ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ
ਆਪਣੀ ਕੌਮ ਨਾਲ ਕੁਝ ਗਿਲੇ, ਕੁਝ ਰੋਸ, ਕੁਝ ਉਲਾਂਭੇ ਮੇਰੇ ਨਾਲ ਹੀ ਚਲੇ ਜਾਣਗੇ। ਵੱਡੇ ਬੰਦਿਆਂ ਨੂੰ ਮਿਲਣ ਲੱਗਿਆਂ ਉਨ੍ਹਾਂ ਦੀਆਂ ‘ਅਣਕਹੀਆਂ’ ਗੱਲਾਂ ਨੂੰ ‘ਕਹੀਆਂ’ ਗੱਲਾਂ ਵਿਚ ਪਲਟਾ ਕੇ ਪੇਸ਼ ਕਰਨਾ ਮੇਰਾ ਸ਼ੌਕ ਹੈ, ਮੇਰੀ ਪਿਆਸ ਹੈ, ਮੇਰੀ ਜੁਸਤਜੂ ਹੈ, ਮੇਰੀ ਲਗਨ ਹੈ ਅਤੇ ਮੰਜ਼ਿਲ ਵੀ ਹੈ। ਕਿਸੇ ਘਟਨਾ ਜਾਂ ਦ੍ਰਿਸ਼ ਨੂੰ ਸ਼ਬਦਾਂ ਦਾ ਰੰਗ ਦੇਣ ਵਿਚ ਵੀ ਮੇਰੀ ਡੂੰਘੀ ਦਿਲਚਸਪੀ ਹੁੰਦੀ ਹੈ। ਜਿਸ ਰਹੱਸ ਨੇ ਉਹ ਅਨੋਖਾ ਦ੍ਰਿਸ਼ ਪੈਦਾ ਕੀਤਾ ਹੁੰਦਾ ਹੈ, ਉਸ ਰਹੱਸ ਦਾ ਅਹਿਸਾਨ ਵੀ ਤਾਂ ਮੋੜਨਾ ਹੁੰਦਾ ਹੈ।
ਜੁਝਾਰੂ ਲਹਿਰ ਨੂੰ ਵੀ ਮੈਂ ਉਸ ਤਰ੍ਹਾਂ ਵੇਖਦਾ ਸੀ ਜਿਵੇਂ ਹੋਰ ਕੋਈ ਨਹੀਂ ਸੀ ਦੇਖਦਾ, ਕੋਈ ਨਹੀਂ ਦੇਖ ਸਕਿਆ। ਇਹ ਮੇਰਾ ਗਿਲਾ ਹੈ ਆਪਣੀ ਕੌਮ ਦੀਆਂ ਕਲਮਾਂ ਨਾਲ ਕਿ ਉਹ ਲਹਿਰ ਨੂੰ ਵੱਖਰੀ ਤਰ੍ਹਾਂ ਕਿਉਂ ਨਹੀਂ ਵੇਖ ਸਕੇ?
ਬੁੱਧ ਸਿੰਘ ਵਾਲਾ ਦੇ ਗੁਰਜੰਟ ਨੂੰ ਸਿਲੀਆਂ ਅੱਖਾਂ ਨਾਲ ਹੀ ਵੇਖਿਆ, ਸੁਣਿਆ, ਮਾਣਿਆ, ਸਮਝਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਸੀ। ਇੱਕ ਵਾਰ ਲੁਧਿਆਣੇ ਸ਼ਹਿਰ ਦੇ ਕਿਸੇ ਪੁਰਾਣੇ ਘਰ ਦੀ ਸਭ ਤੋਂ ਉੱਪਰਲੀ ਮੰਜ਼ਿਲ ਦੇ ਇੱਕ ਕਮਰੇ ਵਿਚ ਅਸੀਂ ਦੋਵੇਂ ਕਿੰਨਾ ਚਿਰ ਗੱਲਾਂ ਕਰਦੇ ਰਹੇ। ਜਦੋਂ ਵਿਛੜਨ ਲੱਗਿਆ ਤਾਂ ਗੁਰਜੰਟ ਨੇ ਕਿਹਾ ‘ਭਾਅ ਜੀ, ਮੈਂ ਮੋਹਨ ਸਿੰਘ ਮੇਲੇ `ਤੇ ਕੁਲਦੀਪ ਮਾਣਕ ਦੀਆਂ ਕਲੀਆਂ ਸੁਣਨ ਲਈ ਚਲੇ ਜਾਵਾਂ?’ ਮੈਂ ਕੀ ਜਵਾਬ ਦਿੱਤਾ, ਉਹ ਜਵਾਬ ਏਥੇ ਕੋਈ ਅਰਥ ਨਹੀਂ ਰੱਖਦਾ। ਗੱਲ ਇਹ ਕਰਨ ਵਾਲੀ ਹੈ ਕਿ ਲਹਿਰਾਂ ਦੇ ਕਲਚਰ ਨਾਲ ਕਿੰਨੇ ਡੂੰਘੇ ਰਿਸ਼ਤੇ ਹੁੰਦੇ ਹਨ? ਕੀ ਕੋਈ ਜਣਾ ਜੁਝਾਰੂ ਲਹਿਰ ਨੂੰ ਗੁਰਜੰਟ ਦੀ ਰੌਸ਼ਨੀ ਵਿਚ ਇਸ ਤਰ੍ਹਾਂ ਵੇਖ ਸਕਿਆ ਸੀ?
