ਆਈ ਬਲਾਅ ਦੁਪਹਿਰ ਕੱਟ ਜਾ

ਪ੍ਰੋ. ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982
‘ਪੰਜਾਬ ਟਾਈਮਜ਼’ ਦੇ ਪੁਰਾਣੇ ਸਾਥੀ ਅਤੇ ਵਿਗਿਆਨ ਪੜ੍ਹਨ-ਪੜ੍ਹਾਉਣ ਨਾਲ ਡੂੰਘੇ ਜੁੜੇ ਰਹੇ ਪ੍ਰਿੰਸੀਪਲ ਪ੍ਰੋ. ਬ੍ਰਿਜਿੰਦਰ ਸਿੰਘ ਸਿੱਧੂ ਨੇ ਆਪਣੇ ਇਸ ਲੇਖ ਵਿਚ ‘ਬਲਾਅ’ ਦੇ ਬਹਾਨੇ ਜ਼ਿੰਦਗੀ ਦੀਆਂ ਕੁਝ ਕੌੜੀਆਂ ਤੇ ਕੁਸੈਲੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਅਸਲ ਵਿਚ ਇਹ ਉਨ੍ਹਾਂ ਦਾ ਜ਼ਿੰਦਗੀ ਵੱਲ ਪਹੁੰਚ ਦਾ ਨਜ਼ਰੀਆ ਹੈ। ਇਸ ਨਜ਼ਰੀਏ ਰਾਹੀਂ ਹੀ ਉਹ ਜ਼ਿੰਦਗੀ ਦੀ ਥਾਹ ਪਾਉਣ ਦਾ ਯਤਨ ਕਰਦੇ ਹਨ।

ਇਹ ਅਖਾਣ ਬਚਪਨ ਤੋਂ ਸੁਣਦੇ ਆਏ ਹਾਂ ਪਰ ਅੱਲ੍ਹੜ ਉਮਰ ਵਿਚ ਪਤਾ ਨਹੀ ਸੀ ਕਿ ‘ਬਲਾਅ’ ਕਿਸ ਚੀਜ਼ ਨੂੰ ਕਹਿੰਦੇ ਹਨ। ਹੁਣ ਜਦੋਂ ਕੁਝ ਸੋਝੀ ਆਈ ਹੈ ਤਾਂ ਬਲਾਵਾਂ ਦੇ ਤੂਫ਼ਾਨ ਵਿਚ ਘਿਰਿਆ ਮਹਿਸੂਸ ਕਰ ਰਿਹਾ ਹਾਂ। ਕੁਝ ਬਲਾਵਾਂ ਕੁਦਰਤ ਵਲੋਂ ਆ ਜਾਂਦੀਆਂ ਹਨ, ਉਨ੍ਹਾਂ ਨੂੰ ਭਾਣਾ ਮੰਨ ਕੇ ਗੁਜ਼ਾਰਾ ਹੋ ਜਾਂਦਾ ਹੈ। ਵੈਸੇ ਵੀ ਕਈ ਮੁਸੀਬਤਾਂ ਥੋੜ੍ਹੀ ਦੇਰ ਲਈ ਹੁੰਦੀਆਂ ਹਨ, ਜਿਵੇਂ ਵਾ-ਵਰੋਲਾ, ਹਨੇਰੀ, ਮਾਮੂਲੀ ਗੜੇ ਜਾਂ ਥੋੜ੍ਹੀ ਦੇਰ ਲਈ ਅੰਧਾ-ਧੁੰਦ ਬਾਰਸ਼। ਕਹਿ ਸਕਦੇ ਹਾਂ ਕਿ ਇਹ ਬਲਾਅ ਦੁਪਹਿਰ ਕੱਟ ਗਈ ਅਤੇ ਰੁਖ਼ਸਤ ਹੋ ਗਈ। ਮਨੁੱਖ ਇਸ ਦੇ ਕੀਤੇ ਨੁਕਸਾਨ ਨੂੰ ਹਿੰਮਤ ਨਾਲ ਸਹਿ ਜਾਂਦਾ ਹੈ ਅਤੇ ਚੜ੍ਹਦੀ ਕਲਾ ਵਿਚ ਹੋ ਜਾਂਦਾ ਹੈ।
ਬਹੁਤ ਸਾਰੇ ਹਾਦਸੇ ਐਸੇ ਹੁੰਦੇ ਹਨ ਕਿ ਅਚਾਨਕ ਕੁਝ ਸਕਿੰਟਾਂ ਵਿਚ ਹੀ ਕੁਝ ਦਾ ਕੁਝ ਵਾਪਰ ਜਾਂਦਾ ਹੈ, ਦੰਦਾਂ ਵਿਚ ਜੀਭ ਆ ਜਾਂਦੀ ਹੈ। ਇਹੋ ਜਿਹੀ ਤੱਤੜੀ ਬਲਾਅ ਦਾ ਕੀ ਨਾਮ ਰੱਖੀਏ, ਸਾਡੀ ਸਮਝ ਤੋਂ ਬਾਹਰ ਹੈ।
ਲਹਿ-ਲਹਾਉਂਦੀ ਫ਼ਸਲ ਉਪਰ ਗੜੇ ਪੈ ਜਾਣਾ, ਘਮਟੇ-ਡੇਢ ਘੰਟੇ ਵਿਚ ਹੜ੍ਹ ਨਾਲ ਖੇਤੀ ਤਬਾਹ ਹੋ ਜਾਣਾ, ਬਿਜਲੀ ਦੀਆਂ ਤਾਰਾਂ ਦੇ ਚੰਗਿਆੜਿਆਂ ਨਾਲ ਪੱਕੀ ਕਣਕ ਦਾ ਸੜ ਕੇ ਸੁਆਹ ਹੋ ਜਾਣਾ ਕੁਦਰਤ ਦੀ ਕਰੋਪੀ ਕਿਹਾ ਜਾਂਦਾ ਹੈ। ਇਹੋ ਜਿਹੀ ਬਲਾਅ ਦੁਪਹਿਰ ਕੱਟਣ ਤੋਂ ਪਹਿਲਾਂ ਹੀ ਭਿਆਨਕ ਨਤੀਜੇ ਗਰੀਬ ਕਿਸਾਨਾਂ ਦੇ ਭਵਿੱਖ ਲਈ ਛੱਡ ਜਾਂਦੀ ਹੈ। ਕਿਸਾਨ ਇਹ ਕਹਿਣ ਲਈ ਮਜਬੂਰ ਹੋ ਜਾਂਦਾ ਹੈ- ਖੇਤੀ ਕਰਮਾ ਸੇਤੀ।
