ਸੁਹਿੰਦਰ ਬੀਰ
ਅਮਰੀਕਾ ਵਿਚ ਸਥਾਈ ਤੌਰ `ਤੇ ਪਰਵਾਸ ਕਰਨ ਵਾਲਾ ਸ਼ਾਇਰ ਕੁਲਵਿੰਦਰ ਹੁਣ ਤੱਕ ‘ਬਿਰਖਾਂ ਅੰਦਰ ਉੱਗੇ ਖੰਡਰ’ ਅਤੇ ‘ਨੀਲੀਆਂ ਲਾਟਾਂ ਦੇ ਸੇਕ’ ਨਾਲ ਗ਼ਜ਼ਲ ਸਾਹਿਤ ਦੇ ਖੇਤਰ ਵਿਚ ਆਪਣੀ ਗੂੜ੍ਹੀ ਛਾਪ ਲਾ ਚੁੱਕਾ ਹੈ। ਉਸਦੀ ਕਾਵਿ-ਪ੍ਰਤਿਭਾ ਦੀ ਸਾਰਥਕਤਾ ਅਤੇ ਜਲੌਅ ਅਜਿਹਾ ਹੈ ਜੋ ਮੁੱਢ ਤੋਂ ਹੀ ਉਸਦੀ ਕਾਵਿ-ਸਾਧਨਾ ਨਾਲ ਤੁਰਿਆ ਆ ਰਿਹਾ ਹੈ।
ਉਹ ਜਦੋਂ ਵੀ ਕਿਸੇ ਗ਼ਜ਼ਲ-ਸੰਗ੍ਰਹਿ ਦੀ ਪ੍ਰਕਾਸ਼ਨਾ ਕਰਦਾ ਹੈ ਤਾਂ ਦੇਸ਼ ਅਤੇ ਵਿਦੇਸ਼ ਵਿਚ ਪੰਜਾਬੀ ਪਾਠਕਾਂ, ਸਮੀਖਿਅਕਾਂ ਅਤੇ ਸਨੇਹੀਆ ਵੱਲੋਂ ਭਰਪੂਰ ਹੁੰਗਾਰਾ ਮਿਲਦਾ ਹੈ। ਇਸ ਦਾ ਕਾਰਨ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਆਪਣੀ ਰਚਨਾ ਦੀ ਪ੍ਰਕਾਸ਼ਨਾ ਲਈ ਕਾਹਲ ਨਹੀਂ ਕਰਦਾ। ਗ਼ਜ਼ਲ ਇਕ ਅਜਿਹੀ ਸਿਨਫ਼ ਹੈ ਜੋ ਲੰਮੀ ਸਾਧਨਾ ਦੀ ਮੰਗ ਕਰਦੀ ਹੈ, ਜਦੋਂ ਗ਼ਜ਼ਲ ਦੇ ਸ਼ਿਅਰਾਂ ਦੀ ਆਮਦ ਹੁੰਦੀ ਹੈ ਤਾਂ ਆਮ ਤੌਰ `ਤੇ ਕਵੀ ਉਨ੍ਹਾਂ ਨੂੰ ਕੋਰੇ ਕਾਗ਼ਜ਼ `ਤੇ ਝਰੀਟ ਲੈਂਦੇ ਹਨ ਤੇ ਫਿਰ ਸਹਿਜੇ-ਸਹਿਜੇ ਉਨ੍ਹਾਂ ਨੂੰ ਨਿਖਾਰਦੇ, ਸੰਵਾਰਦੇ ਅਤੇ ਬਹਿਰ ਮੁਤਾਬਿਕ ਢਾਲਦੇ ਰਹਿੰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਕਦੇ ਇਸ ਤਰ੍ਹਾਂ ਹੋਇਆ ਹੋਵੇਗਾ ਕਿ ਕਿਸੇ ਨੇ ਗ਼ਜ਼ਲ ਪਹਿਲੀ ਵਾਰ ਲਿਖੀ ਤੇ ਉਹ ਮੁਕੰਮਲ ਹੋ ਗਈ ਹੋਵੇਗੀ। ਉਸ ਨੂੰ ਉਸ ਨੇ ਕਾਵਿ-ਸ਼ਿਲਪ ਮੁਤਾਬਿਕ ਤਬਦੀਲ ਨਾ ਕੀਤਾ ਹੋਵੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਗ਼ਜ਼ਲ ਡਾਢੀ ਕਾਵਿ-ਸਾਧਨਾ ਦੀ ਮੰਗ ਕਰਦੀ ਹੈ। ਗ਼ਜ਼ਲ ਲਿਖਣਾ ਇਕ ਤਪੱਸਿਆ ਵਾਂਗ ਹੈ, ਕਿਉਂਕਿ ਗ਼ਜ਼ਲ ਦਾ ਚੌਖਟਾ ਵੀ ਅਜਿਹਾ ਹੁੰਦਾ ਹੈ, ਜਿਸ ਲਈ ਢੁਕਵੇਂ ਅਤੇ ਗ਼ਜ਼ਲ ਦੇ ਪੈਮਾਨੇ ਮੁਤਾਬਿਕ ਅਕਸਰ ਸ਼ਬਦਾਂ ਦੀ ਤਲਾਸ਼ ਵੀ ਕਰਨੀ ਪੈਂਦੀ ਹੈ।
ਗ਼ਜ਼ਲ ਦੇ ਵਿਧੀ-ਵਿਧਾਨ ਬਾਰੇ ਕੁਲਵਿੰਦਰ ਨੇ ਇਕ ਪ੍ਰਸ਼ਨ ਅਤੇ ਨੁਕਤਾ ਵੀ ਆਪਣੀ ਇਕ ਗ਼ਜ਼ਲ ਵਿਚ ਉਠਾਇਆ ਹੈ:
ਉਹ ਕਹਿੰਦੇ ਨੇ ਗਜ਼ਲ ਬਹਿਰਾਂ ਲਈ ਹੈ
ਮੈਂ ਸੋਚਾਂ ਇਹ ਤਾਂ ਅਹਿਸਾਸਾਂ ਲਈ ਹੈ।
ਕਵੀ ਏਂ ਤੂੰ ਹਕੀਕਤ ਭਾਲਦਾ ਰਹਿ,
ਇਹ ਜਗਦਾ ਚੰਦ ਤਾਂ ਖ਼ਾਬਾਂ ਲਈ ਹੈ
ਇਹਦੇ ਪੈਰਾਂ ‘ਚ ਝਾਂਜਰ ਪਾ ਕੇ ਕਹਿੰਦੇ
ਗਜ਼ਲ ਇਹ ਸੁੰਨਿਆਂ ਰਾਹਾਂ ਲਈ ਹੈ।
ਇਨ੍ਹਾਂ ਸ਼ਿਅਰਾਂ ਤੋਂ ਇਲਾਵਾ ਵੀ ਕੁਲਵਿੰਦਰ ਨੇ ਕੁਝ ਨੁਕਤੇ ਉਠਾਏ ਹਨ, ਪਰ ਮੈਂ ਅਜੇ ਇਨ੍ਹਾਂ ਬਾਰੇ ਹੀ ਗੱਲ ਕਰਨੀ ਹੈ। ਪਹਿਲਾ ਨੁਕਤਾ ਬਹਿਰ ਤੇ ਅਹਿਸਾਸ ਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਗ਼ਜ਼ਲ ਬਹਿਰ ਲਈ ਹੈ, ਜਾਂ ਅਹਿਸਾਸ ਲਈ ਹੈ।