ਜਦੋਂ ਚੱਬੇ ਦੇ ਸਰਬੱਤ ਖਾਲਸੇ ਦੇ ਸਮਾਗਮ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ ਦਾ ਜਥੇਦਾਰ ਥਾਪਣ ਦਾ ਐਲਾਨ ਕੀਤਾ ਗਿਆ ਤਾਂ ਅਸਮਾਨ ਵੱਲ ਉਲਰੇ ਹੱਥਾਂ ਦੀ ਅਥਾਹ ਅਤੇ ਅਤੋਲ ਖੁਸ਼ੀ ਨੂੰ ਕੋਈ ਨਹੀਂ ਸੀ ਵੇਖ ਸਕਿਆ ਅਤੇ ਨਾ ਹੀ ਉਨ੍ਹਾਂ ਪਲਾਂ ਵਿਚ ਹਜ਼ਾਰਾਂ ਅੱਖੀਆਂ ਵਿਚ ਆਏ ਹੰਝੂਆਂ ਨਾਲ ਕਿਸੇ ਕਲਮ ਨੇ ਸ਼ਬਦਾਂ ਦੀ ਸਾਂਝ ਪਾਈ ਸੀ। ਪਰ ਤੁਹਾਡੇ ਇਸ ਪੱਤਰਕਾਰ ਨੇ ਉਸ ਦ੍ਰਿਸ਼ ਦੀ ਯਾਦ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਸੀ।
ਦਿਲਚਸਪ ਹਕੀਕਤ ਇਹੋ ਸੀ ਕਿ ਉਸ ਸਮੇਂ ਹੋਏ ਹੋਰ ਐਲਾਨਾਂ ਨਾਲ ਖਾਲਸਾ ਪੰਥ ਦੀ ਜਿਵੇਂ ਕੋਈ ਸਾਂਝ ਨਹੀਂ ਸੀ। ਬਸ ਮਰੀਅਲ ਜਿਹੇ ਹੁੰਗਾਰੇ ਸਨ।
ਦਰਬਾਰ ਸਾਹਿਬ ਦੇ ਸਾਕੇ ਪਿੱਛੋਂ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਮਿਲਣ ਦਾ ਸ਼ੌਕ ਜਾਗਿਆ ਤਾਂ ਜੋ ਮੈਂ ਇਹ ਵੇਖ ਸਕਾਂ ਕਿ ਇਸ ਧਰਤੀ ਉੱਤੇ ਵਸੇ ਸੱਚਖੰਡ ਉੱਤੇ ਹੋਏ ਫੌਜ ਦੇ ਹਮਲੇ ਦੀ ਅੰਤਰੀਵ ਤੜਪ ਉਸ ਨੂੰ ਬੇਚੈਨ ਕਰਦੀ ਹੈ ਜਾਂ ਰਾਤਾਂ ਦੀਆਂ ਨੀਂਦਰਾਂ ਵਿਚ ਵਿਘਨ ਪਾਉਂਦੀ ਹੈ ਕਿ ਨਹੀਂ? ਜਦੋਂ ਮੈਂ ਰਾਸ਼ਟਰਪਤੀ ਬਾਗ ਵਿਚ ਹੁੰਦਾ ਹੋਇਆ ਉਨ੍ਹਾਂ ਦੇ ਦਫਤਰ ਵੱਲ ਜਾ ਰਿਹਾ ਸੀ ਤਾਂ ਮੈਂ ਹੈਰਾਨ ਹੋ ਗਿਆ ਕਿ ਉਹ ਦਫਤਰ ਤੋਂ ਬਾਹਰ ਆ ਗਏ-ਮੈਨੂੰ ਉਚੇਚੇ ਰੂਪ ਵਿਚ ਮਿਲਣ ਲਈ ਨਹੀਂ ਜਾਂ ਮੇਰਾ ਸਵਾਗਤ ਕਰਨ ਲਈ ਨਹੀਂ ਸਗੋਂ ਮੈਨੂੰ ਇਹ ਦੱਸਣ ਲਈ ਕਿ ਕਾਕਾ, ਮੇਰੇ ਕਮਰੇ ਦੀ ਬਗਿੰਗ ਹੁੰਦੀ ਹੈ। ਬਗਿੰਗ ਦਾ ਮਤਲਬ ਹੈ ਕਿ ਸਰਕਾਰ ਇਹ ਵੇਖ ਰਹੀ ਸੀ ਕਿ ਗਿਆਨੀ ਜ਼ੈਲ ਸਿੰਘ ਕਿਸ ਕਿਸ ਨੂੰ ਮਿਲਦਾ ਹੈ ਤੇ ਉਨ੍ਹਾਂ ਨਾਲ ਕਿਹੋ ਜਿਹੀਆਂ ਗੱਲਾਂ ਕਰਦਾ ਹੈ। ਉਨ੍ਹਾਂ ਪਲਾਂ ਵਿਚ ਮੈਨੂੰ ਇਹੋ ਮਹਿਸੂਸ ਹੋਇਆ ਕਿ ਉੱਚੇ ਮਰਤਬੇ ‘ਤੇ ਬੈਠੇ ਵਫਾਦਾਰ ਤੋਂ ਵਫਾਦਾਰ ਸਿੱਖ ਵੀ ਇਸ ਦੇਸ਼ ਦੀਆਂ ਨਜ਼ਰਾਂ ਵਿਚ ਸ਼ੱਕੀ ਸਮਝੇ ਜਾਂਦੇ ਹਨ ਅਤੇ ਸ਼ੱਕੀ ਹੀ ਸਮਝੇ ਜਾਂਦੇ ਰਹਿਣਗੇ।
ਦਿਲਜੀਤ, ਚੰਨੀ, ਜਟਾਣਾ, ਸੇਖੋਂ, ਸੁਖਦੇਵ ਬੱਬਰ ਅਤੇ ਹੋਰ ਕਈ ਜੁਝਾਰੂਆਂ ਵਿਚ ਹੋਰਨਾਂ ਨਾਲੋਂ ਵੱਖਰੀਆਂ ਗੱਲਾਂ ਸਨ ਜੋ ਮੈਂ ਕਈ ਵਾਰ ਦੱਸੀਆਂ ਵੀ ਹਨ। ਜੇ ਦਿਲਜੀਤ ਨੇ ਲਹਿਰ ਨੂੰ ਇਖਲਾਕ ਤੇ ਸਦਾਚਾਰਕ ਬੁਲੰਦੀ ਦਾ ਰੰਗ ਦਿੱਤਾ ਤਾਂ ਚੰਨੀ ਦਾ ਇਹ ਸ਼ੌਕ ਸੀ ਕਿ ਲਹਿਰ ਨੂੰ ਰਾਜਨੀਤਕ ਰੰਗ ਕਿਵੇਂ ਦੇਣੇ ਹਨ। ਜੇ ਜਟਾਣਾ ਆਪਣਾ ਲਹੂ ਡੋਲ ਕੇ ਪੰਜ ਦਰਿਆਵਾਂ ਦੇ ਪਾਣੀਆਂ ਦਾ ਰਾਖਾ ਬਣਿਆ ਤਾਂ ਸੇਖੋਂ ਨੇ ਫਿਲਾਸਫੀ ਦੇ ਵਿਸ਼ੇ ਨਾਲ ਪਿਆਰ ਪਾ ਰੱਖਿਆ ਸੀ ਅਤੇ ਸੁਖਦੇਵ ਬੱਬਰ ਨੇ ਸ਼ਬਦ-ਗੁਰੂ ਉੱਤੇ ਹੋਏ ਹਮਲਿਆਂ ਦਾ ਬਦਲਾ ਲੈਣ ਦੀ ਇੱਕ ਲਹਿਰ ਸਿਰਜ ਦਿੱਤੀ ਸੀ। ਕਿਸੇ ਨੇ ਵੀ ਕਦੇ ਇਨ੍ਹਾਂ ਨੂੰ ਇਸ ਤਰ੍ਹਾਂ ਨਾਲ ਕਿਉਂ ਨਹੀਂ ਵੇਖਿਆ? ਇਹ ਮੇਰਾ ਗਿਲਾ ਹੈ।
ਦੀਪ ਸਿੱਧੂ ਦੇ ਦਰਦ ਦੀਆਂ ਉਹ ਪਰਤਾਂ ਸਾਡੀ ਕੌਮ ਕਿਉਂ ਨਹੀਂ ਵੇਖ ਸਕੀ, ਜਿਨ੍ਹਾਂ ਪਰਤਾਂ ਵਿਚ ਉਹ ਸਿਰਫ ਤੇ ਸਿਰਫ ਪੰਜਾਬ-ਪੰਜਾਬ-ਪੰਜਾਬ ਲਈ ਹੀ ਜਿਉਂਦਾ ਸੀ, ਪੰਜਾਬ ਲਈ ਹੀ ਜਗਦਾ ਸੀ, ਪੰਜਾਬ ਨੂੰ ਹੀ ਜਗਾਉਂਦਾ ਸੀ। ਕੀ ਕਦੇ ਕਿਸੇ ਨੂੰ ਇਉਂ ਵੀ ਮਹਿਸੂਸ ਹੋਇਆ ਕਿ ਪ੍ਰੋਫੈਸਰ ਪੂਰਨ ਸਿੰਘ ਦਾ ਗਵਾਚ ਚੁੱਕਿਆ ਪੰਜਾਬ ਦੀਪ ਸਿੱਧੂ ਵਿਚ ਪ੍ਰਗਟ ਹੋ ਗਿਆ ਸੀ। ਮੈਂ ਸਿਰਫ ਦੋ ਵਾਰ ਉਸਨੂੰ ਮਿਲ ਸਕਿਆ, ਇੱਕ ਵਾਰ ਪ੍ਰੈਸ ਕਲੱਬ ਚੰਡੀਗੜ੍ਹ ਵਿਚ ਜਦੋਂ ‘ਵਾਰਸ ਪੰਜਾਬ ਦੇ’ ਜਥੇਬੰਦੀ ਕਾਇਮ ਹੋਈ ਸੀ ਅਤੇ ਦੂਜੀ ਵਾਰ ਫਤਿਹਗੜ੍ਹ ਸਾਹਿਬ ਵਿਚ। ਕਾਸ਼! ਮੈਂ ਉਸ ਮੌਤ ਨੂੰ ਵੇਖ ਸਕਦਾ ਜੋ ਹਰ ਸਮੇਂ ਇਹੋ ਜਿਹੇ ਬੰਦਿਆਂ ਦੇ ਨਜ਼ਦੀਕ ਵਸਦੀ ਹੈ। ਜੇ ਕਿਤੇ ਇਹ ਪਤਾ ਲੱਗ ਜਾਂਦਾ ਤਾਂ ਮੈਂ ਉਸਦੇ ਅੰਦਰ ਸਾਰੇ ਲੁਕੇ-ਛਿਪੇ ਦਰਦ ਬਾਹਰ ਲੈ ਆਉਂਦਾ-ਕੁਝ ਉਸੇ ਤਰ੍ਹਾਂ ਜਿਵੇਂ ਸ਼ੇਕਸਪੀਅਰ ਮਨੁੱਖੀ ਜਜ਼ਬਿਆਂ ਦੀ ਆਖਰੀ ਪਰਤ ਨੂੰ ਬਾਹਰ ਕੱਢ ਲਿਆਉਂਦਾ ਸੀ ਜਾਂ ਕੋਈ ਦਾਸਤੋਵਸਕੀ ਹਨੇਰਿਆਂ ਵਿਚੋਂ ਵੀ ਚਾਨਣ ਨੂੰ ਵੇਖ ਸਕਦਾ ਸੀ। ਪਰ ਕਿਸੇ ਵੀ ਕਲਮ ਨੇ ਇਨ੍ਹਾਂ ਰਾਹਾਂ ਵੱਲ ਜਾਣ ਲਈ ਕਦਮ ਕਿਉਂ ਨਾ ਪੁੱਟੇ? ਉਸ ਦੀ ਅੰਤਿਮ ਅਰਦਾਸ ਦੇ ਮੌਕੇ ਉੱਥੇ ਇਕੱਠੇ ਹੋਏ ਲੋਕਾਂ ਦੇ ‘ਸਮੁੰਦਰ’ ਨੂੰ ਵੀ ਕੋਈ ਕਿਉਂ ਨਹੀਂ ‘ਰਿੜਕ’ ਸਕਿਆ? ਇਹ ਮੇਰੀ ਕੌਮ ਦੀਆਂ ਕਲਮਾਂ ਨਾਲ ਗਿਲਾ ਹੈ।
