ਹਰ ਵੇਲੇ ਹੀ ਸਿੱਖਦੇ ਰਹੋ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਮਨੁੱਖ ਸਾਰੀ ਉਮਰ ਹੀ ਸਿੱਖਦਾ। ਬਹੁਤ ਕੁਝ ਅਚੇਤ ਰੂਪ ਤੇ ਕਦੇ ਸੁਚੇਤ ਰੂਪ ‘ਚ। ਕਦੇ ਦੇਖ, ਕਦੇ ਸੁਣ, ਕਦੇ ਪੜ੍ਹ। ਕਦੇ ਗੀਤ ਵਿਚੋਂ ਤੇ ਕਦੇ ਸੰਗੀਤ ‘ਚੋਂ। ਕਦੇ ਕਥਾ-ਕਹਾਣੀਆਂ ‘ਚੋਂ, ਕਦੇ ਕਿਤਾਬਾਂ ‘ਚੋਂ ਤੇ ਕਦੇ ਕਿਸੇ ਵਿਅਕਤੀ ਕੋਲੋਂ। ਕਦੇ ਕਿਸੇ ਦੇ ਸਾਥ ‘ਚ ਤੇ ਕਦੇ ਇਕੱਲਤਾ ਵਿਚ। ਖਦੇ ਖ਼ੁਦ ਨਾਲ ਵਾਰਤਾਲਾਪ ਕਰਦਿਆਂ ਅਤੇ ਕਦੇ ਆਪਣੇ ਆਪ ਤੋਂ ਦੂਰ ਹੁੰਦਿਆਂ।

ਸਿੱਖਣਾ, ਮਨੁੱਖੀ ਦਸਤੂਰ। ਸ਼ਖ਼ਸੀਅਤ ਉਸਾਰੀ ਦਾ ਸਬੱਬ। ਸਰਬਮੁਖੀ ਵਿਕਾਸ ਦਾ ਅਧਾਰ। ਆਪਣੀਆਂ ਕਮੀਆਂ ਅਤੇ ਔਗੁਣਾਂ ਨੂੰ ਦੂਰ ਕਰ ਕੇ ਖ਼ੁਦ ਨੂੰ ਸਰਗੁਣ ਸੰਪੂਰਨ ਕਰਨ ਦਾ ਉੱਦਮ। ਇਸ ਉੱਦਮਕਾਰੀ ਕਰਕੇ ਹੀ ਮਨੁੱਖੀ ਸ਼ਖ਼ਸੀਅਤ ਵਿਚ ਨਿਖਾਰ ਆਉਂਦਾ।
ਪਰ ਅਸੀਂ ਕੀ ਸਿੱਖਣਾ ਅਤੇ ਕਿਉਂ ਸਿੱਖਣਾ, ਇਹ ਸਭ ਕੁਝ ਮਨੁੱਖੀ ਫ਼ਿਤਰਤ ‘ਤੇ ਨਿਰਭਰ। ਕੀ ਅਸੀਂ ਚੰਗਿਆਈ ਵਿਚੋਂ ਬੁਰਿਆਈ ਲੱਭਦੇ ਜਾਂ ਬੁਰਿਆਈ ‘ਚੋਂ ਚੰਗਿਆਈ ਦੀ ਭਾਲ ਕਰਦੇ। ਕੀ ਅਸੀਂ ਅੱਧਾ ਗਲਾਸ ਭਰਿਆ ਕਹਿਣ ਦੇ ਆਦੀ ਜਾਂ ਅੱਧਾ ਖ਼ਾਲੀ ਕਹਿਣ ਵਾਲੇ? ਕੀ ਅਸੀਂ ਹਨੇਰੇ ਦੇ ਹਾਮੀ ਜਾਂ ਚਾਨਣ ਦੇ ਆਸਵੰਦ?
ਸਿੱਖਣ ਦਾ ਇਕ ਹੋਰ ਰੰਗ ਹੁੰਦਾ ਕਿ ਅਸੀਂ ਸਿੱਖਿਆ ਯਾਦ ਵੀ ਰੱਖਦੇ? ਇਸ ‘ਤੇ ਅਮਲ ਵੀ ਕਰਦੇ ਜਾਂ ਸਿੱਖੇ ਹੋਏ ਨੂੰ ਵਿਸਾਰਨ ਦੀ ਆਦਤ? ਕੀ ਸਾਡੀ ਜੀਵਨ-ਸ਼ੈਲੀ ਵਿਚ ਅਮਲ ਵੀ ਕਰਦੇ? ਸਾਡੀ ਕਹਿਣੀ ਅਤੇ ਕਥਨੀ ਵਿਚ ਕਿੰਨਾ ਕੁ ਅੰਤਰ?
