ਨਵੀਂ ਦਿੱਲੀ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਹਰਿਆਣਾ ਸਰਕਾਰ ਨੇ ਪੈਰੋਲ ਦੇ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਡੇਰਾ ਮੁਖੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਵੀਹ ਦਿਨ ਦੀ ਪੈਰੋਲ ਮੰਗੀ ਸੀ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਇਹ ਮਾਮਲਾ ਚੋਣ ਕਮਿਸ਼ਨ ਕੋਲ ਵਿਚਾਰਨ ਲਈ ਭੇਜ ਦਿੱਤਾ ਸੀ ਤੇ ਹੁਣ ਚੋਣ ਕਮਿਸ਼ਨ ਨੇ ਡੇਰਾ ਮੁਖੀ ਨੂੰ ਸ਼ਰਤਾਂ ਤਹਿਤ ਪੈਰੋਲ ਦੇ ਦਿੱਤੀ ਹੈ। ਡੇਰਾ ਮੁਖੀ ਜਬਰ ਜਨਾਹ ਦੇ ਮਾਮਲੇ ਵਿਚ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ।
ਚੋਣ ਕਮਿਸ਼ਨ ਨੇ ਪਹਿਲੀ ਸ਼ਰਤ ਲਾਈ ਹੈ ਕਿ ਜੇਲ੍ਹ ਵਿਚੋਂ ਬਾਹਰ ਆਉਣ ‘ਤੇ ਉਹ ਹਰਿਆਣਾ ਵਿਚ ਨਹੀਂ ਰਹੇਗਾ। ਦੂਜੀ, ਉਹ ਕਿਸੀ ਵੀ ਰਾਜਸੀ ਗਤੀਵਿਧੀ ਵਿਚ ਸ਼ਾਮਲ ਨਹੀਂ ਹੋਵੇਗਾ ਤੇ ਤੀਜੀ, ਉਹ ਸੋਸ਼ਲ ਮੀਡੀਆ ਜ਼ਰੀਏ ਵੀ ਪ੍ਰਚਾਰ ਨਹੀਂ ਕਰ ਸਕੇਗਾ। ਚੋਣ ਕਮਿਸ਼ਨ ਨੇ ਹਰਿਆਣਾ ਸਰਕਾਰ ਨੂੰ ਕਿਹਾ ਹੈ ਕਿ ਜੇ ਡੇਰਾ ਮੁਖੀ ਇਨ੍ਹਾਂ ਵਿਚੋਂ ਕਿਸੇ ਵੀ ਸ਼ਰਤ ਦਾ ਉਲੰਘਣ ਕਰਦਾ ਹੈ ਤਾਂ ਉਸ ਦੀ ਪੈਰੋਲ ਰੱਦ ਕਰ ਦਿੱਤੀ ਜਾਵੇਗੀ।
ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਪੰਜ ਅਕਤੂਬਰ ਨੂੰ ਹੋਣੀਆਂ ਹਨ ਤੇ ਚੋਣਾਂ ਦੇ ਨਤੀਜੇ ਅੱਠ ਅਕਤੂਬਰ ਨੂੰ ਐਲਾਨੇ ਜਾਣਗੇ। ਇਹ ਵੀ ਜ਼ਿਕਰਯੋਗ ਹੈ ਕਿ ਡੇਰਾ ਮੁਖੀ ਦਾ ਕਈ ਵਿਧਾਨ ਸਭਾ ਹਲਕਿਆਂ ਵਿਚ ਆਧਾਰ ਹੈ।