ਵੈਨਕੂਵਰ: ਫਲਸਤੀਨ ਦੇ ਗਾਜ਼ਾ ਵਿਚ ਹਮਲਿਆਂ ਦਾ ਇਕ ਸਾਲ ਪੂਰਾ ਹੋਣ ਮੌਕੇ ਕੈਨੇਡਾ ਵਿਚ ਇਜ਼ਰਾਈਲ ਖ਼ਿਲਾਫ਼ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਇਸ ਦੌਰਾਨ ਮਿਸੀਸਾਗਾ ਸ਼ਹਿਰ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਫਲਸਤੀਨੀ ਝੰਡਾ ਬੰਨ੍ਹ ਦਿੱਤਾ ਗਿਆ।
ਕੁਝ ਵਿਖਾਵਾਕਾਰੀਆਂ ਨੇ ਮਿਸੀਸਾਗਾ ਸ਼ਹਿਰ ਦੀ ਡਰਿਊ ਰੋਡ ਸਥਿਤ ਗਰੇਟ ਪੰਜਾਬ ਪਲਾਜ਼ੇ ਵਿਚ ਲੱਗੇ ਆਦਮ ਕੱਦ ਅਕਾਰੀ ਘੋੜੇ ‘ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਕਥਿਤ ਛੇੜ-ਛਾੜ ਵੀ ਕੀਤੀ। ਪੰਜਾਬੀ ਭਾਈਚਾਰੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ‘ਤੇ ਫਲਸਤੀਨੀ ਝੰਡਾ ਲਾਉਣ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਪ੍ਰਦਰਸ਼ਨ ਦੌਰਾਨ ਦੋ ਨਕਾਬਪੋਸ਼ ਬੁੱਤ ‘ਤੇ ਚੜ੍ਹੇ ਅਤੇ ਘੋੜੇ ਦੀ ਗਰਦਨ ਨਾਲ ਫਲਸਤੀਨ ਦਾ ਝੰਡਾ ਬੰਨ੍ਹਣ ਮਗਰੋਂ ਫ਼ਰਾਰ ਹੋ ਗਏ। ਹਾਲਾਂਕਿ, ਪੁਲਿਸ ਨੇ ਝੰਡਾ ਉਤਾਰ ਦਿੱਤਾ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਬੁੱਤ ‘ਤੇ ਝੰਡਾ ਲਾਉਣ ਦੀ ਘਟਨਾ ਦੀ ਵੀਡੀਓ ਬਣਾਉਣ ਵਾਲਿਆਂ ਨੇ ਕਿਹਾ ਕਿ ਬੁੱਤ ਦੀ ਕੋਈ ਭੰਨ-ਤੋੜ ਨਹੀਂ ਕੀਤੀ ਗਈ।
ਕੈਨੇਡਾ ਰਹਿੰਦੇ ਫਲਸਤੀਨ ਸਮਰਥਕ ਕਈ ਦਿਨਾਂ ਤੋਂ ਇਜ਼ਰਾਈਲ ਖ਼ਿਲਾਫ਼ ਰੋਸ ਵਿਖਾਵੇ ਕਰ ਰਹੇ ਹਨ ਅਤੇ ਕਈ ਥਾਵਾਂ ‘ਤੇ ਫਲਸਤੀਨੀ ਝੰਡੇ ਲਗਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਦੋ ਦਿਨ ਪਹਿਲਾਂ ਹਾਈਵੇਅ 401 ਸਮੇਤ ਕਈ ਹੋਰ ਪ੍ਰਮੁੱਖ ਸੜਕਾਂ ਦੀਆਂ ਉੱਚੀਆਂ ਥਾਵਾਂ ਉੱਤੇ ਝੰਡੇ ਬੰਨ੍ਹ ਦਿੱਤੇ ਸਨ ਜੋ ਬਾਅਦ ਵਿਚ ਪੁਲਿਸ ਵੱਲੋਂ ਉਤਾਰ ਦਿੱਤੇ ਗਏ। ਇਸ ਦੌਰਾਨ ਟੋਰਾਂਟੋ ਸਥਿਤ ਸੀਐੱਨ ਟਾਵਰ ਉੱਤੇ ਝੰਡਾ ਬੰਨ੍ਹਣ ਦਾ ਯਤਨ ਪੁਲਿਸ ਨੇ ਨਾਕਾਮ ਕਰ ਦਿੱਤਾ। ਇਸ ਦੌਰਾਨ ਪੁਲਿਸ ਨੇ ਕੁਝ ਵਿਖਾਵਾਕਾਰੀ ਹਿਰਾਸਤ ਵਿਚ ਵੀ ਲਏ। ਦੱਸਿਆ ਜਾ ਰਿਹਾ ਹੈ ਕਿ ਉਹ ਉਸੇ ਦਿਨ ਜ਼ਮਾਨਤ ਮਿਲਣ ਮਗਰੋਂ ਮੁੜ ਰੋਸ ਪ੍ਰਦਰਸ਼ਨਾਂ ਵਿਚ ਸ਼ਾਮਲ ਹੋ ਗਏ। ਪ੍ਰਦਰਸ਼ਨਕਾਰੀ ਆਲਮੀ ਪੱਧਰ ‘ਤੇ ਫਲਸਤੀਨੀਆਂ ਲਈ ਸਮਰਥਨ ਜੁਟਾਉਣ ਦਾ ਯਤਨ ਕਰ ਰਹੇ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਮਹਾਰਾਜੇ ਦੀ ਮਹਾਨਤਾ ਤੋਂ ਅਣਜਾਣ ਇਨ੍ਹਾਂ ਲੋਕਾਂ ਨੇ ਸ਼ਾਇਦ ਬੁੱਤ ਦੀ ਉਚਾਈ ਅਤੇ ਲੋਕਾਂ ਦੀ ਉਸ ਪ੍ਰਤੀ ਖਿੱਚ ਵੇਖ ਕੇ ਇੰਜ ਕਰਨ ਦਾ ਯਤਨ ਕੀਤਾ ਹੋਵੇ। ਸੂਤਰਾਂ ਅਨੁਸਾਰ ਪੁਲਿਸ ਨੇ ਇਸ ਸਬੰਧੀ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ।