ਬਿਜਲਈ ਸੰਚਾਰ ਮਾਧਿਅਮ ਦੇ ਬਿਖੜੇ ਪੈਂਡੇ

ਪੰਜਾਬ ਵਿਚ ਡੱਬਵਾਲੀ ਨੇੜਲੇ ਪਿੰਡ ਗਿੱਦੜਖੇੜਾ ਤੋਂ ਸਤੰਬਰ ਮਹੀਨੇ ਦੇ ਅੰਤਲੇ ਦਿਨ ਦੀ ਇੱਕ ਖਬਰ ਅਤਿਅੰਤ ਚਿੰਤਾਜਨਕ ਹੈ| ਹਰਪਾਲ ਵੱਲੋਂ ਕੀਤੀ ਜਾ ਰਹੀ ਮੋਬਾਈਲ ਦੀ ਅਨ੍ਹੇਵਾਹ ਵਰਤੋਂ ਨੇ ਮਾਪਿਆਂ ਨੂੰ ਏਨਾ ਪ੍ਰੇਸ਼ਾਨ ਕੀਤਾ ਕਿ ਉਨ੍ਹਾਂ ਨੇ ਉਸ ਤੋਂ ਮੋਬਾਈਲ ਖੋਹ ਲਿਆ| ਬਦਲੇ ਵਿਚ ਹਰਪਾਲ ਨੇ ਮਾਤਾ ਮਲਕੀਤ ਕੌਰ ਤੇ ਪਿਤਾ ਜਸਵੰਤ ਸਿੰਘ ਨੂੰ ਨੀਂਦ ਦੀਆਂ ਗੋਲੀਆਂ ਨਾਲ ਬੇਸੁੱਧ ਕਰ ਕੇ ਸਬਲ ਨਾਲ ਦੋਨਾਂ ਦੀ ਹੱਤਿਆ ਕਰ ਕੇ ਉਨ੍ਹਾਂ ਦੀਆਂ ਦੇਹਾਂ ਨੂੰ ਅੱਗ ਲਾ ਦਿੱਤੀ| ਦੇਖਣ ਸੁਣਨ ਵਾਲਿਆਂ ਨੂੰ ਕਿਹਾ ਕਿ ਉਨ੍ਹਾਂ ਨੇ ਆਤਮ ਹੱਤਿਆ ਕੀਤੀ ਹੈ| ਸੱਚਾਈ ਸਾਹਮਣੇ ਆਈ ਤਾਂ ਪੁਲੀਸ ਨੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਤਾਂ ਭਾਈਚਾਰੇ ਵਿਚ ਸੋਗ ਦੀ ਲਹਿਰ ਫੈਲ ਗਈ|

ਇੰਟਰਨੈੱਟ, ਗੂਗਲ ਤੇ ਮੋਬਾਈਲ ਆਦਿ ਬਿਜਲਈ ਵਿਧੀਆਂ ਪੂਰੇ ਸੰਸਾਰ ਵਿਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ| ਇਨ੍ਹਾਂ ਦੇ ਫਾਇਦਿਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਦੁਰਵਰਤੋਂ ਦੇ ਕਾਰੇ ਤੇ ਕਰਤੂਤਾਂ ਵੀ ਦਿਨ ਪਰ ਦਿਨ ਸਾਹਮਣੇ ਆ ਰਹੇ ਹਨ| ਖਾਸ ਕਰਕੇ ਅੱਲ੍ਹੜ ਤੇ ਨਾਦਾਨ ਬੱਚਿਆਂ ਦੀ ਪਹੁੰਚ ਵਿਚ ਆਉਣ ਸਦਕਾ| ਹੁਣ ਤਾਂ ਆਨਲਾਈਨ ਖੇਡਾਂ ਤੇ ਵਰਤ ਵਰਤਾਰੇ ਨੇ ਰਾਜਨੀਤਕ ਤੇ ਸਮਾਜਕ ਨੇਤਾਵਾਂ ਦਾ ਧਿਆਨ ਵੀ ਖਿੱਚ ਲਿਆ ਹੈ| ਸੈਲਫੀ ਲੈਂਦਿਆਂ ਦੇਹਾਂਤ ਹੋਣ ਦੀਆਂ ਖ਼ਬਰਾਂ ਤਾਂ ਆਮ ਹੀ ਹਨ| ਮਾਪਿਆਂ ਦੀ ਹੱਤਿਆ ਨਵੀਂ ਗੱਲ ਹੈ|