ਮੇਰੀ ਸਮਝ ਮੁਤਾਬਿਕ ਜੇ ਕਿਸੇ ਸ਼ਾਇਰ ਨੇ ਗ਼ਜ਼ਲ ਲਿਖਣੀ ਹੈ ਤਾਂ ਉਸਨੂੰ ਬਹਿਰ ਦਾ ਗਿਆਨ ਹੋਣਾ ਚਾਹੀਦਾ ਹੈ। ਬਹਿਰ ਦੇ ਗਿਆਨ ਤੋਂ ਬਿਨਾਂ ਗ਼ਜ਼ਲ ਆਪਣੇ ਪ੍ਰਮਾਣਕ ਮਿਆਰ ਤੱਕ ਨਹੀਂ ਪੁੱਜ ਸਕਦੀ। ਜੇ ਬਹਿਰ ਨੂੰ ਤਿਲਾਂਜਲੀ ਦੇਣੀ ਹੈ ਤਾਂ ਫਿਰ ਅਸੀਂ ਜਿਹੜੀ ਵੀ ਰਚਨਾ ਲਿਖਾਂਗੇ, ਉਸ ਨੂੰ ਗ਼ਜ਼ਲ ਦਾ ਨਾਮ ਨਾ ਦੇਣਾ ਹੀ ਵਾਜਿਬ ਹੋਵੇਗਾ। ਜੇ ਗ਼ਜ਼ਲ ਲਿਖਣੀ ਹੈ ਤਾਂ ਉਸ ਦੇ ਵਿਧੀ-ਵਿਧਾਨ ਤੋਂ ਜਾਣੂ ਹੋਣਾ ਜ਼ਰੂਰੀ ਹੈ, ਜਿਵੇਂ ਕਿ ਇਕ ਕਾਰ ਚਾਲਕ ਨੂੰ ਕਾਰ ਚਲਾਉਣ ਲੱਗਿਆਂ ਕਾਰ ਡਰਾਈਵਿੰਗ ਦੇ ਨਿਯਮਾਂ ਦਾ ਪਤਾ ਹੋਣਾ ਚਾਹੀਦਾ। ਇਸੇ ਤਰ੍ਹਾਂ ਗ਼ਜ਼ਲ ਦੇ ਕਰਤਾ ਨੂੰ ਗ਼ਜ਼ਲ ਦੇ ਵਿਧਾਨ ਦਾ ਗਿਆਨ ਉਸਦੀ ਰਚਨਾਤਮਕਤਾ ਵਿਚ ਸਾਰਥਕਤਾ ਭਰ ਸਕਦਾ ਹੈ। ਜੇ ਗਿਆਨ ਅਧੂਰਾ ਹੋਵੇਗਾ ਤਾਂ ਉਸਦੀ ਗ਼ਜ਼ਲ ਕਮਜ਼ੋਰ ਰਹਿ ਸਕਦੀ ਹੈ। ਸਾਰਥਕ ਗਿਆਨ ਸਾਰਥਕ ਸਿਰਜਣਾ ਲਈ ਸਹਾਇਕ ਹੋ ਸਕਦਾ ਹੈ। ਇਹ ਮੇਰਾ ਆਪਣਾ ਖ਼ਿਆਲ ਹੈ ਗਜ਼ਲ ਦੇ ਸਿਰਜਕਾਂ ਦੀ ਵੱਖਰੀ ਰਾਏ ਵੀ ਹੋ ਸਕਦੀ ਹੈ।
ਦੂਸਰੀ ਗੱਲ ਅਹਿਸਾਸ ਦੀ ਹੈ, ਅਹਿਸਾਸਾਂ ਤੋਂ ਬਗ਼ੈਰ ਜਾਂ ਮਨੁੱਖ ਦੀ ਸੰਵੇਦਨਾ ਤੋਂ ਬਗੈਰ ਸ਼ਾਇਰੀ ਨਹੀਂ ਰਚੀ ਜਾ ਸਕਦੀ। ਅਹਿਸਾਸਾਂ ਤੋਂ ਬਗ਼ੈਰ ਤਾਂ ਕੋਈ ਵੀ ਰਚਨਾ ਲਿਖੀ ਹੀ ਨਹੀਂ ਜਾ ਸਕਦੀ। ਅਹਿਸਾਸ ਹਰ ਹਾਲ ਵਿਚ ਸਾਹਿਤ ਦੇ ਰੂਪ ਵਿਚ ਸ਼ਾਮਿਲ ਹੁੰਦੇ ਹਨ। ਇਹ ਅਹਿਸਾਸ ਮਨੁੱਖ ਦੇ ਮਗ਼ਜ਼ ਵਿਚ ਅਮੂਰਤ ਰੂਪ ਵਿਚ ਆਉਂਦੇ ਹਨ, ਜਿਹੜੇ ਲੋਕ ਸ਼ਾਇਰ ਜਾਂ ਸਾਹਿਤਕਾਰ ਨਹੀਂ ਹੁੰਦੇ, ਉਹ ਅਮੂਰਤ ਨੂੰ ਸਮੂਰਤ ਨਹੀਂ ਕਰ ਸਕਦੇ ਅਤੇ ਵਿਚਾਰ ਆਪਣੇ ਆਪ ਹੀ ਖ਼ਤਮ ਹੋ ਜਾਂਦੇ ਹਨ। ਵਿਚਾਰ ਉਦੋਂ ਹੀ ਸਾਹਮਣੇ ਆਉਂਦਾ ਹੈ ਜਦੋਂ ਅਮੂਰਤ ਨੂੰ ਸਮੂਰਤ ਰੂਪ ਵਿਚ ਢਾਲ ਕੇ ਪੇਸ਼ ਕੀਤਾ ਜਾਵੇ। ਅਮੂਰਤ ਨੂੰ ਸਮੂਰਤ ਵਿਚ ਢਾਲਣ ਦੀ ਕਲਾ ਹੀ ਸਾਹਿਤਕਾਰ ਦੀ ਸਾਧਨਾ ਨੂੰ ਦਰਸਾਉਂਦੀ ਹੈ। ਇਹ ਸਾਧਨਾ ਹਰ ਕਵੀ ਦੀ ਵੱਖਰੀ ਹੁੰਦੀ ਹੈ, ਜਿਹੜੀ ਉਸਨੂੰ ਸ਼ੈਲੀ ਪ੍ਰਦਾਨ ਕਰਦੀ ਹੈ।
ਕਵੀ ਦੇ ਦਿਮਾਗ ਵਿਚ ਅਮੂਰਤ ਰੂਪ ਵਿਚ ਜਦੋਂ ਵਿਚਾਰ ਆਉਂਦਾ ਹੈ ਤਾਂ ਉਹ ਇਸ ਨੂੰ ਆਪਣੀ ਰੂਹ ਰਾਹੀਂ ਉਤਾਰਦਾ ਹੈ। ਉਸ ਨਾਪ ਤੋਲ ਵਿਚ ਸਚਾਈ ਜ਼ਾਹਿਰ ਹੁੰਦੀ ਹੈ। ਇੱਥੇ ਕਵੀ ਸਚਾਈ ਤੋਂ ਥਿੜਕ ਨਹੀਂ ਸਕਦਾ। ਕਵੀ ਨੇ ਆਪਣੀ ਰੂਹ ਨਾਲ ਇਨਸਾਫ਼ ਕਰਨਾ ਹੁੰਦਾ ਹੈ, ਜੇ ਕਵੀ ਰੂਹ ਨਾਲ ਇਨਸਾਫ਼ ਨਹੀਂ ਕਰੇਗਾ ਤਾਂ ਉਸਦੀ ਕਵਿਤਾ ਵਿਚ ਕਚਿਆਈ ਆ ਜਾਵੇਗੀ। ਪਾਠਕ ਉਸ ਨੂੰ ਸਵੀਕਾਰ ਨਹੀਂ ਕਰੇਗਾ। ਕੁਲਵਿੰਦਰ ਆਪਣੇ ਰੂਹ ਦੇ ਮੁਤਾਬਿਕ ਬੋਲ ਕਹਿਣ ਵਾਲਾ ਸ਼ਾਇਰ ਹੈ, ਉਹ ਹਕੀਕਤ ਭਾਲਦਾ ਰਹਿੰਦਾ ਹੈ, ਜਦ ਤੱਕ ਉਸ ਨੂੰ ਹਕੀਕਤ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀ, ਉਹ ਰੂਹ ਦੇ ਉੱਤੇ ਪੂਰੀ ਤਰ੍ਹਾਂ ਤੁਲਦੀ ਨਹੀਂ, ਜੇ ਉਸਦੀ ਰੂਹ ਉਸਨੂੰ ਇਜਾਜ਼ਤ ਨਹੀਂ ਦਿੰਦੀ ਤਾਂ ਉਹ ਉਸ ਸਚਾਈ ਨੂੰ ਪੇਸ਼ ਨਹੀਂ ਕਰਦਾ। ਜਦੋਂ ਸਚਾਈ ਨੰਗੀ-ਚਿੱਟੀ ਹੋ ਕੇ ਸਾਹਮਣੇ ਜ਼ਾਹਿਰ ਹੁੰਦੀ ਹੈ ਤਾਂ ਉਸਨੂੰ ਬੋਲ ਪ੍ਰਦਾਨ ਕਰਦਾ ਹੈ ਇਹ ਉਸਦੀ ਖ਼ਾਸੀਅਤ ਹੈ।
