ਚੰਡੀਗੜ੍ਹ: ਸਿਆਸੀ ਧਿਰਾਂ ਨੇ ਪੰਜਾਬ ਵਿਚ ਪੰਚਾਇਤੀ ਚੋਣਾਂ ਦੌਰਾਨ ਰਾਖਵੇਂਕਰਨ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਸੁਆਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪਿੰਡਾਂ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਹੈ ਕਿ ਉਨ੍ਹਾਂ ਦਾ ਪਿੰਡ ਜਨਰਲ ਹੈ ਜਾਂ ਰਾਖਵਾਂ। ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪੰਚਾਇਤ ਚੋਣਾਂ ਵਿਚ ਧਾਂਦਲੀਆਂ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਚਾਇਤ ਚੋਣਾਂ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੰਚਾਇਤ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ, ਪਰ ਸਰਕਾਰ ਵੱਲੋਂ ਹਾਲੇ ਤੱਕ ਕਿਸੇ ਨੂੰ ਵੋਟਰ ਸੂਚੀ ਨਹੀਂ ਦਿੱਤੀ ਗਈ। ਇਸ ਦੌਰਾਨ ਨਾ ਹੀ ਪਿੰਡਾਂ ਦੀ ਰਿਜ਼ਰਵ ਅਤੇ ਜਨਰਲ ਸ਼੍ਰੇਣੀ ਦੀ ਕੋਈ ਸੂਚੀ ਜਾਰੀ ਕੀਤੀ ਗਈ ਹੈ। ਇਸ ਕਾਰਨ ਪੰਚਾਇਤੀ ਚੋਣਾਂ ਲੜਨ ਵਾਲੇ ਭੰਬਲਭੂਸੇ ਵਿਚ ਹਨ। ਵੜਿੰਗ ਨੇ ਕਿਹਾ ਕਿ ਰਾਖਵੇਂਕਰਨ ਵਿਚ ਬਹੁਤ ਵੱਡੇ ਪੱਧਰ ‘ਤੇ ਘਪਲਾ ਹੋਇਆ ਹੈ। ਜਿਹੜੇ ਪਿੰਡ ਵਿਚ ‘ਆਪ‘ ਕੋਲ ਉਮੀਦਵਾਰ ਸੀ, ਉਸ ਨੂੰ ਇਨ੍ਹਾਂ ਨੇ ‘ਜਨਰਲ ਕੈਟਾਗਿਰੀ ਅਤੇ ਮਹਿਲਾ‘ ਕਰ ਦਿੱਤਾ।
ਪੰਚਾਇਤ ਚੋਣਾਂ ਲੜਨ ਵਾਲਿਆਂ ਨੂੰ ਐਨ.ਸੀ.ਓ. ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਵਚਨਬੱਧ ਹੈ ਅਤੇ ਪ੍ਰਦੇਸ਼ ਕਾਂਗਰਸ ਵੱਲੋਂ ਇਸ ਸਬੰਧੀ ਹੈਲਪਲਾਈਨ ਬਣਾਉਣ ਦਾ ਐਲਾਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ‘ਆਪ` ਵੱਲੋਂ ਸੱਤਾ ਦੀ ਦੁਰਵਰਤੋਂ ਪਿੰਡ ਸਤੀਪੁਰਾ, ਜ਼ਿਲ੍ਹਾ ਸੰਗਰੂਰ ਵਿਚ ਸਾਫ਼ ਝਲਕਦੀ ਹੈ। ਇੱਥੇ ਪਿੰਡ ਨੂੰ ‘ਅਨੁਸੂਚਿਤ ਜਾਤੀ ਔਰਤ` ਅਧੀਨ ਰਾਖਵੀਂ ਸੂਚੀ ਵਿਚ ਪਾਇਆ ਗਿਆ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਿੰਡ ਵਿਚ ਸਿਰਫ ਇਕ ਅਨੁਸੂਚਿਤ ਜਾਤੀ ਦੀ ਔਰਤ ਦੀ ਵੋਟ ਹੈ।
ਸਰਬਸੰਮਤੀ ਬਣਾਉਣ ਵਾਲੇ ਪਿੰਡਾਂ ਨੂੰ 5 ਲੱਖ ਰੁਪਏ ਗ੍ਰਾਂਟ
ਫ਼ਤਹਿਗੜ੍ਹ ਸਾਹਿਬ: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਪਾਰਟੀ ਦੇ ਨਿਸ਼ਾਨ ‘ਤੇ ਨਾ ਲੜਨ ਬਾਰੇ ਕੀਤਾ ਫ਼ੈਸਲਾ ਇਤਿਹਾਸਕ ਹੈ। ਇਸ ਨਾਲ ਪਿੰਡਾਂ ਵਿਚੋਂ ਧੜੇਬੰਦੀ ਖ਼ਤਮ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਜਿਹੜੇ ਪਿੰਡਾਂ ‘ਚ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋਵੇਗੀ, ਉਨ੍ਹਾਂ ਨੂੰ ਪੰਜ ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ। ਉਨ੍ਹਾਂ ਮੰਤਰੀ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਣ ‘ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ।
ਚੋਣ ਕਮਿਸ਼ਨ ਵੱਲੋਂ ਤਰਨ ਤਾਰਨ ਦੇ ਡੀ.ਸੀ. ਦਾ ਤਬਾਦਲਾ
ਤਰਨ ਤਾਰਨ: ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਤਰਨ ਤਾਰਨ ਵਿਚ ਪੰਚਾਇਤੀ ਚੋਣਾਂ ਵਿਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦਾ ਤਬਾਦਲਾ ਕਰ ਦਿੱਤਾ ਹੈ। ਅਧਿਕਾਰੀ ਨੇ ਆਪਣੇ ਅਹੁਦੇ ਦਾ ਚਾਰਜ ਵੀ ਛੱਡ ਦਿੱਤਾ ਹੈ। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਨੇ ਤਿੰਨ ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਸੀ। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਖ਼ੁਦ ਬਹੁਤ ਹੈਰਾਨ ਹਨ ਪਰ ਉਨ੍ਹਾਂ ਨੂੰ ਤਬਾਦਲੇ ਸਬੰਧੀ ਸਰਕਾਰੀ ਤੌਰ ‘ਤੇ ਕੋਈ ਜਾਣਕਾਰੀ ਨਹੀਂ ਮਿਲੀ ਹੈ।