ਬਹੁਤਾ ਦੱਸਣ ਦੀ ਤਾਂ ਲੋੜ ਨਹੀਂ ਫਿਰ ਵੀ ਰਸਮੋ-ਰਸਮੀ ਇਹ ਕੰਮ ਕਰਨਾ ਪੈਣਾ ਹੈ। ਟੈਂਕੀ ਧਾਤ, ਸੀਮੈਂਟ, ਪਲਾਸਟਿਕ ਆਦਿ ਦਾ ਬਣਿਆ ਇੱਕ ਅਜਿਹਾ ਵੱਡਾ ਪਾਤਰ ਹੈ ਜਿਸ ਵਿਚ ਕੋਈ ਤਰਲ ਪਦਾਰਥ, ਆਮ ਤੌਰ `ਤੇ ਪਾਣੀ ਜਾਂ ਤੇਲ ਅਤੇ ਕਦੇ ਕਦਾਈਂ ਗੈਸ ਜਮ੍ਹਾਂ ਕੀਤਾ ਜਾਂਦਾ ਹੈ। ਪਤਾ ਹੈ ਨਾ ਅਮਰੀਕੀ ਪੈਟਰੋਲ ਨੂੰ ਵੀ ਗੈਸ ਆਖਦੇ ਹਨ ਜੋ ਗੈਸੋਲੀਨ ਸ਼ਬਦ ਦਾ ਸੰਖੇਪ ਹੈ।
ਇਹ ਪਾਤਰ ਅਕਸਰ ਢੱਕਣਦਾਰ ਤੇ ਕਦੇ ਕਦਾਈਂ ਟੂਟੀਦਾਰ ਹੁੰਦਾ ਹੈ ਤੇ ਸ਼ਕਲ ਵਜੋਂ ਗੋਲ ਜਾਂ ਚੌਰਸ। ਟੈਂਕੀਆਂ ਚੱਕਵੀਆਂ ਵੀ ਹੋ ਸਕਦੀਆਂ ਹਨ ਤੇ ਜਕੜਬੰਦ ਵੀ। ਐਪਰ ਐਨ.ਆਰ.ਆਈ. ਦੁਆਬੀਆਂ ਨੇ ਆਪਣੇ ਪਿੰਡਾਂ ਵਿਚ ਬਣਾਈਆਂ ਕੋਠੀਆਂ ਦੀਆਂ ਛੱਤਾਂ ਉਤੇ ਅਨੇਕਾਂ ਸ਼ਕਲਾਂ ਅਤੇ ਨੁਹਾਰਾਂ ਵਾਲੀਆਂ ਟੈਂਕੀਆਂ ਤਾਮੀਰ ਕਰਾਈਆਂ ਹਨ। ਗਜ਼ਬ ਦੀ ਗੱਲ ਹੈ ਕਿ ਇਹ ਸ਼ਾਨਾਂਮੱਤੀਆਂ ਆਪਣੇ ਅੰਦਰ ਪਾਣੀ ਨਹੀਂ ਪੈਣ ਦਿੰਦੀਆਂ। ਇਸ ਲਈ ਇਨ੍ਹਾਂ ਨੂੰ ਉਪਰ ਦਿੱਤੀ ਟੈਂਕੀ ਦੀ ਪਰਿਭਾਸ਼ਾ ਦੇ ਘੇਰੇ ਵਿਚ ਫਿੱਟ ਕਰਨਾ ਮੁਸ਼ਕਿਲ ਹੀ ਹੈ। ਹਾਂ, ਇਹ ਫੂਹੜ ਮੂਰਤਕਾਰੀ ਦਾ ਸੁੰਦਰ ਨਮੂਨਾ ਹਨ ਜੋ ਫੋਕਾ ਵਿਖਾਵਾ ਹਨ, ਆਪਣੇ ਐਨ.ਆਰ.ਆਈ. ਹੋਣ ਦਾ ਪਿੱਛੇ ਰਹਿੰਦਿਆਂ ਉਤੇ ਰੁਹਬ, ਸ਼ੁਭ-ਸ਼ੁਭ ਸ਼ਬਦਾਂ ਵਿਚ ਚੜ੍ਹਦੀ ਕਲਾ ਦਾ ਪ੍ਰਤੀਕ। ਰਾਜੇਸ਼ ਵੋਰਾ ਨਾਂ ਦੇ ਵਿਅਕਤੀ ਨੇ ਇਨ੍ਹਾਂ `ਤੇ ਇਕ ਪੁਸਤਕ ਹੀ ਲਿਖ ਮਾਰੀ ਹੈ ਜਿਸ ਦੀ ਵੈਨਕੂਵਰ ਵਿਚ ਨੁਮਾਇਸ਼ ਵੀ ਲਾਈ ਗਈ ਸੀ।