ਅਗਲਾ ਨੁਕਤਾ ਮੇਰਾ ਇਹ ਹੈ ਕਿ ਗ਼ਜ਼ਲ ਸੁੰਨੇ ਰਾਹਾਂ ਲਈ ਨਹੀਂ ਹੈ। ਗ਼ਜ਼ਲ ਸਮਾਜ-ਸਭਿਆਚਾਰ ਵਿਚ ਰਚਿਆ ਜਾਣ ਵਾਲਾ ਇਕ ਸਾਹਿਤਕ ਰੂਪ ਹੈ ਅਤੇ ਇਹ ਅਜਿਹਾ ਸਾਹਿਤ ਰੂਪ ਹੈ, ਜਿਸ ਨੇ ਸਮਾਜ-ਸਭਿਆਚਾਰ ਨੂੰ ਕੋਈ ਨਾ ਕੋਈ ਸਾਰਥਕ ਸੇਧ ਦੇਣੀ ਹੁੰਦੀ ਹੈ। ਜਿਹੜਾ ਵੀ ਸਾਹਿਤ ਕਿਸੇ ਸਮਾਜ ਨੂੰ ਕੋਈ ਸਾਰਥਕ ਸੇਧ ਨਹੀਂ ਦਿੰਦਾ ਉਸਦੀ ਸਾਰਥਕਤਾ ਵੀ ਸੰਦੇਸ਼ ਹੀਣ ਹੋ ਜਾਂਦੀ ਹੈ। ਉਸਦੀ ਹੋਂਦ ਵੀ ਵਿਅਰਥ ਹੁੰਦੀ ਹੈ।
ਅਗਲਾ ਨੁਕਤਾ ਜੋ ਸ਼ਾਇਰ ਕੁਲਵਿੰਦਰ ਦੇ ਇਸ ਸੰਗ੍ਰਹਿ ਵਿਚ ਸਾਹਮਣੇ ਆਉਂਦਾ ਹੈ ਉਹ ਅਤੀਤਮੁਖਤਾ ਵਾਲਾ ਹੈ। ਅਤੀਤਮੁਖਤਾ ਦਾ ਇਥੇ ਵਿਸ਼ੇਸ਼ ਸੰਦਰਭ ਹੈ, ਉਹ ਸੰਦਰਭ ਪਰਵਾਸੀ ਮਨੁੱਖ ਦੀ ਚੇਤਨਾ-ਅਵਚੇਤਨਾ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਕੁਲਵਿੰਦਰ ਦੀ ਗ਼ਜ਼ਲ ਵਿਚ ਇਹ ਪਿੰਡ ਅਤੇ ਪਿੰਡ ਤੋਂ ਪਰਵਾਸ, ਦੁਰਾਢੇ ਸਫ਼ਰ ਵਿਚ ਪਰ ਮਾਨਸਿਕਤਾ ਦੇ ਪੱਧਰ `ਤੇ ਇਹ ਨੇੜਤਾ ਦੇ ਰੂਪ ਵਿਚ ਜੁੜਿਆ ਹੋਇਆ ਹੈ। ਜਿਸ ਨੂੰ ਰਤਾ ਪਿੰਡ ਅਤੇ ਸ਼ਹਿਰ ਦੇ ਸੰਦਰਭ ਵਿਚ ਸਮਝਿਆ ਜਾਵੇ ਤਾਂ ਵੀ ਇਹ ਨੁਕਤਾ ਬਹੁਤ ਹੀ ਅਹਿਮੀਅਤ ਵਾਲਾ ਬਣ ਜਾਂਦਾ ਹੈ। ਅਜੋਕੀ ਨਵੀਂ ਟੈਕਨੋਲੋਜੀ ਨੇ ਮਨੁੱਖ ਦੇ ਸੁਭਾਅ, ਜੀਵਨ ਸ਼ੈਲੀ, ਰਹਿਣ-ਸਹਿਣ ਅਤੇ ਆਦਰਸ਼ਕ ਕਦਰਾਂ-ਕੀਮਤਾਂ ਨੂੰ ਜਿਸ ਤਰ੍ਹਾਂ ਤਹਿਸ-ਨਹਿਸ ਕੀਤਾ ਹੈ ਉਹ ਇਕ ਸੰਵੇਦਨਸ਼ੀਲ ਮਨੁੱਖ ਨੂੰ ਬਹੁਤ ਬੇਚੈਨ ਕਰਦਾ ਹੈ। ਇੱਥੇ ਮੈਂ ਕੇਵਲ ਕੁਲਵਿੰਦਰ ਦੇ ਪਰਵਾਸ ਨਾਲ ਸੰਦਰਭ ਜੋੜ ਕੇ ਹੀ ਗੱਲ ਕਰਾਂਗਾ।
ਕੁਲਵਿੰਦਰ ਹੋਰਾਂ ਦੀ ਇੱਕ ਗਜ਼ਲ ਹੈ:
ਸਿਖਰ ਦੁਪਹਿਰ ਅੰਦਰ ਭਾਲਦੇ ਨੇ ਛਾਵਾਂ ਨੂੰ
ਪਰਿੰਦੇ ਜਾ ਰਹੇ ਨੇ ਅੰਨ੍ਹੀਆਂ ਦਿਸ਼ਾਵਾਂ ਨੂੰ।
ਗੁਆ ਕੇ ਪਿੰਡ ਵਿਚ ਵਸਦੇ ਘਰਾਂ ਤੇ ਮਾਵਾਂ ਨੂੰ
ਸ਼ਹਿਰ ਚ ਭਾਲਦੇ ਹੋ ਕਿਸਦੀਆਂ ਦੁਆਵਾਂ ਨੂੰ।
ਕਿਸੇ ਦੀ ਪੈੜ ਤੱਕ ਮੈਨੂੰ ਨਜ਼ਰ ਨਹੀਂ ਆਉਂਦੀ
ਇਹ ਡੰਡੀ ਜਾ ਰਹੀ ਅਣਦੇਖੀਆਂ ਹੀ ਰਾਹਵਾਂ ਨੂੰ।
ਜਿਨ੍ਹਾਂ ਨੇ ਵੇਦਨਾ ਤੱਕ ਵੀ ਗੁਆ ਲਈ ਆਪਣੀ
ਉਹ ਲੋਕ ਮੁੜ ਰਹੇ ਨੇ ਸ਼ਹਿਰ ਚੋਂ ਗਰਾਵਾਂ ਨੂੰ।
ਗ਼ਜ਼ਲ ਵਿਚਲੇ ਚਾਰੇ ਸ਼ਿਅਰ ਪਿੰਡ ਤੇ ਪਰਵਾਸ ਦੇ ਅਨੁਭਵ ਨੂੰ ਗਹਿਰੀ ਸੰਵੇਦਨਾ ਨਾਲ ਪੇਸ਼ ਕਰਦੇ ਹਨ। ਪਿੰਡ ਤੋਂ ਪਰਵਾਸ ਤੱਕ ਦਾ ਸਫ਼ਰ ਕਵੀ ਦੇ ਦੁੱਖ ਨੂੰ ਚਿੰਤਨਸ਼ੀਲ ਬਣਾਉਂਦਾ ਹੈ। ਮਨੁੱਖ ਦਾ ਸੁਭਾਅ ਹੈ ਕਿ ਉਹ ਤੁਲਨਾਤਮਕ ਪਰਿਪੇਖ ਵਿਚ ਵਿਚਰਦਾ ਰਹਿੰਦਾ ਹੈ। ਅਤੀਤ ਅਤੇ ਵਰਤਮਾਨ ਨੂੰ ਇੱਕ ਦੂਸਰੇ ਦੇ ਸਾਹਮਣੇ ਟਾਕਰੇ ਵਿਚ ਨਿਰਖਦਾ-ਪਰਖਦਾ ਰਹਿੰਦਾ ਹੈ। ਉਹ ਜਦੋਂ ਵਰਤਮਾਨ ਵਿਚ ਕਿਸੇ ਦੂਸਰੇ ਸਥਾਨ `ਤੇ ਪਹੁੰਚਦਾ ਹੈ ਪਰ ਉਸ ਨੂੰ ਲੱਗਦਾ ਹੈ ਕਿ ਮੈਂ ਜਿਸ ਸਥਾਨ `ਤੇ ਆਇਆ ਹਾਂ ਕਿਤੇ ਇਹ ਅਤੀਤ ਨਾਲੋਂ ਮੇਰੀ ਹੋਂਦ-ਹਸਤੀ ਨੂੰ ਘਟਾ ਤਾਂ ਨਹੀਂ ਰਿਹਾ ਜਾਂ ਕੀ ਨਵਾਂ ਸਥਾਨ ਉਸਦੀ ਹੋਂਦ-ਹਸਤੀ ਨੂੰ ਵਧਾ ਰਿਹਾ ਹੈ ਜਾਂ ਮੇਰੀ ਜ਼ਿੰਦਗੀ ਨੂੰ ਕਿਸੇ ਵੱਲੋਂ ਮਨਫੀ ਤਾਂ ਨਹੀਂ ਕਰ ਰਿਹਾ ਜਾਂ ਜੇ ਇਸ ਵਿਚ ਕੋਈ ਵਾਧਾ ਹੋਇਆ ਹੈ ਤਾਂ ਉਹ ਕੀ ਹੈ? ਇਹ ਮਨਫੀ, ਇਹ ਵਾਧੇ-ਘਾਟੇ, ਇਨ੍ਹਾਂ ਸਾਰਿਆਂ ਨੂੰ ਇਕ ਸੰਵੇਦਨਸ਼ੀਲ ਮਨੁੱਖ, ਇਕ ਫ਼ਲਸਫ਼ੀ ਮਨੁੱਖ ਵਾਂਗ ਤਾਰਕਿਕਤਾ ਨਾਲ ਸੋਚਦਾ-ਵਿਚਾਰਦਾ ਸਿਰਜਣਾ ਦੀ ਕੁਠਾਲੀ ਵਿਚ ਢਾਲਦਾ ਰਹਿੰਦਾ ਹੈ। ਇਹੀ ਜ਼ਿੰਦਗੀ ਦੇ ਅਨੁਭਵ ਦੀ ਕਲਾਤਮਕ ਪੇਸ਼ਕਾਰੀ ਹੈ। ਉਂਝ ਤਾਂ ਸਾਡਾ ਸਾਰਾ ਦੇਸ਼ ਪਰਵਾਸ ਲਈ ਕਾਹਲਾ ਪਿਆ ਹੋਇਆ ਹੈ। ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦਾ ਕੋਈ ਅਜਿਹਾ ਖਿੱਤਾ ਹੋਵੇ ਜਿੱਥੇ ਭਾਰਤੀ ਤੇ ਵਿਸ਼ੇਸ਼ ਕਰਕੇ ਪੰਜਾਬੀ ਮਨੁੱਖ ਨਾ ਪਹੁੰਚਿਆ ਹੋਵੇ। ਨਵੀਆਂ ਥਾਵਾਂ `ਤੇ ਸਥਾਈ ਵਸੇਬਾ ਕਰਨਾ ਸ਼ਾਇਦ ਪੰਜਾਬੀਆਂ ਦੇ ਹਿੱਸੇ ਹੀ ਆਇਆ ਹੈ। ਪਰ ਕਵੀ ਮੁਤਾਬਿਕ ਇਹ ਝੁਕਾਅ ਜਾਂ ਰੁਝਾਨ ਜੀਵਨ ਦਾ ਪਾਜ਼ੇਟਿਵ ਹਾਸਲ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਕੋਈ ਵੀ ਮਨੁੱਖ ਪਰਵਾਸ ਧਾਰਨ ਕਰਦਾ ਹੈ ਤਾਂ ਉਸਨੂੰ ਆਪਣਾ ਬਹੁਤ ਗੌਰਵਮਈ ਵਿਰਸਾ ਨਾ ਚਾਹੁੰਦੇ ਹੋਏ ਵੀ ਤਿਆਗਣਾ ਪੈਂਦਾ ਹੈ।
ਪਿੰਡ ਅਤੇ ਸ਼ਹਿਰ ਦਾ ਸਭਿਆਚਾਰਕ ਤੌਰ `ਤੇ ਜੋ ਵੱਡਾ ਵਖਰੇਵਾਂ ਹੈ ਮੇਰੇ ਜਾਤੀ ਅਨੁਭਵ ਦੇ ਮੁਤਾਬਿਕ ਜ਼ਿੰਦਗੀ ਦੀ ਸਰਲਤਾ, ਸਾਦਗੀ, ਮਾਸੂਮੀਅਤ, ਭੋਲਾਪਨ ਤੋਂ ਛਲ, ਕਪਟ, ਫਰੇਬ ਸਨਅਤ ਤਕਨੀਕ ਭੱਜ-ਦੌੜ ਵਿਅਕਤੀਗਤ-ਹਿਤ ਅਤੇ ਮੋਹ-ਹੀਣਤਾ ਤੱਕ ਦਾ ਸਫਰ ਹੈ।
ਡਾਕਟਰ ਹਰਿਭਜਨ ਸਿੰਘ ਨੇ ਆਪਣੀ ਸਾਹਿਤਕ ਸਵੈ-ਜੀਵਨੀ ‘ਚੋਲਾ ਟਾਕੀਆਂ ਵਾਲਾ’ ਵਿਚ ਸਾਹਿਤਕਾਰੀ ਲਈ ਦੁੱਖ, ਨਾਰੀ ਅਤੇ ਮਾਸੂਮੀਅਤ ਨੂੰ ਅਹਿਮ ਨੁਕਤਿਆਂ ਵਜੋਂ ਉਭਾਰਿਆ ਹੈ। ਇਹ ਮਾਸੂਮੀਅਤ ਹੀ ਹੈ ਜੋ ਮਨੁੱਖ ਨੂੰ ਸੰਵੇਦਨਸ਼ੀਲ ਬਣਾਉਂਦੀ ਹੈ ਤੇ ਇਹ ਸੰਵੇਦਨਸ਼ੀਲਤਾ ਹੀ ਹੈ ਜੋ ਮਨੁੱਖ ਨੂੰ ਸਿਰਜਕ ਬਣਾਉਂਦੀ ਹੈ। ਅਸੀਂ ਇੱਥੇ ਗੱਲ ਕਰ ਰਹੇ ਆਂ ਪਿੰਡ ਦੀ ਮਾਸੂਮੀਅਤ ਦੀ ਅਤੇ ਸ਼ਹਿਰ ਦੀ ਆਧੁਨਿਕ ਸੋਚ ਦੀ। ਇਹ ਗੱਲ ਵੀ ਕੁਲਵਿੰਦਰ ਦੀ ਕਵਿਤਾ ਦੇ ਹਵਾਲੇ ਨਾਲ ਕਰ ਰਹੇ ਹਾਂ। ਕੁਲਵਿੰਦਰ ਦਾ ਕਹਿਣਾ ਹੈ ਕਿ ਅਸੀਂ ਪਿੰਡ ਦੇ ਵੱਸਦੇ ਘਰ ਅਤੇ ਰੱਬ ਵਰਗੀਆਂ ਆਪਣੀਆਂ ਮਾਵਾਂ ਤੋਂ ਵਿਛੁੰਨੇ ਗਏ ਹਾਂ ਤੇ ਅਸੀਂ ਸ਼ਹਿਰੀ ਜ਼ਿੰਦਗੀ ਦਾ ਅੰਗ ਬਣ ਕੇ ਪੇਂਡੂ ਮਾਵਾਂ ਵਰਗੀ ਸੰਵੇਦਨਾ ਦੀ ਆਸ ਕਰ ਰਹੇ ਹਾਂ। ਇਸ ਵਿਚ ਜੋ ਤਬਦੀਲੀ ਹੋਈ ਹੈ ਉਹ ਇਤਿਹਾਸਕ ਹੈ, ਜਿਸਨੂੰ ਰੋਕਣਾ ਲਗਭਗ ਮਨੁੱਖ ਲਈ ਅਸੰਭਵ ਸੀ ਕਿਉਂਕਿ ਪਰਵਾਸ ਦਾ ਵਰਤਾਰਾ ਅਜਿਹਾ ਰਿਹਾ ਹੈ ਜਿਹੜਾ ਆਦਮ ਮਨੁੱਖ ਤੋਂ ਲੈ ਕੇ ਅੱਜ ਤੱਕ ਨਿਰੰਤਰ ਭਰਪੂਰ ਗਤੀ ਨਾਲ ਵਹਿ ਰਿਹਾ ਹੈ, ਇਸ ਪਰਿਵਰਤਨ ਦੇ ਨਾਲ ਸਭਿਆਚਾਰ ਅਤੇ ਸਨਅਤੀ ਤਬਦੀਲੀਆਂ ਦੇ ਨਾਲ ਮਨੁੱਖ ਦੀ ਸੋਚ ਵਿਚ ਸੰਕੀਰਣਤਾ ਦਾ ਆਉਣਾ ਸਹਿਜ ਹੋ ਗਿਆ ਹੈ ਪਰ ਕਵੀ ਇਕ ਅਜਿਹਾ ਸ਼ਖ਼ਸ ਹੁੰਦਾ ਹੈ ਜੇ ਉਹ ਵਰਤਮਾਨ ਵਿਚ ਕੋਈ ਨਗੇਸ਼ਨ ਵਾਲੀ ਚੀਜ਼ ਦੇਖਦਾ ਹੈ ਅਤੇ ਪੁਰਾਤਨਤਾ ਨੂੰ ਰੋਮਾਂਸਕਾਰੀ ਲਹਿਜ਼ੇ ਵਿਚ ਵਾਪਸ ਲਿਆਉਣਾ ਚਾਹੁੰਦਾ ਹੈ, ਜਦੋਂ ਪ੍ਰੋਫੈਸਰ ਪੂਰਨ ਸਿੰਘ ਕਵਿਤਾ ਲਿਖ ਰਿਹਾ ਸੀ ਤਾਂ ਉਹ ਬਾਰ-ਬਾਰ ਲਿਖਦਾ ਸੀ:
ਆ ਵੀਰਾ ਰਾਂਝਿਆ
ਆ ਭੈਣੇ ਹੀਰੇ
ਸਾਨੂੰ ਛੋੜ ਨਾ ਜਾਓ
ਬਿਨ ਤੁਸਾਂ ਅਸੀਂ ਸੱਖਣੇ !
ਜਾਂ
ਸੋਹਣਿਆ ਦੱਸ ਨਾ ਉਹ ਵੇਲੇ ਕਿੱਧਰ ਲੱਦ ਗਏ?
