ਲੋਕਾਂ ਨੂੰ ਹਕੀਕਤ ਸਮਝਣੀ ਪਵੇਗੀ: ਅਰੁੰਧਤੀ ਰਾਏ

ਅਰੁੰਧਤੀ ਰਾਏ
ਪ੍ਰਸਿੱਧ ਲੇਖਕਾ ਅਤੇ ਕਾਰਕੁਨ ਅਰੁੰਧਤੀ ਰਾਏ ਨੇ ਚਿੰਤਾ ਪਬਲਿਸ਼ਰਜ਼ ਦੇ ਮੁੱਖ ਸੰਪਾਦਕ ਕੇ.ਐੱਸ. ਰੰਜੀਤ ਨਾਲ ਗੱਲਬਾਤ ਦੌਰਾਨ ਕਈ ਮੁੱਦਿਆਂ ਉਪਰ ਚਰਚਾ ਕੀਤੀ ਜਿਨ੍ਹਾਂ ਵਿਚ ਆਪਣੀਆਂ ਮਲਿਆਲੀ ਜੜ੍ਹਾਂ ਅਤੇ ਮਰਦਾਵੀਂ ਸੱਤਾ ਤੋਂ ਲੈ ਕੇ ਕੇਰਲ ਦੀ ਰਾਜਨੀਤੀ, ਹਿੰਦੂਤਵ, ਜਾਤੀ, ਕਾਰਪੋਰੇਟ ਲਾਲਚ, ਯੂਟਿਊਬਰਾਂ ਅਤੇ ਨੌਜਵਾਨ ਪੀੜ੍ਹੀ ਦੀ ਅੰਦਰੂਨੀ ਦੁਨੀਆ ਵਰਗੇ ਬਹੁਤ ਮਹੱਤਵਪੂਰਨ ਮੁੱਦੇ ਮੁੱਖ ਹਨ। ਇਹ ਮੁਲਾਕਾਤ ਹਫ਼ਤਾਵਾਰ ‘ਦੇਸ਼ਅਭਿਮਾਨੀ’ ਦੇ ਓਣਮ ਵਿਸ਼ੇਸ਼ ਅੰਕ `ਚ ਛਪੀ। ਇਸ ਮੁਲਾਕਾਤ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ। ਇਸ ਲੰਮੀ ਮੁਲਾਕਾਤ ਦਾ ਦੂਜਾ ਤੇ ਆਖਰੀ ਹਿੱਸਾ ਪੇਸ਼ ਹੈ।

ਸਵਾਲ: ਪਿਛਲੇ ਦਹਾਕੇ `ਚ ਭਾਰਤ ਆਪਣੇ ਲੰਮੇ ਲੋਕਤੰਤਰੀ ਇਤਿਹਾਸ ਦੀ ਤੁਲਨਾ `ਚ ਬਿਲਕੁਲ ਵੱਖਰੀ ਰਾਜਨੀਤਕ ਸਥਿਤੀ `ਚੋਂ ਗੁਜ਼ਰ ਰਿਹਾ ਹੈ। ਜਿਸ ਵਿਚਾਰਧਾਰਕ ਬੁਨਿਆਦ ਉਪਰ ਇਹ ਮੁਲਕ ਖੜ੍ਹਾ ਹੈ, ਉਹ ਖ਼ਤਰੇ `ਚ ਹੈ। ਇੱਥੋਂ ਤੱਕ ਕਿ ਸੰਵਿਧਾਨ ਨੂੰ ਮੁੜ ਲਿਖਣ ਦਾ ਪ੍ਰਚਾਰ ਵੀ ਚੋਣ ਪ੍ਰਚਾਰ `ਚ ਜਨਤਕ ਤੌਰ `ਤੇ ਕੀਤਾ ਗਿਆ ਪਰ ਨਤੀਜਿਆਂ ਨੇ ਘੱਟੋ-ਘੱਟ ਹਾਲ ਦੀ ਘੜੀ ਤਾਂ ਇਸ ਉਪਰ ਰੋਕ ਲਾ ਦਿੱਤੀ ਹੈ। ਕੀ ਤੁਹਾਨੂੰ ਵੀ ਇੰਞ ਹੀ ਲੱਗਦਾ ਹੈ?