ਸਿੱਖਣ ਵਾਲੇ ਹਰ ਪਲ ਹੀ ਕੁਝ ਨਾ ਕੁਝ ਸਿੱਖਦੇ। ਉਹ ਹਰ ਕਿਰਿਆ ਦ੍ਰਿਸ਼, ਗਤੀਵਿਧੀ, ਕਾਰਜ, ਸੰਗਤ ਜਾਂ ਵਰਤਾਰੇ ਵਿਚੋਂ ਬਹੁਤ ਕੁਝ ਸਿੱਖਦੇ। ਉਨ੍ਹਾਂ ਵਿਚ ਸਿੱਖਣ ਲਈ ਕਿਸੇ ਵੀ ਵਰਤਾਰੇ ਜਾਂ ਪ੍ਰਤੀਕਿਰਿਆ ਦੀਆਂ ਵਿਭਿੰਨ ਪਰਤਾਂ ਫਰੋਲਣ ਦੀ ਆਦਤ। ਇਨ੍ਹਾਂ ਨੂੰ ਮਨੁੱਖੀ ਸਰੋਕਾਰਾਂ ਨਾਲ ਜੋੜਨ ਦੀ ਬਿਰਤੀ। ਤਾਂ ਹੀ ਅਜੇਹੇ ਲੋਕ ਮਿਕਨਾਤੀਸੀ ਵਿਅਕਤੀਤਵ ਦੇ ਮਾਲਕ ਹੁੰਦੇ। ਚਾਲ, ਢਾਲ, ਕਿਰਦਾਰ, ਗੁਫ਼ਤਾਰ ਅਤੇ ਅਚਾਰ ਵਿਚੋਂ ਜਿੱਥੇ ਬਹੁਤ ਕੁਝ ਸਿੱਖਦੇ ਅਤੇ ਸਮਾਜ ਦੀ ਝੋਲੀ ਵਿਚ ਵੀ ਪਾਉਂਦੇ। ਸਮਾਜ ਵਿਚ ਵਿਚਰਦਿਆਂ ਤੁਸੀਂ ਕਦੇ ਵੀ ਅਲੇਪ ਨਹੀਂ ਰਹਿ ਸਕਦੇ। ਤੁਸੀਂ ਕੁਝ ਦਿੰਦੇ ਵੀ ਹੋ ਅਤੇ ਲੈਂਦੇ ਵੀ।
ਕਦੇ ਬਰਫ਼ਬਾਰੀ ਦੌਰਾਨ ਕਿਸੇ ਬਿਨ-ਪੱਤਰੇ ਬਿਰਖ ਨੂੰ ਦੇਖਣਾ ਕਿ ਕਿਵੇਂ ਉਹ ਯਖ਼ ਮੌਸਮ ਵਿਚ ਆਪਣੀ ਅੰਦਰਲੀ ਅੱਗ ਨਾਲ ਖ਼ੁਦ ਨੂੰ ਜਿਊਂਦਾ ਰੱਖਦਾ। ਇਹੀ ਜਿਊਣਾ ਬਹਾਰ ਆਉਣ ‘ਤੇ ਨਵੀਂ ਰੁੱਤ ਦੇ ਪੈਗ਼ਾਮ ਬਣ, ਉਸ ਦੇ ਪਿੰਡੇ ਦਾ ਹਰਿਆਵਲਾ ਲਿਬਾਸ ਬਣਦਾ। ਆਪਣੇ ਫਲਾਂ ਅਤੇ ਫੁੱਲਾਂ ਰਾਹੀਂ ਚਮਨ ਨੂੰ ਸੁੰਦਰਤਾ ਬਖ਼ਸ਼ਦਾ ਅਤੇ ਮਹਿਕਾਉਂਦਾ। ਮਨੁੱਖ ਨੂੰ ਸਿਖਾਉਂਦਾ ਕਿ ਔਕੜਾਂ ਸਾਹਵੇਂ ਡਟਣ ਵਾਲੇ ਹੀ ਬਦਲੇ ਮੌਸਮਾਂ ਵਿਚ ਪ੍ਰਾਪਤੀਆਂ ਦਾ ਸਿਰਨਾਵਾਂ ਬਣਦੇ। ਯਾਦ ਰਹੇ ਕਿ ਹਾਲਤਾਂ ਨੇ ਬਦਲਣਾ ਜ਼ਰੂਰ ਹੁੰਦਾ ਅਤੇ ਇਸ ਨੇ ਤੁਹਾਡੀ ਝੋਲੀ ਵਿਚ ਖ਼ੁਸ਼ੀਆਂ ਪਾਉਣੀਆਂ ਹੁੰਦੀਆਂ। ਬਿਰਖ ਵਰਗੇ ਲੋਕ ਹੀ ਜੀਵਨ ਦੇ ਸ਼ਾਹ-ਅਸਵਾਰ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ, ਸਮਾਜ ਦਾ ਹਾਸਲ।
ਬਿਰਖ ਨੂੰ ਛੂਹ ਕੇ ਪੱਤਿਆਂ ਵਿਚ ਸੰਗੀਤ ਪੈਦਾ ਕਰਦੀ ਪੌਣ ਦਾ ਅੰਦਾਜ਼ ਕਮਾਲ ਦਾ। ਰੁਮਕਦੀ ਪੌਣ ਜਿਹੇ ਵਰਤਾਰਿਆਂ ਵਿਚੋਂ ਹੀ ਮਨੁੱਖਵਾਦੀ ਚੇਤਨਾ ਪੈਦਾ ਹੁੰਦੀ। ਅਜੇਹੇ ਲੋਕ ਜੀਵਨ-ਦਾਨੀ ਬਣ ਕੇ ਲੋਕਾਂ ਦੀ ਜ਼ਿੰਦਗੀ ਵਿਚ ਰੰਗਤਾ ਪੈਦਾ ਕਰਦੇ। ਖ਼ੁਸ਼ੀਆਂ ਅਤੇ ਖੇੜਿਆਂ ਸੰਗ ਵਰਸੋਂਦੇ।
ਹਵਾ ਹੀ ਹੁੰਦੀ ਜੋ ਸਾਡੇ ਸੁਗਮ ਸੁਨੇਹੇ ਇਕ ਥਾਂ ਤੋਂ ਦੂਸਰੀ ਥਾਂ ‘ਤੇ ਪਹੁੰਚਾਉਂਦੀ। ਸਾਨੂੰ ਸਾਡੇ ਪਿਆਰਿਆਂ ਦੀ ਸ਼ੁੱਭ-ਚੇਤਨਾ ਦਾ ਅਚੇਤ ਸੁਨੇਹਾ, ਸਾਡੀ ਜ਼ਿੰਦਗੀ ਦੇ ਨਾਮ ਲਾਉਂਦੀ। ਹਵਾ ਵਗਦੀ ਤਾਂ ਜੀਵਨ ਧੜਕਦਾ। ਹੁੱਸੜੀ ਹਵਾ, ਸਾਹਾਂ ਦਾ ਖ਼ੌਅ। ਜਦ ਹਵਾ ਬੰਦ ਹੋ ਜਾਵੇ ਤਾਂ ਕੁਝ ਅਣਕਿਆਸਿਆ ਮਾਰੂ ਤੂਫ਼ਾਨ ਜਿਹਾ ਵਾਪਰਦਾ। ਹਵਾ ਦੀ ਰਵਾਨਗੀ ਵਰਗੇ ਸ਼ਖਸੀ ਬਿੰਬ ਲਈ ਜ਼ਰੂਰੀ ਹੈ ਕਿ ਅਸੀਂ ਹਵਾ ਦੇ ਕਦਰਦਾਨੀ ਬਣੀਏ ਜੋ ਜੀਵਨ ਬਖ਼ਸ਼ ਕੇ ਕਦੇ ਗੁਮਾਨ ਨਹੀਂ ਕਰਦੀ।
ਕਦੇ ਵਗਦੇ ਦਰਿਆ ਨੂੰ ਧਿਆਨ ਨਾਲ ਦੇਖਣਾ। ਇਸ ਦੀਆਂ ਲਹਿਰਾਂ ਅਤੇ ਦੋਹਾਂ ਕੰਢਿਆਂ ਦਰਮਿਆਨ ਇਸ ਦੀ ਤੋਰ ਨੂੰ ਨਿਹਾਰਨ ‘ਤੇ ਮਨੁੱਖ ਨੂੰ ਸਮਝ ਆਉਂਦੀ ਕਿ ਜੀਵਨ ਵਿਚ ਨਿਰੰਤਰਤਾ, ਕਿਸੇ ਦੀ ਝੋਲੀ ਵਿਚ ਸੁਗਾਤਾਂ ਪਾਉਣ ਦੀ ਤਮੰਨਾ ਅਤੇ ਇਕ ਡਸਿਪਲਿਨ ਵਿਚ ਰਹਿਣ ਦਾ ਸੁਭਾਅ ਹੋਵੇ ਤਾਂ ਉਹ ਆਪਣੀ ਮੰਜ਼ਲ ਪ੍ਰਾਪਤ ਕਰ ਹੀ ਲੈਂਦਾ। ਤਾਂ ਹੀ ਦਰਿਆ ਆਪਣੇ ਆਲ਼ੇ-ਦੁਆਲੇ ਖ਼ੁਸ਼ਹਾਲੀ ਵੰਡਦਾ, ਆਪਣੀ ਚਾਲ ਜਾਰੀ ਰੱਖਦਾ।
ਮੈਦਾਨਾਂ ਨੂੰ ਫ਼ਸਲਾਂ ਦਾ ਵਰਦਾਨ ਦਿੰਦਾ, ਆਖ਼ਰ ਨੂੰ ਸਮੁੰਦਰ ਵਿਚ ਸਮਾ ਆਪਣੀ ਯਾਤਰਾ ਸਫਲਾ ਕਰ ਜਾਂਦਾ। ਦਰਿਆ ਵਾਂਗ ਵਗਦੇ ਰਹਿਣਾ ਜ਼ਰੂਰੀ ਕਿਉਂਕਿ ਖੜ੍ਹੇ ਪਾਣੀ ਸੜ੍ਹਾਂਦ ਮਾਰਨ ਲੱਗਦੇ। ਇਸ ਲਈ ਸਦੇਹਾਂ ਹੈ ਕਿ ਅਸੀਂ ਜੀਵਨ ਦੇ ਹਰ ਪੜਾਅ ‘ਤੇ ਨਿਰੰਤਰਤਾ ਬਰਕਰਾਰ ਰੱਖੀਏ।
ਨਵੇਂ ਸੁਪਨੇ ਲਈਏ, ਨਵੀਆਂ ਪ੍ਰਾਪਤੀਆਂ ਦਾ ਸਿਰਲੇਖ ਬਣੀਏ। ਨਵੇਂ ਦਿਸਹੱਦਿਆਂ ਦੀ ਪ੍ਰਾਪਤੀ ਨਾਲ ਆਪਣੇ ਜੀਵਨ ਸਫ਼ਰ ਨੂੰ ਪੂਰਨ ਕਰੀਏ। ਸੀਮਤ ਅਤੇ ਸੁਰੱਖਿਅਤ ਦਾਇਰੇ ਵਿਚੋਂ ਬਾਹਰ ਨਿਕਲ ਕੇ ਹੀ ਕੋਈ ਵਿਅਕਤੀ ਅਣਛੋਹੇ ਮੁਕਾਮ ਹਾਸਲ ਕਰ ਸਕਦਾ।
ਕਈ ਵਾਰ ਮਨੁੱਖ ਇਕ ਪੜਾਅ ਨੂੰ ਮੁਕੰਮਲ ਸਮਝ ਕੇ ਸਦਾ ਲਈ ਰੁਕ ਜਾਂਦਾ। ਇਸ ਨਾਲ ਹੀ ਖ਼ਤਮ ਹੋ ਜਾਂਦੀ ਕੁਝ ਹੋਰ ਨਵਾਂ ਪ੍ਰਾਪਤ ਕਰਨ ਜਾਂ ਕੁਝ ਨਿਵੇਕਲਾ ਕਰਨ ਦੀ ਚਾਹਨਾਂ। ਇਹ ਦਰਅਸਲ ਕਿਸੇ ਵਿਅਕਤੀ ਦਾ ਆਪਣੀ ਅਸੀਮਤਾ ਨੂੰ ਸੀਮਤ ਕਰਨ ਅਤੇ ਆਪਣੀ ਸਮਰੱਥਾ ਪ੍ਰਤੀ ਨਾ-ਸਮਝੀ ਦਾ ਪ੍ਰਗਟਾਅ। ਮਹਾਨ ਵਿਅਕਤੀ ਕਦੇ ਵੀ ਸਿੱਖਣ ਤੋਂ ਆਨਾਕਾਨੀ ਨਹੀਂ ਕਰਦੇ। ਆਲ਼ੇ ਦੁਆਲੇ ਵਾਪਰ ਰਹੇ ਨਵੇਂ ਵਰਤਾਰਿਆਂ, ਤਕਨੀਕਾਂ ਨੂੰ ਸਮਝਣਾ ਅਤੇ ਯੰਤਰਾਂ ਦੀ ਵਰਤੋਂ ਬਾਰੇ ਜਾਣਨਾ ਹੀ ਉਸ ਨੂੰ ਬਦਲਦੇ ਸਮਾਜ ਦਾ ਹਾਣੀ ਰੱਖਦਾ। ਵਰਨਾ ਮਨੁੱਖ ਬਹੁਤ ਹੀ ਪਛੜ ਜਾਵੇਗਾ।