ਵਿਆਨਕ ਯੁੱਗ ਵਿਚ ਤਰਕ ਸੁਝ ਵਾਲੇ ਬੰਦੇ ਸਮਝਦੇ ਹਨ ਕਿ ਬਲਾਅ ਕੋਈ ਚੀਜ਼ ਨਹੀਂ ਹੁੰਦੀ, ਸਭ ਅਲਾਮਤਾਂ ਬੰਦਾ ਆਪ ਸਹੇੜਦਾ ਹੈ ਜਿਵੇਂ ਕੋਵਿਡ-19 ਜਿਹੀ ਬਲਾਅ ਵਾਤਾਵਰਨ ਦੇ ਪਲੀਤ ਹੋਣ ਨਾਲ, ਅਣਮਨੁੱਖੀ ਟੈਸਟ ਅਤੇ ਕਈ ਹੋਰ ਵਰਤਾਰੇ ਹੋਂਦ ਵਿਚ ਲਿਆਉਣ ਕਾਰਨ ਵਾਪਰੀ। ਇਹ ਮਾਮਲਾ ਚਰਚਾ ਦਾ ਵਿਸ਼ਾ ਹੈ।
ਲੱਗਭੱਗ ਇਕ ਸੌ ਵੀਹ ਸਾਲ ਪਹਿਲਾਂ ਕੱਤਕ ਦੀ ਬਿਮਾਰੀ (ਪਲੇਗ) ਵਿਚ ਮੇਰੇ ਦਾਦਾ ਦਾਦੀ ਮੇਰੇ ਢਾਈ ਸਾਲ ਦੇ ਪਿਤਾ ਨੂੰ ਯਤੀਮ ਬਣਾ ਗਏ। ਲੱਖਾਂ ਲੋਕ ਮਾਰੇ ਗਏ। ਉਸ ਵੇਲੇ ਤਾਂ ਵਾਤਾਵਰਨ ਸਾਫ਼ ਸੁਥਰਾ ਸੀ। ਰੇਲ ਗੱਡੀਆਂ, ਕਾਰਾਂ, ਹਵਾਈ ਜਹਾਜ਼ਾਂ ਅਤੇ ਕਾਰਖਾਨਿਆਂ ਦਾ ਨਾਮੋ-ਨਿਸ਼ਾਨ ਨਹੀਂ ਸੀ। ਸਾਡੇ ਮਾਲਵੇ ਦੇ ਇਲਾਕੇ ਵਿਚ ਚੌਲਾਂ ਦੀ ਖੇਤੀ ਦਾ ਸੁਫਨਾ ਵੀ ਨਹੀਂ ਸੀ। ਪਰਾਲੀ ਫੂਕਣ ਦੀ ਨੌਬਤ ਨਹੀਂ ਸੀ। ਫਿਰ ਵੀ ਇਹ ਭਾਣਾ ਕਿਉਂ ਵਰਤਿਆ? ਮੈਨੂੰ ਤਾਂ ਇਹ ਕੁਦਰਤ ਦੀ ਖੇਡ ਲਗਦੀ ਹੈ। ਇਸ ਬਲਾਅ ਨੇ ਇਕ ਹੋਰ ਵੱਡੀ ਬਲਾਅ ਤੋਂ ਛੁਟਕਾਰਾ ਬਖ਼ਸ਼ਿਆ। ਉਹ ਅਲਾਮਤ ਹੈ ਵਧ ਰਹੀ ਆਬਾਦੀ। ਅੱਜ ਦੇ ਯੁੱਗ ਵਿਚ ਬਹੁਤੀਆਂ ਕਠਨਾਈਆਂ ਵਧ ਰਹੀ ਆਬਾਦੀ ਦੀ ਦੇਣ ਹਨ। ਬੇਕਿਰਕ ਹਮਲਾਵਰਾਂ ਨੇ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਕਬੀਲਿਆਂ ਵਿਚ ਲੜਾਈਆਂ, ਮੁਲਕਾਂ ਵਿਚ ਯੁੱਧ ਅਤੇ ਖਾਨਾਜੰਗੀ ਜਿਹੀਆਂ ਵਾਰਦਾਤਾਂ ਬੇਸ਼ੱਕ ਮਨੁੱਖੀ ਸੁਭਾਅ ਉਪਰ ਕਰਾਰੀ ਚੋਟ ਹਨ, ਫਿਰ ਵੀ ਮਨ ਕਹਿੰਦਾ ਹੈ ਕਿ ਸ਼ਾਇਦ ਸ਼ਕਤੀਸ਼ਾਲੀ ਕੁਦਰਤ ਨੇ ਜਨਸੰਖਿਆ ਦੇ ਤਵਾਜ਼ਨ ਲਈ ਕੁਝ ਬੰਦਿਆਂ ਨੂੰ ਇਹ ਕਾਰਜ ਸੌਂਪਿਆ ਹੋਵੇ ਅਤੇ ਬਲਾਅ ਰਾਹੀਂ ਅਗਲੀ ਬਲਾਅ ਟਾਲ ਦਿੱਤੀ।
ਬਹੁਤ ਸਾਲਾਂ ਤੋਂ ਮੇਰੇ ਚੇਤੇ ਵਿਚ ਸਿੱਧਾ ਸਾਦਾ ਸ਼ੇਅਰ ਘਰ ਬਣਾਈ ਬੈਠਾ ਹੈ:
ਯਹ ਸ਼ਬੇ-ਗਮ ਹਰ ਕਿਸੀ ਕੇ ਘਰ ਤੋ ਨਹੀਂ ਆਤੀ
ਯਹ (ਬਲਾਅ) ਹਮ ਨੇ ਖ਼ੁਦ ਬੁਲਾਈ ਹੈ।
ਪਰਵਾਸੀਆਂ ਦੀਆਂ ਤਕਲੀਫ਼ਾਂ ਦੇਖਦਿਆਂ ਇਸ ਸ਼ੇਅਰ ਦੀ ਮਹੱਤਤਾ ਮਹਿਸੂਸ ਹੋ ਰਹੀ ਹੈ। ਪਿਛਲੇ ਦਹਾਕੇ ਦੌਰਾਨ ਪਰਵਾਸੀ ਲੇਖਕਾਂ ਦੀਆਂ ਕਈ ਕਹਾਣੀਆਂ ਅਤੇ ਨਾਵਲਾਂ ਦੇ ਰਿਵਿਊ ਪੜ੍ਹਨ ਦਾ ਮੌਕਾ ਮਿਲਿਆ ਹੈ। ਇਨ੍ਹਾਂ ਸਭ ਲਿਖਤਾਂ ਵਿਚ ਕੇਂਦਰੀ ਵਿਸ਼ਾ ਪਰਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਧੋਖੇ, ਕਠਨਾਈਆਂ, ਚਲਾਕੀਆਂ ਅਤੇ ਬੇਵਫਾਈਆਂ ਵੱਲ ਹੀ ਘੁੰਮਦਾ ਹੈ। ਇਹ ਮਾਜਰਾ ਬਲਾਅ ਦੇ ਅਣਗਿਣਤ ਨਮੂਨੇ ਪੇਸ਼ ਕਰਦਾ ਹੈ।
ਪਿਛਲੇ ਸਤਾਈ ਸਾਲਾਂ ਤੋਂ ਬਹੁਤਾ ਸਮਾਂ ਅਮਰੀਕਾ ਵਿਚ ਗੁਜ਼ਾਰਿਆ ਹੈ ਪਰ ਹਰ ਸਾਲ ਚੰਡੀਗੜ੍ਹ ਤੇ ਪੰਜਾਬ ਜਾਂਦਾ ਹਾਂ। ਕਈ ਪਰਿਵਾਰਾਂ ਦੇ ਦੁਖੜਿਆਂ ਤੋਂ ਮੈਂ ਜਾਤੀ ਤੌਰ `ਤੇ ਵਾਕਿਫ਼ ਹਾਂ। ਮੇਰੀ ਸੂਝ ਅਨੁਸਾਰ ਇਨ੍ਹਾਂ ਸਾਰੇ ਮਾਮਲਿਆਂ ਵਿਚ ਬਲਾਅ ਅਸੀਂ ਆਪ ਬੁਲਾਈ ਹੁੰਦੀ ਹੈ। ਹਾਂ, ਇਸ ਅਲਾਮਤ ਨੂੰ ਖ਼ੁਸ਼-ਆਮਦੀਦ ਪੱਤਰ ਕਈ ਵਾਰ ਭੋਲੇਪਣ ਵਿਚ, ਕਈ ਵਾਰ ਚਤੁਰਾਈ ਅਧੀਨ, ਕਈ ਵਾਰ ਗਿਆਨਤਾ ਕਰ ਕੇ ਅਤੇ ਕਈ ਵਾਰ ਅਣਗਹਿਲੀ ਵਿਚ ਭੇਜ ਦਿੱਤਾ ਜਾਂਦਾ ਹੈ।
ਇਕ ਕੇਸ ਮੈਨੂੰ ਸਦਾ ਯਾਦ ਰਹਿੰਦਾ ਹੈ। ਮੇਰਾ ਨਜ਼ਦੀਕੀ ‘ਪ੍ਰੀਤ ਲੜੀ’ ਦਾ ਪੱਕਾ ਪਾਠਕ ਸੀ। ਸ. ਗੁਰਬਖ਼ਸ਼ ਦਾ ਭਗਤ ਸੀ। ਸੋਚਦਾ ਸੀ ਜਿਹੜੀ ਲੜਕੀ ਉਸ ਦੇ ਘਰ ਵਿਚ ਨੂੰਹ ਬਣਕੇ ਆਵੇਗੀ, ਉਹ ਉਹਦੀ ਜ਼ਿੰਦਗੀ ਉੱਤੇ ਟਾਰਚ ਦੀ ਬੱਝਵੀਂ ਰੋਸ਼ਨੀ ਪਾ ਕੇ ਉਸ ਨੂੰ ਭਖਦੀ ਲਾਟ ਬਣਾ ਦੇਵੇਗਾ। ਉਸ ਨੂੰ ਕਦੀ ਵੀ ਇਹ ਖਿਆਲ ਨਾ ਆਇਆ ਕਿ
ਕਾਲੇ ਕਦੀ ਨਾ ਹੋਵਣ ਬੱਗੇ
ਭਾਵੇਂ ਸੌ ਮਣ ਸਾਬਣ ਲੱਗੇ!
ਭਾਈ ਗੁਰਦਾਸ ਫਰਮਾਉਂਦੇ ਹਨ ਕਿ ਜੇ ਕੋਲੇ ਨੂੰ ਦਹੀਂ ਨਾਲ ਵੀ ਧੋਇਆ ਜਾਵੇ, ਕਾਲਾ ਕੋਲਾ ਕਾਲਾ ਹੀ ਰਹੇਗਾ। ਮੈਨੂੰ ਛੇਵੀਂ ਜਮਾਤ ਵਿਚ ਪੜ੍ਹਿਆ ਫਾਰਸੀ ਦਾ ਸ਼ੇਅਰ ਕਦੀ ਨਹੀਂ ਭੁਲਦਾ:
ਖ਼ਰੇ ਈਸਾਜ ਗਰ ਵੈ ਮੱਕਾ ਰਵੱਦ
ਚੂੰ ਬਿਆਦ ਖਰੇ ਬਾਸ਼ਿਦ
ਭਾਵ, ਜੇ ਈਸਾ ਦਾ ਗਧਾ ਮੱਕੇ ਚਲਿਆ ਜਾਵੇ, ਜਦੋਂ ਵਾਪਸ ਆਏਗਾ, ਗਧਾ ਹੀ ਹੋਵੇਗਾ।
ਮੇਰਾ ਨਜ਼ਦੀਕੀ ਆਪਣੀ ਵਿਦਵਤਾ ਦਾ ਗ਼ਲਤ ਅੰਦਾਜ਼ਾ ਲਾ ਬੈਠਾ ਅਤੇ ਇਹੋ ਜਿਹੇ ਬੰਦਿਆਂ ਨਾਲ ਸਬੰਧ ਬਣਾ ਬੈਠਾ ਜਿਹੜੇ ਪਥਰੀਲੀ ਮਾਨਸਿਕਤਾ ਦੇ ਪੁਜਾਰੀ ਸਨ। ਉਥੇ ਰੋਸ਼ਨੀ ਦਾਖ਼ਲ ਨਹੀਂ ਹੋ ਸਕਦੀ।ਅੱਜ ਉਹ ਵਿਚਾਰਾ ਬਹੁਤ ਪਛਤਾ ਰਿਹਾ ਹੈਪਰ
ਅਬ ਪਛਤਾਏ ਕਿਆ ਹੋਤ
ਜਬ ਚਿੜੀਆ ਚੁਗ ਗਈਂ ਖੇਤ
ਕਈ ਲੋਕ ਭਲੀ ਪ੍ਰਕਾਰ ਜਾਣਦੇ ਹੋਏ ਵੀ ਵਿਦੇਸ਼ ਦੀ ਚਕਾਚੌਂਧ ਵਿਚ ਫਸ ਜਾਂਦੇ ਹਨ। ਉਹ ਸੋਚਦੇ ਹਨ ਕਿ ਸ਼ਾਇਦ ਸਾਡਾ ਦਾਅ ਲੱਗ ਹੀ ਜਾਵੇ। ਖ਼ਬਰੇ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਪਰਿਵਾਰ ਦੇ ਭਾਗ ਚਮਕ ਪੈਣ। ਕੁਝ ਹੱਦ ਤੱਕ ਇਸ ਤਰ੍ਹਾਂ ਸੋਚ ਲੈਣਾ ਇਨਸਾਨੀ ਫਿਤਰਤ ਹੈ।