ਜਵਾਬ: ਇਹ ਤੱਥ ਕਿ ਭਾਜਪਾ ਕੋਲ ਆਪਣਾ ਬਹੁਮੱਤ ਨਹੀਂ ਹੈ, ਵੱਡੀ ਰਾਹਤ ਹੈ ਪਰ ਸੱਤਾ ਦੀ ਕਮਾਨ ਅਜੇ ਵੀ ਉਸਦੇ ਹੱਥ `ਚ ਹੈ। ਇਹ ਅਜੇ ਵੀ ਸੰਸਥਾਵਾਂ ਨੂੰ ਕੰਟਰੋਲ ਕਰਦੀ ਹੈ। 2002 `ਚ ਗੁਜਰਾਤ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੋਦੀ ਨੂੰ ਅਸਲੀ ਵਿਰੋਧੀ-ਧਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੂੰ ਸਿੱਧੇ ਮੱਥੇ ਚੁਣੌਤੀ ਦਿੱਤੀ ਜਾ ਰਹੀ ਹੈ। ਉਸ ਦਾ ਉਹ ਅਕਸ ਖੋਹ ਲਿਆ ਗਿਆ ਹੈ ਜਿਸ ਨੂੰ ਸਿਰਜਣ `ਚ ਉਸ ਨੇ 20 ਸਾਲ ਲਗਾਏ ਸਨ। ਉਹ ਅਕਸ ਖ਼ਤਮ ਹੋ ਗਿਆ ਹੈ ਪਰ ਮੈਂ ਬਹੁਤ ਫ਼ਿਕਰਮੰਦ ਹਾਂ। ਕਿਉਂਕਿ ਕਿਸੇ ਵੀ ਤਰ੍ਹਾਂ ਦੀ ਰਾਜਨੀਤਕ ਹਾਰ ਲਈ ਉਸ ਦਾ ਇੱਕੋ-ਇਕ ਪ੍ਰਤੀਕਰਮ ਨਫ਼ਰਤ ਦੇ ਬਟਨ ਦਬਾਉਣਾ ਹੁੰਦਾ ਹੈ। ਤੁਹਾਨੂੰ ਚੇਤੇ ਹੋਵੇਗਾ ਕਿ 2002 ਦਾ ਗੁਜਰਾਤ ਕਤਲੇਆਮ ਸਥਾਨਕ ਚੋਣਾਂ ਦੀ ਹਾਰ ਤੋਂ ਬਾਅਦ ਹੋਇਆ ਸੀ। ਪਹਿਲਾਂ ਹੀ ਮੁਸਲਮਾਨਾਂ ਦੇ ਹਜੂਮੀ ਕਤਲਾਂ `ਚ ਵਾਧਾ ਹੋ ਰਿਹਾ ਹੈ। ਨਵੇਂ ਫ਼ੌਜਦਾਰੀ ਕਾਨੂੰਨਾਂ ਨੇ ਉਸ ਲਈ ਮੁਸਲਮਾਨਾਂ ਅਤੇ ਵਿਰੋਧੀ ਧਿਰ ਨੂੰ ਵੀ ਨਿਸ਼ਾਨਾ ਬਣਾਉਣਾ ਸੌਖਾ ਬਣਾ ਦਿੱਤਾ ਹੈ। ਉਹ ਪਾਲਾਬੰਦੀ ਕਰ ਕੇ ਅਤੇ ਵਧੇਰੇ ਖ਼ੂਨ-ਖਰਾਬੇ ਦੀ ਮਦਦ ਨਾਲ ਸੱਤਾ `ਚ ਮੁੜ ਆਉਣ ਦਾ ਯਤਨ ਕਰਨਗੇ… ਮੈਨੂੰ ਆਸ ਹੈ ਕਿ ਭਾਰਤੀ ਲੋਕਾਂ ਨੇ ਇਹ ਸਭ ਸਮਝ ਲਿਆ ਹੈ।
ਸਵਾਲ: ਹਿੰਦੂਤਵ ਦੀ ਧਾਰਮਿਕ ਰਾਜਨੀਤੀ ਮਹਿਜ਼ ਕਾਰਪੋਰੇਟ ਹਿਤਾਂ ਅਤੇ ਨਵਉਦਾਰਵਾਦੀ ਪ੍ਰੋਜੈਕਟ ਨੂੰ ਲੁਕੋਣ ਦਾ ਮੁਖੌਟਾ ਹੈ। ਕੀ ਤੁਸੀਂ ਇਸ ਨਾਲ ਸਹਿਮਤ ਹੋ?
ਜਵਾਬ: ਬਿਲਕੁਲ ਨਹੀਂ। ਮੈਂ ਪੂਰੀ ਤਰ੍ਹਾਂ ਅਸਹਿਮਤ ਹਾਂ। ਨਿਰੋਲ, ਮਿਲਾਵਟਹੀਣ, ਜਾਤੀਵਾਦੀ, ਫਾਸ਼ੀਵਾਦੀ ਹਿੰਦੂ ਰਾਸ਼ਟਰਵਾਦ ਦੇ ਖ਼ਤਰੇ ਨੂੰ ਘਟਾ ਕੇ ਦੇਖਣਾ ਖ਼ਤਰਨਾਕ ਹੈ। ਇਹ ਆਪਣੇ ਆਪ `ਚ ਮੁੱਖ ਚੀਜ਼ ਹੈ। ਇਹ ਮੁੱਖ ਚੀਜ਼ ਹੈ। ਕਾਰਪੋਰੇਟ ਇਸ ਨਾਲ ਗੱਠਜੋੜ ਕਰ ਰਹੇ ਹਨ ਕਿਉਂਕਿ ਉਹ ਤਾਕਤਵਰ ਰਾਜ ਦੇ ਵਿਰੋਧ ਨੂੰ ਹਰਾਉਣ ਅਤੇ ਲਾਲਫੀਤਾਸ਼ਾਹੀ ਨੂੰ ਖ਼ਤਮ ਕਰਕੇ ਉਨ੍ਹਾਂ ਉਦਯੋਗਪਤੀਆਂ ਨੂੰ ਨਿਵਾਜਣ ਦੀ ਸਮਰੱਥਾ ਨਾਲ ਖ਼ੁਸ਼ ਹਨ ਜੋ ਸਭ ਤੋਂ ਵਫ਼ਾਦਾਰ ਹਨ। ਆਪਣੇ ਹਿਤਾਂ ਨੂੰ ਅੱਗੇ ਵਧਾਉਣ ਦੀ ਖ਼ਾਤਰ ਕਾਰਪੋਰੇਟ ਸੱਤਾ `ਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਨਾਲ ਗੱਠਜੋੜ ਕਰਨਗੇ। ਡਾ. ਮਨਮੋਹਣ ਸਿੰਘ ਦੀ ਅਗਵਾਈ ਵਾਲੀ ਧਰਮਨਿਰਪੱਖ ਹਕੂਮਤ ਵੀ ਕਾਰਪੋਰੇਸ਼ਨਾਂ ਲਈ ਘੱਟ ਦੋਸਤਾਨਾ ਨਹੀਂ ਸੀ। ਇਹ ਸਿੱਖਿਆ ਤੇ ਸਿਹਤ ਅਤੇ ਬੁਨਿਆਦੀ ਢਾਂਚੇ ਦੇ ਨਿੱਜੀਕਰਨ ਦੇ ਲਈ ਘੱਟ ਅਨੁਕੂਲ ਨਹੀਂ ਸੀ…ਇਹ ਸਭ ਬਹੁਤ ਵਿਨਾਸ਼ਕਾਰੀ ਹੈ। ਨਿਰਸੰਦੇਹ, ਰਾਹੁਲ ਗਾਂਧੀ ਅਤੇ ਨਵੀਂ ਕਾਂਗਰਸ ਦੀ ਬਿਆਨਬਾਜ਼ੀ ਵੱਖਰੀ ਚੀਜ਼ ਹੈ। ਇਹ ਰਾਹਤ ਦੀ ਗੱਲ ਹੈ।
ਸਵਾਲ: ਅਜਿਹੇ ਬਹੁਤ ਘੱਟ ਲੋਕ ਹਨ ਜੋ ਤੁਹਾਡੇ ਵੱਲੋਂ ਦਿਖਾਈ ਸ਼ਿੱਦਤ ਅਤੇ ਰਚਨਾਤਮਕਤਾ ਨਾਲ ਰਾਜਨੀਤਕ ਲੇਖ ਲਿਖਦੇ ਹਨ। ਤੁਹਾਡੀ ਲੇਖਣੀ ਆਮ ਰਾਜਨੀਤਕ ਲੇਖਣੀ ਤੋਂ ਵੱਖਰੀ ਹੈ। ਇਸ ਜਾਨਦਾਰ ਲੇਖਣੀ ਦੇ ਪਿੱਛੇ ਐਕਸ ਫੈਕਟਰ (ਖ਼ਾਸ ਖ਼ੂਬੀ) ਕੀ ਹੈ?
