ਸਰਪੰਚੀ ਲਈ ਬੋਲੀ ਨੇ ਲੋਕਤੰਤਰ ਹਰਾਇਆ

ਚੰਡੀਗੜ੍ਹ: ਪੰਜਾਬ ਵਿਚ ਪੰਚਾਇਤੀ ਚੋਣਾਂ ਲਈ ਇਸ ਵਾਰ ਸਿਆਸੀ ਮਾਹੌਲ ਕੁਝ ਵੱਖਰਾ ਨਜ਼ਰ ਆ ਰਿਹਾ ਹੈ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਸਰਪੰਚੀ ਲਈ 2-2 ਕਰੋੜ ਦੀ ਬੋਲੀ ਲੱਗ ਰਹੀ ਹੈ। ਸਰਕਾਰ ਉਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਭਰਨ ਤੋਂ ਰੋਕਣ ਦੇ ਦੋਸ਼ ਲੱਗ ਰਹੇ ਹਨ। ਪੰਚਾਇਤੀ ਚੋਣਾਂ ਦੇ ਚਾਹਵਾਨ ਉਮੀਦਵਾਰਾਂ ਨੂੰ ਆਪਣੇ ਕਾਗਜ਼ ਦਾਖਲ ਕਰਨ ਲਈ ਬੀ.ਡੀ.ਪੀ.ਓ. ਦਫਤਰਾਂ ਵੱਲੋਂ ਲੋੜੀਂਦੇ ਕਾਗਜ਼ਾਤ ਨਹੀਂ ਮਿਲ ਰਹੇ ਹਨ। ਤਾਜ਼ਾ ਬਣੇ ਹਾਲਾਤ ਸਾਫ ਬਿਆਨ ਰਹੇ ਹਨ ਕਿ ਸਰਪੰਚੀ ਹੁਣ ਧਨਾਢਾਂ ਦੀ ਖੇਡ ਬਣਨ ਲੱਗੀ ਹੈ।

ਇਸ ਵਾਰ ਭਾਵੇਂ ਸਰਕਾਰ ਨੇ ਸਿਆਸੀ ਚੋਣ ਨਿਸ਼ਾਨ ਖ਼ਤਮ ਕਰ ਦਿੱਤੇ ਹਨ ਅਤੇ ਸਰਬਸੰਮਤੀ ਕਰਨ ਵਾਲੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ ਪਰ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੁੰਦੇ ਹੀ ਸਿਆਸੀ ਧਿਰਾਂ ਦੀ ਸੀਨੀਅਰ ਲੀਡਰਸ਼ਿਪ ਮੈਦਾਨ ਵਿਚ ਨਿੱਤਰ ਆਈ ਹੈ। ਪਿੰਡਾਂ ਵਿਚ ਸਰਬਸੰਮਤੀ ਨਾਲ ਸਰਪੰਚ ਚੁਣਨ ਲਈ ਬੋਲੀਆਂ ਲੱਗ ਰਹੀਆਂ ਹਨ। ਇਹ ਬੋਲੀਆਂ ਕਰੋੜਾਂ ਤੱਕ ਪਹੁੰਚ ਰਹੀਆਂ ਹਨ ਅਤੇ ਸਿਆਸੀ ਧਿਰਾਂ ਟੇਢੇ ਢੰਗ ਨਾਲ ਪਿੰਡਾਂ ਦੀਆਂ ਪੰਚਾਇਤਾਂ ਉਤੇ ਕਬਜ਼ੇ ਕਰਨ ਲਈ ਜੁਟੀਆਂ ਜਾਪ ਰਹੀਆਂ ਹਨ। ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਰਵਾਲ ਕਲਾ ਵਿਚ ਸਰਪੰਚੀ ਲੈਣ ਲਈ ਭਾਜਪਾ ਸਮਰਥਕ ਆਤਮਾ ਸਿੰਘ ਨੇ 2 ਕਰੋੜ ਦੀ ਬੋਲੀ ਲਾ ਦਿੱਤੀ। ਗਿੱਦੜਬਾਹਾ ਹਲਕੇ ਦੇ ਇਕ ਪਿੰਡ ਦੀ ਵਾਇਰਲ ਵੀਡੀਓ ਨੇ ਸਰਬਸੰਮਤੀ ਦੇ ਇਸ ਰੁਝਾਨ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਵੀਡੀਓ ਵਿਚ ਪਿੰਡ ਦੇ ਲੋਕਾਂ ਦੇ ਇਕੱਠ ਵਿਚ ਦੋ ਵਿਅਕਤੀ ਖੜ੍ਹੇ ਹੋ ਕੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਲਈ ਬੋਲੀ ਦੇ ਰਹੇ ਹਨ। ਇਨ੍ਹਾਂ ਦੇ ਨਾਮ ਅਮਰੀਕ ਸਿੰਘ ਤੇ ਅਮਰਜੀਤ ਸਿੰਘ ਦੱਸੇ ਜਾ ਰਹੇ ਹਨ। ਬੋਲੀ 15 ਲੱਖ ਤੋਂ ਸ਼ੁਰੂ ਹੁੰਦੀ ਹੈ ਅਤੇ 35 ਲੱਖ ‘ਤੇ ਖ਼ਤਮ ਹੁੰਦੀ ਹੈ। ਆਖ਼ਿਰ ਅਮਰੀਕ ਸਿੰਘ 35 ਲੱਖ 50 ਹਜ਼ਾਰ ਰੁਪਏ ਨਾਲ ਬੋਲੀ ਜਿੱਤ ਜਾਂਦਾ ਹੈ।
ਲੋਕ ਅਜਿਹੇ ਰੁਝਾਨ ਨੂੰ ਮੰਦਭਾਗਾ ਦੱਸ ਰਹੇ ਹਨ ਕਿ ਇਸ ਤਰ੍ਹਾਂ ਸਿਰਫ ਸਰਮਾਏਦਾਰ ਹੀ ਸਰਪੰਚ ਬਣਿਆ ਕਰਨਗੇ ਤਾਂ ਆਮ ਆਦਮੀ ਕਿੱਧਰ ਜਾਵੇ? ਇਥੋਂ ਦੇ ਪਿੰਡ ਕੋਠੇ ਕੇਸਰ ਸਿੰਘ ਅਤੇ ਕੋਠੇ ਬਰੜੇ ਵਾਲੇ ਆਦਿ ਪਿੰਡਾਂ ‘ਚ ਵੀ ਬੋਲੀ ਦੀ ਚਰਚਾ ਚੱਲੀ ਸੀ ਪਰ ਹੁਣ ਰੁਕ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚੋਣ ਕਮਿਸ਼ਨ ਵੱਲੋਂ ਸਰਪੰਚੀ ਦੀ ਚੋਣ ਵਾਸਤੇ ਸਿਰਫ 40 ਹਜ਼ਾਰ ਰੁਪਏ ਖਰਚਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਥੇ ਬਿਨਾਂ ਚੋਣਾਂ ਹੀ ਗੱਲ ਕਰੋੜਾਂ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਤਕਰੀਬਨ 6600 ਵੋਟਾਂ ਵਾਲੇ ਪਿੰਡ ਸਾਦਿਕ ਵਿਚ ਸਰਪੰਚ ਬਣਨ ਦੇ ਚਾਹਵਾਨ ਅਵਤਾਰ ਸਿੰਘ ਸੰਧੂ (ਆਜ਼ਾਦ) ਨੇ ਐਲਾਨ ਕਰ ਦਿੱਤਾ ਕਿ ਉਸ ਨੂੰ ਮੌਕਾ ਮਿਲਦਾ ਹੈ ਤਾਂ ਆਪਣੀ ਤਿੰਨ ਕਿੱਲੇ ਮਾਲਕੀ ਜ਼ਮੀਨ ਵਿਚੋਂ ਦੋ ਕਿੱਲੇ ਪਿੰਡ ਦੇ ਨਾਮ ਲਗਵਾ ਦੇਵੇਗਾ ਜਿਸ ਦੀ ਕੀਮਤ 75 ਤੋਂ 80 ਲੱਖ ਬਣਦੀ ਹੈ। ਪਿੰਡ ਗਹਿਰੀ ਬੁੱਟਰ ਵਿਚ ਸਰਬਸੰਮਤੀ ਨਾਲ ਸਰਪੰਚ ਚੁਣਨ ਲਈ 60 ਲੱਖ ਰੁਪਏ ਦੀ ਬੋਲੀ ਲੱਗੀ ਪਰ ਲੋਕਾਂ ਵਿਚ ਸਹਿਮਤੀ ਨਹੀਂ ਬਣ ਸਕੀ।
ਉਧਰ, ਨਾਮਜ਼ਦਗੀਆਂ ਦੌਰਾਨ ਝੜਪਾਂ ਦੀਆਂ ਖਬਰਾਂ ਵੀ ਆ ਰਹੀਆਂ ਹਨ। ਜ਼ੀਰਾ ਵਿਚ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਲਈ ਕਾਂਗਰਸੀ ਵਰਕਰ ਪਹੁੰਚੇ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਕਥਿਤ ਤੌਰ ‘ਤੇ ਨਾਮਜ਼ਦਗੀ ਭਰਨ ਤੋਂ ਰੋਕਣ ਲਈ ਇੱਟਾਂ-ਪੱਥਰਾਂ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਗੋਲੀਆਂ ਵੀ ਚੱਲੀਆਂ ਅਤੇ ਕੁਲਬੀਰ ਸਿੰਘ ਜ਼ੀਰਾ ਜ਼ਖਮੀ ਹੋ ਗਏ।