ਇਹ ਸੰਵੇਦਨਸ਼ੀਲਤਾ ਨਾਲ ਲਬਰੇਜ਼ ਹੋਈਆਂ ਭਾਵਨਾਵਾਂ ਨੇ,
ਇਹ ਭਾਵਨਾਵਾਂ ਅਜਿਹੀਆਂ ਜਾਂ ਇੰਨੀਆਂ ਗੌਰਵਮਈ ਹੁੰਦੀਆਂ ਨੇ ਜਿਨ੍ਹਾਂ ਤੋਂ ਮਨੁੱਖ ਆਪਣੇ ਆਪ ਨੂੰ ਅਧੂਰਾ ਸਮਝਦਾ ਹੈ। ਮਨੁੱਖ ਚਾਹੁੰਦਾ ਹੈ ਕਿ ਸ਼ਹਿਰ ਵਿਚ ਆ ਕੇ ਵੀ ਉਸਨੂੰ ਉਸਦੇ ਪਿੰਡ ਵਰਗੀਆਂ ਮਾਵਾਂ, ਉਨ੍ਹਾਂ ਦੀਆਂ ਦੁਆਵਾਂ ਮਿਲਣ ਅਤੇ ਉਹ ਸਮੂਹ ਸਭਿਆਚਾਰ ਉਸ ਦੇ ਨਾਲ ਤੁਰੇ। ਮਨੁੱਖ ਜਦੋਂ ਤੁਰਦਾ ਹੈ ਤਾਂ ਸੋਚਦਾ ਤਾਂ ਇਹ ਹੈ ਕਿ ਸਭਿਆਚਾਰ ਮੇਰੇ ਨਾਲ ਤੁਰੇ ਪਰ ਅਤੀਤ ਨਹੀਂ ਤੁਰ ਸਕਦਾ। ਅਤੀਤ ਪਿੱਛੇ ਰਹਿ ਜਾਂਦਾ ਹੈ, ਵਰਤਮਾਨ ਉਸਨੂੰ ਅਤੀਤ ਨਾਲੋਂ ਤੋੜ ਦਿੰਦਾ ਹੈ, ਕਵੀ ਇਸ ਹੇਰਵੇ ਨੂੰ ਇਸ ਨਿਖੇਧਮੁਖਤਾ ਨੂੰ ਤੁਲਨਾਤਮਕ ਪਰਿਪੇਖ ਵਿਚ ਉਸਾਰਦਾ ਹੈ। ਮਨੁੱਖ ਦੀ ਹੋਂਦ ਨੂੰ ਛਾਂਗਣ ਵਾਲੇ ਅਜਿਹੇ ਹੀ ਵਿਹਾਰ ਹੁੰਦੇ ਹਨ ਜੋ ਉਸਨੂੰ ਮਨਫੀ ਦਰ ਮਨਫੀ ਕਰੀ ਜਾਂਦੇ ਹਨ ਪਰ ਕਵੀ ਦਾ ਕਾਰਜ ਅਹਿਸਾਸਾਂ ਨੂੰ ਪੇਸ਼ ਕਰਨਾ ਹੈ। ਜੇ ਸਾਹਿਤਕਾਰ ਅਤੀਤ ਮੁਖੀ ਕਦਰਾਂ-ਕੀਮਤਾਂ ਨੂੰ ਪੇਸ਼ ਕਰਦਾ ਹੈ ਤਾਂ ਉਹ ਆਧੁਨਿਕ ਜੀਵਨ ਵਿਚ ਖਤਮ ਹੋ ਰਹੇ ਆਦਰਸ਼ਾਂ ਨੂੰ ਮੁੜ ਜੀਵਤ ਕਰਨ ਵਿਚ ਸਹਾਇਕ ਹੁੰਦਾ ਹੈ। ਅਸੀਂ ਸਮਝਦੇ ਹਾਂ ਕਿ ਉਹੋ ਜਿਹੀਆਂ ਮਾਵਾਂ-ਦੁਆਵਾਂ ਦੂਰ-ਦਰਾਜ਼ ਰਹਿ ਗਈਆਂ ਹਨ ਅਤੇ ਉਨ੍ਹਾਂ ਦਾ ਅਹਿਸਾਸ ਅਜੋਕੀਆਂ ਪੀੜ੍ਹੀਆਂ ਨੂੰ ਸ਼ਿੱਦਤ ਨਾਲ ਹੋ ਰਿਹਾ ਹੈ। ਇਹ ਚੇਤਨਾ ਦਾ ਵੇਰਵਾ ਹੈ। ਇਹ ਵੇਰਵਾ ਮਨੁੱਖ ਨੂੰ ਦਾਰਸ਼ਨਿਕਤਾ ਵੱਲ ਲੈ ਜਾਂਦਾ ਹੈ।
ਮੈਂ ਸਮਝਦਾ ਹਾਂ ਕਿ ਅਜੋਕੀ ਜ਼ਿੰਦਗੀ ਵਿਚ ਸੁਹਿਰਦਤਾ ਦਾ ਕਾਲ ਪਿਆ ਹੋਇਆ ਹੈ। ਹਰ ਇਕ ਦੀ ਜ਼ਿੰਦਗੀ ਵਿਚ ਕਾਹਲ ਤੇਜ਼ੀ, ਪ੍ਰਾਪਤੀ ਅੱਗੇ ਵਧਣ ਦੀ ਲੋਚਾ, ਵੱਧ ਤੋਂ ਵੱਧ ਸ਼ੁਹਰਤ/ਸਰਮਾਇਆ ਇਕੱਠਾ ਕਰਨ ਦੀ ਭਾਵਨਾ ਅਤੇ ਹੋਰ ਕਿੰਨਾ ਕੁਝ ਨਾਂਹ-ਮੁਖਤਾ ਵਾਲਾ ਰੁਝਾਨ ਸ਼ਾਮਿਲ ਹੋ ਗਿਆ ਹੈ। ਇਹ ਸਾਰਾ ਕੁਝ ਮਨੁੱਖ ਦੀ ਮਨੁੱਖਤਾ ਅਤੇ ਮਾਨਵਤਾ ਨੂੰ ਮਨਫੀ ਕਰੀ ਜਾ ਰਿਹਾ ਹੈ, ਕਾਟੇ ਹੇਠ ਰੱਖ ਰਿਹਾ ਹੈ। ਅਜਿਹੇ ਮਾਹੌਲ ਵਿਚ ਪਲਿਆ ਹੋਇਆ ਬੰਦਾ ਜਦੋਂ ਆਪਣੇ ਪਿੰਡ ਵਾਪਸ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਅਸੰਵੇਦਨਾ/ਵਿਤਰੇਕਤਾ ਅਤੇ ਬੇਗਾਨਗੀ ਦੇ ਅਹਿਸਾਸ ਵਿਚ ਮਹਿਸੂਸ ਕਰਦਾ ਹੈ। ਸੋ ਕਵੀ ਦੇ ਮੁਤਾਬਿਕ ਇੱਕ ਬਹੁਤ ਵੱਡਾ ਖਲਾਅ ਹੈ ਜੋ ਖ਼ੈਰ-ਸੁੱਖ ਦੀ ਸ਼ੁੱਧ-ਭਾਵਨਾ, ਮਨੁੱਖ ਨੂੰ ਮਾਨਵਤਾ ਦੇ ਧਰਾਤਲ ਤੋਂ ਦੂਰ ਲਿਜਾ ਰਹੀ ਹੈ। ਕਹਿਣ ਨੂੰ ਮਨੁੱਖ ਨੇ ਬਹੁਤ ਵਿਕਾਸ ਕੀਤਾ ਹੈ ਪਰ ਹਕੀਕਤ ਵਿਚ ਮਨੁੱਖ ਦਾ ਮਨੁੱਖਤਾ ਤੇ ਮਾਨਵਤਾ ਦੇ ਪੱਖ ਤੋਂ ਬਹੁਤ ਵੱਡਾ ਵਿਨਾਸ਼ ਹੋਇਆ ਹੈ। ਜਿਸ ਨੂੰ ਕੁਲਵਿੰਦਰ ਬਾਖ਼ੂਬੀ ਪੇਸ਼ ਕਰਦਾ ਹੈ ਉਸ ਪਾਸ ਅਜਿਹਾ ਅਨੁਭਵ ਨਿੱਜਤਾ ਤੋਂ ਪੈਦਾ ਹੋਇਆ ਹੈ, ਉਹ ਜ਼ਿੰਦਗੀ ਨੂੰ ਗਹਿਰਾਈ ਨਾਲ ਸੋਚਦਾ ਹੈ। ਕਵੀ ਆਪਣੇ ਆਪ ਨੂੰ ਸਮਾਜ ਨਾਲ, ਆਪਣੇ ਸਭਿਆਚਾਰ ਨਾਲ ਸੁਹਿਰਦਤਾ ਹੁੰਦੀ ਹੈ ਅਤੇ ਇਹੀ ਸੁਹਿਰਦਤਾ ਹੈ ਜੋ ਕਵੀ ਨੂੰ ਕਵੀ ਬਣਾਉਂਦੀ ਹੈ। ਜਿਸ ਮਨੁੱਖ ਪਾਸ ਅਜਿਹੀ ਸੁਹਿਰਦਤਾ ਨਹੀਂ ਉਹ ਕਵੀ ਨਹੀਂ ਹੋ ਸਕਦਾ, ਸੰਵੇਦਨਸ਼ੀਲ ਨਹੀਂ ਹੋ ਸਕਦਾ।
ਕੁਲਵਿੰਦਰ ਦੇ ਮੁਤਾਬਿਕ ਅਜਿਹਾ ਮਨੁੱਖ ਕੋਈ ਆਮ ਮਨੁੱਖ ਨਹੀਂ। ਸੰਵੇਦਨਸ਼ੀਲ ਅਤੇ ਸੁਹਿਰਦ ਮਨੁੱਖ ਅਜਿਹਾ ਹੈ ਜੋ ਬੁੱਝੇ ਹੋਏ ਦੀਪ ਜਗਾ ਰਿਹਾ ਹੈ, ਜੋ ਹਨੇਰਿਆਂ ਵਿਚ ਰੌਸ਼ਨੀ ਕਰ ਰਿਹਾ ਹੈ, ਜੋ ਭਟਕਿਆਂ ਨੂੰ ਰਸਤਾ ਦਿਖਾ ਰਿਹਾ ਹੈ, ਜੋ ਗੁਰਬਤ ਵਿਚ ਪੀਸੇ ਜਾ ਰਹੇ ਮਨੁੱਖਾਂ ਬਾਰੇ ਸੋਚਦਾ ਹੈ ਕਿ ਜੇ ਇਨ੍ਹਾਂ ਮਨੁੱਖਾਂ ਦੇ ਜੀਵਨ ਵਿਚ ਵੀ ਪ੍ਰਕਾਸ਼ ਆ ਜਾਵੇ ਤਾਂ ਇਨ੍ਹਾਂ ਦਾ ਵੀ ਜੀਵਨ ਰੋਸ਼ਨ ਹੋ ਸਕਦਾ ਹੈ। ਉਹ ਲਿਖਦਾ ਹੈ:
ਸ਼ਾਇਰ ਜਾਂ ਪੈਗ਼ੰਬਰ ਜਾਂ ਇਹ ਦਰਵੇਸ਼ ਹੈ ਕੋਈ,
ਇਹ ਕੌਣ ਜੋ ਰਾਤਾਂ ਨੂੰ ਬੁਝੇ ਦੀਪ ਜਗਾਵੇ।
ਇਸ ਸੰਵੇਦਨਸ਼ੀਲਤਾ ਦੀ ਕਮਾਲਤਾ ਦਾ ਅਹਿਸਾਸ ਮੈਨੂੰ ਉਦੋਂ ਵੀ ਹੋਇਆ ਜਦੋਂ ਡਾਕਟਰ ਹਰਿਭਜਨ ਸਿੰਘ ਨੇ ਲਿਖਿਆ ਕਿ ਮੇਰੀ ਬਗਲੀ ਦੇ ਵਿਚ ਉਨ੍ਹਾਂ ਘਰਾਂ ਵਿਚ ਵੀ ਦੀਪ ਜਗਾਵਣ ਦੀ ਖਾਹਿਸ਼ ਹੈ ਜਿਨ੍ਹਾਂ ਮੈਨੂੰ ਖ਼ਤਮ ਕਰਨ ਵਾਸਤੇ ਮੇਰੀ ਹੋਂਦ-ਹਸਤੀ ਨੂੰ ਮਿਟਾਵਣ ਵਾਸਤੇ ਪੂਰਾ ਜ਼ੋਰ ਲਗਾਇਆ ਸੀ। ਕਮਾਲ ਦੇ ਅਹਿਸਾਸ ਨੇ ਡਾਕਟਰ ਹਰਿਭਜਨ ਸਿੰਘ ਦੇ। ਬੰਦਾ ਉਨ੍ਹਾਂ ਨੂੰ ਖ਼ਤਮ ਕਰਨ ਜਾ ਰਿਹਾ ਹੈ ਲੇਕਿਨ ਡਾਕਟਰ ਹਰਿਭਜਨ ਸਿੰਘ ਦੀ ਇੱਛਾ ਹੈ ਕਿ ਮੈਂ ਉਨ੍ਹਾਂ ਦੇ ਘਰਾਂ ਵਿਚ ਵੀ ਦੀਪ ਜਗਾਵਾਂ। ਉਨ੍ਹਾਂ ਦੇ ਘਰ ਵੀ ਵਸਦੇ-ਰਸਦੇ ਅਤੇ ਵਿਕਾਸ ਕਰਦੇ ਰਹਿਣ।
ਇਸੇ ਹੀ ਅਹਿਸਾਸ ਨੂੰ ਕੁਲਵਿੰਦਰ ਨੇ ਆਪਣੀ ਰਚਨਾ ਵਿਚ ਪੇਸ਼ ਕੀਤਾ ਹੈ। ਵਿਚਾਰ ਟਰੈਵਲ ਕਰਦਾ ਹੈ। ਵਾਕਿਆ ਹੀ ਅਜਿਹੇ ਬੰਦੇ ਜੋ ਅਜਿਹੀ ਭਾਵਨਾ ਰੱਖਦੇ ਹਨ ਉਹ ਸਾਧਾਰਨ ਨਹੀਂ, ਕੁਝ ਸ਼ਾਇਰ ਹੋ ਸਕਦੇ ਨੇ, ਪੈਗ਼ੰਬਰ ਹੋ ਸਕਦੇ ਨੇ, ਦਰਵੇਸ਼ ਹੋ ਸਕਦੇ ਨੇ, ਮੇਰਾ ਖ਼ਿਆਲ ਹੈ ਕਿ ਰੱਬ ਕਿਸੇ ਨੇ ਦੇਖਿਆ ਨਹੀਂ ਤੇ ਇਹ ਜਿਹੜਾ ਰੱਬ ਹੈ, ਇਹ ਇਨ੍ਹਾਂ ਦੇ ਜ਼ਰੀਏ ਹੀ ਧਰਤੀ `ਤੇ ਆਉਂਦਾ ਹੈ। ਸ਼ਾਇਰਾਂ, ਦਰਵੇਸ਼ਾਂ, ਪੈਗ਼ੰਬਰਾਂ ਦੇ ਰਾਹੀਂ ਪਰਮਾਤਮਾ ਆਪਣੇ ਬੋਲ ਅਲਾਪਦਾ ਹੈ।
ਮਨੁੱਖੀ ਜ਼ਿੰਦਗੀ ਵਿਚ ਇੱਛਾਵਾਂ ਦਾ ਕੀ ਦਖਲ ਹੈ? ਮੈਂ ਇਹ ਵੀ ਸ਼ਾਇਰ ਕੁਲਵਿੰਦਰ ਦੇ ਹਵਾਲੇ ਨਾਲ ਹੀ ਕੁਝ ਗੱਲਾਂ ਕਰਾਂਗਾ। ਉਹ ਲਿਖਦਾ ਹੈ:
ਮਨ ਦੇ ਜੰਗਲ ਵਿਚ ਖਾਮੋਸ਼ੀ ਵੀ ਹੈ ਤੇ ਖੜ-ਖੜ ਵੀ
ਇਕੋ ਵਕਤ ਬਹਾਰ ਤੇ ਇੱਕੋ ਵੇਲੇ ਹੈ ਪੱਤਝੜ ਵੀ।
ਫੁੱਲਾਂ ਲੱਦੀਆਂ ਸ਼ਾਖਾਂ ਨੇ ਵੀ ਜੇ ਸੁੰਨੀਆਂ ਸੀ ਹੋਣਾ
ਮੈਨੂੰ ਹੈ ਵਿਸ਼ਵਾਸ ਕਿ ਆਖਰ ਲੰਘ ਜਾਊ ਪੱਤਝੜ ਵੀ
ਉਦਾਸੀ ਦੇ ਸਿਆਹ ਜੰਗਲ ਦੀ ਭਟਕਣ ਵਿਚ ਮੇਰੇ ਲੋਕੀਂ
ਬੁਝੇ ਨੈਣਾਂ ਚ ਵੀ ਖਾਬਾਂ ਦੇ ਹੀ ਦੀਵੇ ਜਗਾਉਂਦੇ ਨੇ।
ਹਵਾ, ਜਲ, ਅਗਨ, ਅੰਬਰ ਦਾ ਖਲਾ ਮਿੱਟੀ ਦੀ ਖੁਸ਼ਬੂ
ਮੇਰੇ ਸ਼ਿਅਰਾਂ ਚ ਇਹ ਅਨੁਵਾਦ ਸਾਰੇ ਹੋ ਗਏ ਨੇ।
ਮਨੋਵਿਗਿਆਨੀਆਂ ਦਾ ਇਹ ਕਹਿਣਾ ਦਰੁਸਤ ਹੈ ਕਿ ਇਹ ਜੋ ਮਨੁੱਖ ਦਾ ਮਨ ਹੈ ਇਹ ਇਕਹਿਰੀ ਪਰਤ ਦਾ ਮਾਲਕ ਨਹੀਂ, ਇਸ ਅੰਦਰ ਬਹੁਤ ਸਾਰੀਆਂ ਉਚਾਣਾਂ-ਨਿਵਾਣਾਂ, ਆਸ਼ਾ-ਨਿਰਾਸ਼ਾ, ਸਵੇਰ-ਸ਼ਾਮ, ਚਾਨਣ-ਹਨੇਰਾ, ਜ਼ਿੰਦਗੀ ਦੇ ਅਣਗਿਣਤ ਪਹਿਲੂ ਇਹਦੇ ਵਿਚ ਘੁੰਮਦੇ ਰਹਿੰਦੇ ਹਨ।
