ਚੰਡੀਗੜ੍ਹ: ਪੰਜਾਬ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤੇ ਜਾਣ ਬਾਰੇ ਸੁਨੀਲ ਜਾਖੜ ਦੀ ਚੁੱਪ ‘ਤੇ ਸੁਆਲ ਉੱਠਣ ਲੱਗੇ ਹਨ। ਹਾਲਾਂਕਿ ਅਧਿਕਾਰਤ ਤੌਰ ਉਤੇ ਸੁਨੀਲ ਜਾਖੜ ਦੇ ਅਸਤੀਫ਼ੇ ਬਾਰੇ ਕੋਈ ਖ਼ਬਰ ਨਹੀਂ ਆਈ ਹੈ ਪਰ ਜਾਖੜ ਨੇ ਵੀ ਹਾਲੇ ਤੱਕ ਇਸ ਮਾਮਲੇ ‘ਤੇ ਚੁੱਪ ਵੱਟੀ ਹੋਈ ਹੈ।
ਜਾਖੜ ਦੇ ਇਸ ਕਦਮ ਨੂੰ ਲੈ ਕੇ ਸੂਬੇ ਵਿਚ ਸਿਆਸੀ ਮਾਹੌਲ ਜ਼ਰੂਰ ਗਰਮਾ ਗਿਆ ਹੈ। ਖ਼ਾਸ ਕਰਕੇ ਕਾਂਗਰਸ ਪਾਰਟੀ ਨੇ ਸੁਨੀਲ ਜਾਖੜ ‘ਤੇ ਤਨਜ਼ ਕੱਸਣੇ ਸ਼ੁਰੂ ਕਰ ਦਿੱਤੇ ਹਨ ਜਦੋਂ ਕਿ ਭਾਜਪਾ ਆਗੂ ਜਾਖੜ ਦੇ ਬਚਾਅ ਪੱਖ ਵਿਚ ਆ ਗਏ ਹਨ। ਸੁਨੀਲ ਜਾਖੜ ਨੇ ਆਪਣਾ ਆਖ਼ਰੀ ਟਵੀਟ 17 ਸਤੰਬਰ ਨੂੰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ ਅਤੇ ਉਸ ਮਗਰੋਂ ਉਨ੍ਹਾਂ ਨੇ ਕੋਈ ਟਵੀਟ ਨਹੀਂ ਕੀਤਾ ਹੈ। ਹੁਣ ਅਸਤੀਫ਼ੇ ਦਾ ਰੌਲਾ ਰੱਪਾ ਪੈਣ ‘ਤੇ ਵੀ ਜਾਖੜ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਉਂਜ ਜਾਖੜ ਵੱੱਲੋਂ ਅਸਤੀਫ਼ਾ ਦੇਣਾ ਕੋਈ ਨਵੀਂ ਗੱਲ ਨਹੀਂ ਹੈ। ਮਈ 2022 ਵਿਚ ਭਾਜਪਾ ‘ਚ ਸ਼ਾਮਲ ਹੋਣ ਤੋਂ ਪਹਿਲਾਂ ਜਾਖੜ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਰਹਿੰਦਿਆਂ ਇਕ ਨਹੀਂ ਬਲਕਿ ਕਈ ਵਾਰ ਅਸਤੀਫ਼ਾ ਦਿੱਤਾ ਸੀ। ਸਾਲ 2019 ਵਿਚ ਬੌਲੀਵੁੱਡ ਅਦਾਕਾਰ ਸਨੀ ਦਿਓਲ ਤੋਂ ਗੁਰਦਾਸਪੁਰ ਲੋਕ ਸਭਾ ਸੀਟ ਹਾਰਨ ਤੋਂ ਬਾਅਦ ਜਾਖੜ ਨੇ ਅਸਤੀਫ਼ਾ ਦਿੱਤਾ ਪਰ ਕਾਂਗਰਸ ਨੇ ਉਦੋਂ ਇਸ ਨੂੰ ਮਨਜ਼ੂਰ ਨਹੀਂ ਕੀਤਾ। ਮਗਰੋਂ ਮਈ 2022 ਵਿਚ ਫੇਸਬੁੱਕ ‘ਤੇ ਲਾਈਵ ਹੋ ਕੇ ਅਸਤੀਫ਼ਾ ਦਿੱਤਾ। ਸੂਤਰਾਂ ਮੁਤਾਬਕ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੇ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਉਨ੍ਹਾਂ ਨੂੰ ਕੇਂਦਰ ਵਿਚ ਮੰਤਰੀ ਬਣਾਉਣ ਦੇ ਫੈਸਲੇ ਤੋਂ ਵੀ ਜਾਖੜ ਨਾਰਾਜ਼ ਦੱਸੇ ਜਾਂਦੇ ਸਨ।