ਮਾਪਿਆਂ ਦੇ ਇਕ ਵੰਡੇ ਹਿੱਸੇ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਆਪਣੇ ਕੰਪਿਊਟਰ ਅਤੇ ਮੋਬਾਈਲ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਅਸਲ ਜੀਵਨ ਦੇ ਅਨੁਭਵ ਪ੍ਰਾਪਤ ਕਰਨੇ ਚਾਹੀਦੇ ਹਨ| ਆਨਲਾਈਨ ਅਣਜਾਣ ਲੋਕਾਂ ਨਾਲ ਜੁੜਨ ਦੀ ਬਜਾਏ ਬੱਚਿਆਂ ਨੂੰ ਆਲੇ-ਦੁਆਲੇ ਦੇ ਇਲਾਕੇ, ਬਸਤੀ ਜਾਂ ਪਿੰਡ ਦੇ ਅਸਲੀ ਲੋਕਾਂ ਨੂੰ ਮਿਲਣਾ ਸਮਾਜਿਕ ਅਤੇ ਭਾਸ਼ਾਈ ਵਿਕਾਸ ਵਿਚ ਮਦਦਗਾਰ ਹੋਵੇਗਾ|
ਤਾਮਿਲਨਾਡੂ ਵਿਚ ਲਗਭਗ 20 ਫ਼ੀਸਦੀ ਵਿਦਿਆਰਥੀ ਆਨਲਾਈਨ ਗੇਮਾਂ ਦੇ ਆਦੀ ਹਨ| ਉੱਥੇ ਕਰਵਾਏ ਗਏ ਇੱਕ ਅਧਿਐਨ ਵਿਚ ਸਕੂਲ ਅਤੇ ਉੱਚ ਸਿੱਖਿਆ ਦੇ ਵਿਦਿਆਰਥੀ ਸ਼ਾਮਲ ਸਨ| ਜੈਪੁਰ, ਰਾਜਸਥਾਨ ਦੇ ਇੱਕ ਮਨੋਵਿਗਿਆਨਕ ਹਸਪਤਾਲ ਨੇ ਇੰਟਰਨੈੱਟ ਦੀ ਲਤ ਕਾਰਨ ਬੱਚਿਆਂ ਵਿਚ ਵਿਹਾਰਕ ਤਬਦੀਲੀਆਂ ਬਾਰੇ ਖੋਜ ਕੀਤੀ ਹੈ ਅਤੇ ਦਿੱਲੀ, ਉੱਤਰ ਪ੍ਰਦੇਸ਼ ਸਮੇਤ ਹੋਰ ਰਾਜਾਂ ਵਿਚ ਮਾਪਿਆਂ, ਅਧਿਆਪਕਾਂ ਅਤੇ ਮਨੋਵਿਗਿਆਨੀਆਂ ਨੇ ਅਨੁਭਵ ਕੀਤਾ ਹੈ ਕਿ ਬੱਚਿਆਂ ਵੱਲੋਂ ਲੰਮੇ ਸਮੇਂ ਤੱਕ ਕੰਪਿਊਟਰ-ਇੰਟਰਨੈੱਟ ਦੀ ਵਰਤੋਂ ਕਰਨ ਅਤੇ ਲੰਬੇ ਸਮੇਂ ਤੱਕ ਆਨਲਾਈਨ ਗੇਮਾਂ ਖੇਡਣ ਕਾਰਨ ਮਨੋਵਿਗਿਆਨਕ ਅਤੇ ਸਰੀਰਕ ਚੁਣੌਤੀਆਂ ਪੈਦਾ ਹੋ ਰਹੀਆਂ ਹਨ| ਦਿੱਲੀ ਅਤੇ ਗੁਆਂਢੀ ਰਾਜਾਂ ਦੇ ਹਸਪਤਾਲਾਂ ਵਿਚ ਦਿਮਾਗੀ ਅਤੇ ਸਿਰ ਦਰਦ ਦੀਆਂ ਸਮੱਸਿਆਵਾਂ ਤੋਂ ਪੀੜਤ ਬੱਚਿਆਂ ਦੀ ਗਿਣਤੀ ਵਧ ਰਹੀ ਹੈ| ਬੱਚਿਆਂ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ ਅਤੇ ਕਮਰ ਦਰਦ ਵਧ ਰਹੀ ਹੈ| ਜੇਕਰ ਬਾਰਾਂ ਤੋਂ ਅਠਾਰਾਂ ਸਾਲ ਦੇ ਬੱਚਿਆਂ ਵਿਚ ‘ਸਕ੍ਰੀਨ ਟਾਈਮ’ ਜ਼ਿਆਦਾ ਹੋਣ ਕਾਰਨ ਬੇਚੈਨੀ, ਇਕੱਲਾਪਣ ਤੇ ਗੁੱਸਾ, ਇਨਸੋਮਨੀਆਂ ਅਤੇ ਪੜ੍ਹਾਈ ’ਚ ਰੁਚੀ ਦੀ ਕਮੀ ਵਰਗੇ ਲੱਛਣ ਦਿਖਾਈ ਦਿੰਦੇ ਹਨ ਤਾਂ ਇਹ ਚਿੰਤਾ ਦੀ ਗੱਲ ਹੈ| ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਜੇਕਰ ਕੋਈ ਬੱਚਾ ਇੱਕ ਘੰਟੇ ਤੱਕ ਫ਼ੋਨ ਦੀ ਵਰਤੋਂ ਕਰਦਾ ਹੈ, ਤਾਂ ਉਸਦੀ ਨੀਂਦ ਸੋਲਾਂ ਮਿੰਟਾਂ ਤੱਕ ਘਟ ਜਾਂਦੀ ਹੈ| ਜਦੋਂ ਨੀਂਦ ਪੂਰੀ ਨਹੀਂ ਹੁੰਦੀ ਹੈ, ਤਾਂ ਇਕਾਗਰਤਾ ਅਤੇ ਵਿਵਹਾਰ ਦੀ ਕਮੀ ਹੋਵੇਗੀ ਅਤੇ ਭਾਸ਼ਾ ਹਮਲਾਵਰ ਹੋ ਸਕਦੀ ਹੈ| ਭਾਸ਼ਾ ਦਾ ਹਾਵੀ ਹੋਣਾ ਤਾਂ ਇਕ ਪਾਸੇ ਰਿਹਾ| ਬਾਹੂ-ਬਲ ਦੀ ਵਰਤੋਂ ਵੀ ਵਧ ਰਹੀ ਹੈ| ਮਾਪਿਆਂ ਦੀ ਹੱਤਿਆ ਇਸੇ ਦਾ ਨਤੀਜਾ ਹੈ|
ਮਾਪੇ ਸਮਝ ਨਹੀਂ ਪਾ ਰਹੇ ਕਿ ਬੱਚਿਆਂ ਨੂੰ ਸਰੀਰਕ ਸਿਹਤ ਲਈ ਖੇਡ ਦੇ ਮੈਦਾਨ ਵਿਚ ਕਿਵੇਂ ਭੇਜਣਾ ਹੈ| ਟੈਕਨਾਲੋਜੀ ਸਾਡੀ ਜ਼ਿੰਦਗੀ ਨੂੰ ਕੁਝ ਸੋਖ ਦੇ ਰਹੀ ਹੈ, ਪਰ ਵਧਦੀਆਂ ਸਮੱਸਿਆਵਾਂ ਹੁਣ ਘਰਾਂ ਦੇ ਅੰਦਰ ਦਿਖਾਈ ਦੇਣ ਲੱਗ ਪਈਆਂ ਹਨ| ਅੱਜ ਦੇ ਬੱਚਿਆਂ ਦਾ ਬਾਹਰੀ ਸੰਸਾਰ ਮੁੱਖ ਤੌਰ ’ਤੇ ਸੋਸ਼ਲ ਮੀਡੀਆ ਦੁਆਲੇ ਹੀ ਸੀਮਤ ਹੁੰਦਾ ਜਾ ਰਿਹਾ ਹੈ| ਉਹ ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ‘ਲਾਈਕ’ ਕਾਰਨ ਖ਼ੁਸ਼ ਹੋ ਜਾਂਦੇ ਹਨ| ਤੇ ਇਹ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਸ਼ਾਨਦਾਰ ਹੈ ਅਤੇ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ| ਬੱਚਿਆਂ ਵਿਚ ਹਰ ਕਿਸੇ ਤੋਂ ਕੁਝ ਵੀ ਮੰਗਣ ਦਾ ਰੁਝਾਨ ਵਧਦਾ ਜਾ ਰਿਹਾ ਹੈ, ਭਾਵੇਂ ਉਸ ਚੀਜ਼ ਦੀ ਅਸਲ ਲੋੜ ਹੋਵੇ ਜਾਂ ਨਾ ਹੋਵੇ| ਕੁਝ ਵੀ ਮੰਗਣ ਵਿਚ ਇਕੱਲੇ ਬੱਚਿਆਂ ਦਾ ਕਸੂਰ ਨਹੀਂ ਹੈ| ਬੱਚਿਆਂ ਲਈ ਸਮਾਨ ਬਣਾਉਣ ਵਾਲੀਆਂ ਕੰਪਨੀਆਂ ਹੁਣ ਬੱਚਿਆਂ ਨੂੰ ਆਪਣੇ ‘ਕਰਮਚਾਰੀ ਬ੍ਰਾਂਡ ਅੰਬੈਸਡਰ’ ਵਜੋਂ ਵੇਖਦੀਆਂ ਹਨ ਅਤੇ ਉਨ੍ਹਾਂ ਰਾਹੀਂ ਸੋਸ਼ਲ ਮੀਡੀਆ ’ਤੇ ‘ਮਾਰਕੀਟਿੰਗ’ ਕਰਦੀਆਂ ਹਨ| ਮਨੋਵਿਗਿਆਨੀਆਂ ਦੀ ਮਦਦ ਨਾਲ ਬੱਚਿਆਂ ਲਈ ਅਜਿਹੀ ‘ਮਾਰਕੀਟਿੰਗ’ ਰਣਨੀਤੀ ਬਣਾਈ ਜਾ ਰਹੀ ਹੈ ਜਿਸਨੂੰ ਅਜੋਕੇ ਬੱਚੇ ਮਾਪਿਆਂ ਦੀ ਜਾਣਕਾਰੀ ਤੋਂ ਬਿਨਾਂ ਹੀ ਗ੍ਰਹਿਣ ਕਰ ਲੈਂਦੇ ਹਨ| ਬੱਚਾ ਕਿਸੇ ਦੇ ਘਰ ਜਨਮ ਲੈਂਦਾ ਹੈ ਪਰ ਮੀਡੀਆਂ, ਐਪ, ਤੇ ਖਿਡੌਣਾ ਕੰਪਨੀਆਂ ਉਸਨੂੰ ਨਿਸ਼ਾਨਾ ਬਣਾਉਣ ਦੀਆਂ ਵਿਧੀਆਂ ਲਭ ਲੈਂਦੀਆਂ ਹਨ| ਬੱਚਾ ਬਜ਼ਾਰੀ ਸਮਾਜ ਲਈ ਵਧੀਆ ਖਪਤਕਾਰ ਹੋ ਨਿਬੜਦਾ ਹੈ| ਕੰਪਨੀਆਂ ਦੇ ਮਾਲਕ ਜਾਣਦੇ ਹਨ ਕਿ ਏਥੇ ਉਹੀਓ ਚੀਜ਼ ਵਿਕਣੀ ਹੈ ਜੋ ਬੱਚੇ ਮੰਗਦੇ ਹਨ| ਇਹ ਕੋਈ ਜ਼ਰੂਰੀ ਨਹੀਂ ਕਿ ਉਹ ਵਸਤ ਬੱਚਿਆਂ ਦੇ ਕੰਮ ਆਉਂਦੀ ਹੈ ਜਾਂ ਨਹੀਂ| ਇਹ ਮਸਲਾ ਏਨਾ ਹੀ ਨਹੀਂ| ਇਕਾਗਰਤਾ ਦਾ ਭੰਗ ਹੋਣਾ ਕਲਾਸ ਰੂਮ ਵਿਚ ਵੀ ਵਿਘਨ ਪਾਉਂਦਾ ਹੈ| ਇਹੀ ਕਾਰਨ ਹੈ ਕਿ ਯੂਨੈਸਕੋ ਨੇ ਦੁਨੀਆਂ ਭਰ ਦੇ ਸਕੂਲਾਂ ਵਿਚ ਸਮਾਰਟ ਫੋਨਾਂ ਦੀ ਵਰਤੋਂ ਉੱਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਹੈ ਪਰ ਇਸ ਉੱਤੇ ਵੀ ਇੱਕ ਚੁਥਾਈ ਦੇਸਾਂ ਵਿਚ ਕੋਈ ਅਸਰ ਨਹੀਂ ਹੋਇਆ|