ਪੰਜਾਬੀ ਆਪਣੀ ਗੱਡੀ ਦੀ ਟੈਂਕੀ ਨੂੰ ਤੇਲ ਨਾਲ ਪੂਰੀ ਤਰ੍ਹਾਂ ਭਰਾਉਣ ਨੂੰ ‘ਟੈਂਕੀ ਫੁੱਲ’ ਕਰਾਉਣਾ ਆਖਦੇ ਹਨ, ਸ਼ਾਇਦ ਭਰਾਉਣਾ ਸ਼ਬਦ ਉਨ੍ਹਾਂ ਨੂੰ ਹਲਕਾ ਲਗਦਾ ਹੈ। ਇਹ ਅੰਗਰੇਜ਼ੀ-ਪੰਜਾਬੀ ਮਿਕਸ ਉਕਤੀ ਟਰੱਕ ਡਰਾਈਵਰਾਂ ਨੇ ਚਲਾਈ ਹੈ। ਪੰਜਾਬੀਆਂ ਦਾ ਢਿੱਡ ਵੀ ਟੈਂਕੀ ਹੀ ਹੈ, ਖਾਲੀ ਹੋ ਜਾਵੇ ਤਾਂ ਖੂਬ ਖਾ ਪੀ ਕੇ ਫੁੱਲ ਕਰਾ ਲੈਂਦੇ ਹਨ। ਟਰੱਕ ਡਰਾਈਵਰਾਂ ਦੀਆਂ ਸੀਟਾਂ ਅੱਗੇ ਲੱਗੀ ਬਾਬੇ ਦੀ ਫੋਟੋ `ਤੇ ਵੀ ‘ਬਾਬੇ ਦੀ ਫੁੱਲ ਕਿਰਪਾ’ ਲਿਖਿਆ ਹੁੰਦਾ ਹੈ, ‘ਬਾਬੇ ਦੀ ਫੁੱਲ ਕਿਰਪਾ ਜੱਟ ਬੁੱਕਦਾ ਗੱਡੀ ਵਿਚ ਜਾਵੇ’। ਕਈ ਲੋਕ ਉਚੀ ਟੈਂਕੀ `ਤੇ ਚੜ੍ਹ ਕੇ ਆਪਣੇ ਉਪਜੀਵਿਕਾ ਦੇ ਮਸਲੇ ਹੱਲ ਕਰਾ ਲੈਣ ਦਾ ਯਤਨ ਵੀ ਕਰਦੇ ਹਨ,
ਚੜ੍ਹ ਜਾਵਾਂਗਾ ਕਿਸੇ ਟੈਂਕੀ ਉਤੇ
ਧੜਾਮ ਡਿਗਾਂਗਾ
ਕਰਕੇ ਮੀਡੀਆ ਇਕੱਠਾ ਮੈਂ
ਸ਼ਰੇਆਮ ਡਿਗਾਂਗਾ
ਖਤਰੇ ਵਿਚ ਪੈ ਜਾਵੇਗੀ ਸਰਕਾਰ
ਭਰ ਜਾਣਗੇ ਕਲ੍ਹ ਦੇ ਅਖਬਾਰ।
-ਪਾਲੀ ਭੁਪਿੰਦਰ ਸਿੰਘ
ਟੈਂਕੀ ਨੂੰ ਕੁਝ ਪੰਜਾਬੀ ਟੰਕੀ ਵੀ ਪੁਕਾਰਦੇ ਹਨ ਤੇ ਕਾਫੀ ਸਾਰੇ ਟਾਂਚੀ ਵੀ। ਪਰ ਮੇਰੀ ਖੋਜ ਅਨੁਸਾਰ ਵਧੇਰੇ ਪ੍ਰਚੱਲਤ ਸ਼ਬਦ ਟੈਂਕੀ ਹੀ ਹੈ। ਅੰਗਰੇਜ਼ੀ ਦੀ ਗੱਲ ਕਰੀਏ ਤਾਂ ਇਸ ਭਾਸ਼ਾ ਵਿਚ ਉਪਰ ਦਰਸਾਏ ਉਪਯੋਗਾਂ ਲਈ ਬਣਾਏ ਇਸ ਪਾਤਰ ਨੂੰ ਟੈਂਕ ਕਹਿੰਦੇ ਹਨ ਤੇ ਇਸ ਤੋਂ ਵੀ ਅੱਗੇ ਵਧ ਕੇ ਤੇਲ ਢੋਣ ਵਾਲੇ ਵੱਡੇ ਵਾਹਨਾਂ ਲਈ ਟੈਂਕਰ ਸ਼ਬਦ ਵੀ ਘੜਿਆ ਹੋਇਆ ਹੈ। ਭਾਰਤ ਵਿਚ ਪਾਣੀ ਢੋਣ ਲਈ ਟੈਂਕਰਾਂ ਦੀ ਖੂਬ ਵਰਤੋਂ ਹੁੰਦੀ ਹੈ। ਧਿਆਨਯੋਗ ਹੈ ਕਿ ਅੰਗਰੇਜ਼ਾਂ ਦਾ ਹਰ ਟੈਂਕ ਭਾਰਤੀ ਟੈਂਕੀ ਦੇ ਮੁਕਾਬਲੇ ਨਹੀਂ ਖੜਦਾ। ਮਸਲਨ ਅੰਗਰੇਜ਼ੀ ਵਿਚ ਤਲਾਬ ਵੀ ਟੈਂਕ ਹੈ ਤੇ ਲੜਾਈ ਵਿਚ ਵਰਤਣ ਵਾਲਾ ਹਥਿਆਰਾਂ ਨਾਲ Lਲੈਸ ਭਾਰੀ ਭਰਕਮ ਵਾਹਨ ਵੀ। ਅਮਰੀਕਾ ਦੇ ਕਈ ਇਲਾਕਿਆਂ ਦੇ ਥਾਣਿਆਂ ਵਿਚ ਕੈਦੀ ਨੂੰ ਨਜ਼ਰਬੰਦ ਕਰਨ ਲਈ ਬਣਾਏ ਜੰਗਲੇ ਨੂੰ ਵੀ ਟੈਂਕ ਆਖਦੇ ਹਨ। ਹੋਰ ਤਾਂ ਹੋਰ ਏਥੇ ਇੱਕ ਬਾਜ਼ੂ ਰਹਿਤ ਪਹਿਰਾਵੇ ਨੂੰ ਟਂੈਕ ਟੌਪ ਆਖਦੇ ਹਨ। ਉਂਝ ਭਾਰਤੀ ਅੰਗਰੇਜ਼ੀ ਵਿਚ ਵੀ ਇਹ ਟਂੈਕੀਆਂ ਟੈਂਕ ਹੀ ਹਨ।
ਟੈਂਕੀ ਸ਼ਬਦ ਥੋੜ੍ਹੇ ਬਹੁਤੇ ਭੇਦਾਂ ਨਾਲ ਸਾਰੀਆਂ ਭਾਰਤੀ-ਆਰਿਆਈ ਭਾਸ਼ਾਵਾਂ ਵਿਚ ਮਿਲਦਾ ਹੈ। ਮਸਲਨ ਹਿੰਦੀ ਵਿਚ ਇਹ ਟੰਕੀ ਹੈ, ਮਰਾਠੀ ਵਿਚ ਟਾਂਕੀ ਜਾਂ ਟਾਕੀ, ਸਿੰਧੀ ਵਿਚ ਟਾਂਕੀ, ਬੰਗਾਲੀ ਵਿਚ ਟੰਕ, ਅਸਾਮੀ ਵਿਚ ਟੰਕਿ, ਬਲੋਚੀ ਵਿਚ ਟਾਂਕੀ, ਨੇਪਾਲੀ ਵਿਚ ਟਿਆਂਕੀ/ਟੇਂਕੀ, ਉੜੀਆ ਵਿਚ ਟਾਂਕ/ਟਾਂਕੀ, ਗੁਜਰਾਤੀ ਵਿਚ ਟਾਂਖ। ਹੈਰਾਨੀ ਵਾਲੀ ਗੱਲ ਹੈ ਕਿ ਸਿਰਫ਼ ਪੰਜਾਬੀ ਵਿਚ ਹੀ ਇਸ ਸ਼ਬਦ ਦਾ ਇਕ ਭੇਦ ਯਾਨੀ ਟਾਂਚੀ ਦੇ ਅੰਤ ਵਿਚ ‘ਚ’ ਧੁਨੀ ਹੈ ਜਦ ਕਿ ਬਾਕੀ ਸਾਰੀਆਂ ਬੋਲੀਆਂ ਦੇ ਅੰਤ ਵਿਚ ‘ਕ’ ਧੁਨੀ ਹੈ। ਸਵਾਲ ਉਠਦਾ ਹੈ ਕਿ ਭਾਰਤੀ ਭਾਸ਼ਾਵਾਂ ਵਿਚ ਵਿਭਿੰਨ-ਉਚਰਿਤ ਇਸ ਸ਼ਬਦ ਦਾ ਅੰਗਰੇਜ਼ੀ ਟੈਂਕ ਨਾਲ ਕੋਈ ਜਮਾਂਦਰੂ ਰਿਸ਼ਤਾ ਹੈ? ਕੀ ਇਹ ਸਾਰੇ ਸ਼ਬਦ ਅੰਗਰੇਜ਼ੀ ਟੈਂਕ ਦੇ ਹੀ ਵਿਗੜੇ ਹੋਏ ਰੁਪਾਂਤਰ ਹਨ ਜਾਂ ਕੋਈ ਦੇਸੀ ਸ਼ਬਦ ਦੇ ਭੇਦ ਹਨ? ਇੱਕ ਗੱਲ ਜ਼ਰੂਰ ਹੈ ਕਿ ਇਹ ਸਾਰੇ ਸ਼ਬਦ ਇਸਤਰੀ ਲਿੰਗ ਹਨ। ਇਨ੍ਹਾਂ ਕਈ ਭਾਸ਼ਾਵਾਂ ਦੇ ਸਰੋਤਾਂ ਤੋਂ ਪਤਾ ਲਗਦਾ ਹੈ ਕਿ ਇਹ ਸ਼ਬਦ ਭਾਰਤ ਦੇ ਅਲੱਗ-ਅਲੱਗ ਖੇਤਰਾਂ ਵਿਚ ਤਲਾਬ, ਛੱਪੜ, ਝੀਲ ਤੋਂ ਲੈ ਕੇ ਮਨੁੱਖ ਨਿਰਮਿਤ ਹੌਜ਼, ਕੁੰਡ, ਖੂਹ ਆਦਿ ਲਈ ਵਰਤਿਆ ਜਾਂਦਾ ਰਿਹਾ ਹੈ, ਵਧੇਰੇ ਕਰਕੇ ਦੂਜੇ ਅਰਥਾਂ ਵਿਚ। ਪਸ਼ੂਆਂ ਨੂੰ ਪਾਣੀ ਪਿਆਉਣ ਲਈ ਬਣਾਏ ਨਿਸਾਰ ਜਿਹੇ ਚੁਬੱਚੇ ਲਈ ਵੀ ਇਹ ਸ਼ਬਦ ਵਰਤਿਆ ਜਾਂਦਾ ਸੀ। ਇੱਕ ਗੱਲ ਪੱਕੀ ਹੈ ਕਿ ਇਹ ਸਥਿਰ ਰਹੇ ਹਨ, ਚੱਕਵੇਂ ਨਹੀਂ।
ਹੌਬਸਨ ਜੌਬਸਨ ਨਾਮੀਂ ਅੰਗਰੇਜ਼ੀ ਕੋਸ਼ ਵਿਚ ਸੋਲ੍ਹਵੀਂ ਸਦੀ ਦੇ ਸ਼ੁਰੂ ਤੋਂ ਹੋਰ ਅੱਗੇ ਤੱਕ ਭਾਰਤ ਵਿਚ ਆਏ ਕਈ ਯੂਰਪੀ ਯਾਤਰੂਆਂ ਦੀਆਂ ਲਿਖਤਾਂ ਦੇ ਹਵਾਲੇ ਹਨ ਜਿਨ੍ਹਾਂ ਵਿਚ ਇਹ ਸਪੱਸ਼ਟ ਲਿਖਿਆ ਮਿਲਦਾ ਹੈ ਕਿ ਉਨ੍ਹਾਂ ਰਾਜਪੂਤਾਨੇ, ਗੁਜਰਾਤ ਆਦਿ ਵਿਚ ਪੱਥਰ ਦੇ ਬਣਾਏ ਹੋਏ ਕਈ ਜਲ ਕੁੰਡ ਦੇਖੇ ਜਿਨ੍ਹਾਂ ਵਿਚੋਂ ਕਈ ਜ਼ਮੀਨਦੋਜ਼ ਵੀ ਸਨ ਤੇ ਇਨ੍ਹਾਂ ਨੂੰ ਉਹ ਟਾਂਖ/ਟਾਂਕੇ ਆਖਦੇ ਹਨ। ਸਪੱਸ਼ਟ ਹੈ ਕਿ ਉਦੋਂ ਤੱਕ ਅੰਗਰੇਜ਼ੀ ਵਿਚ ਟੈਂਕ ਸ਼ਬਦ ਮੌਜੂਦ ਨਹੀਂ ਸੀ। ਲਿਲੀਟਰਨਰ ਨੇ ਆਪਣੇ ਕੋਸ਼ ਵਿਚ ਪ੍ਰਾਕ੍ਰਿਤ ਦਾ ਸ਼ਬਦ ਟੰਕ ਦਰਜ ਕੀਤਾ ਹੈ ਜਿਸ ਦਾ ਅਰਥ ਬਣਾਉਟੀ ਛੱਪੜ ਅਰਥਾਤ ਤਲਾਬ ਦੱਸਿਆ ਹੈ। ਮੈਂ ਪ੍ਰਾਕ੍ਰਿਤ ਦੇ ਇੱਕ ਕੋਸ਼ ਵਿਚ ਇਸ ਸ਼ਬਦ ਨੂੰ ਖੱਡ, ਜਲ ਕੁੰਡ, ਤੱਟ ਦੇ ਅਰਥਾਂ ਵਿਚ ਲਭਿਆ ਹੈ। ਮਤਲਬ ਇਹ ਕਿ ਭਾਰਤ ਵਿਚ ਇਹ ਸ਼ਬਦ ਹਜ਼ਾਰ ਸਾਲ ਤੋਂ ਵੀ ਵੱਧ ਪ੍ਰਾਕ੍ਰਿਤਾਂ ਦੇ ਸਮੇਂ ਤੋਂ ਪ੍ਰਚੱਲਤ ਸੀ। ਤੁਅੱਜਬ ਹੈ ਕਿ ਅੱਜ ਪੰਜਾਬੀ ਟੈਂਕੀ/ਟਾਂਚੀ ਸ਼ਬਦ ਤੇਲ ਜਾਂ ਪਾਣੀ ਭੰਡਾਰਨ ਵਾਲੇ ਪਾਤਰ ਦੇ ਅਰਥਾਂ ਵਿਚ ਹੀ ਸੁੰਗੜ ਗਿਆ ਹੈ। ਪੁਰਾਣੀਆਂ ਪੰਜਾਬੀ ਲਿਖਤਾਂ ਵਿਚ ਮੈਨੂੰ ਇਹ ਸ਼ਬਦ ਨਹੀਂ ਮਿਲੇ ਤੇ ਨਾ ਹੀ ਮਈਆ ਸਿੰਘ ਦੇ ਅੰਗਰੇਜ਼ੀ ਪੰਜਾਬੀ ਕੋਸ਼ ਵਿਚ।
ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਸੋਲ੍ਹਵੀਂ ਸਦੀ ਦੌਰਾਨ ਦੱਖਣੀ ਭਾਰਤ ਵਿਚ ਪੁਰਤਗਾਲੀਆਂ ਦਾ ਰਾਜ ਰਿਹਾ ਹੈ। ਆਪਣੇ ਰਾਜ ਦੌਰਾਨ ਉਨ੍ਹਾਂ ਨੇ ਕਈ ਸ਼ਬਦ ਭਾਰਤੀਆਂ ਨੂੰ ਦਿੱਤੇ ਜਿਵੇਂ ਗਿਰਜਾ, ਚਾਬੀ, ਤੌਲੀਆ, ਫੀਤਾ। ਇਸ ਦੇ ਉਲਟ ਕਈ ਸ਼ਬਦ ਉਨ੍ਹਾਂ ਭਾਰਤੀਆਂ ਤੋਂ ਲਏ ਜਿਵੇਂ ਮੰਗਾ, ਮੋਰਿੰਗਾ। ਬਾਅਦ ਵਿਚ ਆਏ ਅੰਗਰੇਜ਼ਾਂ ਨੇ ਭਾਰਤੀਆਂ ਤੋਂ ਲਏ ਕਈ ਸ਼ਬਦ ਅਪਣਾ ਲਏ। ਇੱਕ ਵਿਚਾਰ ਹੈ ਕਿ ਅੰਗਰੇਜ਼ੀ ਟੈਂਕ ਸ਼ਬਦ ਇਸ ਕੋਟੀ ਵਿਚ ਆਉਂਦਾ ਹੈ। ਇਸ ਵਿਚਾਰ ਅਨੁਸਾਰ ਪੁਰਤਗਾਲੀਆਂ ਨੇ ਇਹ ਸ਼ਬਦ ਉਪਰ ਵਰਣਿਤ ਗੁਜਰਾਤੀ ਟਾਂਖ ਜਾਂ ਮਰਾਠੀ ਟਾਂਕੇਂ ਤੋਂ ਲਿਆ। ਇਹ ਸੋਲ੍ਹਵੀਂ ਸਦੀ ਦੇ ਸ਼ੁਰੂ ਵਿਚ ਅੰਗਰੇਜ਼ੀ ਵਿਚ ਦਰਜ ਹੋਇਆ। ਅੰਗਰੇਜ਼ੀ ਵਿਚ ਉਦੋਂ ਇਸ ਸ਼ਬਦ ਦੀ ਵਰਤੋਂ ਸਿੰਜਾਈ ਦੇ ਮਕਸਦ ਲਈ ਬਣਾਇਆ ਤਲਾਬ ਜਾਂ ਝੀਲ ਸੀ। ਕੁਝ ਰਾਵਾਂ ਅਨੁਸਾਰ ਇਸ ਸ਼ਬਦ ਦਾ ਅੰਤਮ ਸ੍ਰੋਤ ਸੰਸਕ੍ਰਿਤ ਤਡਾਗ ਹੋ ਸਕਦਾ ਹੈ ਜਿਸ ਦਾ ਅਰਥ ਛੱਪੜ ਜਾਂ ਝੀਲ ਹੈ। ਹਿੰਦੀ ਸ਼ਬਦ ਸਾਗਰ ਇਸ ਨੂੰ ਖੱਡ ਜਾਂ ਗੱਡਾ ਤੋਂ ਵਿਕਸਿਤ ਹੋਇਆ ਦੱਸਦਾ ਹੈ। ਪਰ ਇਹ ਟਰਪੱਲੀ ਹੀ ਮਾਰੀ ਲਗਦੀ ਹੈ।
ਏਥੇ ਇਹ ਵੀ ਜ਼ਿਕਰਯੋਗ ਹੈ ਕਿ ਹੌਬਸਨ ਜੌਬਸਨ ਵਿਚ ਦਰਜ ਕੁਝ ਲੇਖਕਾਂ ਨੇ ਭਾਰਤ ਵਿਚਲੇ ਇਨ੍ਹਾਂ ਜਲਕੁੰਡਾਂ ਜਾਂ ਤਲਾਬਾਂ ਲਈ tanque ਸ਼ਬਦ ਵੀ ਵਰਤਿਆ ਹੈ ਜੋ ਕਿ ਪੁਰਤਗਾਲੀ ਭਾਸ਼ਾ ਦਾ ਹੈ ਤੇ ਜਿਸ ਦਾ ਅਰਥ ਵੀ ਉਨ੍ਹਾ ਦੀ ਭਾਸ਼ਾ ਵਿਚ ਹੋਜ ਜਾਂ ਕੁੰਡ ਹੈ। ਇਹ ਸ਼ਬਦ ਬੋਲਚਾਲ ਦੇ ਲਾਤੀਨੀ ਸ਼ਬਦ estancer ਤੋਂ ਬਣਿਆ ਜਿਸ ਵਿਚ ਪਾਣੀ ਦੇ ਵਹਾਅ ਨੂੰ ਡੱਕਣ ਦਾ ਭਾਵ ਹੈ। ਸਤ੍ਹਾਰਵੀਂ ਸਦੀ ਦੇ ਅਖੀਰ ਜਿਹੇ ਵਿਚ ਪੁਰਤਗਾਲੀਆਂ ਨੇ ਇਸ ਸ਼ਬਦ ਦੇ ਮਾਅਨਿਆਂ ਨੂੰ ਕੁਝ ਵਿਸਤਾਰ ਦੇ ਕੇ ਇਸ ਨੂੰ ਪਾਣੀ ਭੰਡਾਰਨ ਵਾਲੇ ਵੱਡੇ ਪਾਤਰ ਅਤੇ ਤਲਾਬ ਦੇ ਤੌਰ `ਤੇ ਅਪਣਾ ਲਿਆ। ਇਸ ਤਰ੍ਹਾਂ ਦੇਸੀ ਅਤੇ ਪੁਰਤਗਾਲੀ ਭਾਸ਼ਾਵਾਂ ਦੇ ਮੇਲ ਨਾਲ ਇਸ ਸ਼ਬਦ ਦੇ ਅਰਥਾਂ ਵਿਚ ਵਿਸਤਾਰ ਹੋਇਆ। ਏਹੀ ਸ਼ਬਦ ਫਿਰ ਕਰੀਬ ਇਨ੍ਹਾਂ ਹੀ ਅਰਥਾਂ ਵਿਚ ਅੰਗਰੇਜ਼ੀ ਨੇ ਪੁਰਤਗਾਲੀ ਤੋਂ ਉਧਾਰ ਲੈ ਲਿਆ।
ਇਹ ਕਿੱਸਾ ਵੀ ਦਿਲਚਸਪ ਹੈ ਕਿ ਲੜਾਈ ਵਿਚ ਵਰਤਣ ਵਾਲੀ ਹਥਿਆਰਬੰਦ ਗੱਡੀ ਦਾ ਟੈਂਕ ਨਾਂ ਕਿਵੇਂ ਪਿਆ। ਇਨ੍ਹਾਂ ਅਰਥਾਂ ਵਿਚ ਅੰਗਰੇਜ਼ੀ ਦਾ ਟੈਂਕ ਸ਼ਬਦ ਪੰਜਾਬੀ ਸਮੇਤ ਦੁਨੀਆਂ ਦੀਆਂ ਅਨੇਕਾਂ ਭਾਸ਼ਾਵਾਂ ਵਿਚ ਵਰਤਿਆ ਜਾਂਦਾ ਹੈ। ਕਈ ਸ਼ਾਇਦ ਇਹ ਸੋਚਦੇ ਹੋਣਗੇ ਕਿ ਇਸ ਵਾਹਨ ਦੀ ਸ਼ਕਲ ਇੱਕ ਵੱਡੇ ਸਾਰੇ ਪਾਣੀ ਆਦਿ ਵਾਲੇ ਟੈਂਕ ਨਾਲ ਮਿਲਦੀ ਹੋਣ ਕਰਕੇ ਇਹ ਨਾਮ ਮਿਲਿਆ ਹੋਵੇਗਾ। ਦਰਅਸਲ ਇਹ ਗੱਲ ਨਹੀਂ ਹੈ। ਪਹਿਲੀ ਵੱਡੀ ਜੰਗ ਸਮੇਂ 1915 ਦੀ ਗੱਲ ਹੈ, ਬਰਤਾਨੀਆ ਦੀ ਸੈਨਾ ਨੂੰ ਪੱਛਮੀ ਮੁਹਾਜ਼ `ਤੇ ਕੋਈ ਜ਼ਬਰਦਸਤ ਵਾਹਨ ਬਣਾਉਣ ਦੀ ਲੋੜ ਮਹਿਸੂਸ ਹੋਈ ਜੋ ਉਚੇ-ਨੀਵੇਂ ਥਾਵਾਂ `ਤੇ ਚੱਲ ਸਕੇ, ਸੈਨਿਕਾਂ ਨੂੰ ਵਰ੍ਹਦੇ ਗੋਲਿਆਂ ਤੋਂ ਬਚਾ ਸਕੇ ਅਤੇ ਹਥਿਆਰਾਂ ਨਾਲ ਲੈਸ ਹੋ ਕੇ ਦੁਸ਼ਮਣ ਦੀ ਭਿਆਨਕ ਤਬਾਹੀ ਵੀ ਕਰ ਸਕੇ। ਇਸ ਕੰਮ ਲਈ ਬਰਤਾਨੀਆ ਦੀ ਖੇਤੀ-ਬਾੜੀ ਦੀ ਮਸ਼ੀਨਰੀ ਬਣਾਉਣ ਵਾਲੀ ਇੱਕ ਫਰਮ ਨੂੰ ਚੁਣਿਆ ਗਿਆ। ਫਰਮ ਦੇ ਡਾਇਰੈਕਟਰ ਵਿਲੀਅਮ ਟਰਿਟਨ ਨੇ ਦੱਸਿਆ ਕਿ ਇਸ ਪਰਾਜੈਕਟ ਨੂੰ ਖੁਫੀਆ ਰੱਖਣ ਦੀ ਲੋੜ ਮਹਿਸੂਸ ਹੋਈ। ਇਸ ਲਈ ਇਸ ਪਰਾਜੈਕਟ `ਤੇ ਕੰਮ ਦੌਰਾਨ ਹੋ ਰਹੀ ਕਾਗਜ਼ੀ ਕਾਰਵਾਈ ਵਿਚ ਇਸ ਨੂੰ ਵਾਟਰ ਕੈਰੀਅਰ (water carrier) ਅਰਥਾਤ ਜਲ-ਵਾਹਕ ਕਰਕੇ ਲਿਖਿਆ ਜਾਂਦਾ ਸੀ ਤਾਂ ਜੋ ਕਿਸੇ ਤਰ੍ਹਾਂ ਦੁਸ਼ਮਣ ਨੂੰ ਪਤਾ ਵੀ ਲੱਗ ਜਾਵੇ ਤਾਂ ਉਸ ਨੂੰ ਏਹੀ ਪ੍ਰਭਾਵ ਮਿਲੇ ਕਿ ਇਹ ਕੋਈ ਲੜਾਈ ਲੜ ਰਹੇ ਸੈਨਿਕਾਂ ਨੂੰ ਪਾਣੀ ਭੇਜਣ ਲਈ ਅੰਦਰੋਂ ਖੋਖਲਾ ਵਾਹਨ ਬਣਾਇਆ ਜਾ ਰਿਹਾ ਹੈ। ਇਸ ਨੂੰ ਬਣਾਉਣ ਸਮੇਂ ਕੰਮ ਕਰ ਰਹੇ ਮਜ਼ਦੂਰ ਆਪਸੀ ਗੱਲਬਾਤ ਦੌਰਾਨ ਇਸ ਦਾ ਜ਼ਿਕਰ ਵਾਟਰ ਟੈਂਕ ਜਾਂ ਸਿਰਫ ਟੈਂਕ ਵਜੋਂ ਹੀ ਕਰਦੇ ਸਨ ਕਿਉਂਕਿ ਟੈਂਕ ਵਿਚ ਹੀ ਪਾਣੀ ਪਾਈਦਾ ਹੈ। ਜਦ ਕਮੇਟੀ ਨੂੰ ਇਸ ਨਵੇਂ ਵਾਹਨ ਦਾ ਪੱਕਾ ਨਾਂ ਰੱਖਣ ਦੀ ਲੋੜ ਪਈ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਨਾਂ ਅਜਿਹਾ ਹੋਵੇ ਜਿਸ ਤੋਂ ਸੁਰੱਖਿਆ ਦੇ ਲਿਹਾਜ ਨਾਲ ਇਸ ਦੇ ਮੰਤਵ ਦਾ ਪਤਾ ਨਾ ਲੱਗੇ। ਕਮੇਟੀ ਦੇ ਇਕ ਮੈਂਬਰ ਨੇ ‘ਟੈਂਕ’ ਨਾਂ ਦਾ ਹੀ ਸੁਝਾਅ ਦੇ ਦਿੱਤਾ ਤੇ ਜੋ ਮੰਨ ਲਿਆ ਗਿਆ। ਇਸ ਪਿੱਛੋਂ ਕਾਗਜ਼ਾਂ `ਤੇ ਬੋਲਚਾਲ ਵਿਚ ਏਹੀ ਨਾਂ ਵਰਤਿਆ ਜਾਣ ਲੱਗਾ। ਬਲਕਿ ਕਮੇਟੀ ਦਾ ਨਾਂ ਵੀ ਟੈਂਕ ਸਪਲਾਈ ਕਮੇਟੀ ਰੱਖ ਦਿੱਤਾ ਗਿਆ। ਇਸ ਤਰ੍ਹਾਂ ਟੈਂਕ ਹੁਣ ਤਰਲ ਜਾਂ ਗੈਸ ਰੱਖਣ ਵਾਲੀ ਚੀਜ਼ ਹੀ ਨਹੀਂ ਬੰਦੇ ਅਤੇ ਹਥਿਆਰ ਰੱਖਣ ਵਾਲੀ ਚੀਜ਼ ਵੀ ਬਣ ਗਈ।