ਉਧਰ, ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਵਿਰੁੱਧ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ‘ਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਅਪਮਾਨ ਕਰਨ ਦੇ ਦੋਸ਼ ਹੇਠ ਵਿਸ਼ੇਸ਼ ਅਧਿਕਾਰ ਮਤਾ ਪਾ ਦਿੱਤਾ ਹੈ। ਦੱਸਣਯੋਗ ਹੈ ਕਿ ਸੰਸਦ ਮੈਂਬਰਾਂ ਨੂੰ ਵਿਸ਼ੇਸ਼ ਅਧਿਕਾਰ ਅਤੇ ਛੋਟਾਂ ਮਿਲਦੀਆਂ ਹਨ ਜੋ ਉਨ੍ਹਾਂ ਦੇ ਫ਼ਰਜ਼ਾਂ ਨੂੰ ਪੂਰਾ ਕਰਨ ਵਿਚ ਮਦਦ ਕਰਦੀਆਂ ਹਨ। ਇਕ ਵਿਸ਼ੇਸ਼ ਅਧਿਕਾਰ ਪ੍ਰਸਤਾਵ ਸੰਸਦ ਮੈਂਬਰਾਂ ਵੱਲੋਂ ਦਿੱਤੀ ਜਾਣ ਵਾਲੀ ਰਸਮੀ ਸ਼ਿਕਾਇਤ ਹੈ ਜੋ ਉਨ੍ਹਾਂ ਦੇ ਅਧਿਕਾਰਾਂ, ਸ਼ਕਤੀਆਂ ਅਤੇ ਸਨਮਾਨ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਕਾਰਵਾਈ ਨੂੰ ਚੁਣੌਤੀ ਦਿੰਦੀ ਹੈ।
ਦੱਸ ਦਈਏ ਕਿ ਪੰਚਾਇਤ ਚੋਣਾਂ ਬੇਸ਼ੱਕ ਪਾਰਟੀ ਦੇ ਚੋਣ ਨਿਸ਼ਾਨ ‘ਤੇ ਨਹੀਂ ਲੜੀਆਂ ਜਾਣਗੀਆਂ ਪਰ ਇਹ ਚੋਣਾਂ ਪੇਂਡੂ ਖੇਤਰ ਵਿਚ ਸਿਆਸੀ ਧਿਰਾਂ ਦੇ ਅਧਾਰ ਦੀ ਨਿਰਖ਼ ਕਰਨਗੀਆਂ। ਆਮ ਆਦਮੀ ਪਾਰਟੀ ਬਤੌਰ ਸੱਤਾਧਾਰੀ ਧਿਰ ਪਹਿਲੀ ਵਾਰ ਪੰਚਾਇਤ ਚੋਣਾਂ ਵਿਚ ਅਸਿੱਧੇ ਤਰੀਕੇ ਨਾਲ ਮੈਦਾਨ ਵਿਚ ਉੱਤਰੇਗੀ। ਭਾਜਪਾ ਵੀ ਇਨ੍ਹਾਂ ਚੋਣਾਂ ਵਿਚ ਆਪਣਾ ਸਿਆਸੀ ਕੱਦ ਮਾਪੇਗੀ। ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮੁੜ ਸੁਰਜੀਤੀ ਹੀ ਪੰਚਾਇਤ ਚੋਣਾਂ ‘ਚੋਂ ਦੇਖ ਰਿਹਾ ਹੈ। ਕਾਂਗਰਸ ਵੀ ਪੰਚਾਇਤਾਂ ‘ਤੇ ਆਪਣੀ ਪੁਰਾਣੀ ਪੈਂਠ ਰੱਖਣ ਵਾਸਤੇ ਤਾਣ ਲਾਵੇਗੀ।
ਪੰਜਾਬ ਵਿਚ ਪੰਚਾਇਤ ਚੋਣਾਂ 15 ਅਕਤੂਬਰ ਨੂੰ ਹੋਣਗੀਆਂ ਅਤੇ ਸਮੁੱਚੇ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਵੋਟਾਂ ਦੀ ਗਿਣਤੀ ਪੰਚਾਇਤ ਚੋਣਾਂ ਵਾਲੇ ਦਿਨ ਹੀ ਸ਼ਾਮ ਨੂੰ ਹੋਵੇਗੀ। ਪੰਚਾਇਤ ਚੋਣਾਂ ਲਈ ਵੋਟਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾ ਸਕਣਗੇ। ਪਹਿਲੀ ਵਾਰ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਪੰਚਾਇਤ ਚੋਣਾਂ ਹੋ ਰਹੀਆਂ ਹਨ। ਚੋਣ ਜ਼ਾਬਤਾ ਅਮਲ ‘ਚ ਆਉਣ ਨਾਲ ਪੇਂਡੂ ਵਿਕਾਸ ਦੇ ਨਵੇਂ ਕੰਮ ਠੱਪ ਹੋ ਗਏ ਹਨ। ਸੂਬੇ ਦੀਆਂ 13237 ਗਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਲਈ ਵੋਟਾਂ ਪੈਣਗੀਆਂ ਅਤੇ ਵੋਟਾਂ ਲਈ 19110 ਪੋਲਿੰਗ ਬੂਥ ਬਣਾਏ ਜਾਣਗੇ। ਇਨ੍ਹਾਂ ਚੋਣਾਂ ‘ਚ 13237 ਸਰਪੰਚ ਅਤੇ 83437 ਪੰਚ ਚੁਣੇ ਜਾਣੇ ਹਨ।