2017-18 ਵਿਚ ਬ੍ਰਾਜ਼ੀਲ ਦੀ ਇੱਕ ਸੰਸਥਾ ਦੇ ਅਧਿਐਨ ਅਨੁਸਾਰ ਤਿੰਨ ਘੰਟੇ ਤੋਂ ਵਧ ਫ਼ੋਨ ਦੀ ਲਗਾਤਾਰ ਵਰਤੋਂ ਬੱਚਿਆਂ ਲਈ ਅਤਿਅੰਤ ਮਾੜੀ ਹੈ| 14 ਤੋਂ 18 ਸਾਲ ਦੀ ਉਮਰ ਦੇ 2628 ਵਿਦਿਆਰਥੀਆਂ ਉੱਤੇ ਕੀਤੇ ਗਏ ਇਸ ਅਧਿਐਨ ਨੇ ਦੱਸਿਆ ਹੈ ਕਿ 39 ਪ੍ਰਤੀਸ਼ਤ ਲੜਕੇ ਤੇ 55 ਪ੍ਰਤੀਸ਼ਤ ਲੜਕੀਆਂ ‘ਬੋਰੈਸਿਸ ਸਪਾਈਨ ਪੇਨ’ (ਟੀ. ਐਸ. ਪੀ.) ਤੋਂ ਪੀੜਤ ਸਨ| ਉਨ੍ਹਾਂ ਦੀ ਗਰਦਨ ਤੋਂ ਲੈ ਕੇ ਪਿੱਠ ਦੇ ਹੇਠਲੇ ਹਿੱਸੇ ਤਕ ਦਰਦ ਰਹਿੰਦਾ ਸੀ| ਇਨ੍ਹਾਂ ਪੀੜਾਂ ਦਾ ਹੱਲ ਵੀ ਸੌਖਾ ਨਹੀਂ| ਵੱਡੀ ਗੱਲ ਇਹ ਕਿ ਮਾਪਿਆਂ ਕੋਲ ਬੱਚਿਆਂ ਲਈ ਸਮਾਂ ਹੀ ਨਹੀਂ| ਉਹ ਆਪਣੀ ਭੂਮਿਕਾ ਨਹੀਂ ਨਿਭਾ ਰਹੇ| ਇਸ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਮਾਪੇ ਆਪਣੇ ਬੱਚਿਆਂ ਨੂੰ ਸਵੇਰ-ਸ਼ਾਮ ਵੀ ਨਹੀਂ ਮਿਲ ਪਾਉਂਦੇ| ਆਖ਼ਰਕਾਰ, ਮਾਪਿਆਂ ਦੀ ਬਜਾਏ, ਬੱਚੇ ਟੀਵੀ ਅਤੇ ਕੰਪਿਊਟਰ ਤੋਂ ਨੈਤਿਕਤਾ ਸਿੱਖ ਰਹੇ ਹਨ, ਮਾਪਿਆਂ ਕੋਲ ਇਹ ਜਾਣਨ ਅਤੇ ਸੁਣਨ ਦਾ ਸਮਾਂ ਨਹੀਂ ਹੈ ਕਿ ਬੱਚੇ ਇੰਟਰਨੈਟ ਰਾਹੀਂ ਕਿਸ ਦੇ ਸੰਪਰਕ ਵਿਚ ਹਨ, ਉਹ ਕੀ ਦੇਖ ਰਹੇ ਹਨ ਅਤੇ ਕੀ ਕਰ ਰਹੇ ਹਨ| ਟੈਕਨੋਲੋਜੀਕਲ ਤਰੱਕੀ ਦੁਆਰਾ ਸੰਚਾਲਿਤ ਬਾਜ਼ਾਰ ਸਾਨੂੰ ਕਿੱਥੇ ਲੈ ਜਾ ਰਿਹਾ ਹੈ? ਆਸਟ੍ਰੇਲੀਆ ਦੇਸ਼ ਵਿਚ 2011 ਦੇ ਇਕ ਸਰਵੇਖਣ ਅਨੁਸਾਰ ਬਾਲਗਾਂ ਨੇ ‘ਈ ਸੁਰਖਿਆ’ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ, ਜਿਸ ਵਿਚ ਅਣਚਾਹੀ ਸਮੱਗਰੀ ਭੇਜਣ ਤੋਂ ਲੈ ਕੇ ਬਿਨਾਂ ਇਜਾਜ਼ਤ ਉਨ੍ਹਾਂ ਦੇ ਖਾਤਿਆਂ ਤੱਕ ਪਹੁੰਚ ਕਰਨ ਦੀਆਂ ਚਿੰਤਾਵਾਂ ਸਾਹਮਣੇ ਆਈਆਂ| ਇਸੇ ਕਾਰਨ ਆਸਟ੍ਰੇਲੀਆ ਵਿਚ ਬੱਚਿਆਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦਾ ਮੁੱਦਾ ਉਠਿਆ ਹੈ| ਇਸ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਨੇ ਵੀ ਅਜਿਹੀ ਕੋਸ਼ਿਸ਼ ਕੀਤੀ ਸੀ ਕਿ ਬੱਚੇ ਇੱਕ ਖਾਸ ਉਮਰ ਤੋਂ ਪਹਿਲਾਂ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰਨ ਪਰ ਬੱਚਿਆਂ ਦੇ ਆਨਲਾਈਨ ਅਧਿਕਾਰਾਂ ਦੀ ਵਕਾਲਤ ਕਰਨ ਵਾਲੀਆਂ ਸੰਸਥਾਵਾਂ ਦੀ ਵਕਾਲਤ ਕਰਨ ਵਾਲੀਆਂ ਸੰਸਥਾਵਾਂ ਦੀ ਆਲੋਚਨਾ ਕਾਰਨ ਯੂਰਪੀਅਨ ਯੂਨੀਅਨ ਨੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਅਜਿਹੀ ਕੋਈ ਵਿਵਸਥਾ ਲਾਗੂ ਨਹੀਂ ਕੀਤੀ|
ਕੁੱਝ ਵੀ ਹੋਵੇ ਅੱਜ ਦੇ ਦਿਨ ਮਾਪਿਆਂ ਅਤੇ ਅਧਿਆਪਕਾਂ ਤੋਂ ਬਿਨਾ ਹੋਰ ਕੋਈ ਇਸ ਰੁਝਾਨ ਨੂੰ ਨੱਥ ਪਾਉਣ ਦੇ ਕਾਬਲ ਨਹੀਂ| ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਸਾਂਭਣੀ ਪੈਣੀ ਹੈ| ਜੇ ਘਰ-ਘਰ ਇਹ ਨੌਬਤ ਆ ਗਈ ਜਿਸਦਾ ਜ਼ਿਕਰ ਲੇਖ ਦੇ ਆਰੰਭ ਵਿਚ ਕੀਤਾ ਗਿਆ ਹੈ ਤਾਂ ਪਾਣੀ ਸਿਰ ਉੱਤੋਂ ਲੰਘ ਚੁੱਕਾ ਹੋਵੇਗਾ| ਸਰਕਾਰਾਂ ਨੂੰ ਵੀ ਘਰ ਤੋਂ ਬਾਹਰ ਵਾਲੀਆਂ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ| ਰੋਜ਼ਗਾਰ ਦੇ ਵਸੀਲੇ ਵਧਾਉਣ ਸਮੇਤ| ਤੁਰੰਤ!
ਕੁੱਲੂ ਦੀ ਮਸਜਿਦ ਤੋਂ ਨਿਆਂ ਪ੍ਰਣਾਲੀ
ਕੁੱਲੂ ਦੇ ਅਖਾੜਾ ਬਜ਼ਾਰ ਵਾਲੀ ਇਮਾਰਤ ਨੂੰ ਪੁਰਾਤਨ ਤੇ ਸਹੀ ਗਰਦਾਨੇ ਜਾਣ ਨੇ ਉਥੋਂ ਦੀ ਸੱਜੇ ਪੱਖੀ ਹਿੰਦੂ ਵਸੋਂ ਵਲੋਂ ਇਸਨੂੰ ਬੇਨਿਯਮੀ ਦੱਸੇ ਜਾਣ ਵਾਲੇ ਬੋਲਾਂ ਉੱਤੇ ਮਿੱਟੀ ਪਾ ਦਿੱਤੀ ਹੈ| ਕੁੱਲੂ ਦੇ ਐਸ.ਡੀ.ਐਮ ਵਿਕਾਸ ਸ਼ੁਕਲਾ ਨੇ ਇਹ ਫੈਸਲਾ ਪੰਜਾਬ ਵਕਫ ਬੋਰਡ ਦੀ ਨੀਤੀ ਨੂੰ ਆਧਾਰ ਬਣਾ ਕੇ ਦਿੱਤਾ ਹੈ ਜਿਸਨੂੰ ਵੰਗਾਰਨਾ ਸੰਭਵ ਨਹੀਂ| ਮਸਜਿਦ ਵਾਲਿਆਂ ਨੇ ਮਾਮੂਲੀ ਜਿਹੀ ਅਦਲਾ-ਬਦਲੀ ਜ਼ਰੂਰ ਕੀਤੀ ਹੈ ਜਿਸ ਬਾਰੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਸ਼ਿਮਲਾ, ਲੋੜੀਂਦੀ ਕਾਰਵਾਈ ਕਰ ਰਿਹਾ ਹੈ| ਏਨੀ ਗੱਲ ਨੂੰ ਲੈ ਕੇ ਪੁਰਾਤਨ ਜਾਮਾ ਮਸਜਿਦ ਨੂੰ ਗੈਰ-ਕਾਨੂੰਨੀ ਕਹਿਣਾ ਉੱਕਾ ਹੀ ਗਲਤ ਸੀ| ਇਹ ਮਸਜਿਦ ਦੇਸ਼ਵੰਡ ਤੋਂ ਪਹਿਲਾਂ ਦੀ ਹੈ ਤੇ ਵਕਫ ਬੋਰਡ ਇਸ ਉੱਤੇ 1970 ਵਿਚ ਵੀ ਸਹੀ ਪਾ ਚੁੱਕਿਆ ਹੈ|
ਸਰਕਾਰਾਂ ਤਾਂ ਸਮੇਂ ਨਾਲ ਬਦਲਦੀਆਂ ਰਹਿੰਦੀਆਂ ਹਨ ਪਰ ਧਰਮ ਅਸਥਾਨਾਂ ਦੀ ਟੇਕ ਲੈ ਕੇ ਆਮ ਜਨਤਾ ਨੂੰ ਭੜਕਾਉਣਾ ਅਤਿਅੰਤ ਮਾੜਾ ਹੈ| ਜੇ ਮੁਸਲਿਮ ਵਸੋਂ ਮਾਇਆ ਦੀ ਘਾਟ ਕਾਰਨ ਇਸਨੂੰ 2003 ਤੋਂ ਹਾਲੀ ਤੱਕ ਆਪਣੇ ਪੈਰਾਂ ਉੱਤੇ ਨਹੀਂ ਖੜ੍ਹਾ ਕਰ ਪਾਏ ਤਾਂ ਇਸਨੂੰ ਬੇਨਿਯਮੀ ਕਹਿਣਾ ਹੋਰ ਵੀ ਮਾੜੀ ਗੱਲ ਹੈ| ਸ਼ਿਮਲਾ ਤੋਂ ਆਉਣ ਵਾਲੇ ਸੰਦੇਸ਼ ਦੀ ਉਡੀਕ ਕਰਨੀ ਬਣਦੀ ਹੈ!