ਤੇ ਹੁਣ ਕਿਸੇ ਵੀ ਕਲਮ ਨੇ ਓਧਰ ਵੱਲ ਮੁਹਾਰਾਂ ਨਹੀਂ ਮੋੜੀਆਂ ਜਿੱਥੇ ਅੰਮ੍ਰਿਤਪਾਲ ਸਿੰਘ ਰਹਿੰਦਾ ਹੈ। ਅੱਜ 21 ਅਕਤੂਬਰ 2022 ਦੀ ਉਹ ਸ਼ਾਮ ਯਾਦ ਆ ਗਈ ਹੈ ਜਿਸ ਯਾਦ ਨੂੰ ਤੁਹਾਡੇ ਨਾਲ ਸਾਂਝੀ ਕਰਨ ਨੂੰ ਦਿਲ ਕਰ ਆਇਆ ਹੈ ਅਤੇ ਜਦੋਂ ਪੰਜਾਬ ਵਿਚ ਉਤਰੇ ਇਸ ਗਭਰੂ ਨਾਲ ਮੇਰੀ ਪਹਿਲੀ ਮੁਲਾਕਾਤ ਸੀ।
ਸਵਾਲ: ਆਉਣ ਸਾਰ ਹੀ ਤੱਤੀਆਂ ਗੱਲਾਂ ਹੀ ਕਿਉਂ ਕਰਨ ਲੱਗ ਪਿਐਂ? ਜਵਾਬ: ਚੜ੍ਹ ਕੇ ਬੋਲਣਾ ਸਮੇਂ ਦੀ ਲੋੜ ਸੀ। ਕੌਮ ਨੂੰ ਡਰ ਤੋਂ ਵੀ ਤਾਂ ਮੁਕਤ ਕਰਨਾ ਸੀ। ਜੇ ਮੈਂ ਡਿਫੈਂਸਿਵ ਹੋ ਕੇ ਚੱਲਦਾ ਤਾਂ ਸਰਕਾਰ ਨੇ ਆਪਣੇ ਬੇਅੰਤ ਸਾਧਨਾਂ ਤੇ ਸੋਮਿਆਂ ਨਾਲ ਸਾਨੂੰ ਕੁਚਲ ਦੇਣਾ ਸੀ।
ਸਵਾਲ: ਪਰ ‘ਉਨ੍ਹਾਂ’ ਕੋਲ ਤਾਂ ਵੱਡੀ ਤਾਕਤ ਹੈ? ਕਿਵੇਂ ਮੁਕਾਬਲਾ ਹੋਵੇਗਾ?
ਜਵਾਬ: ਤਾਕਤ ਨੂੰ ਨੀਤੀ ਨਾਲ ਵੀ ਹਰਾਉਣਾ ਪੈਂਦਾ ਹੈ ਅਤੇ ਲੋੜ ਪੈਣ ਉੱਤੇ ਤਾਕਤ ਦਾ ਮੁਕਾਬਲਾ ਤਾਕਤ ਨਾਲ ਵੀ ਕਰਨਾ ਪੈਂਦਾ ਹੈ। (ਕਿਰਪਾਨ ਵੱਲ ਇਸ਼ਾਰਾ ਕਰਕੇ) ਆਖਰ ਇਹ ਗੰਢੇ ਚੀਰਨ ਲਈ ਤਾਂ ਨਹੀਂ ਰੱਖੀ ਗਈ। ਨੀਤੀ ਤੇ ਤਾਕਤ ਨਾਲੋਂ ਨਾਲ ਚਲਦੇ ਰਹਿਣੇ ਚਾਹੀਦੇ ਹਨ ।
ਸਵਾਲ: ਪੰਜਾਬ ਨੂੰ ਜਗਾਉਣ ਲਈ ਕੋਈ ਯੋਜਨਾ ਬਣਾ ਰੱਖੀ ਹੈ?