ਇਕ ਹੋਰ ਹੱਡ ਬੀਤੀ ਲਿਖਣ ਨੂੰ ਦਿਲ ਕਰ ਆਇਆ। ਮੇਰੀ ਹਮਸਫ਼ਰ (ਪਤਨੀ) ਚੰਡੀਗੜ੍ਹ ਦੇ ਇੱਕ ਹਾਈ ਸਕੂਲ ਦੀ ਹੈੱਡਮਿਸਟਰੈੱਸ ਸਨ। ਇਕ ਦਿਨ ਇਕ ਮਿਸਟਰੈੱਸ ਆਪਣਾ ਬਿਨੇ ਪੱਤਰ ਲੈ ਕੇ ਉਨ੍ਹਾਂ ਕੋਲ ਆਈ। ਉਸ ਵਿਚ ਵੇਤਨ ਵਿਚ ਵਾਧਾ ਤੇ ਕੁਝ ਹੋਰ ਸਹੂਲਤਾਂ ਦਾ ਜ਼ਿਕਰ ਸੀ। ਹੈੱਡਮਿਸਟਰੈੱਸ ਨੇ ਸਿਫਾਰਸ਼ ਕਰਕੇ ਅੱਗੇ ਡੀ.ਪੀ.ਆਈ. ਕੋਲ ਭੇਜਣਾ ਸੀ। ਇਹ ਸਭ ਕੁਝ ਰੂਲਜ਼ ਅਨੁਸਾਰ ਨਹੀਂ ਸੀ। ਮੇਰੀ ਪਤਨੀ ਨੇ ਕਿਹਾ,“ਬੀਬੀ, ਇਹ ਤਾਂ ਰੂਲਜ਼ ਮੁਤਾਬਿਕ ਠੀਕ ਨਹੀਂ।” ਉਹ ਹੱਸਦੀ ਕਹਿਣ ਲੱਗੀ,“ਮੈਡਮ ਜੀ, ਮੈਨੂੰ ਸਭ ਕੁਝ ਪਤਾ ਹੈ। ਮੈਂ ਸੋਚਿਆ ਖ਼ਬਰੇ ਦਾਅ ਲੱਗ ਹੀ ਜਾਵੇ।”
ਸੋ ਇਹ ਹੈ ਸਾਡੇ ਲੋਕਾਂ ਦਾ ਰਵੱਈਆ। ਮੈਨੂੰ ਥੋੜ੍ਹੀ ਜਿਹੀ ਹਿਚਕਚਾਹਟ ਇਹ ਕਹਿਣ ਵਿਚ ਮਹਿਸੂਸ ਨਹੀਂ ਹੁੰਦੀ ਕਿ ਕਾਫ਼ੀ ਹੱਦ ਤੱਕ ਇਸ ਬਲਾਅ ਦੇ ਅਸੀਂ ਆਪ ਜ਼ਿੰਮੇਵਾਰ ਹਾਂ। ਭੁੱਖਮਰੀ ਸੰਸਾਰ ਦਾ ਅਹਿਮ ਮਸਲਾ ਹੈ। ਕਰੋੜਾਂ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਪੇਟ ਭਰ ਰੋਟੀ ਵੀ ਨਸੀਬ ਨਹੀਂ ਹੁੰਦੀ। ਕਈ ਲੋਕ ਇਸ ਨੂੰ ਵਧ ਰਹੀ ਆਬਾਦੀ ਦੀ ਬਲਾਅ ਕਹਿੰਦੇ ਹਨ ਅਤੇ ਕਈ ਘਟ ਰਹੇ ਅਨਾਜ ਦੇ ਭੰਡਾਰ ਦੀ ਦੇਣ ਸਮਝਦੇ ਹਨ ਪਰ ਇਹ ਸੋਚਣਾ ਠੀਕ ਨਹੀਂ। ਦੁਨੀਆ ਵਿਚ ਅਨਾਜ ਭੰਡਾਰ ਸਾਰੀ ਆਬਾਦੀ ਲਈ ਕਾਫ਼ੀ ਹੈ ਪਰ ਰੱਜੇ ਲੋਕ ਲੋੜਵੰਦ ਤੇ ਗਰੀਬ ਲੋਕਾਂ ਨੂੰ ਦੇਣ ਦੀ ਥਾਂ ਇਸ ਨੂੰ ਸਮੁੰਦਰ ਵਿਚ ਸੁੱਟਣਾ ਜ਼ਿਆਦਾ ਠੀਕ ਸਮਝਦੇ ਹਨ। ਖਤਰਨਾਕ ਬਲਾਅ ਇਹ ਭੈੜੀ ਮਾਨਸਿਕਤਾ ਹੈ। ਗਰੀਬੀ ਅਤੇ ਭੁੱਖਮਰੀ ਜਿਹੀਆਂ ਬਲਾਵਾਂ ਇਸ ਅਨਹੋਣੀ ਮਾਨਸਿਕਤਾ ਦੀਆਂ ਮੁਹਤਾਜ ਹਨ।
ਹਰ ਸਾਲ ਕੇਂਦਰ ਅਤੇ ਸੂਬਿਆਂ ਦਾ ਬਜਟ ਪੇਸ਼ ਹੁੰਦਾ ਹੈ। ਕੁਝ ਦਿਨ ਪਹਿਲਾਂ ਇਸ ਨੂੰ ਤਿਆਰ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਤੋਂ ਮਸ਼ਵਰਾ ਵੀ ਲਿਆ ਜਾਂਦਾ ਹੈ। ਹਰ ਵਾਰ ਜਨਤਾ ਲਈ ਸੁਖ ਭਰੇ ਭਵਿੱਖ ਦੀ ਆਸ ਰੱਖੀ ਜਾਂਦੀ ਹੈ।ਹੁੰਦਾ ਕੀ ਹੈ? ਸਰਕਾਰ ਚਲਾ ਰਹੀ ਪਾਰਟੀ ਦੇ ਲੋਕ ਇਸਦੀ ਤਾਰੀਫ਼ ਦੇ ਪੁਲ ਬੰਨ੍ਹ ਦਿੰਦੇ ਹਨ। ਉਹ ਕਹਿਣ ਲੱਗ ਪੈਂਦੇ ਹਨ ਕਿ ਇਹ ਬਜਟ ਤਾਂ ਲੋਕਾਂ ਲਈ ਸਵਰਗ ਦਾ ਝੂਟਾ ਹੈ। ਮੁਖਾਲਿਫ ਪਾਰਟੀ ਇਸ ਨੂੰ ਬੇਅਰਥ ਸਮਝਦੀ ਹੈ। ਉਸ ਪਾਰਟੀ ਦੇ ਬੰਦੇ ਇਸ ਨੂੰ ਲੋਕਾਂ ਨਾਲ ਧੋਖਾ ਸਮਝਦੇ ਹਨ। ਕਹਿੰਦੇ ਹਨ, ਇਸ ਵਿਚ ਸਿਹਤ ਅਤੇ ਵਿਦਿਆ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ। ਗੱਲ ਕੀ, ਉਨ੍ਹਾਂ ਨੂੰ ਇਸ ਵਿਚ ਕੁਝਵੀ ਚੰਗਾ ਨਜ਼ਰ ਨਹੀਂ ਆਉਂਦਾ। ਮੈਨੂੰ ਤਾਂ ਦੋਹਾਂ ਧਿਰਾਂ ਦੀ ਨਜ਼ਰ ਭੈਂਗੀ ਪ੍ਰਤੀਤ ਹੁੰਦੀ ਹੈ।