ਮਨੁੱਖ ਦੀ ਹਸਤੀ ਇਹੋ ਜਿਹੀ ਬਣੀ ਹੈ ਕਿ ਇਹ ਘੋਰ ਨਿਰਾਸ਼ਾ ਦੇ ਆਲਮ ਵਿਚ ਜਾ ਕੇ ਵੀ ਜੀਵਨ ਦੇ ਯਾਤਰਾ ਨੂੰ ਖ਼ਤਮ ਨਹੀਂ ਕਰਦਾ, ਆਸ਼ਾ-ਨਿਰਾਸ਼ਾ ਅਤੇ ਇਸ ਨਿਰਾਸ਼ਾ ਵਿਚੋਂ ਆਸ਼ਾ ਦਾ ਸੰਕਲਪ ਜੀਵਤ ਰਹਿੰਦਾ ਹੈ। ਵਿਸ਼ਵ ਭਰ ਦੇ ਮੁੱਢਲੇ ਚਿੰਤਕ ਅਰਸਤੂ ਨੇ ਕਿਹਾ ਸੀ ਕਿ ਸਾਹਿਤ ਸੰਭਾਵਿਤਾ ਦੇ ਨੇਮ ਮੁਤਾਬਿਕ ਲਿਖਿਆ ਜਾਂਦਾ ਹੈ, ਜੋ ਕੁਝ ਕਲਪਿਤ ਕੀਤਾ ਜਾ ਸਕਦਾ ਹੈ ਉਹ ਵਾਪਰ ਵੀ ਸਕਦਾ ਹੈ। ਜ਼ਿੰਦਗੀ ਇੱਕ ਪ੍ਰਵਾਹ ਹੈ ਇਸ ਪ੍ਰਵਾਹ ਵਿਚ ਖੁਸ਼ੀਆਂ-ਗ਼ਮੀਆਂ, ਹਰਿਆਵਲ-ਸੋਕਾ, ਮੰਜ਼ਿਲਾਂ-ਭਟਕਣਾ ਆਦਿ ਸਾਰਾ ਕੁਝ ਨਾਲ-ਨਾਲ ਚਲਦਾ ਰਹਿੰਦਾ ਹੈ। ਸਭਿਆਚਾਰਕ ਪਰਿਵਰਤਨਾਂ ਦੇ ਨਾਲ ਇਨ੍ਹਾਂ ਵਿਚ ਤਬਦੀਲੀ ਜ਼ਰੂਰ ਆਉਂਦੀ ਹੈ ਅਤੇ ਕਵੀ ਇਨ੍ਹਾਂ ਤਬਦੀਲੀਆਂ ਨੂੰ ਪ੍ਰਤਿਭਾਸ਼ਾਲੀ ਚੇਤਨਾ ਨਾਲ ਵੇਖਦਾ, ਪਰਖਦਾ-ਨਿਰਖਦਾ ਅਤੇ ਨਿਹਾਰਦਾ ਰਹਿੰਦਾ ਹੈ। ਸਾਹਿਤਕਾਰ ਕੋਈ ਸਾਧਾਰਨ, ਸਹਿਜ ਜਾਂ ਖ਼ਾਮੋਸ਼ੀ ਧਾਰਨ ਵਾਲਾ ਮਨੁੱਖ ਨਹੀਂ ਹੁੰਦਾ, ਉਹ ਤਾਂ ਇੱਕ ਬੇਚੈਨ ਮਨੁੱਖ ਹੁੰਦਾ ਹੈ ਜਦੋਂ ਸਮਾਜ, ਦੇਸ਼ ਇਸ ਧਰਤੀ ਉੱਤੇ ਕੋਈ ਮਨਫੀ ਰੁਝਾਨ ਵਾਲਾ ਵਰਤਾਰਾ ਸਾਹਮਣੇ ਆਉਂਦਾ ਹੈ ਤਾਂ ਉਹਦੇ ਮਨ ਨੂੰ ਵੱਡੀ ਠੇਸ ਪਹੁੰਚਦੀ ਹੈ। ਉਹ ਆਪਣੀ ਰੂਹ ਨਾਲ ਅਰਦਾਸ ਕਰਦਾ ਹੈ, ਸੱਚੇ ਮਨ ਨਾਲ ਅਰਦਾਸ ਕਰਦਾ ਹੈ ਕਿ ਵਰਤਾਰਾ ਜਲਦੀ ਤੋਂ ਜਲਦੀ ਖ਼ਤਮ ਹੋਵੇ ਤੇ ਮਨੁੱਖ ਸੁਖਾਵੇਂ ਰਸਤੇ ਦਾ ਰਾਹਗੀਰ ਬਣੇ।
ਮੈਂ ਸਾਹਿਤਕਾਰ ਨੂੰ ਬੇਚੈਨ ਇਸ ਕਰਕੇ ਕਿਹਾ ਹੈ ਕਿ ਕੁਲਵਿੰਦਰ ਦੀ ਰਚਨਾ ਪੜ੍ਹਦਿਆਂ ਮੈਨੂੰ ਅਹਿਸਾਸ ਹੋਇਆ ਹੈ ਕਿ ਉਹ ਉਦਾਸੀ, ਇਕੱਲਤਾ, ਦੁਖ, ਚਿੰਤਾ ਦੇ ਅਹਿਸਾਸ ਵਿਚ ਗ੍ਰਸਿਆ ਹੋਇਆ ਹੈ। ਇਹ ਸਾਰੀਆਂ ਅਲਾਮਤਾਂ ਉਸਦੀਆਂ ਕੋਈ ਨਿੱਜੀ ਨਹੀਂ ਹਨ ਕਿ ਮੈਂ ਆਖਾਂ ਕੁਲਵਿੰਦਰ ਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਈ ਤੇ ਇਸ ਕਰਕੇ ਉਹ ਉਦਾਸ ਹੈ ਜਾਂ ਇਕੱਲਤਾ ਦੀ ਹੋਣੀ ਭੋਗ ਰਿਹਾ ਹੈ। ਉਹ ਉਦਾਸ ਇਸ ਕਰਕੇ ਹੈ ਕਿ ਸਾਡੇ ਪਿੰਡ ਖਿੰਡ ਰਹੇ ਹਨ, ਪਿੰਡਾਂ ਤੋਂ ਜੋ ਦੂਰ ਆ ਗਏ ਨੇ, ਸ਼ਹਿਰਾਂ ਵਿਚ, ਪਰਵਾਸ ਵਿਚ, ਉਨ੍ਹਾਂ ਦੀ ਹੋਣੀ, ਵਿਹਾਰ ਅਤੇ ਜੀਵਨ ਦਾ ਰਹਿਣ-ਸਹਿਣ ਬਦਲ ਰਿਹਾ ਹੈ। ਉਨ੍ਹਾਂ ਦੇ ਜੀਵਨ ਵਿਹਾਰ ਵਿਚੋਂ ਉਨ੍ਹਾਂ ਦਾ ਜੋ ਅਸਲੀ ਖ਼ਾਸਾ ਸੀ, ਉਹ ਅਲੋਪ ਹੋ ਰਿਹਾ ਹੈ। ਸਮੂਹ ਸਮਾਜ ਦੀ ਭਲਾਈ ਚਾਹੁਣ ਵਾਲੇ ਮਨੁੱਖ ਗ਼ਾਇਬ ਹੋ ਰਹੇ ਹਨ, ਇਸ ਕਰਕੇ ਉਹ ਸ਼ਬਦਾਂ ਦੀ ਡਾਇਰੀ ਲਹੂ ਨਾਲ ਲਿਖਦਾ ਹੈ। ਉਹ ਮਨੁੱਖ ਦੇ ਉਜਲੇ ਭਵਿੱਖ ਦੀ ਕਾਮਨਾ ਕਰਦਾ ਹੈ। ਕੁਲਵਿੰਦਰ ਸੋਚਦਾ ਹੈ ਕਿ ਅਮੀਰੀ ਅਤੇ ਗਰੀਬੀ ਦਾ, ਤਾਰਿਆਂ ਦੀ ਛਾਵੇਂ ਸੁੱਤੇ ਮਨੁੱਖ ਦਾ, ਮਹਿਲਾਂ ਵਿਚ ਰਹਿਣ ਵਾਲੇ ਮਨੁੱਖ ਦਾ ਪਾੜਾ ਜੋ ਨਿਰੰਤਰ ਵਧ ਰਿਹਾ ਹੈ, ਉਹ ਕਿਸੇ ਨਾ ਕਿਸੇ ਤਰੀਕੇ ਘਟਾਇਆ ਜਾਵੇ। ਉਹ ਆਪਣੀ ਇਸ ਚੇਤਨਾ ਨੂੰ ਆਪਣੇ ਬੋਲਾਂ ਰਾਹੀਂ ਅਵਾਮ, ਦੁਨੀਆ, ਸਮਾਜ ਤੱਕ ਪਹੁੰਚਾਉਣਾ ਚਾਹੁੰਦਾ ਹੈ, ਇਹ ਇੱਕ ਜੀਵਤ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਕਵੀ ਬਸਤੀਆਂ ਦਾ ਬਾਦਸ਼ਾਹ ਹੁੰਦਾ ਹੈ। ਉਸਦਾ ਕਹਿਣਾ ਹੈ :
ਮੇਰੇ ਅੰਦਰ ਸੀ ਜੋ ਰੋਜ਼ ਮੱਚਦਾ ਰਿਹਾ
ਖ਼ਬਰੇ ਉਹੀ ਨਵੇਂ ਗੀਤ ਰਚਦਾ ਰਿਹਾ
ਉਸ ਜਲਨ ਤੋਂ ਬਿਨਾਂ ਉਸ ਤਪਸ਼ ਤੋਂ ਬਿਨਾਂ
ਹੋਂਦ ਮੇਰੀ ਦਾ ਕੋਈ ਵੀ ਸਾਇਆ ਨਾ ਸੀ।
