ਤਰਸੇਮ ਬਸ਼ਰ
‘ਸੁੱਚਾ ਸੂਰਮਾ’ ਬੇਸ਼ਕ ਬੱਬੂ ਮਾਨ ਦੇ ਕਰੀਅਰ ਦੀ ਮਹੱਤਵਪੂਰਨ ਫਿਲਮ ਦੇ ਤੌਰ ‘ਤੇ ਯਾਦ ਕੀਤੀ ਜਾਵੇਗੀ। ਉਹ ਸ਼ਾਇਦ ਅਭਿਨੇਤਾ ਦੇ ਤੌਰ ‘ਤੇ ਆਪਣੀ ਸਭ ਤੋਂ ਵਧੀਆ ਕਾਰਜਕਾਰੀ ਵਾਲੀ ਭੂਮਿਕਾ ਵਿਚ ਵੀ ਹਨ। ਕਹਾਣੀ ਦਾ ਕਿਰਦਾਰ ਉਨ੍ਹਾਂ ਲਈ ਢੁਕਵਾਂ ਸੀ, ਫਿਰ ਵੀ ਉਹ ਉਸ ਪੱਧਰ ‘ਤੇ ਨਹੀਂ ਜਾ ਸਕੇ ਜਦੋਂ ਦਰਸ਼ਕ ਪਰਦੇ ਉੱਤੇ ਸੁੱਚੇ ਦੇ ਕਿਰਦਾਰ ਨੂੰ ਦੇਖਦਿਆਂ ਬੱਬੂ ਮਾਨ ਨੂੰ ਭੁੱਲ ਜਾਣ; ਉਨ੍ਹਾਂ ਨੂੰ ਸਿਰਫ ਸੁੱਚਾ ਯਾਦ ਰਹਿ ਜਾਵੇ।
ਫਿਰ ਵੀ ਉਹਨੇ ਬਿਹਤਰੀਨ ਕੰਮ ਕੀਤਾ ਹੈ। ਹਾਲਾਤ ਅਨੁਸਾਰ ਹਾਵ-ਭਾਵ ਬਦਲੇ ਹੋਏ ਨਜ਼ਰ ਆਉਂਦੇ ਹਨ। ਸ਼ਾਇਦ ਮਸ਼ਹੂਰ ਗਾਇਕ ਵਜੋਂ ਉਨ੍ਹਾਂ ਦਾ ਵੱਡਾ ਰੁਤਬਾ ਵੀ ਇਕ ਕਾਰਨ ਹੋਵੇ ਕਿ ਸਕਰੀਨ ਉੱਤੇ ਸੁੱਚਾ ਸੂਰਮਾ ਉਪਰ ਬੱਬੂ ਮਾਨ ਭਾਰੀ ਦਿਖਾਈ ਦਿੰਦਾ ਹੋਵੇ।
‘ਮੌੜ’ ਅਜਿਹੀ ਫਿਲਮ ਸੀ ਜਿਸ ਨੂੰ ਆਲੋਚਕਾਂ ਨੇ ਵੀ ਸਰਾਹਿਆ ਤੇ ਇਹ ਕਮਾਈ ਪੱਖ ਤੋਂ ਵੀ ਕਾਮਯਾਬ ਸੀ; ਅਜਿਹਾ ਸਿਨੇਮਾ ਜਿਸ ਅੰਦਰ ਮਿਹਨਤ ਬੋਲਦੀ ਸੀ। ਸੂਖਮ ਚੀਜ਼ਾਂ ਵੱਲ ਪੂਰਾ ਧਿਆਨ ਦਿੱਤਾ ਗਿਆ ਸੀ ਜਿਨ੍ਹਾਂ ਬਾਰੇ ਪੰਜਾਬੀ ਸਿਨੇਮਾ ਵਿਚ ਜ਼ਿਆਦਾ ਨਹੀਂ ਸੀ ਸੋਚਿਆ ਜਾਂਦਾ। ਇਹ ਵੀ ਸਮਝਿਆ ਜਾਂਦਾ ਸੀ ਕਿ ਪੰਜਾਬੀ ਸਿਰੜ ਨਾਲ ਸਿਨੇਮਾ ਨਹੀਂ ਬਣਾਉਂਦੇ। ‘ਮੌੜ’ ਲੋਕ ਨਾਇਕ ਦੀ ਜ਼ਿੰਦਗੀ ‘ਤੇ ਆਧਾਰਿਤ ਕਿਰਤ ਸੀ ਜਿਸ ਦਾ ਧਰਾਤਲ ਮਾਲਵੇ ਦੀ ਧਰਤੀ ਸੀ। ਖੁੱਲ੍ਹੇ ਬਜਟ ਵਾਲੀ ਇਸ ਫਿਲਮ ਵਿਚ ਕੰਮ ਕਰ ਰਹੇ ਕਲਾਕਾਰਾਂ, ਨਿਰਦੇਸ਼ਕ ਜਤਿੰਦਰ ਮੋਹਰ ਨੂੰ ਵੀ ਖੂਬ ਪ੍ਰਸ਼ੰਸਾ ਹਾਸਿਲ ਹੋਈ। ਬੋਲੀ, ਪਹਿਰਾਵਾ, ਲੋਕੇਸ਼ਨ, ਕਿਰਦਾਰ ਸਭ ਕੁਝ ਵਾਸਤੇ ਸ਼ਲਾਘਾ ਕੀਤੀ ਗਈ ਸੀ।
