ਵੱਲੋਂ ਜੁੜੇ ਨਾਂ ਹਨ। ਉਹ 5 ਫਰਵਰੀ 1992 ਨੂੰ ਬ੍ਰਾਜ਼ੀਲ ਦੇ ਸ਼ਹਿਰ ਮੋਗੀ ਦਾਸ ਕਰੂਜ਼ਿਸ ਵਿਚ ਨੇਮਾਰ ਸੈਂਟੋਸ ਸੀਨੀਅਰ ਦੇ ਘਰ ਮਾਤਾ ਨਦੀਨ ਗੋਨਕਾਲਵਜ਼ ਸਿਲਵਾ ਦੀ ਕੁੱਖੋਂ ਜੰਮਿਆ ਸੀ। ਉਸ ਦਾ ਪਿਤਾ ਖ਼ੁਦ ਫੁੱਟਬਾਲ ਦਾ ਖਿਡਾਰੀ ਸੀ ਜੋ ਚਾਹੁੰਦਾ ਸੀ ਉਸ ਦਾ ਪੁੱਤਰ ਵੀ ਪੇਲੇ ਵਾਂਗ ਨਾਮਵਰ ਖਿਡਾਰੀ ਬਣੇ। ਉਹ ਗੁਜ਼ਾਰੇ ਪੱਖੋਂ ਭਾਵੇਂ ਸਰਦਾ-ਪੁੱਜਦਾ ਨਹੀਂ ਸੀ ਫਿਰ ਵੀ ਪੁੱਤਰ ਨੂੰ ਤਕੜਾ ਖਿਡਾਰੀ ਬਣਾਉਣ ਲਈ ਪੂਰਾ ਤਾਣ ਲਾਇਆ। ਵਸੀਲੇ ਸੀਮਤ ਹੋਣ ਦੇ ਬਾਵਜੂਦ ਨੇਮਾਰ ਨੂੰ ਚੰਗੀ ਖੁਰਾਕ ਤੇ ਵਧੀਆ ਕੋਚਿੰਗ ਦੁਆਈ। ਨੇਮਾਰ ਨੇ ਵੀ ਤਨਦੇਹੀ ਨਾਲ ਆਪਣਾ ਬਚਪਨ ਤੇ ਚੜ੍ਹਦੀ ਜੁਆਨੀ ਫੁੱਟਬਾਲ `ਚ ਮੁਹਾਰਤ ਹਾਸਲ ਕਰਨ ਦੇ ਲੇਖੇ ਲਾਈ। ਛੋਟੀ ਉਮਰ `ਚ ਹੀ ਉਹ ਗੋਲ `ਤੇ ਗੋਲ ਦਾਗਣ ਲੱਗ ਪਿਆ ਸੀ ਤੇ ਕਲੱਬਾਂ ਵਾਲੇ ਉਸ ਨੂੰ ਆਪੋ ਆਪਣੇ ਵੱਲ ਖਿੱਚਣ ਲੱਗ ਪਏ ਸਨ।
ਬੀਹੀਆਂ ਵਿਹੜਿਆਂ `ਚ ਖੇਡਦਾ ਸਭ ਤੋਂ ਪਹਿਲਾਂ ਉਹ ਆਪਣੇ ਪਿਤਾ ਦੀ ਨਿਗਰਾਨੀ ਹੇਠ ਸਥਾਨਕ ਕਲੱਬ ਸਾਓ ਵਿਸੈਂਟੇ `ਚ ਖੇਡਣ ਲੱਗਾ। ਉਹ 5+5 ਦੀਆਂ ਟੀਮਾਂ ਬਣਾ ਕੇ ਖੇਡਦੇ। 2003 ਵਿਚ ਉਨ੍ਹਾਂ ਦਾ ਪਰਿਵਾਰ ਸੈਂਟੋਸ ਚਲਾ ਗਿਆ। ਉਥੇ ਉਹ ਪੇਲੇ ਦੇ ਸ਼ੁਰੂ ਕੀਤੇ ਫੁੱਟਬਾਲ ਕਲੱਬ ਵੱਲੋਂ ਚਲਾਈ ਯੂਥ ਅਕੈਡਮੀ `ਚ ਦਾਖਲ ਹੋ ਗਿਆ। 