ਅਸੀਂ ਆਪਣੇ ਬੱਚਿਆਂ, ਵਿਦਿਆਰਥੀਆਂ ਅਤੇ ਸਹਿਕਰਮੀਆਂ ਕੋਲੋਂ ਵੀ ਬਹੁਤ ਕੁਝ ਸਿੱਖਦੇ। ਨੌਜਵਾਨ ਪੀੜ੍ਹੀ ਨਵੀਂ ਸੋਚ ਅਤੇ ਨਵੀਆਂ ਤਰਕੀਬਾਂ ਰਾਹੀਂ ਆਪਣੀ ਤਕਦੀਰ ਦੀ ਸਿਰਜਣਾ ਕਰਦੀ। ਇਹ ਤਕਨੀਕਾਂ ਅਗਰ ਤਾਂ ਸਾਡੇ ਸਮਿਆਂ ਵਿਚ ਨਹੀਂ ਸਨ ਅਤੇ ਜਾਂ ਸਾਨੂੰ ਬਹੁਤ ਘੱਟ ਗਿਆਨ ਸੀ। ਪਰ ਇਹ ਨਵੀਂ ਪੀੜ੍ਹੀ ਸਾਨੂੰ ਇਨ੍ਹਾਂ ਪ੍ਰਤੀ ਜਾਣਕਾਰੀ ਦਿੰਦੀ ਤਾਂ ਅਸੀਂ ਇਨ੍ਹਾਂ ਦੀ ਵਰਤੋਂ ਰਾਹੀ ਖ਼ੁਦ ਨੂੰ ਵਕਤ ਦਾ ਹਾਣੀ ਸਮਝਦੇ।
ਸਿੱਖਣ ਵਾਲੇ ਅਧਿਆਪਕ ਤਾਂ ਆਪਣੇ ਵਿਦਿਆਰਥੀਆਂ ਕੋਲੋਂ ਵੀ ਬਹੁਤ ਕੁਝ ਸਿੱਖਦੇ। ਨਵਾਂ ਲਹਿਜ਼ਾ, ਨਵੀਂ ਅਦਾ, ਨਵੇਂ ਤੌਰ-ਤਰੀਕੇ, ਨਵੀਂ ਪੇਸ਼ਕਾਰੀ। ਨਵੀਂ ਨਸਲ ਦਾ ਆਤਮ-ਵਿਸ਼ਵਾਸ, ਖ਼ੁਦ ‘ਤੇ ਯਕੀਨ ਅਤੇ ਆਪਣੀ ਗੱਲ ਨੂੰ ਆਪਣੇ ਅੰਦਾਜ਼ ਵਿਚ ਕਹਿਣ ਦਾ ਹੁਨਰ। ਇਕ ਅਧਿਆਪਕ ਵਿਦਿਆਰਥੀਆਂ ਲਈ ਰੋਲ ਮਾਡਲ ਅਤੇ ਉਹ ਆਪਣੇ ਅਧਿਆਪਕ ਕੋਲੋਂ ਅਚੇਤ ਅਤੇ ਸੁਚੇਤ ਰੂਪ ਵਿਚ ਬਹੁਤ ਕੁਝ ਅਜੇਹਾ ਸਿੱਖਦੇ ਜਿਹੜਾ ਉਨ੍ਹਾਂ ਨੂੰ ਸਰਬਪੱਖੀ ਪ੍ਰਭਾਵਿਤ ਕਰਦਾ।
ਅਸੀਂ ਆਪਣੇ ਬਜ਼ੁਰਗਾਂ ਵੱਲੋਂ ਸੁਣਾਈਆਂ ਕਹਾਣੀਆਂ, ਉਨ੍ਹਾਂ ਦੇ ਜੀਵਨ-ਬਿਰਤਾਂਤ, ਉਨ੍ਹਾਂ ਵੱਲੋਂ ਜੀਵਨ ਵਿਚ ਦਰਪੇਸ਼ ਸਮੱਸਿਆਵਾਂ ਦਾ ਸਾਹਮਣਾ ਕਰਨ ਦਾ ਵੱਲ ਅਤੇ ਇਸ ਨੂੰ ਪਾਰ ਕਰ ਕੇ ਆਪਣੀ ਜ਼ਿੰਦਗੀ ਨੂੰ ਆਪਣੀਆਂ ਤਰਜੀਹਾਂ ਅਤੇ ਤਮੰਨਾਵਾਂ ਅਨੁਸਾਰ ਢਾਲਣਾ, ਬਹੁਤ ਕੁਝ ਸਾਡੇ ਮਨਾਂ ਵਿਚ ਟਿਕਾ ਜਾਂਦਾ ਜਿਸ ਨਾਲ ਅਸੀਂ ਆਪਣੇ ਭਵਿੱਖ ਨੂੰ ਸੁੰਦਰ ਰੂਪ ਵਿਚ ਸਿਰਜ ਸਕਦੇ। ਬਜ਼ੁਰਗਾਂ ਦਾ ਜੀਵਨ ਇਕ ਖੁੱਲ੍ਹੀ ਕਿਤਾਬ ਅਤੇ ਇਸ ਦਾ ਹਰ ਸਫ਼ਾ ਨਵੀਆਂ ਚੁਣੌਤੀਆਂ, ਸੰਭਾਵਨਾਵਾਂ, ਸੁਪਨਿਆਂ ਅਤੇ ਸਾਰਥਕ ਵਿਚਾਰਾਂ ਦੀ ਵਰਣਮਾਲਾ। ਅਸੀਂ ਇਸ ਨੂੰ ਆਪਣੇ ਜ਼ਿਹਨ ਵਿਚ ਕਿਹੜੇ ਰੂਪ ਵਿਚ ਉਤਾਰਦੇ, ਇਹ ਸਾਡੇ ਜੀਵਨ ਦੀ ਉੱਤਮ ਸਿੱਖਿਆ। ਅਸੀਂ ਵੀ ਤਾਂ ਆਪਣੇ ਜੀਵਨ ਵਿਚ ਅਜੇਹੇ ਹਾਲਤਾਂ ਵਿਚੋਂ ਖ਼ੁਦ ਸਿੱਝਣਾ ਅਤੇ ਸਰ ਕਰਨਾ ਹੁੰਦਾ।