ਆਲੋਚਕਾਂ ਨੇ ਇਸ ਫਿਲਮ ਨੂੰ ਪੀਰੀਅਡ ਫਿਲਮਾਂ ਦੀ ਮੀਲ ਪੱਥਰ ਫਿਲਮ ਕਿਹਾ ਜਿਸ ਦਾ ਅਰਥ ਸੀ ਕਿ ਜੇ ਕੋਈ ਪੀਰੀਅਡ ਫਿਲਮ ਇਸ ਤੋਂ ਬਾਅਦ ਬਣੇਗੀ ਤਾਂ ਉਸ ਨੂੰ ਇਸ ਤੋਂ ਇੱਕ ਕਦਮ ਅੱਗੇ ਹੋਣਾ ਪਵੇਗਾ। ਕੁਦਰਤੀ ਇਹ ਚੁਣੌਤੀ ਬੱਬੂ ਮਾਨ ਅਭੀਨੀਤ ਅਤੇ ਅਮਿਤੋਜ ਮਾਨ ਨਿਰਦੇਸ਼ਤ ਫਿਲਮ ‘ਸੁੱਚਾ ਸੂਰਮਾ’ ਦੇ ਸਾਹਮਣੇ ਆ ਗਈ। ਪੁਰਾਤਨ ਪੰਜਾਬੀ ਜੀਵਨ ਵਿਚ ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਖਾਸ ਮਹੱਤਵ ਨੂੰ ਦਰਸਾਉਂਦੀ ‘ਸੁੱਚਾ ਸੂਰਮਾ’ ਦੀ ਕਹਾਣੀ ਅਜਿਹੇ ਦਲੇਰ ਸ਼ਖਸ ਦੀ ਕਹਾਣੀ ਹੈ ਜੋ ਕਿਸੇ ਵੀ ਕੀਮਤ ‘ਤੇ ਆਪਣੀ ਅਣਖ ਨਾਲ ਸਮਝੌਤਾ ਨਹੀਂ ਕਰ ਸਕਦਾ, ਇੱਜ਼ਤ ਰੁਲਦਿਆਂ ਨਹੀਂ ਦੇਖ ਸਕਦਾ। ਉਹ ਇਸ ਖਾਤਰ ਜਿੱਥੇ ਆਪਣੀ ਭਰਜਾਈ ਅਤੇ ਉਸ ਦੇ ਪ੍ਰੇਮੀ ਨੂੰ ਸਰੇਰਾਹ ਕਤਲ ਕਰ ਦਿੰਦਾ ਹੈ ਉੱਥੇ ਇੱਕ ਹੋਰ ਅਜਿਹੇ ਜੋੜੇ ਨੂੰ ਵੀ ਕਤਲ ਕਰਦਾ ਹੈ ਜੋ ਸਮਾਜਿਕ ਮਰਿਆਦਾ ਉਲੰਘ ਕੇ ਨੈਤਿਕਤਾ ਨੂੰ ਛਿੱਕੇ ਟੰਗ ਚੁੱਕੇ ਹੁੰਦੇ ਹਨ। ਇਸ ਜੁਰਮ ਦੀ ਸਜ਼ਾ ਤਹਿਤ ਸੁੱਚਾ ਸਿੰਘ ਨੂੰ ਸ਼ਰੇਆਮ ਉਸੇ ਥਾਂ ‘ਤੇ ਫਾਂਸੀ ਦਿੱਤੀ ਜਾਂਦੀ ਹੈ ਜਿੱਥੇ ਇਹ ਕਤਲ ਹੋਏ ਸਨ।
ਅੱਜ ਜ਼ਮਾਨਾ ਬਦਲ ਗਿਆ ਹੈ। ਅੱਜ ਨੈਤਿਕ ਅਤੇ ਸਮਾਜਿਕ ਕਦਰ-ਕੀਮਤਾਂ ਕਮਜ਼ੋਰ ਹੋ ਗਈਆਂ ਹਨ ਤੇ ਅਜਿਹੇ ਕਤਲਾਂ ਨੂੰ ਵੀ ਅਣਖ ਦੀ ਖਾਤਰ ਕਤਲ ਕਿਹਾ ਜਾਂਦਾ ਹੈ। ਬਹਰਹਾਲ, ਤੁਸੀਂ ਅਣਖ ਅਤੇ ਪੰਜਾਬੀ ਰਹਿਤਲ ਨੂੰ ਅੱਜ ਵੀ ਵੱਖ ਕਰ ਕੇ ਨਹੀਂ ਦੇਖ ਸਕਦੇ। ਫਿਰ ਉਹ ਸਮਾਂ ਹੋਰ ਸੀ। ਲੋਕਾਂ ਨੇ ਸੁੱਚਾ ਸਿੰਘ ਨੂੰ ਸੁੱਚਾ ਸੂਰਮਾ ਕਿਹਾ, ਉਸ ਦੀ ਉਸਤਤ ਕੀਤੀ ਅਤੇ ਉਸ ਪੀੜ੍ਹੀ ਦਾ ਉਹ ਇਲਾਕਈ ਨਾਇਕ ਵੀ ਸੀ ਜਿਸ ਦੀ ਕਹਾਣੀ ਬਾਅਦ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧ ਹੋ ਗਈ। ਉਸ ਦੀਆਂ ਗਾਥਾਵਾਂ ਗਾਈਆਂ ਗਈਆਂ, ਕਵੀਸ਼ਰ ਉਸ ਦੇ ਕਿੱਸੇ ਗਾਉਂਦੇ ਸਨ, ਇਥੋਂ ਤੱਕ ਕਿ ‘ਬਲਬੀਰੋ ਭਾਬੀ’ ਨਾਂ ਦੀ ਫਿਲਮ ਵੀ ਬਣ ਚੁੱਕੀ ਹੈ। ਇਸ ਵਿਚ ਵਰਿੰਦਰ ਅਤੇ ਗੁਰਚਰਨ ਪੋਹਲੀ ਦੀਆਂ ਮੁੱਖ ਭੂਮਿਕਾਵਾਂ ਹਨ।
ਸੁੱਚਾ ਸੂਰਮਾ ਦੇ ਨਿਰਦੇਸ਼ਕ ਨੇ ਕਹਾਣੀ ਨੂੰ ਉਸ ਸਮੇਂ ਦੇ ਧਰਾਤਲੀ ਹਾਲਾਤ ਨੂੰ ਨੇੜੇ ਤੋਂ ਪੇਸ਼ ਕਰਨ ਦਾ ਭਰਪੂਰ ਯਤਨ ਕੀਤਾ ਹੈ; ਨਹੀਂ ਤਾਂ ਉਹ ਗੰਡਾਸਿਆਂ ਦੀ ਲੜਾਈ ਵਿਚ ਸੁੱਚਾ ਸਿੰਘ ਸੂਰਮਾ ਵੱਲੋਂ ਬੰਦੂਕ ਨਾਲ ਘੁੱਕਰ ਨੂੰ ਮਾਰਨ ਦੀ ਘਟਨਾ ਬਦਲ ਕੇ ਵੀ ਪੇਸ਼ ਕਰ ਸਕਦਾ ਸੀ ਤਾਂ ਕਿ ਉਸ ਦਾ ਨਾਇਕ ਕਿਤੇ ਕਿਸੇ ਪੱਖੋਂ ਵੀ ਕਮਜ਼ੋਰ ਨਜ਼ਰ ਨਾ ਆਵੇ। ਕੋਈ ਲੋਕ ਨਾਇਕ ਗੰਡਾਸਿਆਂ ਦੀ ਲੜਾਈ ਵਿਚ ਸਾਹਮਣੇ ਵਾਲੇ ਨੂੰ ਬੰਦੂਕ ਨਾਲ ਕਿਉਂ ਕਤਲ ਕਰੇਗਾ, ਇਹ ਸੋਚਦਿਆਂ ਨਿਰਦੇਸ਼ਕ ਇਸ ਮੋੜ ‘ਤੇ ਕੁਝ ਹੋਰ ਵੀ ਦਿਖਾ ਸਕਦਾ ਸੀ ਪਰ ਅਮਿਤੋਜ ਮਾਨ ਨੇ ਧਰਾਤਲੀ ਹਕੀਕਤ ਨੂੰ ਪਹਿਲ ਦਿੱਤੀ। ਇਹ ਗੰਭੀਰਤਾ ਪੰਜਾਬੀ ਸਿਨੇਮਾ ਵਿਚ ਪਹਿਲਾਂ ਨਹੀਂ ਸੀ ਹੁੰਦੀ। ਬਹੁਤੇ ਨਿਰਮਾਤਾ ਨਿਰਦੇਸ਼ਕ ਉਹੀ ਪੇਸ਼ ਕਰਦੇ ਸਨ ਜੋ ਜਨਤਾ ਦੇ ਮਨ ਭਾਉਂਦਾ ਹੋਵੇ। ਮੈਂ ਇਸ ਸਕਾਰਾਤਮਕ ਮੋੜ ਨੂੰ ਪੰਜਾਬੀ ਸਿਨੇਮਾ ਦੇ ਲਈ ਅਹਿਮ ਮੋੜ ਦੇ ਤੌਰ ‘ਤੇ ਦੇਖਦਾ ਹਾਂ।
ਫਿਲਮ ਦੀ ਟੀਮ ਨੇ ਕਹਾਣੀ ਨੂੰ ਨੇੜਿਓਂ ਜਾਚਿਆ ਜੋਖਿਆ ਗਿਆ ਹੋਵੇਗਾ, ਨਹੀਂ ਤਾਂ ਸੁੱਚਾ ਸਿੰਘ ਨੂੰ ਫਾਂਸੀ ਦੇਣ ਦਾ ਦ੍ਰਿਸ਼ ਵੀ ਹੈਰਾਨ ਕਰਦਾ ਹੈ। ਫਾਂਸੀ ਸ਼ਰੇਆਮ ਲੋਕਾਂ ਦੇ ਸਾਹਮਣੇ ਦਰਖਤ ਨਾਲ ਲਟਕਾ ਕੇ ਦਿੱਤੀ ਜਾ ਰਹੀ ਸੀ, ਉਹ ਵੀ ਉੱਥੇ ਜਿੱਥੇ ਉਸ ਨੇ ਕਤਲ ਕੀਤੇ ਸੀ। ਹੋ ਸਕਦਾ ਹੈ, ਅੰਗਰੇਜ਼ ਹਾਕਮਾਂ ਸਮੇਂ ਇਸ ਤਰ੍ਹਾਂ ਹੁੰਦਾ ਹੋਵੇ ਪਰ ਪਹਿਲਾਂ ਨਹੀਂ ਸੀ ਸੁਣਿਆ ਗਿਆ। ਫਿਲਮ ਦੇ ਇਹ ਦ੍ਰਿਸ਼ ਪੂਰੀ ਫਿਲਮ ਵਿਚੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਬਣੇ ਹਨ।
ਫਿਲਮ ਦੀ ਪਟਕਥਾ ਤੋਂ ਲੋਕ ਪਹਿਲਾਂ ਹੀ ਵਾਕਫ ਹਨ ਅਤੇ ਸਕਰੀਨਪਲੇ ਇਸ ਕਦਰ ਚੁਸਤ ਹਨ ਕਿ ਦੇਖਣ ਵਾਲੇ ਦੀ ਦਿਲਚਸਪੀ ਲਗਾਤਾਰ ਬਣੀ ਰਹਿੰਦੀ ਹੈ; ਇਸ ਦੇ ਬਾਵਜੂਦ ਕਿ ਲੋਕਾਂ ਨੇ ਕਹਾਣੀ ਪਹਿਲਾਂ ਵੀ ਬਹੁਤ ਵਾਰ ਸੁਣੀ ਹੋਈ ਹੈ। ਅਤੀਤ ਦੇ ਨਾਇਕਾਂ ਦੀ ਜ਼ਿੰਦਗੀ ‘ਤੇ ਬਣੀਆਂ ਫਿਲਮਾਂ ਸਮੇਂ ਇਹ ਚੁਣੌਤੀ ਦਿਲਚਸਪ ਹੁੰਦੀ ਹੈ ਕਿ ਲੋਕ ਉਸ ਕਹਾਣੀ ਤੋਂ ਵਾਕਫ ਹੁੰਦੇ ਹਨ ਪਰ ਫਿਲਮ ਇਸ ਤਰ੍ਹਾਂ ਦੀ ਬਣੇ ਕਿ ਲੋਕਾਂ ਦੀ ਦਿਲਚਸਪੀ ਅੰਤ ਤੱਕ ਬਰਕਰਾਰ ਰਹੇ। ਇਸ ਵਿਚ ‘ਮੌੜ’ ਵੀ ਸਫਲ ਸੀ ਤੇ ‘ਸੁੱਚਾ ਸੂਰਮਾ’ ਵੀ ਸਫਲ ਹੈ।
‘ਸੁੱਚਾ ਸੂਰਮਾ’ ਦਾ ਸਭ ਤੋਂ ਮਹੱਤਵਪੂਰਨ ਤੇ ਰੌਸ਼ਨ ਪੱਖ ਲੇਖਕ, ਨਿਰਦੇਸ਼ਕ ਦੀ ਸੰਤੁਲਿਤ ਕਿਰਦਾਰ ਉਸਾਰੀ ਹੈ; ਕਿਰਦਾਰ ਜੋ ਸੁਭਾਵਿਕ ਲੱਗਦੇ ਹਨ। ਫਿਲਮ ਦੇ ਲਗਭਗ ਅੱਧ ਤੱਕ ਸੁੱਚਾ ਸਿੰਘ ਅਤੇ ਘੁੱਕਰ ਦੋਸਤ ਹਨ ਭਾਵੇਂ ਫਿਲਮ ਦਾ ਅੰਤ ਦੁਸ਼ਮਣੀ ਅਤੇ ਕਤਲ ਨਾਲ ਹੁੰਦਾ ਹੈ। ਦੋਸਤੀ ਨੂੰ ਦੁਸ਼ਮਣੀ ਵਿਚ ਬਦਲਦਿਆਂ ਜਿਸ ਤਰਾਂ ਘਟਨਾਕ੍ਰਮ ਕਰਵਟ ਲੈਂਦੇ ਹਨ, ਨਿਰਦੇਸ਼ਕ ਇਸ ਬਿਰਤਾਂਤ ਨੂੰ ਸੰਤੁਲਿਤ ਅਤੇ ਕਲਾਤਮਕ ਢੰਗ ਨਾਲ ਫਿਲਮਾਉਣ ਵਿਚ ਕਾਮਯਾਬ ਹੈ।
ਫਿਲਮ ਦਾ ਨਾਇਕ ਪੰਜਾਬ ਦਾ ਪ੍ਰਸਿੱਧ ਗਾਇਕ ਬੱਬੂ ਮਾਨ ਹੈ ਪਰ ਨਿਰਦੇਸ਼ਕ ਦੀ ਖੂਬੀ ਇਹ ਰਹੀ ਕਿ ਉਹ ਸਿਰਫ ਬੱਬੂ ਮਾਨ ‘ਤੇ ਨਿਰਭਰ ਨਹੀਂ ਸੀ, ਉਸ ਨੇ ਕਹਾਣੀ ਅਤੇ ਸਕਰੀਨਪਲੇ ਨੂੰ ਵੀ ਪੂਰੀ ਅਹਿਮੀਅਤ ਦਿੱਤੀ ਹੈ ਤੇ ਮਿਹਨਤ ਵੀ ਕੀਤੀ ਹੈ। ਸੁੱਚਾ ਸਿੰਘ ਦੇ ਦੱਬੂ ਭਰਾ ਨਰੈਣੇ (ਸਰਬਜੀਤ ਚੀਮਾ) ਵਰਗੇ ਕਮਜ਼ੋਰ ਕਿਰਦਾਰ ਪਹਿਲਾਂ ਪੰਜਾਬੀ ਸਿਨੇਮਾ ਵਿਚ ਪਰਦੇ ‘ਤੇ ਦਿਖਾਈ ਨਹੀਂ ਦਿੱਤੇ, ਇਥੋਂ ਤੱਕ ਕਿ ਪੰਜਾਬੀ ਸਾਹਿਤ ਵਿਚ ਵੀ ਅਜਿਹੇ ਕਿਰਦਾਰ ਨਾ-ਮਾਤਰ ਹੀ ਹਨ। ਅਜਿਹੇ ਕਿਰਦਾਰ ਨੂੰ ਪਰਦੇ ‘ਤੇ ਲਿਆਉਣਾ ਵੀ ਨਿਰਦੇਸ਼ਕ ਦੀ ਪ੍ਰਾਪਤੀ ਹੈ। ਬਲਬੀਰੋ ਦਲੇਰ ਅਤੇ ਜ਼ਿੰਦਗੀ ਨੂੰ ਮਾਨਣ ਵਾਲੀ ਔਰਤ ਹੈ ਜਿਸ ਅੰਦਰ ਤ੍ਰਿਸ਼ਨਾਵਾਂ ਦਾ ਤੇਜ਼ ਵੇਗ ਹੈ ਜੋ ਘੁਟ-ਘੁਟ ਕੇ ਨਹੀਂ ਮਰਨਾ ਚਾਹੁੰਦੀ ਅਤੇ ਉਹ ਉਨ੍ਹਾਂ ਸਮਿਆਂ ਵਿਚ ਸਦਾਚਾਰਕ ਕੀਮਤਾਂ ਨੂੰ ਠੋਕਰ ਮਾਰਨ ਦਾ ਜਿਗਰਾ ਰੱਖਦੀ ਹੈ ਜਦੋਂ ਆਮ ਘਰੇਲੂ ਔਰਤਾਂ ਇਹ ਸੋਚ ਵੀ ਨਹੀਂ ਸਨ ਸਕਦੀਆਂ। ਅਜਿਹਾ ਕਿਰਦਾਰ ਵੀ ਕਿਸੇ ਪੰਜਾਬੀ ਫਿਲਮ ਵਿਚ ਮੁੱਖ ਤੌਰ ‘ਤੇ ਪਹਿਲਾਂ ਕਦੇ ਨਹੀਂ ਸੀ ਪੇਸ਼ ਕੀਤਾ ਗਿਆ ਜਿਸ ਦਾ ਕੁੱਲ ਪ੍ਰਭਾਵ ਨਕਾਰਾਤਮਕ ਹੀ ਹੋਵੇ। ਅਦਾਕਾਰਾ ਸਮੀਕਸ਼ਾ ਨੇ ਇਹ ਭੂਮਿਕਾ ਜੀਵੰਤ ਢੰਗ ਨਾਲ ਨਿਭਾਈ ਹੈ। ਅਜਿਹੇ ਵਿਲੱਖਣ ਕਿਰਦਾਰ ਹਿੰਦੀ ਦੀਆਂ ਕਲਾਤਮਕ ਫਿਲਮਾਂ ਵਿਚ ਦੇਖਣ ਨੂੰ ਮਿਲਦੇ ਸਨ।
‘ਸੁੱਚਾ ਸੂਰਮਾ’ ਬੇਸ਼ਕ ਬੱਬੂ ਮਾਨ ਦੇ ਕਰੀਅਰ ਦੀ ਮਹੱਤਵਪੂਰਨ ਫਿਲਮ ਦੇ ਤੌਰ ‘ਤੇ ਯਾਦ ਕੀਤੀ ਜਾਵੇਗੀ। ਉਹ ਸ਼ਾਇਦ ਅਭਿਨੇਤਾ ਦੇ ਤੌਰ ‘ਤੇ ਆਪਣੀ ਸਭ ਤੋਂ ਵਧੀਆ ਕਾਰਜਕਾਰੀ ਵਾਲੀ ਭੂਮਿਕਾ ਵਿਚ ਵੀ ਹਨ। ਕਹਾਣੀ ਦਾ ਕਿਰਦਾਰ ਉਨ੍ਹਾਂ ਲਈ ਢੁਕਵਾਂ ਸੀ, ਫਿਰ ਵੀ ਉਹ ਉਸ ਪੱਧਰ ‘ਤੇ ਨਹੀਂ ਜਾ ਸਕੇ ਜਦੋਂ ਦਰਸ਼ਕ ਪਰਦੇ ਉੱਤੇ ਸੁੱਚੇ ਦੇ ਕਿਰਦਾਰ ਨੂੰ ਦੇਖਦਿਆਂ ਬੱਬੂ ਮਾਨ ਨੂੰ ਭੁੱਲ ਜਾਣ; ਉਨ੍ਹਾਂ ਨੂੰ ਸਿਰਫ ਸੁੱਚਾ ਯਾਦ ਰਹਿ ਜਾਵੇ। ਫਿਰ ਵੀ ਉਹਨੇ ਬਿਹਤਰੀਨ ਕੰਮ ਕੀਤਾ ਹੈ। ਹਾਲਾਤ ਅਨੁਸਾਰ ਹਾਵ-ਭਾਵ ਬਦਲੇ ਹੋਏ ਨਜ਼ਰ ਆਉਂਦੇ ਹਨ। ਸ਼ਾਇਦ ਮਸ਼ਹੂਰ ਗਾਇਕ ਵਜੋਂ ਉਨ੍ਹਾਂ ਦਾ ਵੱਡਾ ਰੁਤਬਾ ਵੀ ਇਕ ਕਾਰਨ ਹੋਵੇ ਕਿ ਸਕਰੀਨ ਉੱਤੇ ਸੁੱਚਾ ਸੂਰਮਾ ਉਪਰ ਬੱਬੂ ਮਾਨ ਭਾਰੀ ਦਿਖਾਈ ਦਿੰਦਾ ਹੋਵੇ। ਵੱਡਾ ਸਟਾਰ ਹੋਣ ਦਾ ਇਹ ਵੀ ਨੁਕਸਾਨ ਹੁੰਦਾ ਹੈ। ਮੁੱਖ ਖ਼ਲਨਾਇਕ ਘੁੱਕਰ ਦਾ ਕਿਰਦਾਰ ਅਭਿਨੇਤਾ ਜਗ ਸਿੰਘ ਨੇ ਨਿਭਾਇਆ ਹੈ। ਉਹ ਆਪਣੇ ਹਾਵ ਭਾਵ, ਅਦਾਕਾਰੀ ਤੇ ਆਵਾਜ਼ ਨਾਲ ਪ੍ਰਭਾਵਿਤ ਕਰਦਾ ਹੈ। ਨਵੇਂ ਚਿਹਰਾ ਹੋਣ ਕਰ ਕੇ ਉਹਨੂੰ ਇਸ ਦਾ ਲਾਭ ਵੀ ਹੋਇਆ ਹੈ, ਉਨਾਂ ਦੀ ਪਛਾਣ ਘੁੱਕਰ ਵਾਲੀ ਬਣ ਗਈ ਹੈ। ਭਵਿੱਖ ਵਿਚ ਵੀ ਉਸ ਤੋਂ ਉਮੀਦਾਂ ਜ਼ਿਆਦਾ ਰਹਿਣਗੀਆਂ।
ਪ੍ਰਚਲਤ ਅਤੇ ਵਾਰ-ਵਾਰ ਦੁਹਰਾਏ ਜਾਣ ਵਾਲੇ ਅਦਾਕਾਰਾਂ ਦੀ ਬਜਾਇ ਨਵੇਂ ਪ੍ਰਤਿਭਾਸ਼ਾਲੀ ਅਦਾਕਾਰਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ। ਇਸ ਨਾਲ ਫਿਲਮ ਦੇ ਕਿਰਦਾਰ ਜਿੱਥੇ ਸੁਭਾਵਿਕ ਲੱਗਦੇ ਹਨ ਉਥੇ ਨਵੀਂ ਪੀੜੀ ਨੂੰ ਆਪਣੀ ਪ੍ਰਤਿਭਾ ਸਾਬਿਤ ਕਰਨ ਦਾ ਮੌਕਾ ਮਿਲਦਾ ਹੈ। ਦਵਿੰਦਰ, ਗੁਰਵਿੰਦਰ ਮਕਨਾ, ਅਨੀਤਾ ਸ਼ਬਦੀਸ਼, ਮਹਾਂਵੀਰ ਭੁੱਲਰ ਭਾਵੇਂ ਛੋਟੀਆਂ-ਛੋਟੀਆਂ ਭੂਮਿਕਾਵਾਂ ਵਿਚ ਹਨ ਪਰ ਇਨ੍ਹਾਂ ਦੀ ਅਦਾਇਗੀ ਸੁਭਾਵਿਕ ਹੈ, ਇਹ ਕਿਰਦਾਰ ਨਾਲ ਇੱਕ ਮਿਕ ਹੋਏ ਨਜ਼ਰ ਆਉਂਦੇ ਹਨ।
ਕਹਾਣੀ ਵਿਚ ਨਰੈਣੇ ਦਾ ਕਿਰਦਾਰ ਵੀ ਮਹੱਤਵਪੂਰਨ ਅਤੇ ਨਿਵੇਕਲਾ ਹੈ। ਇਹ ਕਿਰਦਾਰ ਕਿਸੇ ਸਮੇਂ ਦੇ ਪ੍ਰਸਿੱਧ ਗਾਇਕ ਸਰਬਜੀਤ ਚੀਮਾ ਨੇ ਨਿਭਾਇਆ ਹੈ। ਜੋ ਆਜ਼ਜ਼ੀ ਅਤੇ ਮਜਬੂਰੀ ਅਜਿਹੇ ਕਿਰਦਾਰ ਦੇ ਚਿਹਰੇ ‘ਤੇ ਨਜ਼ਰ ਆਉਣੀ ਚਾਹੀਦੀ ਹੈ, ਉਹ ਨਜ਼ਰ ਆਉਂਦੀ ਹੈ। ਉਹਨੇ ਉਮੀਦ ਤੋਂ ਵਧੀਆ ਕਾਰਕਰਦਗੀ ਦਿਖਾਈ ਹੈ ਪਰ ਇਹ ਕਿਰਦਾਰ ਬੜਾ ਅਹਿਮ ਤੇ ਵੱਖਰਾ ਸੀ; ਜੇ ਕਿਸੇ ਨਵੇਂ ਚਿਹਰੇ ਤੋਂ ਵੀ ਕਰਵਾ ਲਿਆ ਜਾਂਦਾ ਤਾਂ ਵੀ ਠੀਕ ਰਹਿੰਦਾ; ਵੈਸੇ ਵੀ ਗਾਇਕਾਂ ਦੀ ਅਭਿਨੇਤਾ ਦੇ ਤੌਰ ‘ਤੇ ਆਪਣੀਆਂ ਸੀਮਾਵਾਂ ਹੁੰਦੀਆਂ। ਇਨ੍ਹਾਂ ਦੀ ਇੱਕ ਪਛਾਣ ਪਹਿਲਾਂ ਹੀ ਬਣੀ ਹੁੰਦੀ ਹੈ।
ਨਿਰਦੇਸ਼ਕ ਅਮਿਤੋਜ ਮਾਨ ਨੂੰ ਦਰਸ਼ਕਾਂ ਦੀ ਇਸ ਜਗਿਆਸਾ ਬਾਰੇ ਭਲੀਭਾਂਤ ਜਾਣਕਾਰੀ ਸੀ ਕਿ ਉਹ ਫਿਲਮ ਵਿਚ ਪੁਰਾਤਨ ਪੰਜਾਬ ਵੀ ਦੇਖਣਾ ਚਾਹੁਣਗੇ। ‘ਮੌੜ’ ਵੇਲੇ ਪੁਰਾਤਨ ਪੰਜਾਬ ਦੀ ਝਲਕ ਦੀ ਬਹੁਤ ਚਰਚਾ ਰਹੀ ਸੀ। ਸੁੱਚਾ ਸਿੰਘ ਦੇ ਭਰਾ ਨਰੈਣੇ ਦਾ ਵਿਆਹ ਫਿਲਮਾਉਂਦਿਆਂ ਨਿਰਦੇਸ਼ਕ ਪੁਰਾਣੀਆਂ ਰਸਮਾਂ, ਪਹਿਰਾਵੇ, ਗਹਿਣੇ, ਕੱਚੇ ਘਰ, ਆਲੇ, ਦੀਵੇ ਆਦਿ ਕੈਮਰੇ ਚ ਤਰਤੀਬ ਨਾਲ ਕੈਦ ਕਰਨ ਵਿਚ ਸਫਲ ਹੈ। ਮਾਲਵੇ ਵਿਚ ਰੇਤ ਦੇ ਟਿੱਬਿਆਂ ਦਾ ਪਸਾਰਾ ਸੀ, ਇਨ੍ਹਾਂ ਨੂੰ ਰੋਹੀਆਂ ਵੀ ਕਹਿ ਦਿੰਦੇ ਹਨ… ਕੱਚੀਆਂ ਗਲੀਆਂ, ਕੋਠੇ, ਨਰਮੇ ਦੀਆਂ ਛਟੀਆਂ ਆਦਿ ਸਕਰੀਨ ‘ਤੇ ਦੇਖਣਾ ਚੰਗਾ ਲਗਦਾ ਹੈ। ਇਹ ਅਲਹਿਦਾ ਗੱਲ ਹੈ ਕਿ ਮੈਨੂੰ ‘ਸੁੱਚਾ ਸੂਰਮਾ’ ਨਾਲੋਂ ‘ਮੌੜ’ ਵਿਚ ਫਿਲਮਾਇਆ ਪੁਰਾਤਨ ਪੰਜਾਬ ਜ਼ਿਆਦਾ ਵਧੀਆ ਮਹਿਸੂਸ ਹੁੰਦਾ ਹੈ।
ਬੋਲੀ ਪੱਖੋਂ ਹੋਰ ਮਿਹਨਤ ਕੀਤੀ ਜਾ ਸਕਦੀ ਸੀ। ਮੁੱਖ ਕਿਰਦਾਰ ਸਮੇਤ ਕਈ ਕਿਰਦਾਰਾਂ ਦੇ ਲਹਿਜੇ ‘ਚੋਂ ਓਨ੍ਹਾਂ ਦੇ ਇਲਾਕਈ ਉਚਾਰਨ ਦਾ ਭਾਵ ਮਹਿਸੂਸ ਹੁੰਦਾ ਹੈ, ਭਾਵੇਂ ਇਹ ਗੱਲਾਂ ਧਿਆਨ ਦੇਣ ਅਤੇ ਅਜਿਹੀਆਂ ਬਰੀਕੀਆਂ ਨੂੰ ਸਮਝਣ ਵਾਲੇ ਲੋਕ ਹੀ ਸਮਝ ਸਕਣਗੇ।