14 ਸਾਲ ਦੀ ਉਮਰ ਵਿਚ ਉਹ ਸਪੇਨ ਦੇ ਰੀਅਲ ਮੈਡਰਿਡ ਫੁੱਟਬਾਲ ਕਲੱਬ `ਚ ਥਾਂ ਬਣਾ ਗਿਆ। ਆਪਣੇ ਸ਼ੁਰੂਆਤੀ ਦਿਨਾਂ `ਚ ਹੀ ਉਸ ਦੀ ਡ੍ਰਿਬਲਿੰਗ ਤੇ ਗੋਲ ਕਰਨ ਦੀਆਂ ਕਮਾਲਾਂ ਨੇ ਫੁੱਟਬਾਲ ਦੇ ਦਰਸ਼ਕਾਂ ਤੇ ਪਾਰਖੂ ਕੋਚਾਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੂੰ ਉਹਦੀ ਖੇਡ `ਚੋਂ ਮਹਾਨ ਪੇਲੇ ਦੀਆਂ ਝਲਕਾਂ ਦਿਸਣ ਲੱਗੀਆਂ। 2009 ਵਿਚ ਜਦੋਂ ਉਹ 17 ਸਾਲਾਂ ਦਾ ਹੋਇਆ ਤਾਂ ਉਹਦਾ ਕੱਦ 5 ਫੁੱਟ 9 ਇੰਚ ਹੋ ਗਿਆ। ਉਹ ਜਿਹੜਾ ਵੀ ਮੈਚ ਖੇਡਦਾ ਤੇਜ਼-ਤਰਾਰ ਦੌੜ ਨਾਲ ਝਕਾਨੀਆਂ ਦਿੰਦਾ ਗੋਲ ਕਰਨ ਦੀਆਂ `ਨ੍ਹੇਰੀਆਂ ਲਿਆਈ ਜਾਂਦਾ। ਉਹਦੀ ਪਹਿਲੀ ਵੱਡੀ ਜਿੱਤ 2011 ਵਿਚ ਸੈਂਟੋਸ ਕਲੱਬ ਵੱਲੋਂ ਖੇਡਦਿਆਂ ਲਿਬਰਟਾਡੋਰਸ ਕੱਪ ਜਿੱਤਣ ਨਾਲ ਹੋਈ। ਦੱਖਣੀ ਅਮਰੀਕਾ ਦਾ ਇਹ ਸ਼ਾਨਾਂਮੱਤਾ ਕੱਪ 2012 ਵਿਚ ਵੀ ਉਹ ਜਿੱਤ ਗਏ। ਉਹਦੇ ਨਾਲ ਉਸ ਦੀ ਅਜਿਹੀ ਧੰਨ-ਧੰਨ ਹੋਈ ਕਿ ਵਿਸ਼ਵ ਪੱਧਰ ਦੀਆਂ ਕਲੱਬਾਂ ਦਾ ਉਹ ਚਹੇਤਾ ਖਿਡਾਰੀ ਬਣ ਗਿਆ। ਯੂਰਪ ਦੇ ਕਲੱਬ ਉਸ ਨੂੰ ਪੱਟਣ ਲਈ ਉਹਦੇ ਪਿੱਛੇ ਪੈ ਗਏ।
ਜੂਨ 1913 ਵਿਚ ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬ ਬਾਰਸੀਲੋਨਾ ਨੇ ਨੇਮਾਰ ਨੂੰ ਸੈਂਟੋਸ ਤੋਂ ਪੱਟ ਲਿਆ। 57 ਮਿਲੀਅਨ ਯੂਰੋਆਂ ਨਾਲ ਪੰਜ ਸਾਲਾਂ ਦੇ ਇਕਰਾਰਨਾਮੇ `ਤੇ ਦਸਤਖ਼ਤ ਕਰਾ ਕੇ ਉਸ ਨੂੰ ਆਪਣੇ ਕਲੱਬ ਦਾ ਖਿਡਾਰੀ ਬਣਾ ਲਿਆ। ਉਸ ਵੇਲੇ ਤਕ ਕਲੱਬ ਤਬਦੀਲੀ ਦਾ ਇਹ ਸਭ ਤੋਂ ਮਹਿੰਗਾ ਸੌਦਾ ਸੀ। ਉਦੋਂ ਬਾਰਸੀਲੋਨਾ ਕਲੱਬ ਲਿਓਨਲ ਮੈਸੀ ਤੇ ਲੂਈਸ ਸੂਆਰੇਜ਼ ਵਰਗੇ ਘਾਗ ਖਿਡਾਰੀਆਂ ਨਾਲ ਭਰਪੂਰ ਸੀ। ਉਨ੍ਹਾਂ ਤੋਂ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈੱਸੀ, ਸੂਆਰੇਜ਼ ਤੇ ਨੇਮਾਰ ਦੀ ਤਿੱਕੜੀ ਨੂੰ ਫੁੁੱਟਬਾਲ ਜਗਤ ਦੀ ਬਿਹਤਰੀਨ ਤਿੱਕੜੀ ਮੰਨਿਆ ਗਿਆ। ਇਸ ਤਿੱਕੜੀ ਦਾ ਛੋਟਾ ਨਾਂ ‘ਐੱਮਐੱਸਐੱਨ’ ਵਜੋਂ ਮਸ਼ਹੂਰ ਹੋ ਗਿਆ। ਉਹ ਜਿਹੜਾ ਮੈਚ ਖੇਡਦੇ ਧੰਨ-ਧੰਨ ਕਰਾ ਦਿੰਦੇ। ਨੇਮਾਰ ਦੀ ਸ਼ਮੂਲੀਅਤ ਨਾਲ ਬਾਰਸੀਲੋਨਾ ਕਲੱਬ ਨੇ ਲਾ ਲੀਗਾ ਚੈਂਪੀਅਨਸ਼ਿਪ, ਕੋਪਾ ਡੇਲ ਰੇਅ ਟਾਈਟਲ ਤੇ ਯੂਨੀਅਨ ਆਫ਼ ਯੂਰਪੀਨ ਫੁੱਟਬਾਲ ਐਸੋਸੀਏਸ਼ਨਜ਼ ਚੈਂਪੀਅਨਜ਼ ਲੀਗ ਟਾਈਟਲ ਵੀ ਜਿੱਤ ਲਏ। ਉਨ੍ਹਾਂ ਜਿੱਤਾਂ ਨਾਲ ਬਾਰਸੀਲੋਨਾ ਕਲੱਬ ਦੀਆਂ ਹੋਰ ਵੀ ਚੜ੍ਹ ਮੱਚੀਆਂ।
2013 ਤੋਂ 17 ਤਕ ਨੇਮਾਰ ਨੇ ਬਾਰਸੀਲੋਨਾ ਵੱਲੋਂ 186 ਮੈਚ ਖੇਡੇ ਜਿਨ੍ਹਾਂ 105 ਗੋਲ ਕੀਤੇ। ਬੇਸ਼ਕ ਉਹ ਬਿਹਤਰੀਨ ਖੇਡ, ਖੇਡ ਰਿਹਾ ਸੀ ਪਰ ਉਸ ਤੋਂ ਸੀਨੀਅਰ ਖਿਡਾਰੀ ਲਿਓਨਲ ਮੈੱਸੀ ਦੀ ਬੱਲੇ-ਬੱਲੇ ਉਸ ਤੋਂ ਕਿਤੇ ਵੱਧ ਹੋ ਰਹੀ ਸੀ। ਕਦੇ-ਕਦੇ ਉਹਦੇ ਮਨ `ਚ ਆਉਂਦੀ ਕਿ ਕਿਸੇ ਤਰ੍ਹਾਂ ਮੈੱਸੀ ਦੇ ਪਰਛਾਵੇਂ ਹੇਠੋਂ ਨਿਕਲਿਆ ਜਾਵੇ। ਅੰਦਰਖਾਤੇ ਕਲੱਬਾਂ ਦੇ ਵਿਚੋਲੇ ਉਸ ਨੂੰ ਬਾਰਸੀਲੋਨਾ ਕਲੱਬ `ਚੋਂ ਪੱਟ ਕੇ ਪੈਰਿਸ ਸੇਂਟ-ਜਰਮੇਨ ਕਲੱਬ ਵੱਲ ਖਿੱਚਣ ਲੱਗ ਪਏ। ਅਗਸਤ 2017 `ਚ ਜਦੋਂ ਉਹ 25 ਸਾਲਾਂ ਦਾ ਭਰ ਜੁਆਨ ਸੀ ਤਾਂ ਪੀਐੱਸਜੀ ਕਲੱਬ ਉਸ ਨੂੰ 222 ਯੂਰੋ ਦੀ ਰਿਕਾਰਡ ਤੋੜ ਰਕਮ ਝੋਕ ਕੇ ਬਾਰਸੀਲੋਨਾ ਤੋਂ ਤਬਦੀਲ ਕਰਾਉਣ `ਚ ਕਾਮਯਾਬ ਹੋ ਗਿਆ। ਇਸ ਸੌਦੇ ਨਾਲ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ। ਬਾਰਸੀਲੋਨਾ ਕਲੱਬ ਨੇ ਕੁਝ ਸਮਾਂ ਰੱਟਾ ਪਾਇਆ ਪਰ ਉਹਦੀ ਗੱਲ ਨਾ ਬਣ ਸਕੀ।
ਪੀਐੱਸਜੀ ਵੱਲੋਂ ਪਹਿਲੇ ਸੀਜ਼ਨ ਵਿਚ ਨੇਮਾਰ ਨੇ 30 ਮੈਚ ਹੀ ਖੇਡੇ ਸਨ ਜਿਨ੍ਹਾਂ `ਚ 28 ਗੋਲ ਕੀਤੇ ਕਿ ਉਸ ਦੇ ਸੱਜੇ ਪੈਰ ਦੀ ਹੱਡੀ ਟੁੱਟ ਗਈ। ਪਰ ਉਸ ਦੀਆਂ ਮੁੱਢਲੀਆਂ ਜਿੱਤਾਂ ਸਦਕਾ ਪੀਐੱਸਜੀ ਨੇ ਕੱਪ ਲੀਗ ਦਾ ਟਾਈਟਲ ਜਿੱਤ ਲਿਆ। ਨੇਮਾਰ ਨੂੰ ਕੁਝ ਸਮਾਂ ਪੈਰ ਦਾ ਇਲਾਜ ਕਰਾਉਣ ਲਈ ਖੇਡ ਮੈਦਾਨ ਤੋਂ ਬਾਹਰ ਰਹਿਣਾ ਪਿਆ। ਪੈਰ ਠੀਕ ਹੋਇਆ ਤਾਂ ਉਹ ਪਹਿਲਾਂ ਤੋਂ ਵੱਧ ਜੋਸ਼ ਨਾਲ ਖੇਡਣ ਲੱਗਾ ਜਿਸ ਸਦਕਾ ਉਹਦੇ ਕਲੱਬ ਨੇ 2017-18 ਨਾਲ 2018-19 ਤੇ 2019-20 ਦੇ ਲੀਗ ਟਾਈਟਲ ਵੀ ਜਿੱਤ ਲਏ। ਇਹ ਸਮਝੋ ਕਿ ਮਹਿੰਗੇ ਮੁੱਲ ਨਾਲ ਲਏ ਨੇਮਾਰ ਨੇ ਮਾਲਕਾਂ ਦਾ ਘਰ ਟਾਈਟਲਾਂ ਨਾਲ ਭਰ ਦਿੱਤਾ। ਕਲੱਬ ਨਾਲ ਉਸ ਦਾ ਇਕਰਾਰਨਾਮਾ 2025 ਤਕ ਵਧਾ ਦਿੱਤਾ ਗਿਆ। ਉਸ ਵੇਲੇ ਰੋਨਾਲਡੋ ਨਾਲ ਮੈੱਸੀ, ਮਬਾਪੇ ਤੇ ਨੇਮਾਰ ਦੀ ਗੁੱਡੀ ਪੂਰੀ ਚੜ੍ਹੀ ਹੋਈ ਸੀ। ਜਿਵੇਂ ਨੇਮਾਰ ਜੂਨੀਅਰ ਨੇ ਸੈਂਟੋਸ ਕਲੱਬ ਵਿਚ ਹੋਣਹਾਰੀ ਵਿਖਾਈ ਸੀ ਤੇ ਬਾਰਸੀਲੋਨਾ ਕਲੱਬ `ਚ ਨਾਮਣਾ ਖੱਟਿਆ ਸੀ ਉਵੇਂ ਪੀਐੱਸਜੀ ਕਲੱਬ ਵਿਚ ਵੀ ਸ਼ਾਨਾਮੱਤਾ ਰੋਲ ਅਦਾ ਕੀਤਾ। ਉਸ ਨੇ ਨਾ ਸਿਰਫ਼ ਕਲੱਬ ਨੂੰ ਵਾਰ ਵਾਰ ਟਾਈਟਲ ਜਿਤਵਾਏ, ਸਗੋਂ ਫਰਾਂਸ ਦੇ ਖਿਡਾਰੀਆਂ ਨੂੰ ਖੇਡ ਦੇ ਨਵੇਂ ਗੁਰ ਵੀ ਸਿਖਾਏ। ਇੰਜ ਉਸ ਦੀ ਖੇਡ ਸੈLਲੀ ਨੇ ਫਰਾਂਸ ਦੇ ਫੁੱਟਬਾਲ ਮੰਚ ਨੂੰ ਨਵਾਂ ਰੁਖ ਪਰਦਾਨ ਕੀਤਾ। ਉਸ ਦੀ ਫੁਰਤੀ, ਝਕਾਨੀ ਅਤੇ ਖੇਡ `ਤੇ ਕੰਟਰੋਲ ਨੇ ਕਲੱਬ ਦੀ ਟੀਮ ਨੂੰ ਬੜੀ ਮਜ਼ਬੂਤ ਟੀਮ ਬਣਾ ਦਿੱਤਾ ਸੀ। 2020 ਵਿਚ ਉਨ੍ਹਾਂ ਦੇ ਕਲੱਬ ਦੀ ਟੀਮ ਵਿਸ਼ਵ ਦੀ ਚੋਟੀ ਦੀ ਟੀਮ ਮੰਨੀ ਗਈ।
ਕਲੱਬਾਂ ਵੱਲੋਂ ਖੇਡਣ ਦੇ ਨਾਲ-ਨਾਲ ਨੇਮਾਰ ਦਾ ਬ੍ਰਾਜ਼ੀਲ ਦੀਆਂ ਕੌਮੀ ਟੀਮਾਂ ਲਈ ਖੇਡਣਾ ਵੀ ਸਲਾਹੁਣਯੋਗ ਹੈ। ਬ੍ਰਾਜ਼ੀਲ ਲਈ ਉਸ ਨੇ ਸ਼ਾਨਦਾਰ ਭੂਮਿਕਾ ਨਿਭਾਈ। ਇਸੇ ਲਈ ਉਸ ਨੂੰ ਬ੍ਰਾਜ਼ੀਲੀਆਂ ਦੀ ਆਨ-ਸ਼ਾਨ ਸਮਝਿਆ ਜਾਂਦਾ ਹੈ। ਉਹ 2011 ਤੋਂ ਹੀ ਬ੍ਰਾਜ਼ੀਲ ਦੀਆਂ ਕੌਮੀ ਟੀਮਾਂ ਵੱਲੋਂ ਅੰਤਰਰਾਸ਼ਟਰੀ ਮੈਚ ਖੇਡਦਾ ਆ ਰਿਹੈ। 