ਬਜਟ ਲੈਲਾ ਮਜਨੂੰ ਦੀ ਪ੍ਰੀਤ ਦਾ ਚਿੱਠਾ ਤਾਂ ਨਹੀਂ ਜਿਸ ਵਿਚ ਮਜਨੂੰ ਲਈ ਲੈਲਾ ਵਰਗੀ ਦੁਨੀਆ ਵਿਚ ਕੋਈ ਹੋਰ ਸੋਹਣੀ ਕੁੜੀ ਨਹੀਂ ਤੇ ਆਮ ਲੋਕਾਂ ਨੂੰ ਲੈਲਾ ਕਾਲੀ ਕਲੂਟੀ ਨਜ਼ਰ ਆਉਂਦੀ ਹੈ।
ਨਾਗਰਿਕਾਂ ਦਾ ਇਹ ਦੋਗਲਾ ਰਵੱਈਆ ਸਮਾਜ ਲਈ ਮੰਦਭਾਗਾ ਹੈ। ਇਹੋ ਜਿਹੀ ਮਾਨਸਿਕਤਾ ਬਹੁਤ ਬੁਰੀ ਬਲਾਅ ਹੈ। ਇਹ ਦੁਪਹਿਰਾ ਕੱਟ ਕੇ ਰੁਖਸਤ ਹੋ ਜਾਵੇ, ਇਸ ਵਿਚ ਹੀ ਦੇਸ਼ ਦਾ ਭਲਾ ਹੈ।ਜੇ ਇਹ ਪੱਕਾ ਡੇਰਾ ਲਾ ਕੇ ਬੈਠੀ ਰਹੀ ਤਾਂ ਦੇਸ਼ ਦਾ ਰੱਬ ਰਾਖਾ!
ਅਤਿ ਜਜ਼ਬਾਤੀ ਬੰਦਿਆਂ ਦੀ ਸੋਚ ਬਹੁਤ ਦਿਲਚਸਪ ਮਾਜਰਾ ਹੈ। ਨਿੱਕੀਆਂ-ਨਿੱਕੀਆਂ ਘਟਨਾਵਾਂ ਉਨ੍ਹਾਂ ਦੇ ਮਨ ਨੂੰ ਖ਼ੁਸ਼ੀਆਂ ਨਾਲ ਭਰ ਦਿੰਦੀਆਂ ਹਨ ਅਤੇ ਛੋਟੀਆਂ ਜਿਹੀਆਂ ਮੁਸ਼ਕਿਲਾਂ ਬਲਾਅ ਨਜ਼ਰ ਆਉਂਦੀਆਂ ਹਨ। ਮੇਰੇ ਨੇੜੇ ਮੇਜ਼ ਉਪਰ ਆਈ ਪੈਡ ਪਿਆ ਹੈ। ਇਸਵਿਚ ਵਾਇਰਸ ਆ ਗਿਆ ਹੈ। ਮੈਂ ਇਸ ਦਾ ਅੱਲ੍ਹੜ ਖਿਡਾਰੀ ਹਾਂ। ਮੈਨੂੰ ਵਾਇਰਸ ਬੁਰੀ ਬਲਾਅ ਲਗਦੀ ਹੈ ਪਰ ਤਸੱਲੀ ਵਾਲੀ ਗੱਲ ਇਹ ਹੈ ਕਿ ਇਹ ਦੁਪਹਿਰ ਕੱਟ ਕੇ ਆਪ ਹੀ ਫਾਰਗ ਹੋ ਜਾਂਦੀ ਹੈ।
ਵੀਹਵੀਂ ਸਦੀ ਬਹੁਤ ਸਾਰੀਆਂ ਘਟਨਾਵਾਂ ਦੀ ਚਸ਼ਮਦੀਦ ਗਵਾਹ ਹੈ।ਜਿਤਨੀ ਵਿਗਿਆਨ ਵਿਚ ਉਨਤੀ ਅਤੇ ਨਵੀਆਂ ਲੱਭਤਾਂ ਇਸ ਸਦੀ ਵਿਚ ਆਈਆਂ, ਉਤਨੀਆਂ ਉਸ ਤੋਂ ਪਹਿਲਾਂ ਚਾਰ ਸੌ ਸਾਲਾਂ ਵਿਚ ਵੀ ਨਹੀਂ ਆਈਆਂ ਪਰ ਅਫਸੋਸ ਦੀ ਗੱਲ ਹੈ ਕਿ ਸੰਸਾਰ ਦੇ ਦੋ ਯੁੱਧ ਵੀ ਇਸ ਦੇ ਲੇਖੇ ਲੱਗੇ। ਕਰੋੜਾਂ ਬੰਦਿਆਂ ਦੀ ਮੌਤ ਹੋਈ। ਐਟਮ ਬੰਬ ਦੀ ਤਬਾਹੀ ਤੋਂ ਸਬਕ ਲੈਣ ਦੀ ਥਾਂ ਹਾਈਡਰੋਜਨ ਬੰਬ ਦਾ ਰਸਤਾ ਪੱਧਰਾ ਹੋ ਗਿਆ। ਇਸ ਬੰਬ ਦੇ ਫਟਣ ਤੋਂ ਦੋ ਸਾਲ ਪਿਛੋਂ ਭਾਰਤ ਵਿਚ ਵੰਡ ਦਾ ਬੰਬ ਫਟਿਆ। ਲੱਖਾਂ ਲੋਕ ਬੇਘਰ ਹੋਏ। ਔਰਤਾਂ ਨਾਲ ਜੋ ਸਲੂਕ ਕੀਤਾ ਗਿਆ, ਕਲਮ ਲਿਖਣ ਤੋਂ ਅਸਮਰਥ ਹੈ।ਦਿੱਲੀ ਵਿਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ ਅਤੇ ਪੰਜਾਬ, ਬੰਗਾਲ ਵਿਚ ਸੋਗ ਵਿਚ ਡੁੱਬੇਤੇ ਗੋਲੀਆਂ ਤੋਂ ਸਹਿਮੇ ਲੋਕ, ਕਾਫਲਿਆਂ ਵਿਚ ਘਰ-ਬਾਰ ਛੱਡਕੇ ਖਾਲੀ ਹੱਥ ਅਣਡਿਠ ਅਤੇ ਅਵੱਲੇ ਰਾਹਾਂ ‘ਤੇਚੱਲ ਰਹੇ ਸਨ। ਕਿਤਨਾ ਦੁਖਦਾਈ ਮੰਜ਼ਰ ਸੀ। ਇਨ੍ਹਾਂ ਘਟਨਾਵਾਂ ਉਪਰ ਮਨੁੱਖਤਾ ਰਹਿੰਦੀ ਦੁਨੀਆ ਤੱਕ ਸ਼ਰਮਸਾਰ ਰਹੇਗੀ।ਇਸਦਰਦਨਾਕ ਵਰਤਾਰੇ ਨੂੰ ਕਿਸ ਬਲਾਅ ਨਾਲ ਪੁਕਾਰੀਏ ਸਮਝ ਨਹੀਂ ਆਉਂਦੀ।ਇਸ ਦਾ ਕੁਝਕੁ ਵਿਸਥਾਰ ਵਿਚ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ।
ਹਿਟਲਰ ਵਲੋਂ ਯਹੂਦੀਆਂ ਦੀ ਨਸਲਕੁਸ਼ੀ ਭਿਆਨਕ ਰੂਪ ਵਿਚ ਜ਼ੋਰਾਂ `ਤੇ ਸੀ। ਦੂਜੇ ਸੰਸਾਰ ਯੁੱਧ ਨੇ ਉਨ੍ਹਾਂ ਲਈ ਇਜ਼ਰਾਈਲ ਵਿਚ ਵਸਣ ਵਾਸਤੇ ਰਾਹ ਪੱਧਰਾ ਕਰ ਦਿੱਤਾ। ਉਹ ਸੋਚਦੇ ਸਨ ਕਿ ਉਨ੍ਹਾਂ ਲਈ ਇਹ ਪੱਕਾ ਦੇਸ਼ ਬਣ ਗਿਆ। ਫ਼ਲਸਤੀਨੀ ਮਹਿਸੂਸ ਕਰਦੇ ਹਨ ਕਿ ਇਹ ਯਹੂਦੀ ਕੌਣ ਹੁੰਦੇ ਹਨ ਇਥੇ ਆਉਣ ਵਾਲੇ, ‘ਕੱਲ੍ਹ ਦੀ ਭੂਤਨੀ ਸਿਵਿਆਂ ਵਿਚ ਅੱਧ’ ਮੰਗਣ ਵਾਲੇ। ਇਹ ਹੈ ਇਸ ਵਿਸ਼ੇ ਉਪਰ ਦੋ ਹਰਫੀ ਗੱਲ। ਯਹੂਦੀ ਆਪਣੇ ਮਿਲੇ ਠਿਕਾਣੇ ਦੀਆਂ ਹੱਦਾਂ ਵੱਧ ਤੋਂ ਵੱਧ ਵਧਾਉਣੀਆਂ ਚਾਹੁੰਦੇ ਹਨ। ਫਲਸਤੀਨੀ ਕਿਵੇਂ ਬਰਦਾਸ਼ਤ ਕਰਨ? ਗੋਲਡਾ ਮੇਅਰ ਤੋਂ ਲੈ ਕੇ ਅੱਜ ਤੱਕ ਕਦੀ ਵੀ ਇਸ ਖਿੱਤੇ ਵਿਚ ਸ਼ਾਂਤੀ ਨਹੀਂ ਹੋਈ। ਲੱਖਾਂ ਲੋਕ ਜਾਨ ਗੁਆ ਬੈਠੇ ਹਨ। ਇਸ ਅਣਹੋਣੀ ਜਦੋ-ਜਹਿਦ ਵਿਚ ਮਨੁੱਖਤਾ ਦਾ ਘਾਣ ਹੋ ਰਿਹਾ ਹੈ। ਇਹ ਕੈਸੀ ਬਲਾਅ ਹੈ। ਇਹ ਥੋੜ੍ਹੇ ਸਮੇਂ ਦੀ ਚੰਦਰੀ ਪ੍ਰਾਹੁਣੀ ਨਹੀਂ। ਇਸ ਦੇ ਰੁਖਸਤ ਹੋਣ ਦੇ ਆਸਾਰ ਬਹੁਤ ਘੱਟ ਹਨ।
ਦੂਜੀ ਘਟਨਾ- ਇਹ ਦੁਖਦਾਈ ਬਲਾਅ 1947 ਦੀ ਭਾਰਤ ਦੀ ਵੰਡ ਹੈ। ਜਿਸ ਦਿਨ ਤੋਂ ਪਾਕਿਸਤਾਨ ਹੋਂਦ ਵਿਚ ਆਇਆ ਹੈ, ਦੋਹਾਂ ਦੇਸ਼ਾਂ ਦੇ ਸਬੰਧ ਕਦੀ ਵੀ ਸੁਖਾਵੇਂ ਨਹੀਂ ਰਹੇ। ਦੋ ਭਿਆਨਕ ਜੰਗਾਂ ਨੇ ਦੋਹਾਂ ਦੇਸ਼ਾਂ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਖ਼ਰਾਬ ਕੀਤੀ ਹੈ। ਠੰਢੀ ਅਤੇ ਪ੍ਰੌਕਸੀ (ਅਸਿੱਧੀ) ਜੰਗ ਕਦੀ ਵੀ ਰੁਕੀ ਨਹੀਂ। ਵੰਡ ਦੀ ਬਲਾਅ ਐਸੀ ਚਿੰਬੜੀਹੈ ਕਿ ਆਉਣ ਵਾਲੇ ਸਮੇਂ ਵਿਚ ਕਦੀ ਵੀ ਗਲੋਂ ਨਹੀਂ ਲਹੇਗੀ। ਦੋਹਾਂ ਜੰਗਾਂ ਵਿਚ ਪਾਕਿਸਤਾਨ ਦੀ ਜ਼ਬਰਦਸਤ ਹਾਰ ਉਸ ਅੰਦਰ ਬਦਲੇ ਦੀ ਭਾਵਨਾ ਨੂੰ ਉਤਸ਼ਾਹਤ ਕਰਦੇ ਰਹੇਗੀ। ਕਸ਼ਮੀਰ ਨੂੰ ਆਪਣਾ ਹਿੱਸਾ ਬਣਾਉਣ ਦੀ ਨਾ-ਮੁਮਕਿਨ ਲਾਲਸਾ ਬਦਲੇ ਦੀ ਅੱਗ ਨੂੰ ਸੁਲਘਦਾ ਰੱਖੇਗੀ। ਕਸ਼ਮੀਰ ਭਾਰਤ ਦੀ ਜਿੰਦ-ਜਾਨ ਹੈ, ਇਹ ਕਿਵੇਂ ਪਾਕਿਸਤਾਨ ਦੇ ਹਵਾਲੇ ਕਰ ਦੇਵੇ? ਦੋਹਾਂ ਦੇਸ਼ਾਂ ਵਿਚ ਨਫ਼ਰਤ ਅਤੇ ਅ-ਵਿਸ਼ਵਾਸੀ ਦਾ ਨਾਸੂਰ (ਫੋੜਾ) ਹਮੇਸ਼ਾ ਰਿਸਦਾ ਰਹੇਗਾ। ਵੰਡ ਦੀ ਬਲਾਅ ਦਾ ਅੰਤ ਨਜ਼ਰ ਨਹੀਂ ਆਉਂਦਾ।