ਮਾਰਕਸੀ ਸੋਚ ਦਾ ਭਵਿਖ
ਸਾਥੀ ਸੀਤਾਰਾਮ ਯੇਚੂਰੀ ਦੇ ਤੁਰ ਜਾਣ ਨੇ ਖੱਬੀ ਸੋਚ ਵਾਲਿਆਂ ਨੂੰ ਮਾਰਕਸੀ ਪਹੁੰਚ ਦੇ ਭਵਿਖ ਬਾਰੇ ਸੋਚਣ ਲਾ ਦਿੱਤਾ ਹੈ| ਪ੍ਰਮੁੱਖ ਲੋੜ ਏਸ ਗੱਲ ਦੀ ਹੈ ਕਿ ਸੱਜੀ ਧਾਰਨਾ ਵਾਲਿਆਂ ਨੂੰ ਸਬਕ ਸਿਖਾਇਆ ਜਾਵੇ| ਸੀਨੀਅਰ ਨੇਤਾ ਪ੍ਰਕਾਸ਼ ਕਾਰਤ 203 ਨੂੰ ਚਾਹੀਦਾ ਹੈ ਕਿ ਸਾਂਝੀ ਸੋਚ ਵਾਲਿਆਂ ਨਾਲ ਤਾਲ ਮੇਲ ਕਰ ਕੇ ਅਜਿਹਾ ਪਲੇਟਫਾਰਮ ਸਿਰਜੇ ਜਿਸ ਨਾਲ ਗਲਤ ਧਾਰਨਾ ਵਾਲੇ ਖੁੱਡੇ ਲੱਗ ਸਕਣ| ਚੰਗੇ ਤੇ ਉਚੇਰੇ ਲਕਸ਼ ਲਈ ਆਪਸੀ ਮੱਤਭੇਦ ਕੁਰਬਾਨ ਕਰਨਾ ਵੀ ਮਾੜਾ ਨਹੀਂ ਹੁੰਦਾ| ਹੋ ਸਕਦਾ ਹੈ ਜਾਂ ਨਹੀਂ, ਸਮੇਂ ਨੇ ਦੱਸਣਾ ਹੈ!

ਅੰਤਿਕਾ
ਹਰਦਮ ਮਾਨ॥
ਸਜ਼ਾ ਪੂਰੀ ਜਦੋਂ ਹੋਏਗੀ ਅਣਕੀਤੇ ਗੁਨਾਹਾਂ ਦੀ
ਉਦੋਂ ਰਹਿਣੀ ਨਹੀਂ ਪਹਿਚਾਣ ਆਪਣੇ ਘਰ ਦੇ ਰਾਹਾਂ ਦੀ
ਕਿਨਾਰੇ ’ਤੇ ਉਡੀਕਣ ਵਾਲਿਆਂ ਦੀ ਭੀੜ ਆ ਲੱਗੀ
ਬੜੀ ਮੱਧਮ ਜਿਹੀ ਅਵਾਜ਼ ਸੁਣਦੀ ਹੈ ਮਲਾਹਾਂ ਦੀ
ਅਜੇ ਤਾਂ ਬਹੁਤ ਕੁਝ ਰਹਿੰਦਾ ਹੈ ਤੈਅ ਕਰਨਾ ਜ਼ਮੀਨ ਉੱਤੇ
ਕਰਾਂਗੇ ਫੇਰ ਕੋਈ ਗੱਲ ਦਿਸਦੇ ਤੋਂ ਅਗਾਹਾਂ ਦੀ
ਅਸਾਡੇ ਰਸਤਿਆਂ ’ਚੋਂ ਖੁਦ ਪਹਾੜਾਂ ਨੇ ਪਰੇ ਹੋਣਾ
ਜਦੋਂ ਵੀ ਜੁੜ ਗਈ ਸ਼ਕਤੀ ਇਨ੍ਹਾਂ ਬੇਜੋੜ ਬਾਹਾਂ ਦੀ
—‘ਸਿਰਜਣਾ’ 214 ਵਿਚੋਂ