2013 ਵਿਚ ਨੇਮਾਰ ਨੇ 10 ਨੰਬਰ ਪੁਸ਼ਾਕ ਨਾਲ ਫਾਰਵਰਡ ਖਿਡਾਰੀ ਬਣ ਕੇ ਬ੍ਰਾਜ਼ੀਲ ਨੂੰ ਕਨਫੈਡਰੇਸ਼ਨ ਕੱਪ ਜਿਤਵਾਇਆ। ਉਸ ਕੱਪ ਦਾ ਉਹ ਬਿਹਤਰੀਨ ਖਿਡਾਰੀ ਮੰਨਿਆ ਗਿਆ। ਫਿਰ ਉਸ ਦੀਆਂ ਨਜ਼ਰਾਂ ਫੀਫਾ ਵਿਸ਼ਵ ਕੱਪ `ਤੇ ਲੱਗ ਗਈਆਂ।
2014 ਦਾ ਫੀਫਾ ਕੱਪ ਉਸ ਦੇ ਆਪਣੇ ਮੁਲਕ ਬ੍ਰਾਜ਼ੀਲ ਵਿਚ ਹੀ ਹੋ ਰਿਹਾ ਸੀ। ਨੇਮਾਰ ਬ੍ਰਾਜ਼ੀਲ ਦੀ ਟੀਮ ਦੇ ਮੁੱਖ ਖਿਡਾਰੀ ਵਜੋਂ ਮੈਦਾਨ `ਚ ਨਿੱਤਰਿਆ। ਉਸ ਦੀ ਖੇਡ ਦੇ ਬਲਬੂਤੇ ਬ੍ਰਾਜ਼ੀਲ ਨੇ ਕੱਪ ਦੇ ਕੁਆਟਰ ਫਾਈਨਲ ਲਈ ਕੁਆਲੀਫਾਈ ਕਰਨ ਵਾਲੇ ਗਰੁੱਪ ਮੈਚ ਜਿੱਤ ਲਏ। ਕੋਲੰਬੀਆ ਵਿਰੁੱਧ ਕੁਆਟਰ ਫਾਈਨਲ ਮੈਚ ਦੌਰਾਨ ਉਸ ਦੇ ਗੰਭੀਰ ਸੱਟ ਲੱਗ ਗਈ। ਮੈਚ ਫਿਰ ਵੀ ਬ੍ਰਜ਼ੀਲ ਦੀ ਟੀਮ ਨੇ ਜਿੱਤ ਲਿਆ। ਸੈਮੀ ਫਾਈਨਲ ਮੈਚ ਖੇਡਣ ਦੇ ਉਹ ਯੋਗ ਨਹੀਂ ਸੀ ਰਿਹਾ। ਨੇਮਾਰ ਦੀ ਗ਼ੈਰਹਾਜ਼ਰੀ `ਚ ਜਰਮਨੀ ਵਿਰੁੱਧ ਖੇਡਿਆ ਸੈਮੀ ਫਾਈਨਲ ਮੈਚ ਬ੍ਰਾਜ਼ੀਲ ਦੀ ਟੀਮ ਆਪਣੇ ਹੀ ਦਰਸ਼ਕਾਂ ਸਾਹਵੇਂ 7-1 ਗੋਲਾਂ ਦੇ ਵੱਡੇ ਫਰਕ ਨਾਲ ਹਾਰ ਗਈ।
ਸੱਟਾਂ ਫੇਟਾਂ ਖੇਡਾਂ ਦਾ ਅੰਗ ਮੰਨੀਆਂ ਜਾਂਦੀਆਂ ਹਨ। ਨੇਮਾਰ ਦੇ ਪੇਸ਼ਾਵਰਾਨਾ ਖੇਡ ਸਫ਼ਰ `ਚ ਸੱਟਾਂ ਫੇਟਾਂ ਨੇ ਕਈ ਵਾਰ ਰੁਕਾਵਟ ਪਾਈ। ਉਹ ਕਈ ਮਹੱਤਵਪੂਰਨ ਮੈਚਾਂ `ਚ ਭਾਗ ਨਾ ਲੈ ਸਕਿਆ। ਵਧੇਰੇ ਸੱਟਾਂ ਪੈਰਾਂ ਦੀਆਂ ਹੱਡੀਆਂ ਤੇ ਗੋਡਿਆਂ ਦੀਆਂ ਚੱਪਣੀਆਂ `ਚ ਵੱਜਦੀਆਂ ਰਹੀਆਂ। ਪਰ ਉਹ ਹਰੇਕ ਵਾਰ ਸੱਟਾਂ ਫੇਟਾਂ `ਚੋਂ ਮੁੜ ਉਭਰਦਾ ਰਿਹਾ। 