ਕੁਲਵਿੰਦਰ ਦੀ ਚੇਤਨਾ ਇਸ ਗੱਲ ਵਿਚ ਹੈ ਕਿ ਉਹ ਸੋਚਦਾ ਹੈ ਕਿ ਵਿਸ਼ਵੀਕਰਨ ਅਤੇ ਸਭਿਆਚਾਰਕ ਵਿਕਾਸ ਨੇ ਜੋ ਮਨੁੱਖੀ ਜੀਵਨ ਦੇ ਇਤਿਹਾਸ ਵਿਚ ਤਬਦੀਲੀ ਕਰਨੀ ਸੀ, ਉਹ ਨਹੀਂ ਹੋ ਸਕੀ। ਮਸਲਨ ਜੇ ਸਵੇਰ ਆਉਂਦੀ ਤਾਂ ਉਸ ਵਿਚ ਸਵੇਰ ਦੀ ਖੁਸ਼ਬੂ ਹੁੰਦੀ, ਮਹਿਕ ਹੁੰਦੀ, ਬਾਵਾ ਬਲਵੰਤ ਦੀ ਕਵਿਤਾ ਵਰਗੀ ਊਸ਼ਾ ਦੀ ਭਾਵਨਾ ਹੁੰਦੀ ਪਰ ਹੋਇਆ ਕੀ, ਕੁਲਵਿੰਦਰ ਰਾਹੀਂ, ਸੁਣਦੇ ਹਾਂ:
ਆਏ ਨੇ ਜੋ ਦਿਨ ਕਿਸ ਤਰ੍ਹਾਂ ਦੇ ਦਿਨ ਨੇ ਇਹ ਆਏ
ਉਫ਼ ਰਾਤ ਤੋਂ ਕਾਲੇ ਨੇ ਸਵੇਰੇ ਦੇ ਹੀ ਸਾਏ
ਕਾਫੀ ਸਾਲ ਹੋ ਗਏ ਮੈਂ ਇੱਕ ਰਚਨਾ ਲਿਖੀ ਸੀ
ਪਰਬਤਾਂ ਦੇ ਉਹਲੇ ਹੈ ਪਰਬਤਾਂ ਦਾ ਡੇਰਾ,
ਸਵੇਰ ਦੀਆਂ ਬੁੱਕਲਾਂ ਚ ਕਹਿਰ ਦਾ ਹਨੇਰਾ।
ਜਿਹੜਾ ਵੀ ਇਸ ਧਰਤੀ `ਤੇ ਇਕ ਸੰਵੇਦਨਸ਼ੀਲ ਕਵੀ ਹੈ, ਉਹ ਸਵੇਰ ਦੇ ਉਜਾਲੇ ਅਤੇ ਸਵੇਰ ਦੀ ਮਹਿਕ ਦੀ ਉਡੀਕ ਕਰਦਾ ਹੈ। ਧਰਤੀ `ਤੇ ਰਹਿਣ ਵਾਲੇ ਸਾਰੇ ਬਾਸ਼ਿੰਦਿਆਂ ਤੇ ਉਸਦੀ ਲੋਅ-ਪ੍ਰਕਾਸ਼ ਅਜਿਹਾ ਹੋਵੇ ਕਿ ਧਰਤੀ ਦਾ ਹਰ ਮਨੁੱਖ ਤਰੱਕੀ ਕਰ ਸਕੇ। ਜੀਵਨ ਖੇੜੇ ਭਰਪੂਰ ਹੋਵੇ। ਉਹਦੀ ਜ਼ਿੰਦਗੀ ਵਿਚ ਸਵਰਗ ਉਸਦੇ ਪਾਸ ਹੀ ਹੋਵੇ। ਸਵਰਗ ਸੁਪਨਾ ਨਾ ਬਣਿਆ ਰਹੇ। ਜੰਨਤ ਹਕੀਕਤ ਦਾ ਰੂਪ ਧਾਰ ਕੇ ਉਸਦੇ ਸਨਮੁਖ ਹੋਵੇ।
ਕਵੀ ਕੁਲਵਿੰਦਰ ਦੀਆਂ ਲਾਈਨਾਂ ਹਨ:
ਮੀਲ ਪੱਥਰ ਤਾਂ ਸੈਆਂ ਸਫ਼ਰ ਵਿੱਚ ਮਿਲੇ
ਪਰ ਨਾ ਮੰਜ਼ਿਲ ਦੀ ਕੋਈ ਵੀ ਚਾਹਤ ਰਹੀ
ਰੇਤ ਤਪਦੀ ਵੀ ਸੀ ਪੈਰ ਸੜਦੇ ਵੀ ਸਨ
ਰਸਤਿਆਂ ਨਾਲ ਫਿਰ ਵੀ ਮੁਹੱਬਤ ਰਹੀ
ਕੁਲਵਿੰਦਰ ਦਾ ਤਰਕ ਸਹੀ ਹੈ ਕਿ ਜੇ ਰਸਤਿਆਂ ਦੇ ਨਾਲ ਮੁਹੱਬਤ ਨਹੀਂ ਰਹੇਗੀ ਤਾਂ ਇਨਸਾਨ ਮੀਲ ਪੱਥਰ `ਤੇ ਜਾ ਕੇ ਰੁਕ ਜਾਵੇਗਾ ਤੇ ਜ਼ਿੰਦਗੀ ਆਪਣੇ ਆਦਰਸ਼ ਨੂੰ ਪ੍ਰਾਪਤ ਨਹੀਂ ਕਰ ਸਕੇਗੀ। ਜ਼ਿੰਦਗ਼ੀ ਸੰਘਰਸ਼ ਅਤੇ ਲੰਮੀ ਪਰਵਾਜ਼ ਦਾ ਨਾਮ ਹੈ। ਠੀਕ ਹੈ ਜ਼ਿੰਦਗੀ ਵਿਚ ਦੁੱਖ-ਦਰਦ ਅਤੇ ਨਿਰਾਸ਼ਾ ਦਾ ਆਲਮ ਪਸਰਿਆ ਰਹਿੰਦਾ ਹੈ ਪਰ ਇਹ ਸਾਰਾ ਕੁਝ ਦੁੱਖ-ਦਰਦ, ਨਿਰਾਸ਼ਾ, ਬੇਚੈਨੀ ਮਨੁੱਖ ਨੂੰ ਸੰਵੇਦਨਸ਼ੀਲ ਬਣਾਉਂਦੇ ਨੇ। ਇਸ ਵੇਦਨਾ ਵਿਚ ਮਨੁੱਖ ਜੋ ਸਿਰਜਕ ਹੈ ਉਸ ਬਾਰੇ ਸ਼ੇਕਸਪੀਅਰ ਨੇ ਕਿਹਾ ਸੀ ਕਿ ਕਵੀ ਦੀ ਕਲਪਨਾ ਆਕਾਸ਼ ਅਤੇ ਪਤਾਲ ਨੂੰ ਇੱਕ ਪਲ ਵਿਚ ਹੀ ਗਾਹ ਲੈਂਦੀ ਹੈ। ਕਵੀ ਆਪਣੇ ਆਪ ਤੱਕ ਸੀਮਿਤ ਨਹੀਂ ਹੁੰਦਾ, ਆਪਣੇ ਆਪ ਤੱਕ ਘਿਰਿਆ ਨਹੀਂ ਹੁੰਦਾ। ਉਹ ਸਾਗਰ ਦੀ ਵਿਸ਼ਾਲਤਾ ਵਾਂਗ ਅਸੀਮ ਅਤੇ ਆਤਮ ਤੋਂ ਪਾਰ ਅਨਾਤਮ ਤੱਕ ਜਾਣ ਦੀ ਸਮਰੱਥਾ ਰੱਖਦਾ ਹੈ। ਇਹ ਸਾਰੇ ਨੁਕਤੇ ਸ਼ਾਇਰ ਕੁਲਵਿੰਦਰ ਦੇ ਮਨੋ-ਮਸਤਕ ਵਿਚ ਟਿਮਟਿਮਾਉਂਦੇ ਹਨ। ਕਿਹਾ ਜਾ ਸਕਦਾ ਹੈ ਕਿ ਉਹ ਜਾਗਰੂਕ, ਚਿੰਤਕ ਅਤੇ ਮਨੁੱਖਤਾ ਨਾਲ ਪ੍ਰਤੀਬੱਧਤਾ ਵਾਲਾ ਅਤੇ ਸੁਹਿਰਦਤਾ ਵਾਲਾ ਨਾਤਾ ਰੱਖਦਾ ਹੈ। ਇਹੀ ਨਾਤਾ ਉਸਨੂੰ ਇੱਕ ਹੋਣਹਾਰ ਸਿਰਜਕ ਦੇ ਰੂਪ ਵਿਚ ਪੇਸ਼ ਕਰਦਾ ਹੈ। ਉਸ ਦੀ ਹੱਥਲੀ ਕਿਰਤ ‘ਸ਼ਾਮ ਦੀ ਸ਼ਾਖ `ਤੇ’ ਦਾ ਸਵਾਗਤ ਕਰਨਾ ਬਣਦਾ ਹੈ, ਜਿਸ ਵਿਚ ਬਹੁਤ ਹੀ ਅਣਮੁੱਲੇ ਵਿਚਾਰ ਹਨ, ਦਾਰਸ਼ਨਿਕ ਲਹਿਜ਼ੇ ਵਿਚ ਲਿਖੀ ਹੋਈ ਇਸ ਕਵਿਤਾ ਨੂੰ ਪੜ੍ਹਨ ਲਈ ਮੈਂ ਪਾਠਕਾਂ ਨੂੰ ਪੁਰਜ਼ੋਰ ਅਪੀਲ ਵੀ ਕਰਦਾ ਹਾਂ ਅਤੇ ਰਚਨਾ ਦਾ ਸਵਾਗਤ ਵੀ ਕਰਦਾ ਹਾਂ।