ਇੱਕੀਵੀਂ ਸਦੀ ਵਿਚ ਯੂਕਰੇਨਦਾ ਮਾਜਰਾ ਇਕ ਹੋਰ ਮੰਦਭਾਗੀ ਬਲਾਅ ਨਜ਼ਰ ਆ ਰਹੀ ਹੈ:
ਰਾਹ-ਏ-ਦੂਰ-ਏ-ਇਸ਼ਕ ਮੇਂਰੋਤਾ ਹੈ ਕਿਆ
ਆਗੇ ਆਗੇ ਦੇਖੀਏ ਹੋਤਾ ਹੈ ਕਿਆ।
(ਮੀਰ ਤਕੀ ਮੀਰ ਦਾ ਇਹ ਸ਼ੇਅਰ ਇਉਂ ਵਧੇਰੇ ਮਸ਼ਹੂਰ ਹੋ ਗਿਆ ਹੈ: ਇਬਤਦਾ-ਏ-ਇਸ਼ਕ ਹੈ ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ। ਕੁਝ ਥਾਈਂ ਦੂਰ ਦੀ ਥਾਂ ਦੌਰ ਵੀ ਲਿਖਿਆ ਮਿਲਦਾ ਹੈ)।
ਜੀਵਨ ਦੇ ਲੰਮੇ ਸਫ਼ਰ ਵਿਚ ਹਰ ਉਮਰ, ਹਰ ਵਰਗ ਅਤੇ ਵੱਖਰੇ-ਵੱਖਰੇ ਸੁਭਾਅ ਵਾਲੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ। ਕੁਝ ਕੁ ਭਾਗਾਂ ਵਾਲੇ ਬਜ਼ੁਰਗਾਂ ਨੂੰ ਛੱਡਕੇ ਬਹੁਤਿਆਂ ਲਈ ਬੁਢਾਪੇ ਵਾਲੀ ਅਵਸਥਾ ਬੁਰੀ ਬਲਾਅਹੈ।ਬਹੁਤਾ ਸਮਾਂ ਪੰਜਾਬ ਵਿਚ ਚੰਗੀ ਅਤੇ ਸੁਖਾਵੀਂ ਜ਼ਿੰਦਗੀ ਬਸਰ ਕਰਕੇ ਬੱਚਿਆਂ ਦੇ ਮੋਹ ਕਾਰਨ ਅਮਰੀਕਾ ਕੈਨੇਡਾ ਪੁੱਜੇ ਬਜ਼ੁਰਗ ਅਜੀਬ ਹਾਲਤ ਵਿਚ ਹਨ। ਇਥੇ ਰਹਿੰਦੇ ਪੰਜਾਬ ਜਾਣਾ ਲੋਚਦੇ ਹਨ ਅਤੇ ਪੰਜਾਬ ਜਾਂਦਿਆਂ ਹੀ ਬੱਚਿਆਂ ਕੋਲ ਵਾਪਸ ਆਉਣ ਲਈ ਤਰਸ ਜਾਂਦੇ ਹਨ। ਇਹ ਕੈਸੀ ਅਵਸਥਾ ਹੈ? ਮੈਨੂੰ ਤਾਂ ਇਹ ਗੁਮਨਾਮ ਬਲਾਅ ਮਹਿਸੂਸ ਹੁੰਦੀ ਹੈ।
ਸਾਡਾ ਸਰੀਰ ਮਸ਼ੀਨ ਵਾਂਗ ਹੈ। ਸਮੇਂ ਨਾਲ ਇਸ ਦੇ ਪੁਰਜ਼ੇ ਘਸ ਜਾਂਦੇ ਹਨ। ਬਹੁਤਿਆਂ ਲਈ ਵਡੇਰੀ ਉਮਰ ਕਈ ਬਿਮਾਰੀਆਂ ਸਹੇੜ ਲੈਂਦੀ ਹੈ। ਜੇ ਡਾਕਟਰਾਂ ਅਤੇ ਕੁਦਰਤ ਦੀ ਕਿਰਪਾ ਨਾਲ ਇਕ ਅਲਾਮਤ (ਬਲਾਅ) ਤੋਂ ਛੁਟਕਾਰਾ ਮਿਲਦਾ ਹੈ ਤਾਂ ਅਗਲੇ ਦਿਨ ਕਿਸੇ ਹੋਰ ਗੱਲੋਂ ਤਬੀਅਤ ਖਰਾਬ ਹੋ ਜਾਂਦੀ ਹੈ। ਇਹ ਸਿਲਸਲਾ ਜਾਰੀ ਰਹਿੰਦਾ ਹੈ। ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਜਿਹੇ ਰੋਗ ਦੁਪਹਿਰ ਕੱਟਣ ਲਈ ਨਹੀਂ ਆਉਂਦੇ, ਇਹ ਤਾਂ ਪੱਕਾ ਡੇਰਾ ਹੀ ਲਾ ਲੈਂਦੇਹਨ। ਇਨ੍ਹਾਂ ਦਾ ਇਲਾਜ ਮੁਕੰਮਲ ਹੋਣ ਦੀ ਗੁੰਜਾਇਸ਼ ਬਹੁਤ ਘੱਟ ਹੈ ਪਰ ਕੰਟਰੋਲ ਮੁਮਕਿਨ ਹੈ।ਬੁਢਾਪੇ ਦੀ ਬਲਾਅ ਨੂੰ ਨੱਥ ਪਾਉਣ ਦਾ ਇਕ ਹੀ ਤਰੀਕਾ ਹੈ। ਇਸ ਨੂੰ ਖਿੜੇ ਮੱਥੇ ਸਵੀਕਾਰ ਕਰੋ। ਡਾਕਟਰਾਂ ਦੀਆਂ ਦਿੱਤੀਆਂ ਗੋਲੀਆਂ ਕੌੜੀਆਂ ਹੋਣ ਦੇ ਬਾਵਜੂਦ ਨਵੇਂ ਯੁੱਗ ਦੇ ਸੁੱਕੇ ਮੇਵੇ ਸਮਝੋ। ਫਿਰ ਇਹ ਬਲਾਅ ਬਹੁਤੀ ਦੁਖਦਾਈ ਨਹੀਂ ਜਾਪੇਗੀ। ਬਜ਼ੁਰਗੀ ਵਿਚ ਸੂਝਵਾਨ ਨੌਜਵਾਨ ਤਾਂ ਜ਼ਰੂਰ ਦਲਾਸਾ ਦਿੰਦੇ ਹਨ ਪਰ ਕੋਈ ਤਜਰਬੇਕਾਰ ਬਜ਼ੁਰਗ ਘੱਟ ਹੀ ਕਿਸੇ ਹੋਰ ਬਜ਼ੁਰਗ ਨਾਲ ਤਜਰਬੇ ਸਾਂਝੇ ਕਰ ਸਕਦਾ ਹੈ। ਇਕ ਬੈੱਡ-ਰਿਡਨ (ਮੰਜੇ ਨਾਲ ਮੰਜਾ ਹੋਏ) ਨੂੰ ਦੂਜੇ ਬੈੱਡ-ਰਿਡਨ ਨਾਲ ਮਿਲਣ ਦੇ ਬਹੁਤ ਘੱਟ ਮੌਕੇ ਮਿਲਦੇ ਹਨ। ਉੱਚਾ ਸੁਣਨ, ਘੱਟ ਸਮਝ ਆਉਣ ਅਤੇ ਬਹੁਤ ਕਮਜ਼ੋਰ ਨਜ਼ਰ ਰੁਕਾਵਟ ਬਣ ਜਾਂਦੀ ਹੈ। ਸਾਰੇ ਵਾਕਿਆਤ ਆਪਣੇ ਨਾਲ ਲੈ ਕੇ ਬਜ਼ੁਰਗ ਮੌਤ ਦੀ ਆਗੋਸ਼ ਵਿਚ ਬੈਠ ਜਾਂਦਾ ਹੈ। ਸੁਖਾਵੀਂ, ਸੁਧਰੀ, ਸੁਚੱਜੀ ਅਤੇ ਖੁਸ਼ਨੁਮਾ ਮੌਤ ਬੁਢਾਪੇ ਦੀ ਬਲਾਅ ਨੂੰ ਖਤਮ ਹੀ ਨਹੀਂ ਕਰਦੀ ਸਗੋਂ ਸਦਾ ਜੀਵਤ ਰਹਿਣ ਵਾਲੀ ਰੂਹ ਨੂੰ ਬਹੁਤ ਖ਼ੂਬਸੂਰਤ ਪਰਵਾਜ਼ ਬਖਸ਼ਦੀ ਹੈ।ਇਹ ਬਲਾਅ (ਮੌਤ) ਬਰਾਤ ਦੀ ਸ਼ਕਲ ਵਿਚ ਜਿੰਦ ਨਮਾਣੀ ਨੂੰ ਵਹੁਟੀ ਬਣਾ ਕੇ ਲੈ ਜਾਂਦੀ ਹੈ। ਫਿਰ ਇਸ ਨੂੰ ਬੜੇ ਪਿਆਰ ਨਾਲ ਅਗਨੀ ਦੇ ਹਵਾਲੇ ਕਰ ਦਿੰਦੀ ਹੈ। ਰਾਖ ਦਾ ਢੇਰ ਬਣਨ ਨਾਲ ਇਸ ਨਿਮਾਣੀ ਜਿੰਦ ਦੀ ਹਉਮੈ ਮਿਟ ਜਾਂਦੀ ਹੈ। ਇਸ ਮੁਕਾਮ ‘ਤੇ ਮੁਹੰਮਦ ਇਕਬਾਲ ਦਾ ਇਹ ਸ਼ੇਅਰ ਬਹੁਤ ਢੁੱਕਵਾਂ ਹੈ:
ਮਿਟਾ ਦੇ ਅਪਨੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ
ਕਿ ਦਾਨਾ ਖਾਕ ਮੇਂ ਮਿਲ ਕਰ ਗੁਲ-ਓ-ਗੁਲਜ਼ਾਰ ਹੋਤਾ ਹੈ।
ਖਾਕ ਦੀ ਢੇਰੀ ਬਣ ਕੇ ਉਸ ਦੀ ਹਸਤੀ ਮਿਟ ਜਾਂਦੀ ਹੈ। ਦਾਣੇ ਵਾਂਗ ਉਸ ਦੀ ਰੂਹ ਗੁਲ-ਓ-ਗੁਲਜ਼ਾਰ ਹੋ ਜਾਂਦੀ ਹੈ।ਇਹ ਬਲਾਅ (ਜੀਵਨ ਦੀਆਂ ਤਕਲੀਫ਼ਾਂ ਵਾਲੀ) ਸਦਾ ਲਈ ਗੂੜ੍ਹੀ ਨੀਂਦ ਵਿਚ ਚਲੀ ਜਾਂਦੀ ਹੈ।
ਜਿਹੜੀਆਂ ਬਲਾਵਾਂ ਦਾ ਜ਼ਿਕਰ ਇਸ ਲੇਖ ਵਿਚ ਕੀਤਾ ਹੈ, ਇਹ ਦੁਪਹਿਰਾ ਕੱਟਣ ਆਈਆਂ,ਫਿਰ ਵੀ ਆਸ ਰੱਖੀਏ ਕਿ ਕੁਝ ਮਰਦ ਅਗੰਮੜੇ ਇਸ ਸਰਜ਼ਮੀਨ ‘ਤੇ ਪੈਦਾ ਹੋਣ ਅਤੇ ਆਪਣੇ ਕਾਰਨਾਮਿਆਂ ਰਾਹੀਂ ਇਨ੍ਹਾਂ ਬਲਾਵਾਂ ਦਾ ਖ਼ਾਤਮਾ ਕਰਕੇ ਇਸ ਧਰਤੀ ਨੂੰ ਗੁਲੇ-ਓ-ਗੁਲਜ਼ਾਰ ਕਰ ਦੇਣ। ਆਸ ਤਾਂ ਰੱਖਣੀ ਹੀ ਚਾਹੀਦੀ ਹੈ, ਇਸ ਵਿਚ ਕੋਈ ਹਰਜ ਨਹੀਂ।
ਸਦਾ ਚੜ੍ਹਦੀ ਕਲਾ ਵਿਚ ਰਹਿਣ ਲਈ ਉਤਾਵਲਾ- ਸੇਵਾ ਮੁਕਤ ਪ੍ਰਿੰਸੀਪਲ, ਪ੍ਰੋ. ਬ੍ਰਿਜਿੰਦਰ ਸਿੰਘ ਸਿੱਧੂ।ਸ਼