ਵੇਰਵਿਆਂ ਅਨੁਸਾਰ ਸੁਨੀਲ ਜਾਖੜ ਨੇ ਕਰੀਬ ਦਸ ਕੁ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕੀਤੀ ਸੀ। ਸੂਤਰ ਦੱਸਦੇ ਹਨ ਕਿ ਜਾਖੜ ਨੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਵਿਚ ਦੋ ਮੁੱਦੇ ਹੀ ਉਠਾਏ ਸਨ। ਪਹਿਲਾ ਇਹ ਕਿ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਅਤੇ ਦੂਜਾ ਇਹ ਕਿ ਅਕਾਲੀ ਦਲ ਨਾਲ ਗੱਠਜੋੜ ਕਰਕੇ ਅੱਗੇ ਵਧਿਆ ਜਾ ਸਕਦਾ ਹੈ, ਚਾਹੇ ਧੜਾ ਕੋਈ ਵੀ ਹੋਵੇ। ਸੂਤਰ ਦੱਸਦੇ ਹਨ ਕਿ ਸੁਨੀਲ ਜਾਖੜ ਪਿਛਲੇ ਕੁਝ ਸਮੇਂ ਤੋਂ ਸਿਆਸੀ ਤੌਰ ‘ਤੇ ਘੁਟਣ ਮਹਿਸੂਸ ਕਰ ਰਹੇ ਸਨ ਅਤੇ ਹੁਣ ਉਹ ਭਾਜਪਾ ਵੱਲੋਂ ਚਲਾਈ ਜਾ ਰਹੀ ਮੈਂਬਰਸ਼ਿਪ ਮੁਹਿੰਮ ਵਿਚ ਵੀ ਸਰਗਰਮ ਨਹੀਂ ਸਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਜਾਖੜ ‘ਤੇ ਤਨਜ਼ ਕਰਦਿਆਂ ਕਿਹਾ ਹੈ ਕਿ ਉਹ ਹੁਣ ਕਿੱਥੇ ਜਾਣਗੇ। ਪੰਜਾਬ ਕਾਂਗਰਸ ਅਤੇ ਭਾਜਪਾ ਦਰਮਿਆਨ ਤਾਂ ਸ਼ਬਦੀ ਜੰਗ ਛਿੜ ਗਈ ਹੈ।
ਜਾਖੜ ਦੇ ਅਸਤੀਫੇ ਦੀ ਗੱਲ ਬੇਬੁਨਿਆਦ: ਫਤਹਿਜੰਗ
ਚੰਡੀਗੜ੍ਹ: ਭਾਜਪਾ ਆਗੂ ਫਤਹਿਜੰਗ ਸਿੰਘ ਬਾਜਵਾ ਆਖਦੇ ਹਨ ਕਿ ਅਸਤੀਫ਼ਾ ਦੇਣ ਦੀ ਗੱਲ ਨਿਰਾ ਸ਼ਗੂਫ਼ਾ ਹੈ ਅਤੇ ਜਾਖੜ ਨੂੰ ਦਿੱਲੀ ਜਾਣਾ ਪੈ ਗਿਆ ਹੈ। ਬਾਜਵਾ ਨੇ ਕਿਹਾ ਕਿ ਉਹ ਤਾਂ ਖ਼ੁਦ ਕੁਝ ਦਿਨ ਪਹਿਲਾਂ ਜਾਖੜ ਨੂੰ ਮਿਲੇ ਸਨ ਪਰ ਅਜਿਹੀ ਕੋਈ ਗੱਲ ਨਹੀਂ ਹੈ। ਭਾਜਪਾ ਆਗੂ ਅਸਤੀਫ਼ੇ ਦਿੱਤੇ ਜਾਣ ਨੂੰ ਅਫ਼ਵਾਹਾਂ ਦੱਸ ਰਹੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਆਖਿਆ ਹੈ ਕਿ ਇਹ ਭਾਜਪਾ ਦਾ ਅੰਦਰੂਨੀ ਮਾਮਲਾ ਹੈ ਪਰ ਜਿਹੜਾ ਵਿਅਕਤੀ ਪੰਜਾਬ ਪੱਖੀ ਹੈ, ਉਹ ਭਾਜਪਾ ਵਿਚ ਬਹੁਤੀ ਦੇਰ ਟਿਕ ਨਹੀਂ ਸਕਦਾ।