ਜਵਾਬ: ਮੈਂ ਕਹਾਂਗੀ ਕਿ ਇਹ ਲਿਖਣ ਦੀ ਕਲਾ ਅਤੇ ਸ਼ਿਲਪ ਪ੍ਰਤੀ ਵਚਨਬੱਧਤਾ ਅਤੇ ਸਤਿਕਾਰ ਹੈ। ਮੈਂ ਤਾਕਤ ਅਤੇ ਨਿਤਾਣੇਪਣ, ਡੈਮ, ਸਿੰਜਾਈ, ਖਣਨ, ਯੁੱਧ ਬਾਰੇ ਉਸੇ ਤਰ੍ਹਾਂ ਲਿਖਣਾ ਚਾਹੁੰਦੀ ਹਾਂ ਜਿਵੇਂ ਮੈਂ ਬਚਪਨ, ਪਿਆਰ ਅਤੇ ਦਿਲ ਟੁੱਟਣ ਬਾਰੇ ਲਿਖਦੀ ਸੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਬਣਾਂ, ਮੈਂ ਲੇਖਿਕਾ ਹਾਂ। ਦਿਲ ਦੀ ਗਹਿਰਾਈ ਤੱਕ ਲੇਖਕਾ। ਲਿਖਣਾ ਮੇਰੇ ਲਈ ਇਬਾਦਤ ਹੈ।
ਸਵਾਲ: ਕਥਾ ਸਾਹਿਤ ਤੇ ਰਚਨਾਤਮਕਤਾ ਅਤੇ ਅਕਥਾ ਸਾਹਿਤ ਲਿਖਣ ਵਾਲੇ ਵਿਅਕਤੀ ਲਈ ਲੇਖਣੀ ਦੀਆਂ ਇਨ੍ਹਾਂ ਦੋ ਵਿਧਾਵਾਂ ਦਰਮਿਆਨ ਨਿਖੇੜੇ ਦੀ ਲਕੀਰ ਕੀ ਹੈ?
ਜਵਾਬ: ਜਿੰਨਾ ਜ਼ਿਆਦਾ ਮੈਂ ਇਸ ਬਾਰੇ ਸੋਚਦੀ ਹਾਂ, ਓਨਾ ਹੀ ਘੱਟ ਮੈਂ ਫ਼ਰਕ ਨੂੰ ਸਮਝ ਪਾਉਂਦੀ ਹਾਂ। ਦੋਹਾਂ ਦੇ ਲਈ ਵੱਖੋ-ਵੱਖਰੀ ਤਰ੍ਹਾਂ ਦੇ ਅਨੁਸ਼ਾਸਨ ਦੀ ਜ਼ਰੂਰਤ ਹੁੰਦੀ ਹੈ ਪਰ ਦੋਵੇਂ ਹੀ ਇਬਾਦਤ ਵਾਂਗ ਹਨ।
ਸਵਾਲ: ਮਾਰਕਸ ਦੀ ਭਾਸ਼ਾ ਅਤਿਅੰਤ ਤੀਬਰ ਅਤੇ ਰਚਨਾਤਮਕ ਸੀ। ਰਾਜਨੀਤਕ ਅਰਥ ਸ਼ਾਸਤਰ ਵਰਗੇ ਖ਼ੁਸ਼ਕ ਵਿਸ਼ੇ ਉਪਰ ਲਿਖਦੇ ਹੋਏ ਵੀ ਉਨ੍ਹਾਂ ਦੀ ਭਾਸ਼ਾ ਵੱਖਰੀ ਧਰਾਤਲ ਉਪਰ ਖੜ੍ਹੀ ਹੈ। ਇੰਞ ਲੱਗਦਾ ਹੈ ਕਿ ਜਦ ਭਾਸ਼ਾ ਹਕੀਕਤ ਅੰਦਰ ਡੂੰਘੀ ਉਤਰਦੀ ਹੈ ਤਾਂ ਉਹ ਜਾਨਦਾਰ ਅਤੇ ਰਚਨਾਤਮਕ ਹੋ ਜਾਂਦੀ ਹੈ।
ਜਵਾਬ: ਭਾਸ਼ਾ ਅਜਿਹੀ ਚੀਜ਼ ਹੈ ਜੋ ਲੇਖਕ ਨੇ ਆਪਣੇ ਤੋਂ ਬਾਹਰ ਖੋਜਣੀ ਹੁੰਦੀ ਹੈ। ਕੋਈ ਵੀ ਸਾਨੂੰ ਇਹ ਤੋਹਫ਼ੇ `ਚ ਨਹੀਂ ਦਿੰਦਾ; ਅਤੇ ਇਹ ਸਾਡੇ ਨਾਲ ਹੀ ਜੁੜੀ ਹੁੰਦੀ ਹੈ। ਇਹ ਕੋਈ ਕੋਟ ਜਾਂ ਪੁਸ਼ਾਕ ਨਹੀਂ ਹੈ ਜਿਸ ਨੂੰ ਤੁਸੀਂ ਬਾਹਰ ਜਾਂਦੇ ਵਕਤ ਪਾ ਲਓਗੇ। ਜਿਵੇਂ ਮੈਂ ਪਹਿਲਾਂ ਕਿਹਾ ਹੈ, ਭਾਸ਼ਾ ਮੇਰੇ ਵਿਚਾਰਾਂ ਦੀ ਖੱਲ ਹੈ।