ਤਕਨੀਕ ਦਾ ਵੀ ਪ੍ਰਯੋਗ ਕੀਤਾ ਗਿਆ ਹੈ ਪਰ ਇਹ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਪ੍ਰਤੀਤ ਹੁੰਦੀ। ਘੁੱਕਰ ਦੇ ਢੱਠੇ ਨਾਲ ਦਿਖਾਏ ਭੇੜ ਵਿਚ ਜਲਦੀ ਹੀ ਪਤਾ ਲੱਗ ਜਾਂਦਾ ਹੈ ਕਿ ਢੱਠਾ ਤਕਨੀਕੀ ਤੌਰ ‘ਤੇ ਬਣਿਆ ਹੋਇਆ ਹੈ। ਫਿਲਮ ਵਿਚ ਪਿੱਠਵਰਤੀ ਸੰਗੀਤ ਦ੍ਰਿਸ਼ਾਂ ਅਨੁਸਾਰ ਢੁੱਕਵਾਂ ਅਤੇ ਪ੍ਰਭਾਵ ਜਗਾਉਣ ਵਾਲਾ ਹੈ, ਭਾਵੇਂ ਫਿਲਮ ਦਾ ਸੰਗੀਤ ਪੱਖ ਇੰਨਾ ਪ੍ਰਭਾਵਸ਼ਾਲੀ ਨਹੀਂ। ਕੋਈ ਅਜਿਹਾ ਗਾਣਾ ਨਹੀਂ ਸੁਣਨ ਨੂੰ ਮਿਲਦਾ ਜੋ ਚੇਤਿਆਂ ਵਿਚ ਰਹਿ ਜਾਵੇ।
‘ਸੁੱਚਾ ਸੂਰਮਾ’ ਦੀ ਪ੍ਰੇਮ ਕਹਾਣੀ ਰਾਹੀਂ ਕਿਉਂਕਿ ਪੁਰਾਤਨ ਪੰਜਾਬ ਵੀ ਦੇਖਣ ਨੂੰ ਮਿਲਦਾ ਹੈ, ਇਸ ਲਈ ਜ਼ਿਆਦਾ ਚੁਭਦੀ ਨਹੀਂ ਪਰ ਫਿਲਮ ਦੀ ਮੁੱਖ ਕਹਾਣੀ ਨਾਲ ਇਸ ਪ੍ਰੇਮ ਕਹਾਣੀ ਦਾ ਤਾਲਮੇਲ ਠੀਕ ਤਰ੍ਹਾਂ ਬੈਠਦਾ ਵੀ ਪ੍ਰਤੀਤ ਨਹੀਂ ਹੁੰਦਾ। ਇਸ ਨੂੰ ਹੋਰ ਸੰਖੇਪ ਕੀਤਾ ਜਾ ਸਕਦਾ ਤਾਂ ਸ਼ਾਇਦ ਬਿਹਤਰ ਹੁੰਦਾ।
‘ਸੁੱਚਾ ਸੂਰਮਾ’ ਜਤਿੰਦਰ ਮੌਹਰ ਨਿਰਦੇਸ਼ਤ ਫਿਲਮ ‘ਮੌੜ’ ਤੋਂ ਬਾਅਦ ਵਿਰਸੇ ਨਾਲ ਜੁੜੀ ਦੂਜੀ ਮਹੱਤਵਪੂਰਨ ਫਿਲਮ ਹੈ ਜੋ ਨਿਰਾਸ਼ ਨਹੀਂ ਕਰਦੀ। ਮੇਰੇ ਵਰਗੇ ਆਲੋਚਕ ਅਕਸਰ ਪੰਜਾਬੀ ਮਨੋਰੰਜਕ ਫਿਲਮਾਂ ਨੂੰ ਸ਼ਿਆਮ ਬੈਨੇਗਲ ਦੀ ਕਿਸੇ ਫਿਲਮ ਨਾਲ ਤੋਲਣ ‘ਚ ਮਸਰੂਫ਼ ਹੋ ਜਾਂਦੇ ਹਨ। ਇਹ ਸ਼ਾਇਦ ਪੰਜਾਬੀ ਸਿਨੇਮਾ ਨਾਲ ਨਿਆਂ ਨਹੀਂ ਹੋਵੇਗਾ। ਪੰਜਾਬੀ ਸਿਨੇਮਾ ਮੁੜ ਉਭਰਨ ਦੇ ਪਹਿਲੇ ਦੌਰ ਵਿਚ ਹੈ। ਕੁਝ ਚੰਗਾ ਹੋ ਵੀ ਰਿਹਾ ਹੈ। ਖੁਸ਼ਆਮਦੀਦ ਕਹਿਣਾ ਬਣਦਾ ਹੈ।
ਖੈਰ! ਰਾਹਤ ਵਾਲੀ ਗੱਲ ਇਹ ਹੈ ਕਿ ਪੰਜਾਬੀ ਸਿਨੇਮਾ ਵਿਚ ਹੁਣ ‘ਕੁਝ ਵੀ’ ਪਰੋਸਣ ਦਾ ਸਮਾਂ ਸ਼ਾਇਦ ਖਤਮ ਹੋਣ ਵੱਲ ਹੈ। ਕੁਝ ਪ੍ਰਤਿਭਾਸ਼ਾਲੀ ਲੋਕ ਸਿਨੇਮਾ ਕਲਾ ਵਿਚ ਡੂੰਘੀਆਂ ਪੈੜਾਂ ਪਾਉਣ ਲਈ ਤਤਪਰ ਹਨ। ਪੰਜਾਬੀ ਦਰਸ਼ਕਾਂ ਨੇ ਵੀ ਚੰਗੀਆਂ ਫਿਲਮਾਂ ਨੂੰ ਹੁੰਗਾਰਾ ਦਿੱਤਾ ਹੈ। ਆਉਣ ਵਾਲੇ ਸਮੇਂ ਵਿਚ ਬਿਹਤਰੀਨ ਫਿਲਮਾਂ ਦਾ ਇੰਤਜ਼ਾਰ ਰਹੇਗਾ।