ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਫੇਰੀ ਮੌਕੇ ਨਿਊ ਯਾਰਕ ਵਿਚ ਵਿਸਕੌਨਸਿਨ ਤੋਂ ਉੱਘੇ ਸਿੱਖ ਆਗੂ ਦਰਸ਼ਨ ਸਿੰਘ ਧਾਲੀਵਾਲ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ, “ਸਾਡੀ ਉਨ੍ਹਾਂ ਨਾਲ ਬਹੁਤ ਵਧੀਆ ਗੱਲਬਾਤ ਹੋਈ। ਪ੍ਰਧਾਨ ਮੰਤਰੀ ਨੇ ਸਿੱਖਾਂ ਲਈ ਬਹੁਤ ਕੁਝ ਕੀਤਾ ਹੈ।
ਮੈਨੂੰ ਨਹੀਂ ਲੱਗਦਾ ਕਿ ਭਾਰਤ ਦੇ ਇਤਿਹਾਸ ਵਿਚ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਸਿੱਖਾਂ ਲਈ ਇੰਨਾ ਕੁਝ ਕੀਤਾ ਹੋਵੇਗਾ ਜਿੰਨਾ ਸ੍ਰੀ ਮੋਦੀ ਕਰ ਰਹੇ ਹਨ। ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘਾ ਖੋਲਿ੍ਹਆ, ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਮਨਾਏ, ਸਿੱਖਾਂ ਜੋ ਭਾਰਤ ਨਹੀਂ ਜਾ ਸਕਦੇ ਸਨ, ਦੀ ਕਾਲੀ ਸੂਚੀ ਖ਼ਤਮ ਕੀਤੀ, ਕਾਂਗਰਸ ਸਰਕਾਰ ਵੇਲੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਲਈ ਇਨਸਾਫ਼ ਯਕੀਨੀ ਬਣਾਇਆ।”
ਇਸ ਦੌਰਾਨ ਸ੍ਰੀ ਮੋਦੀ ਨੇ ਸਿੱਖਾਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ। ‘ਸਿੱਖਸ ਆਫ਼ ਅਮਰੀਕਾ` ਜਥੇਬੰਦੀ ਦੇ ਜਸਦੀਪ ਸਿੰਘ ਜੱਸੀ ਨੇ ਸ੍ਰੀ ਮੋਦੀ ਨਾਲ ਮੁਲਾਕਾਤ ਮਗਰੋਂ ਕਿਹਾ, “ਅਸੀਂ ਬਹੁਤ ਖ਼ੁਸ਼ ਹਾਂ ਤੇ ਬੈਠਕ ਉਪਰੰਤ ਸਾਨੂੰ ਸਕਾਰਾਮਤਕ ਅਹਿਸਸ ਹੋਇਆ ਹੈ। ਜਿਵੇਂ ਹੀ ਪ੍ਰਧਾਨ ਮੰਤਰੀ ਤੁਰ ਕੇ ਕਮਰੇ ਵਿਚ ਆਏ, ਅਸੀਂ ਸਿੱਖਾਂ ਦੇ ਰਵਾਇਤੀ ਜੈਕਾਰੇ ‘ਜੋ ਬੋਲੇ ਸੋ ਨਿਹਾਲ` ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਸਤਿ ਸ੍ਰੀ ਅਕਾਲ ਨਾਲ ਇਸ ਦਾ ਜਵਾਬ ਦਿੱਤਾ। ਅਸੀਂ ਸਿੱਖਾਂ ਲਈ ਕੀਤੇ ਕੰਮਾਂ ਵਾਸਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਅਸੀਂ ਜਲਦੀ ਹੀ ਇਕ ਹੋਰ ਵਫ਼ਦ ਲੈ ਕੇ ਭਾਰਤ ਜਾਵਾਂਗੇ ਤੇ ਉਨ੍ਹਾਂ ਨਾਲ ਹੋਰ ਕਈ ਮੁੱਦੇ ਵਿਚਾਰਾਂਗੇ।” ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਅਮਰੀਕਾ ਦੇ ਸਫਲ ਦੌਰੇ ਲਈ ਵਧਾਈ ਦਿੰਦੇ ਹੋਏ ਕਿਹਾ, “ਅਸੀਂ ਸਿੱਖ ਭਾਈਚਾਰੇ ਲਈ ਕੀਤੇ ਗਏ ਕੰਮਾਂ ਲਈ ਅੱਜ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਅਤੇ ਅਸੀਂ ਜਲਦੀ ਹੀ ਉਨ੍ਹਾਂ ਦੇ ਨਾਲ ਮੁਲਾਕਾਤ ਦੇ ਲਈ ਇੱਕ ਹੋਰ ਵਫਦ ਨੂੰ ਭਾਰਤ ਲੈ ਕੇ ਜਾ ਰਹੇ ਹਨ।”