ਜਵਾਬ: ਹਾਂ, ਖਾਲਸਾ ਵਹੀਰ ਦੀ ਪੁਰਾਤਨ ਰਾਜਨੀਤੀ ਤੇ ਰਣਨੀਤੀ ਨੂੰ ਮੁੜ ਇੱਕ ਵਾਰ ਬਹਾਲ ਕਰਨਾ ਹੈ। ਹੰਨੇ ਹੰਨੇ ਪੀਰੀ ਤੇ ਹੰਨੇ ਹੰਨੇ ਮੀਰੀ ਦਾ ਅਹਿਸਾਸ ਜਗਾਉਣ ਲਈ ਕਾਫਲੇ ਅਗਲੇ ਕੁਝ ਦਿਨਾਂ ਲਈ ਪੰਜਾਬ ਦੀ ਧਰਤੀ ‘ਤੇ ਮਾਰਚ ਕਰਨਗੇ। ਮਾਰਚ ਪੈਦਲ ਵੀ ਹੋਵੇਗਾ, ਘੋੜਿਆਂ ‘ਤੇ ਵੀ ਹੋਵੇਗਾ। ਪਿੰਡ ਪਿੰਡ ਪੜਾਅ ਕਰਾਂਗੇ।
ਸਵਾਲ: ਤੁਹਾਨੂੰ ਪਤੈ ਕਿ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਤੁਹਾਡੇ ਬਾਰੇ ਕਰ ਰਹੇ ਹਨ?
ਜਵਾਬ: ਸਭ ਪਤਾ, ਮੇਰੇ ਵਿਰੁੱਧ ਕਈ ਤਰ੍ਹਾਂ ਦੀ ਅਤੇ ਕਈ ਪਾਸਿਆਂ ਤੋਂ ਘੁਸਰ-ਮੁਸਰ ਹੋ ਰਹੀ ਹੈ। ਉਂਝ ਮੈਂ ਕੰਨਾਂ ਦਾ ਕੱਚਾ ਨਹੀਂ ਤੇ ਨਾ ਹੀ ਸਿੱਧ-ਪਧਰਾ ਬੰਦਾ ਹਾਂ ਜੋ ਘਟਨਾਵਾਂ ਤੋਂ ਅਣਜਾਣ ਹੋਵੇ।
ਸਵਾਲ: ਕਾਲਜਾਂ, ਯੂਨੀਵਰਸਿਟੀਆਂ ਤੱਕ ਵੀ ਪਹੁੰਚ ਕਰੋਗੇ?
ਜਵਾਬ: ਹਾਂ, ਓਧਰ ਵੱਲ ਵੀ ਗੇੜਾ ਮਾਰਨ ਦਾ ਪ੍ਰੋਗਰਾਮ ਹੈ, ਜਿੱਥੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਦੇ ਸਵਾਲਾਂ ਦਾ ਸਾਹਮਣਾ ਕਰਾਂਗੇ। ਮਾਲਵਾ ਇਲਾਕੇ ਵੱਲ ਵੀ ਜਾਣ ਦਾ ਪ੍ਰੋਗਰਾਮ ਹੈ। ਨਸ਼ਿਆਂ ਦੇ ਦਰਿਆ ਨੂੰ ਵੀ ਠੱਲ੍ਹ ਪਾਉਣੀ ਹੈ। ਕੋਠੇ ਜਿੱਡੇ ਸਾਡੇ ਗੱਭਰੂ ਹਰ ਰੋਜ਼ ਮਾਵਾਂ ਤੋਂ ਵਿਛੜ ਰਹੇ ਹਨ।
ਕਈ ਘੰਟੇ ਲੰਮੀ ਚਲੀ ਇਸ ਇੰਟਰਵਿਊ ਤੋਂ ਪਿੱਛੋਂ ਮੈਂ ਘਰ ਆ ਕੇ ਅੰਮ੍ਰਿਤਪਾਲ ਸਿੰਘ ਨੂੰ ਜਿਵੇਂ ਸਮਝਿਆ, ਜਿਵੇਂ ਸੋਚਿਆ ਉਸ ਸੋਚ ਨੂੰ ਇਹ ਸ਼ਬਦ ਦਿੱਤੇ ਜੋ ਛਪ ਵੀ ਚੁੱਕੇ ਹਨ:
ਅੰਮ੍ਰਿਤਪਾਲ ਉਨ੍ਹਾਂ ਰਾਹਾਂ ‘ਤੇ ਚੱਲ ਪਿਆ ਹੈ, ਜਿੱਥੇ ਕਿਸ਼ਤੀ ਕਿਨਾਰੇ `ਤੇ ਬਹਿ ਕੇ ਨਹੀਂ ਚਲਾਈ ਜਾ ਸਕਦੀ। ਇਹੋ ਖਾਲਸਾ ਯੁਗ ਦੇ ਪੈਂਡੇ ਹਨ ਜਿੱਥੇ ਕਦੇ ਸੰਤ ਜਰਨੈਲ ਸਿੰਘ ਚਲੇ, ਕਦੇ ਜੁਝਾਰੂ ਲਹਿਰ ਚੱਲੀ, ਕਦੇ ਦੀਪ ਸਿੱਧੂ ਤੁਰਿਆ ਤੇ ਹੁਣ ਗੁਰਜ ਜਾਪਦਾ ਹੈ ਅੰਮ੍ਰਿਤਪਾਲ ਸਿੰਘ ਦੇ ਹੱਥ ਵਿਚ ਹੈ।