ਕਦੇ ਘਰ ਵਿਚ ਰੱਖੇ ਪਾਲਤੂ ਕੁੱਤੇ ਦੀ ਫ਼ਰਮਾਬਰਦਾਰੀ ਦੇਖਣਾ ਜੋ ਝਿੜਕਣ ‘ਤੇ ਵੀ ਆਪਣੇ ਮਾਲਕ ਦਾ ਦਰ ਕਦੇ ਨਹੀਂ ਛੱਡਦਾ। ਆਪਣੇ ਮਾਲਕ ਦੇਣਹਾਰੇ ਪ੍ਰਤੀ ਸਮਰਪਿਤਾ ਹੁੰਦੀ ਕਿ ਉਹ ਸਦਾ ਵਫ਼ਾਦਾਰ ਬਣਿਆ, ਜਾਨ ‘ਤੇ ਖੇਡ ਕੇ ਪ੍ਰਿਤਪਾਲਕ ਨੂੰ ਕਦੇ ਆਂਚ ਨਹੀਂ ਆਉਣ ਦਿੰਦਾ। ਕੀ ਮਨੁੱਖ ਨੇ ਆਪਣੇ ਮਨ-ਮਸਤਕ ਵਿਚ ਅਜੇਹੀ ਆਂਢ ਪਾਲੀ। ਅਸੀਂ ਤਾਂ ਆਪਣੇ ਮੁਫ਼ਾਦ ਦੀ ਪੂਰਤੀ ਤੋਂ ਬਾਅਦ ਕਿਸੇ ਰਿਸ਼ਤੇ/ਸਬੰਧ ਨੂੰ ਨੈਪਕਿਨ ਵਾਂਗ ਵਰਤ ਕੂੜੇਦਾਨ ਵਿਚ ਸੁੱਟਣ ਲੱਗਿਆਂ ਪਲ ਵੀ ਨਹੀਂ ਲਾਉਂਦੇ।
ਸਭ ਤੋਂ ਵੱਡੇ ਅਤੇ ਅਹਿਮ ਸਬਕ ਸਾਨੂੰ ਸਾਡੀ ਮਾਂ ਦਿੰਦੀ। ਸਾਡੇ ਸੁਪਨੇ, ਸੰਵੇਦਨਾਵਾਂ, ਸਮਝ, ਸੁਹਜਤਾ ਅਤੇ ਸਹਿਜਤਾ ਮਾਂ ਸਾਨੂੰ ਅਚੇਤ ਰੂਪ ਵਿਚ ਦਿੰਦੀ। ਮਾਂ ਵਰਗੀ ਸਿਰੜ-ਸਾਧਨਾ ਅਤੇ ਸਮਰਪਿਤਾ ਕਿਸੇ ਕੋਲ ਨਹੀਂ। ਮਾਂ ਭੁੱਖੀ ਰਹਿ ਕੇ ਆਪਣੇ ਬੱਚਿਆਂ ਲਈ ਰੱਜ ਦਾ ਆਹਰ ਕਰਦੀ। ਕੀ ਅਸੀਂ ਆਪਣੇ ਮਾਂ ਨੂੰ ਉਹੀ ਸੁਖਨ ਕਦੇ ਦੇਣ ਦਾ ਯਤਨ ਕੀਤਾ? ਕੀ ਅਸੀਂ ਮਾਂ ਦੀ ਉਡੀਕ ਪੂਰੀ ਕੀਤੀ? ਕੀ ਮਾਂ ਦੀਆਂ ਦੁਆਵਾਂ ਲੈਣ ਲਈ ਕਦੇ ਉਸ ਬੁੱਢੇ ਘਰ ਨੂੰ ਮਿਲੇ ਹੋ ਜਿੱਥੋਂ ਕੇਰਾਂ ਪੈਰ ਪੁੱਟ ਕੇ ਤੁਸੀਂ ਵਾਪਸ ਮੁੜੇ ਹੀ ਨਹੀਂ? ਤੁਹਾਡੇ ਉੱਚੇ ਰੁਤਬਿਆਂ ਕਾਰਨ ਜਿੱਥੇ ਤੁਹਾਡੇ ਲਈ ਪੁਰਾਣਾ ਘਰ ਬੇਪਛਾਣ ਹੋ ਗਿਆ ਉੱਥੇ ਹੀ ਮਾਂ ਵੀ ਭੁੱਲ ਗਈ ਜਿਹੜੀ ਤੁਹਾਡੀ ਜਨਮ-ਦਾਤੀ, ਸੁਪਨਾ-ਦੇਣਹਾਰੀ ਅਤੇ ਤੁਹਾਡੀਆਂ ਬਲਾਵਾਂ ਉਤਾਰ, ਤੁਹਾਡੀਆਂ ਪ੍ਰਾਪਤੀਆਂ ਲਈ ਪੈੜਾਂ ਦੀ ਸਿਰਜਣਾ ਦਾ ਸਬੱਬ ਬਣਦੀ ਰਹੀ। ਕਦੇ ਮਾਂ ਵਰਗਾ ਬਣਨ ਦੀ ਲੋਚਾ ਮਨ ਵਿਚ ਜ਼ਰੂਰ ਪੈਦਾ ਕਰਨੀ ਕਿਉਂਕਿ ਮਾਂ ਬਹੁਤ ਕੁਝ ਸਾਡੀ ਸੋਚ ਧਰਾਤਲ ਵਿਚ ਅਛੋਪਲ਼ੇ ਜਿਹੇ ਹੀ ਧਰ ਜਾਂਦੀ। ਪਰ ਅਸੀਂ ਕੇਹੇ ਅਕ੍ਰਿਤਘਣ ਕਿ ਮਾਂ ਦੇ ਨਾਲ-ਨਾਲ, ਆਪਣਾ ਮੂਲ ਵੀ ਭੁੱਲ ਜਾਂਦੇ।
ਮਿੱਤਰਤਾ ਦੀ ਪ੍ਰਤੀਬੱਧਤਾ, ਯਾਰੀ ਨਿਭਾਉਣ ਦੀ ਰੀਤ ਅਤੇ ਯਾਰ ਦੀ ਯਾਰੀ ਦਾ ਮੁੱਲ ਪਾਉਣ ਵਾਲੇ ਮਿੱਤਰ ਕੋਲੋਂ ਅਸੀਂ ਬਹੁਤ ਕੁਝ ਅਜੇਹਾ ਸਿੱਖਦੇ ਜਿਹੜਾ ਸਾਨੂੰ ਸਾਡੇ ਪਰਿਵਾਰ ਵਿਚੋਂ ਨਹੀਂ ਮਿਲਦਾ। ਕਈ ਵਾਰ ਤੁਹਾਡਾ ਕਰੀਬੀ ਮਿੱਤਰ, ਰਿਸ਼ਤੇਦਾਰਾਂ ਨਾਲੋਂ ਵੀ ਜ਼ਿਆਦਾ ਨੇੜੇ ਹੁੰਦਾ ਜਿਸ ਨਾਲ ਤੁਸੀਂ ਜ਼ਿੰਦਗੀ ਦੇ ਹਰ ਰਾਜ਼ ਨੂੰ ਸਾਂਝਾ ਕਰਦੇ ਜੋ ਕਈ ਵਾਰ ਆਪਣਿਆਂ ਨਾਲ ਵੀ ਸਾਂਝਾ ਨਹੀਂ ਕਰਦੇ। ਰਾਜ਼ਦਾਰੀ ਰੱਖਣ ਦਾ ਵੱਲ, ਪਿਆਰੇ ਮਿੱਤਰ ਦੀ ਮਿਲੀ ਹੋਈ ਦੀਖਿਆ ਜਿਸ ਨੇ ਸਾਡੀ ਸੋਚ ਨੂੰ ਸਾਡੇ ਦੋਸਤ ਦਾ ਹਾਣੀ ਬਣਾਉਣਾ ਅਤੇ ਇਸ ਸਾਂਝ ਨੂੰ ਤਾਅ ਉਮਰ ਨਿਭਾਉਣਾ ਹੁੰਦਾ। ਐਵੇਂ ਤਾਂ ਨਹੀਂ ਕਹਿੰਦੇ ਕਿ ਯਾਰਾਂ ਨਾਲ ਬਹਾਰਾਂ। ਜੀਵਨ ਜਸ਼ਨ ਨਾਲ ਦਿਲਦਾਰਾਂ। ਸੱਜਣਾਂ ਨਾਲ ਟੁੱਣਕਣ ਦਿਲ ਦੀਆਂ ਤਾਰਾਂ ਜੋ ਬਣਦੀਆਂ ਜੀਵਨ-ਗੁਲਜ਼ਾਰਾਂ। ਸੱਜਣ ਮਿਲੇ ਤਾਂ ਰੱਬ ਮਿਲਦਾ, ਖ਼ੁਦ ਨੂੰ ਮਿਲਣ ਦਾ ਸਬੱਬ ਮਿਲਦਾ ਅਤੇ ਖ਼ੁਦ ਤੋਂ ਖ਼ੁਦ ਤੀਕ ਜਾਣ ਦਾ ਅਹਿਮ ਕਰਤਬ ਮਿਲਦਾ।
ਹਰੇਕ ਵਿਅਕਤੀ ਨੂੰ ਸੁਣੋ। ਉਸ ਕੋਲੋਂ ਕੁਝ ਨਾ ਕੁਝ ਸਿੱਖੋ ਕਿਉਂਕਿ ਕੋਈ ਵੀ ਵਿਅਕਤੀ ਸਭ ਕੁਝ ਨਹੀਂ ਜਾਣਦਾ ਹੁੰਦਾ ਪਰ ਉਹ ਕੁਝ ਨਾ ਕੁਝ ਤਾਂ ਜ਼ਰੂਰ ਜਾਣਦਾ ਹੁੰਦਾ। ਸਭ ਤੋਂ ਅਹਿਮ ਹੁੰਦਾ ਕਿ ਉਸ ਵਿਅਕਤੀ ਦੀ ਨੇੜਤਾ ਮਾਣੋ ਜੋ ਸੁਪਨੇ ਦੇਣ, ਅੱਗੇ ਵਧਣ ਲਈ ਪ੍ਰੇਰਤ ਕਰਨ, ਨਵਾਂ ਸਿਰਜਣ ਲਈ ਉਤਸ਼ਾਹਿਤ ਕਰਨ ਅਤੇ ਨਵੀਆਂ ਮੰਜ਼ਲਾਂ ਦੇ ਸਿਰਨਾਵਿਆਂ ਦੀ ਦੱਸ ਪਾਉਣ। ਬਿਨ-ਸਿਰਨਾਵਿਉਂ ਕਿਸੇ ਵੀ ਮੰਜ਼ਲ ਦੀ ਪ੍ਰਾਪਤੀ ਅਸੰਭਵ।
ਯਾਦ ਰਹੇ ਕਿ ਖ਼ੁਦ ਗ਼ਲਤੀਆਂ ਕਰ ਕੇ ਸਿੱਖਣਾ ਬਹੁਤ ਮਹਿੰਗਾ। ਸੋ ਜ਼ਰੂਰਤ ਹੈ ਕਿ ਕਿਸੇ ਦੀ ਗ਼ਲਤੀਆਂ ਤੋਂ ਸਿੱਖ ਕੇ, ਉਨ੍ਹਾਂ ਗ਼ਲਤੀਆਂ ਨੂੰ ਕਰਨ ਤੋਂ ਦੂਰ ਰਹਾਂਗੇ ਤਾਂ ਸਾਨੂੰ ਆਪਣੀ ਮੰਜ਼ਲ ਬਹੁਤ ਨੇੜੇ ਨਜ਼ਰ ਆਵੇਗੀ।
ਹਰ ਵਿਅਕਤੀ ਦੀ ਸੋਚ, ਰੂਹ ਅਤੇ ਭਾਵਨਾ ਵੱਖੋ-ਵੱਖਰੀ। ਜੇ ਤੁਹਾਡੇ ਮਨ ਵਿਚ ਹਰੇਕ ਕੋਲੋਂ ਕੁਝ ਸਿੱਖਣ ਦੀ ਭਾਵਨਾ ਹੋਵੇਗੀ ਤਾਂ ਤੁਸੀਂ ਆਪਣੇ ਹਿੱਸੇ ਦਾ ਕੁਝ ਵਧੀਆ ਜ਼ਰੂਰ ਗ੍ਰਹਿਣ ਕਰੋਗੇ। ਹਰੇਕ ‘ਤੇ ਐਵੇਂ ਸ਼ੱਕ ਨਾ ਕਰਿਆ ਕਰੋ। ਪਰ ਸੁਚੇਤ ਜ਼ਰੂਰ ਰਿਹਾ ਕਰੋ ਕਿਉਂਕਿ ਤੁਸੀਂ ਕੀ ਸਿੱਖ ਰਹੇ ਹੋ, ਇਹ ਤਾਂ ਤੁਸੀਂ ਹੀ ਨਿਸ਼ਚਿਤ ਕਰਨਾ।
ਅਸੀਂ ਸਿੱਖਦੇ ਹਾਂ ਧਾਰਮਿਕ ਗ੍ਰੰਥਾਂ ‘ਚੋਂ, ਸੱਚੇ ਸੰਤਾਂ ਦੀ ਸੰਗਤ ਵਿਚੋਂ, ਮਹਾਂ-ਪੁਰਖਾਂ ਦੇ ਪ੍ਰਵਚਨਾਂ ਵਿਚੋਂ ਅਤੇ ਉਨ੍ਹਾਂ ਦੀ ਕਰਮ ਸ਼ੈਲੀ ਵਿਚੋਂ ਕਿਉਂਕਿ ਕਰਮਯੋਗੀਆਂ ਦੀ ਕਰਮ ਯੋਗਤਾ ਬਹੁਤ ਕੁਝ ਅਜੇਹਾ ਸਾਡੀ ਸੰਵੇਦਨਾ ਦੇ ਨਾਮ ਲਾ ਜਾਂਦੀ ਜਿਸ ਦੀ ਸ਼ੁਕਰਗੁਜ਼ਾਰੀ ਨਾਲ ਸਮੇਂ ਦੀ ਸਿੱਤਮਜ਼ਰੀਫੀ ਜਰਦਿਆਂ ਵੀ, ਧੰਨਭਾਗਤਾ ਦੇ ਆਦੀ ਹੋ ਜਾਂਦਾ। ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਦੇ ਰੁਤਬੇ ਦਾ ਮਤਲਬ ਕਿ ਇਸ ਵਿਚ ਸਮੋਈ ਸਮਝ ਅਤੇ ਸੰਵੇਦਨਾ ਨੂੰ ਜੀਵਨੀ ਅੰਦਾਜ਼ ਦਾ ਹਿੱਸਾ ਬਣਾਓ। ਸਿਰਫ਼ ਪੜ੍ਹਨ ਨਾਲ ਕੁਝ ਨਹੀਂ ਸੰਵਾਰਦਾ। ਲੋੜ ਹੈ ਕਿ ਸ਼ਬਦ-ਗੁਰੂ ਅਨੁਸਾਰ ਜੀਵਨ ਨਿਰਧਾਰਿਤ ਕਰੀਏ ਅਤੇ ਸਮਾਜ ਲਈ ਇਕ ਵਧੀਆ ਉਦਾਹਰਨ ਬਣ ਕੇ ਨਵੇਂ ਸਮਾਜ ਦੀ ਸਿਰਜਣਾ ਕਰੀਏ।
ਅਸੀਂ ਇਤਿਹਾਸ ਕੋਲੋਂ ਬਹੁਤ ਕੁਝ ਸਿੱਖਦੇ ਕਿ ਬੀਤੇ ਵਿਚ ਅਜੇਹਾ ਕਿਉਂ ਹੋਇਆ? ਕਿਹੜੀਆਂ ਪ੍ਰਾਪਤੀਆਂ ਨੇ ਸਮਾਜ ਨੂੰ ਨਰੋਆਪਣ ਬਖ਼ਸ਼ਿਆ? ਕਿਹੜੇ ਵਰਤਾਰਿਆਂ ਨੇ ਰਸਾਤਲ ਦੀ ਨਿਸ਼ਾਨਦੇਹੀ ਕੀਤੀ? ਮਹਾਨ ਵਿਅਕਤੀਆਂ ਦੀ ਮਹਾਨਤਾ ਦਾ ਅਹਿਮ ਪੱਖ ਕਿਹੜਾ? ਕਿਵੇਂ ਉਹ ਵੱਡੇ ਵਿਅਕਤੀਆਂ, ਵਿਦਵਾਨਾਂ ਅਤੇ ਗਿਆਨਵਾਨਾਂ ਦੀ ਸ਼੍ਰੇਣੀ ਵਿਚ ਸ਼ਾਮਲ ਹੋ, ਲੋਕ ਚੇਤਿਆਂ ਵਿਚ ਸਦਾ ਲਈ ਵੱਸਦੇ।
ਅੰਬਰ ਦੀ ਵਸੀਹਤਾ ਅਤੇ ਸਮੁੰਦਰ ਦੀ ਅਸੀਮਤਾ ਵੀ ਬਹੁਤ ਕੁਝ ਮਨੁੱਖੀ ਚੇਤਨਾ ਵਿਚ ਧਰਦੀ ਕਿ ਅੰਬਰ ਹੁੰਦਿਆਂ ਹਰੇਕ ਲਈ ਸਿਰ ਦੀ ਛੱਤ ਬਣਿਆ ਜਾ ਸਕਦਾ। ਸਮੁੰਦਰ ਹੁੰਦਿਆਂ ਵੀ ਕਿਸੇ ਦੇ ਪੈਰਾਂ ਵਿਚ ਵਿਛਿਆ ਜਾ ਸਕਦਾ। ਤਪਦੇ ਪੈਰਾਂ ਨੂੰ ਠੰਢਕ ਪਹੁੰਚਾਈ ਜਾ ਸਕਦੀ। ਕੀਮਤੀ ਮੋਤੀਆਂ ਅਤੇ ਦਾਤਾਂ ਨਾਲ ਮਾਨਵਤਾ ਨੂੰ ਵਰਸੋਇਆ ਜਾ ਸਕਦਾ। ਯਾਦ ਰਹੇ ਕਿ ਇਹ ਅੰਬਰ ਦੀ ਛੱਤ ਹੀ ਹੁੰਦੀ ਜੋ ਕਿਸੇ ਛੱਤ ਹੀਣ ਲਈ ਓਹਲਾ ਬਣਦੀ। ਰਾਤ ਦੇ ਰੰਗਾਂ ਨੂੰ ਮਾਣਦਾ ਨੀਂਦ ਦੇ ਹਿਲੋਰਿਆਂ ਨਾਲ ਆਪਣੇ ਸੁਪਨਿਆਂ ਵਿਚ ਰੰਗੀਨੀ ਭਰਦਾ। ਅੰਬਰ ਤਾਂ ਆਪਣੇ ਵਿਹੜੇ ਵਿਚ ਸੂਰਜ, ਚੰਨ ਅਤੇ ਤਾਰੇ ਹੁੰਦਿਆਂ ਵੀ ਕਦੇ ਚਾਨਣ ਦਾ ਮਾਣ ਨਹੀਂ ਕਰਦਾ। ਸਗੋਂ ਇਹ ਧਰਤੀ ਦੇ ਹਰ ਜੀਵ ਨੂੰ ਵਰਤਾਉਂਦਾ, ਫ਼ਿਜ਼ਾ ‘ਚ ਭਲਿਆਈ ਦਾ ਗੀਤ ਗੁਣਗੁਣਾਉਂਦਾ।
ਕਦੇ ਮਜ਼ਾਰ ਦੇ ਜਗਦੇ ਚਿਰਾਗ਼ ਤੋਂ ਸੁਮੱਤ ਲੈਣਾ ਕਿ ਉਹ ਪਸਰੇ ਹੋਏ ਹਨੇਰੇ ਵਿਚ ਚਾਨਣ ਦਾ ਵਣਜ ਕਰਦਾ। ਨਤਮਸਤਕ ਹੋਣ ਵਾਲੇ ਸ਼ਰਧਾਲੂ ਦੇ ਰਾਹ ਵਿਚ ਚਾਨਣ ਵਿਛਾਉਂਦਾ। ਰੌਸ਼ਨ ਕਾਤਰ ਉਸ ਦੇ ਅੰਤਰੀਵ ਵਿਚ ਵੀ ਧਰਦਾ। ਖ਼ੁਦ ਜਗ ਕੇ ਚਾਨਣ ਦੀ ਸੱਦ ਲਾਉਣ ਵਾਲੇ ਦਰਅਸਲ ਕਾਇਨਾਤ ਦਾ ਉਹ ਨਗ਼ਮਾ ਜੋ ਹਰ ਸਦੀ ਵਿਚ ਹਰ ਹੋਠ ‘ਤੇ ਸਦਾ ਗਾਇਆ ਜਾਂਦਾ।
ਕਦੇ ਕਦਾਈ ਆਪਣੇ ਘਰ ਵਿਚ ਪਈਆਂ ਕਿਤਾਬਾਂ ਨਾਲ ਸੰਵਾਦ ਰਚਾਉਣਾ। ਇਸ ਦੇ ਇਸੇ ਵਿਚ ਜਗਦੇ ਅਰਥਾਂ ਦੇ ਜੁਗਨੂੰਆਂ ਦੀ ਰੌਸ਼ਨੀ ਵਿਚ ਆਪਣੇ ਆਪ ਨੂੰ ਪੜ੍ਹਨਾ। ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਇਹ ਕਿਤਾਬਾਂ ਤੁਹਾਨੂੰ ਖ਼ੁਦ ਦੇ ਰੂਬਰੂ ਕਰ, ਸਮਾਜਿਕ ਵਰਤਾਰਿਆਂ, ਮਨੁੱਖੀ ਕਿਰਿਆਵਾਂ ਅਤੇ ਵਿਅਕਤੀਗਤ ਸੰਭਾਵਨਾਵਾਂ ਅਤੇ ਸੁਪਨਿਆਂ ਦੀ ਸੂਹ ਦੇ ਜਾਂਦੀਆਂ ਅਤੇ ਤੁਸੀਂ ਆਪਣੇ ਹਿੱਸੇ ਦਾ ਅੰਬਰ ਭਾਲਣ ਦੇ ਯੋਗ ਹੋ ਜਾਂਦੇ।
ਸਿੱਖਣ ਲਈ ਜ਼ਰੂਰੀ ਹੈ ਕਿ ਧਰਤੀ ‘ਤੇ ਯਕੀਨ ਰੱਖੋ ਜਿਸ ਉੱਪਰ ਤੁਹਾਡੇ ਪੈਰ ਹਨ। ਹਵਾ ‘ਤੇ ਸ਼ੱਕ ਨਾ ਕਰੋ ਜੋ ਤੁਹਾਨੂੰ ਜੀਵਨ ਦਿੰਦੀ। ਪਾਣੀ ਬਾਰੇ ਕੋਈ ਗ਼ਲਤਫ਼ਹਿਮੀ ਵਿਚ ਨਾ ਰਹੋ ਜਿਸ ਤੋਂ ਬਿਨਾਂ ਜਿਊਣਾ ਅਸੰਭਵ। ਅੰਬਰ ਨੂੰ ਸ਼ੱਕ ਨਾ ਦੇਖੋ ਕਿਉਂਕਿ ਅੰਬਰ ਤਾਂ ਤੁਹਾਡੀਆਂ ਬਲਾਵਾਂ ਉਤਾਰਦਾ। ਸੂਰਜ ‘ਤੇ ਬੇਯਕੀਨੀ ਹੋ ਹੀ ਨਹੀਂ ਸਕਦੀ ਜੋ ਸਾਨੂੰ ਰੌਸ਼ਨੀ ਅਤੇ ਨਿੱਘ ਦਿੰਦਾ। ਕੁਦਰਤ ਵਿਚ ਰੰਗਾਂ ਦੀ ਕਲਾ-ਨੱਕਾਸ਼ੀ ਕਰਦਾ। ਇਹ ਕੁਦਰਤੀ ਨਿਆਮਤਾਂ ਤਾਂ ਖ਼ੁਦ ਅਰਪਿਤ ਹੋ ਤੁਹਾਨੂੰ ਬਹੁਤ ਕੁਝ ਸਿਖਾਉਂਦੇ।