2022 ਦੇ ਫੀਫਾ ਵਿਸ਼ਵ ਕੱਪ `ਚ ਉਸ ਨੇ ਫਿਰ ਕਮਾਲ ਦੀ ਖੇਡ ਵਿਖਾਈ ਬੇਸ਼ਕ ਛੇਵੀਂ ਵਾਰ ਕੱਪ ਨਾ ਜਿੱਤਿਆ ਜਾ ਸਕਿਆ। ਨੇਮਾਰ ਨਾ ਸਿਰਫ਼ ਖੇਡ ਮੈਦਾਨ `ਚ ਬਲਕਿ ਨਿੱਜੀ ਜੀਵਨ `ਚ ਵੀ ਬੇਹੱਦ ਚਰਚਿਤ ਰਿਹਾ।
ਉਹ ਸਮਾਜਿਕ ਕਾਰਜਾਂ ਵਿਚ ਭਰਵਾਂ ਯੋਗਦਾਨ ਪਾਉਂਦਾ ਆ ਰਿਹੈ। ਉਸ ਦਾ ਸਥਾਪਿਤ ਕੀਤਾ ‘ਨੇਮਾਰ ਜੂਨੀਅਰ ਪ੍ਰੋਜੈਕਟ ਇੰਸਟੀਚਿਊਟ’ ਹੈ ਜੋ ਬ੍ਰਾਜ਼ੀਲ ਦੇ ਪਛੜੇ ਇਲਾਕਿਆਂ `ਚ ਬੱਚਿਆਂ ਨੂੰ ਸਿੱਖਿਆ, ਸਿਹਤ ਅਤੇ ਖੇਡ ਸਹੂਲਤਾਂ ਮੁਹੱਈਆ ਕਰਦਾ ਹੈ। ਉਸ ਨੇ ਕੋਵਿਡ-19 ਦੀ ਮਹਾਮਾਰੀ ਦੌਰਾਨ ਆਪਣੀ ਕਾਫੀ ਸਾਰੀ ਜਾਇਦਾਦ ਹਸਪਤਾਲ ਨੂੰ ਦਾਨ ਕੀਤੀ। ਨੇਮਾਰ ਅਜੇ ਵੀ ਸਰਗਰਮ ਖਿਡਾਰੀ ਹੈ ਤੇ ਰੋਨਾਲਡੋ ਨਾਲ ਅਰਬ ਦੇ ਧਨਵਾਨ ਫੁੱਟਬਾਲ ਕਲੱਬ ਵੱਲੋਂ 2023 ਤੋਂ ਖੇਡ ਰਿਹੈ। ਉਸ ਨੂੰ ਬ੍ਰਾਜ਼ੀਲ ਵੱਲੋਂ 2026 ਦਾ ਫੀਫਾ ਵਿਸ਼ਵ ਕੱਪ ਜਿੱਤਣ ਦੀ ਪੂਰੀ ਆਸ ਹੈ। ਉਸ ਦੇ ਖੇਡ ਸਫ਼ਰ ਨੂੰ ਵੇਖਦਿਆਂ ਆਸ ਬੱਝਦੀ ਹੈ ਕਿ ਆਉਂਦੇ ਦਿਨਾਂ `ਚ ਉਹ ਹੋਰ ਵੀ ਚਮਕੇਗਾ ਤੇ ਕੁਝ ਨਵਾਂ ਕਰ ਵਿਖਾਏਗਾ। ਕੀ ਪਤਾ ਉਸ ਦੀ ਅਗਵਾਈ `ਚ ਬ੍ਰਾਜ਼ੀਲ ਛੇਵਾਂ ਫੀਫਾ ਕੱਪ ਜਿੱਤ ਜਾਵੇ ਤੇ ਕਈ ਅਵਾਰਡਾਂ ਨਾਲ ਸਨਮਾਨੇ ਨੇਮਾਰ ਨੂੰ ਫੁੱਟਬਾਲ ਦਾ ਸਭ ਤੋਂ ਵੱਡਾ ਅਵਾਰਡ ਬੈਲਨ ਡੀ ਓਰ ਵੀ ਮਿਲ ਜਾਵੇ!