ਅੰਮ੍ਰਿਤਪਾਲ ਉਸ ਪੜਾਅ ‘ਤੇ ਖੜ੍ਹਾ ਹੈ ਜਿੱਥੇ ਅਹਿਸਾਸ ਦੇ ਰੰਗ ਹਰੇ ਹੁੰਦੇ ਹਨ, ਜਿਨ੍ਹਾਂ ਨੂੰ ਇਲਮਾਂ ਦੇ ਝੱਖੜਾਂ ਨਾਲ ਨਹੀਂ ਸਮਝਿਆ ਜਾ ਸਕਦਾ। ਜਿੱਥੇ ਸੋਚ ਦੇ ਖੰਭ ਝੜ ਜਾਂਦੇ ਹਨ। ਉਹ ਕਿਸੇ ਹੋਰ ਸਾਜ਼ ਦੀ ਤਾਰ ਹੈ।
ਖਾਲਿਸਤਾਨ ਵੀ ਤਾਂ ਹੁਣ ਇੱਕ ਨਾਅਰਾ ਹੀ ਬਣ ਗਿਆ ਹੈ। ਖਾਲਿਸਤਾਨ ਦੀ ਰੂਹ ਤੋਂ ਅਸੀਂ ਕਿਨਾਰਾ ਕਰ ਲਿਆ ਹੈ ਅਤੇ ‘ਜਿਸਮ’ ਹੀ ਚੁੱਕੀ ਫਿਰਦੇ ਹਾਂ।
ਖਿਲਾਅ ਰਾਜਨੀਤਕ ਨਹੀਂ, ਸਗੋਂ ਧਾਰਮਿਕ ਹੈ। ਇਸੇ ਖਿਲਾਅ ਨੂੰ ਅੰਮ੍ਰਿਤ ਸੰਚਾਰ ਹੀ ਭਰ ਸਕੇਗਾ। ਇਹੋ ਇਕ ਦਿਨ ਵੱਡੀ ਰਾਜਨੀਤਕ ਲਹਿਰ ਬਣ ਜਾਵੇਗਾ।
ਅੰਮ੍ਰਿਤਪਾਲ ਇਹ ਮਹਿਸੂਸ ਕਰ ਰਿਹਾ ਕਿ ਕੌਮ ਇੱਕ ਗਿਲਟ ਯਾਨੀ ਦੋਸ਼ ਦੀ ਭਾਵਨਾ ਵਿਚ ਪ੍ਰਵੇਸ਼ ਕਰ ਗਈ ਹੈ। ਸਾਡੀ ਕੌਮ ਇੱਕ ਅਜੀਬ ਭੈਅ ਵਿਚ ਕੰਮ ਕਰ ਰਹੀ ਹੈ। ਇਸ ਭੈਅ ਨੂੰ ਦੂਰ ਕਰਨਾ ਪੈਣਾ ਹੈ। ਅਸੀਂ ਆਪਣੀ ਹੀ ਧਰਤੀ `ਤੇ ਹਰ ਰੋਜ਼ ਛਿੱਤਰ ਖਾ ਰਹੇ ਹਾਂ।
ਹਿੰਦੂਆਂ ਨਾਲ ਸਾਡਾ ਕੋਈ ਟਕਰਾਅ ਨਹੀਂ। ਬਹੁਤ ਸਾਰੇ ਹਿੰਦੂ ਮੈਨੂੰ ਮਿਲ ਵੀ ਰਹੇ ਹਨ। ਕਈ ਅੰਮ੍ਰਿਤ ਛਕਣ ਲਈ ਵੀ ਤਿਆਰ ਹੋ ਰਹੇ ਹਨ।
ਇਹੋ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹੁਣ ਇਸ ਸਰਕਾਰ ਨੇ ਪੰਜਾਬ ਤੋਂ ਸੈਂਕੜੇ ਮੀਲ ਦੂਰ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਕੀਤਾ ਹੋਇਆ ਹੈ। ਆਓ ਉਨ੍ਹਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰੀਏ ਅਤੇ ਚੁੱਪ ਨੂੰ ਤੋੜੀਏ। ਅਸਾਂ ਚੁੱਪ ਨੂੰ ਇਕ ਲਹਿਰ ਕਿਉਂ ਬਣਾ ਲਿਆ ਹੈ? ਹੋਰ ਕਿੰਨਾ ਚਿਰ ਅਸੀਂ ਇਸ ਚੁੱਪ ਦਾ ਭਾਰ ਢੋਂਦੇ ਰਹਿਣਾ ਹੈ?