ਸਵਾਲ: ਅਰੁੰਧਤੀ ਰਾਏ ਦੇ ਰਾਜਨੀਤਕ ਨਿਬੰਧ ਸਾਮਰਾਜਵਾਦੀ ਦਖ਼ਲਅੰਦਾਜ਼ੀ ਅਤੇ ਵਿਤੀ ਸਰਮਾਏਦਾਰੀ ਦੇ ਤਿੱਖੇ ਆਲੋਚਕ ਰਹੇ ਹਨ। ਤੁਹਾਡੀ ਲੇਖਣੀ ਵਾਂਝੇ ਗ਼ਰੀਬ ਹਿੱਸਿਆਂ ਅਤੇ ਵਿਕਾਸਵਾਦ ਦੇ ਪੀੜਤਾਂ ਨਾਲ ਖੜ੍ਹੀ ਹੈ। ਤੁਸੀਂ ਇਸ ਵਿਚਾਰਧਾਰਾ `ਚ ਕਿਵੇਂ ਸ਼ਾਮਿਲ ਹੋਏ? ਕੀ ਇਸ ਦੀਆਂ ਜੜ੍ਹਾਂ ਮਨੁੱਖੀ ਵਿਚਾਰਾਂ ਨਾਲ ਤੁਹਾਡੇ ਬੌਧਿਕ ਵਾਹ `ਚ ਪਈਆਂ ਹਨ ਜਾਂ ਇਹ ਤੁਹਾਡੀਆਂ ਪ੍ਰਯੋਗਵਾਦੀ ਨਿਰਖਾਂ ਤੋਂ ਨਿਕਲਦੀਆਂ ਹਨ?
ਜਵਾਬ: ਇਹ ਨਿਆਂ ਦੀ ਭਾਵਨਾ ਤੋਂ ਆਉਂਦੀਆਂ ਹਨ। ਨਿਆਂ ਆਪਣੇ ਕੁਲ ਵੇਰਵੇ ਅਤੇ ਜਟਿਲ ਮਹਿਮਾ ਵਿਚ। ਇਹ ਏਨਾ ਕੁ ਸਰਲ ਹੈ। ਅਤੇ ਜਦ ਮੈਂ ਨਿਆਂ ਕਹਿੰਦੀ ਹਾਂ ਤਾਂ ਮੇਰੀ ਮੁਰਾਦ ਸਿਰਫ਼ ‘ਮਨੁੱਖੀ ਹੱਕ` ਨਹੀਂ ਹੈ। ਨਵਉਦਾਰਵਾਦੀ ਚਾਹੁੰਦੇ ਹਨ ਕਿ ਅਸੀਂ ਦੋਹਾਂ ਨੂੰ ਮਿਲਾ ਦੇਈਏ। ਪਰ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਮਨੁੱਖੀ ਹੱਕ ਮਹੱਤਵਪੂਰਨ ਹਨ ਪਰ ਇਹ ਨਿਆਂ ਦੇ ਵਿਚਾਰ ਨਾਲੋਂ ਕਿਤੇ ਵਧੇਰੇ ਸੰਕੀਰਨ ਧਾਰਨਾ ਹੈ ਪਰ ਨਿਆਂ ਲਈ ਬੋਲਣ ਨਾਲ ਤੁਹਾਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਤੁਹਾਨੂੰ ਕਿਸੇ ਦੇ ‘ਵਲੋਂ` ਬੋਲਣ ਦਾ ਹੱਕ ਹੈ। ਇਕ ਅਜਿਹੀ ਧਾਰਨਾ ਜਿਸ ਨੂੰ ਮੈਂ ਸਭ ਤੋਂ ਵੱਧ ਨਫ਼ਰਤ ਕਰਦੀ ਹਾਂ, ਉਹ ਹੈ ‘ਬੇਜ਼ਬਾਨਾਂ ਦੀ ਆਵਾਜ਼`। ਸ਼ਾਇਦ ਮੇਰੀ ਸਭ ਤੋਂ ਵੱਧ ਦੁਹਰਾਈ ਜਾਣ ਵਾਲੀ ਟੂਕ – ਜਿਸ ਉਪਰ ਮੈਂ ਗਹਿਰਾਈ `ਚ ਵਿਸ਼ਵਾਸ ਕਰਦੀ ਹਾਂ, ਇਹ ਹੈ: ‘ਬੇਜ਼ਬਾਨ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਜਾਣ-ਬੁੱਝ ਕੇ ਚੁੱਪ ਕਰਾ ਦਿੱਤਾ ਗਿਆ ਹੈ ਜਾਂ ਉਨ੍ਹਾਂ ਨੂੰ ਅਣਸੁਣਿਆ ਕਰ ਦਿੱਤਾ ਜਾਂਦਾ ਹੈ।`
ਸਵਾਲ: ਤੁਸੀਂ ਅੰਬੇਡਕਰ ਦੇ ਵਿਚਾਰਾਂ ਦੀ ਜ਼ੋਰਦਾਰ ਹਮਾਇਤ ਕਰਦੇ ਹੋ। ਅਤੇ ਤੁਸੀਂ ਅੰਬੇਡਕਰ ਦੇ ਵਿਚਾਰਾਂ ਅਤੇ ਕੰਮਾਂ ਦਾ ਮੁਲਾਂਕਣ ਗਾਂਧੀ ਦੇ ਵਿਚਾਰਾਂ ਅਤੇ ਕੰਮਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੀ ਤੁਸੀਂ ਭਾਰਤ ਦੇ ਮੌਜੂਦਾ ਹਾਲਾਤ `ਚ ਇਸ ਤਰਕ ਉਪਰ ਮੁੜ ਵਿਚਾਰ ਕਰਨਾ ਚਾਹੋਗੇ?