ਤੁਹਾਨੂੰ ਜੇਕਰ ਕੋਈ ਬੰਦਾ ਧਰਮ ਦੇ ਮਾਰਗ `ਤੇ ਚਲਦਾ ਚਲਦਾ ਗੰਭੀਰ ਤੋਂ ਗੰਭੀਰ ਹੁੰਦਾ ਨਜ਼ਰ ਆਵੇ, ਆਪਣੀ ਉਮਰ ਤੋਂ ਜ਼ਿਆਦਾ ਬੁੱਢਾ ਨਜ਼ਰ ਆਵੇ ਅਤੇ ਉਹ ਬੰਦਾ ਆਪਣੇ ਬਣਾਏ ਸੜੇ ਗਲੇ ਅਸੂਲਾਂ ਨੂੰ ਤੁਹਾਡੇ ਉਪਰ ਥੋਪਦਾ ਹੋਇਆ ਨਜ਼ਰ ਆਵੇ ਤਾਂ ਸਮਝੋ, ਉਹ ਬੰਦਾ ਪਾਗ਼ਲ ਹੈ, ਮਾਨਸਿਕ ਤੌਰ `ਤੇ ਬਿਮਾਰ ਹੈ, ਕੋਈ ਧਾਰਮਿਕ ਧੂਰਮਿਕ ਨਹੀਂ, ਜਿੰਨੀ ਛੇਤੀ ਹੋ ਸਕੇ ਉਸ ਬੰਦੇ ਤੋਂ ਦੂਰ ਨਿਕਲ ਜਾਓ।
ਜੇਕਰ ਕੋਈ ਬੰਦਾ ਬੁਢਾਪੇ ਦੇ ਬਾਵਜੂਦ ਵੀ ਜਵਾਨ ਨਜ਼ਰ ਆਵੇ, ਚੰਚਲ ਨਜ਼ਰ ਆਵੇ ਅਤੇ ਖਿੜਿਆ ਖਿੜਿਆ ਨਜ਼ਰ ਆਵੇ, ਨਿੱਕੀ ਨਿੱਕੀ ਗੱਲ ‘ਤੇ ਖਿੜ-ਖਿੜਾ ਕੇ ਹੱਸਦਾ ਨਜ਼ਰ ਆਵੇ, ਸਿਆਣਿਆਂ `ਚ ਬੈਠਣ ਨਾਲੋਂ ਉਹ ਬੱਚਿਆਂ ਵਿਚ ਖੇਡਣਾ ਜ਼ਿਆਦਾ ਪਸੰਦ ਕਰੇ ਅਤੇ ਬੱਚੇ ਵੀ ਉਸਨੂੰ ਹੀ ਪਸੰਦ ਕਰਨ, ਤਾਂ ਜ਼ਰੂਰ ਉਸਨੇ ਅੰਦਰ ਕੋਈ ਖਜ਼ਾਨਾ ਲੱਭ ਲਿਆ ਹੈ, ਉਸਨੇ ਅਸਲੀ ਧਰਮ ਦੀ ਖੋਜ ਕਰ ਲਈ ਹੈ, ਉਸਦੇ ਨਾਲ ਖੇਡੋ-ਮੱਲੋ ਉਹ ਜ਼ਰੂਰ ਤੁਹਾਨੂੰ ਵੀ ਇੱਕ ਦਿਨ ਮਸਤ ਬਣਾ ਦਏਗਾ। ਗੱਲਬਾਤ ਸਾਰੀ ਮਸਤੀ ਦੀ ਹੈ ਅਤੇ ਮਸਤੀ ਬੜੀ ਸਸਤੀ ਹੈ, ਲੋਕ ਤਾਂ ਐਵੇਂ ਹੀ ਗੰਭੀਰ ਹੋਈ ਫਿਰਦੇ ਹਨ- ਮਹਾਂਸਾਗਰ