ਜਵਾਬ: ਹਾਂ, ਮੈਂ ਇਸ ਬਾਰੇ ਕਿਤਾਬ ਲਿਖੀ ਹੈ। ਸਿਰਫ਼ ਅੰਬੇਡਕਰ-ਗਾਂਧੀ ਬਹਿਸ ਹੀ ਨਹੀਂ, ਸਗੋਂ ਇਸ ਬਾਰੇ ਵੀ ਕਿ ਕਿਵੇਂ ਜਾਤੀ ਅਤੇ ਸਰਮਾਏਦਾਰੀ ਨੇ ਮਿਲ ਕੇ ਇਕ ਅਨੋਖਾ ਭਾਰਤੀ ਮਿਸ਼ਰਨ ਤਿਆਰ ਕੀਤਾ ਹੈ। ਉਸ ਕਿਤਾਬ ‘ਦਿ ਡਾਕਟਰ ਐਂਡ ਦ ਸੇਂਟ’ ਦੇ ਆਖ਼ਰੀ ਪੈਰੇ `ਚ ਮੈਂ ਕਿਹਾ ਹੈ ਕਿ ਜਦ ਤੱਕ ਖ਼ੁਦ ਨੂੰ ਇਨਕਲਾਬੀ ਕਹਾਉਣ ਵਾਲੇ ਲੋਕ ਬ੍ਰਾਹਮਣਵਾਦ (ਜੋ ਹਿੰਦੂ ਧਰਮ ਦੇ ਜਾਤੀ ਵਿਰੋਧੀ ਅੰਦੋਲਨ ਦਾ ਰਵਾਇਤੀ ਸ਼ਬਦ ਹੈ) ਦੀ ਤਿੱਖੀ ਆਲੋਚਨਾ ਨਹੀਂ ਕਰਦੇ ਅਤੇ ਜਦ ਤੱਕ ਬਾ੍ਰਹਮਣਵਾਦ ਨੂੰ ਸਮਝਣ ਵਾਲੇ ਲੋਕ ਸਰਮਾਏਦਾਰੀ ਦੀ ਆਲੋਚਨਾ ਅਤੇ ਸਮਝ ਨੂੰ ਸਾਣ `ਤੇ ਨਹੀਂ ਲਾਉਂਦੇ, ਉਦੋਂ ਤੱਕ ਸਾਡੇ ਮੁਲਕ ਦਾ ਕੁਝ ਨਹੀਂ ਬਣ ਸਕਦਾ।
ਸਵਾਲ: ਇਸੇ ਤਰ੍ਹਾਂ ਆਨੰਦ ਤੇਲਤੁੰਬੜੇ ਵਰਗੇ ਵਿਚਾਰਕ ਅੰਬੇਡਕਰ ਅਤੇ ਮਾਰਕਸ ਦੇ ਵਿਚਾਰਾਂ ਨੂੰ ਸਮਾਂਤਰ ਰੂਪ `ਚ ਅੱਗੇ ਵਧਾ ਰਹੇ ਹਨ। ਤੁਸੀਂ ਰਾਜਨੀਤੀ `ਚ ਜਮਾਤੀ ਅਤੇ ਜਾਤੀਗਤ ਰੁਝਾਨਾਂ ਨੂੰ ਕਿਵੇਂ ਦੇਖਦੇ ਹੋ?
ਜਵਾਬ: ਇਹ ਅਜਿਹੀ ਚੀਜ਼ ਹੈ ਜਿਸ ਉਪਰ ਮੈਂ ਉਦੋਂ ਤੋਂ ਵਿਚਾਰ ਕਰ ਰਹੀ ਹਾਂ ਜਦੋਂ ਤੋਂ ਮੈਂ ‘ਦਿ ਗੌਡ ਆਫ ਸਮਾਲ ਥਿੰਗਜ਼’ ਲਿਖਿਆ ਹੈ। ਭਾਰਤ ਵਿਚ ਖੱਬੀ ਧਿਰ ਗੰਭੀਰ ਰੂਪ `ਚ ਬਹੁਤਾ ਪ੍ਰਭਾਵ ਨਹੀਂ ਪਾ ਸਕਿਆ ਕਿਉਂਕਿ ਇਹ ਜਾਤੀ ਨੂੰ ਸੰਬੋਧਿਤ ਹੋਣ `ਚ ਨਾਕਾਮ ਰਹੀ ਹੈ ਅਤੇ ਇਸ ਨੇ ਇਹ ਕਹਿ ਕੇ ਆਪਣੇ ਆਪ ਨੂੰ ਤਸੱਲੀ ਦੇ ਲਈ ਕਿ ‘ਜਾਤੀ ਜਮਾਤ ਹੈ।` ਅੰਬੇਡਕਰ ਨੂੰ ਪੜ੍ਹੋ ਅਤੇ ਫਿਰ ਤੁਸੀਂ ਅਜਿਹਾ ਕਦੇ ਨਹੀਂ ਕਹੋਗੇ। ਆਨੰਦ ਤੇਲਤੁੰਬੜੇ ਨੂੰ ਮੈਂ ਸਦਾ ਹੀ ਸਾਡੇ ਮੁਲਕ ਦੇ ਸਭ ਤੋਂ ਮਹੱਤਵਪੂਰਨ ਬੁੱਧੀਜੀਵੀਆਂ `ਚੋਂ ਇਕ ਮੰਨਦੀ ਰਹੀ ਹਾਂ। ਉਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ, ਉਨ੍ਹਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਇਸਦੀ ਬਜਾਏ, ਉਨ੍ਹਾਂ ਨੂੰ ਜੇਲ੍ਹ `ਚ ਡੱਕ ਦਿੱਤਾ ਗਿਆ ਅਤੇ ਜ਼ਲੀਲ ਕੀਤਾ ਗਿਆ।
ਸਵਾਲ: ਮਲਿਆਲਮ ਵਿਚ ਪਿੱਛੇ ਜਹੇ ਬਣੀਆਂ ਕਈ ਹਰਮਨਪਿਆਰੀਆਂ ਫਿਲਮਾਂ ਅਤੇ ਨਾਵਲ ਨੌਜਵਾਨਾਂ ਦੀ ਭਾਵਨਾਤਮਕ ਅਤੇ ਅੰਦਰੂਨੀ ਦੁਨੀਆ ਉਪਰ ਕੇਂਦਰਤ ਹਨ। ਸ਼ਿਲਪ ਦੇ ਲਿਹਾਜ਼ ਨਾਲ ਉਨ੍ਹਾਂ `ਚੋਂ ਜ਼ਿਆਦਾਤਰ ਫਿਲਮਾਂ ਔਸਤ ਨਾਲੋਂ ਹੇਠਲੇ ਪੱਧਰ ਦੀਆਂ ਹਨ। ਪਰ ਉਹ ਨੌਜਵਾਨਾਂ ਨਾਲ ਕਾਫ਼ੀ ਕਾਮਯਾਬੀ ਨਾਲ ਸੰਵਾਦ ਰਚਾ ਰਹੀਆਂ ਹਨ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਜਵਾਬ: ਈਮਾਨਦਾਰੀ ਨਾਲ ਕਹਾਂ, ਜੋ ਅੰਦਰੂਨੀ ਦੁਨੀਆ ਖ਼ੁਦ ਨੂੰ ਬਾਹਰੀ ਦੁਨੀਆ ਦੇ ਪ੍ਰਸੰਗ `ਚ ਨਹੀਂ ਰੱਖਦੀ, ਉਹ ਮੇਰੇ ਲਈ ਬਹੁਤ ਘੱਟ ਜਾਂ ਬਿਲਕੁਲ ਵੀ ਦਿਲਚਸਪੀ ਵਾਲੀ ਨਹੀਂ ਹੈ। ਇਹ ਮੈਨੂੰ ਜ਼ਿਆਦਾਤਰ ਬੋਰ ਹੀ ਕਰਦੀ ਹੈ। ਮੈਂ ਇਹ ਨਹੀਂ ਕਹਿਣਾ ਚਾਹੁੰਦੀ ਕਿ ਹਰ ਚੀਜ਼ ਐਲਾਨਨਾਮਾ ਹੋਣਾ ਚਾਹੀਦੀ ਹੈ। ਮੈਂ ਸਿਰਫ਼ ਕੁਝ ਬੁਨਿਆਦੀ ਬੁੱਧੀਮਾਨੀ ਦੀ ਵਕਾਲਤ ਕਰ ਰਹੀ ਹਾਂ। ਅਤੇ ਸਾਡੀ ਬਾਹਰਲੀ ਦੁਨੀਆ ਦੀ ਹਾਲਤ ਨੂੰ ਦੇਖਦਿਆਂ ਥੋੜ੍ਹੀ ਸੁਸ਼ੀਲਤਾ ਵੀ ਹੋਣੀ ਚਾਹੀਦੀ ਹੈ। ਇਸ ਨੂੰ ਪੂਰੀ ਤਰ੍ਹਾਂ ਛੱਡ ਦੇਣਾ ਵੀ ਇਕ ਤਰ੍ਹਾਂ ਦੀ ਰਾਜਨੀਤੀ ਹੈ। ਇਸੇ ਤਰ੍ਹਾਂ ਜੋ ਸਾਹਿਤ ਅਤੇ ਸਿਨੇਮਾ ਮਹਿਜ਼ ਲੁਕਵਾਂ ਐਲਾਨਨਾਮਾ ਹੈ, ਉਸ ਵਿਚ ਵੀ ਮੇਰੀ ਕੋਈ ਰੁਚੀ ਨਹੀਂ ਹੈ।
ਸਵਾਲ: ਹੁਣ ਅਸੀਂ ਨਵਉਦਾਰਵਾਦੀ ਨਿਜ਼ਾਮ `ਚ ਰਹਿ ਰਹੇ ਹਾਂ। ਇਸ ਦੇ ਵਿਚਾਰਾਂ ਦੇ ਜਾਲ `ਚੋਂ ਬਾਹਰ ਨਿੱਕਲਣਾ ਜ਼ਿਆਦਾ ਤੋਂ ਜ਼ਿਆਦਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਹ ਸਥਿਤੀ ਪਲੇਟੋ ਦੇ ਗੁਫ਼ਾ `ਚ ਫਸੇ ਬੰਦੇ ਵਰਗੀ ਹੈ। ਅਸੀਂ ਇਸ ਭਾਰੂ ਬਿਰਤਾਂਤ ਉਪਰ ਕਾਬੂ ਕਿਵੇਂ ਪਾ ਸਕਦੇ ਹਾਂ।
ਜਵਾਬ: ਸਾਨੂੰ ਜੇਲ੍ਹ ਤੋੜਨੀ ਪਵੇਗੀ! ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖਧਾਰਾ ਦਾ ਟੀ.ਵੀ. ਦੇਖਣਾ ਬੰਦ ਕਰਨਾ ਹੋਵੇਗਾ। ਇਸ ਵਿਚ ਮਨੋਰੰਜਨ ਚੈਨਲ ਵੀ ਸ਼ਾਮਲ ਹਨ। ਉਸ ਖ਼ੂਬਸੂਰਤ ਸ਼ਾਂਤੀ `ਚ ਸਾਡਾ ਦਿਮਾਗ ਸਾਡੇ ਕੋਲ ਮੁੜ ਪਰਤ ਆਵੇਗਾ। ਸਾਡਾ ਆਈ.ਕਿਊ. ਪੱਧਰ ਵਧ ਜਾਵੇਗਾ।
ਸਵਾਲ: ਆਧੁਨਿਕ ਮਨੁੱਖੀ ਇਤਿਹਾਸ ਵਿਚ ਰਾਸ਼ਟਰਵਾਦ ਹਮੇਸ਼ਾ ਹੀ ਇਕ ਬਹੁਤ ਹੀ ਗੰਭੀਰ ਰਾਜਨੀਤਕ ਪ੍ਰੋਜੈਕਟ ਰਿਹਾ ਹੈ। ਬਸਤੀਵਾਦ ਵਿਰੋਧੀ ਅੰਦੋਲਨਾਂ ਦੇ ਦੌਰ ਵਿਚ ਰਾਸ਼ਟਰਵਾਦ ਇਨਕਲਾਬੀ ਅਤੇ ਅਗਾਂਹਵਧੂ ਵਿਚਾਰ ਸੀ। ਪਰ ਉਸੇ ਦੌਰ `ਚ ਇਸ ਦੀ ਵਰਤੋਂ ਫਾਸ਼ੀਵਾਦੀ ਅਤੇ ਸੱਤਾਵਾਦੀ ਨਿਜ਼ਾਮ ਨੂੰ ਕਾਨੂੰਨੀ ਬਣਾਉਣ ਤੇ ਲਾਗੂ ਕਰਨ ਅਤੇ ਲੋਕਾਂ ਨੂੰ ਨਸਲੀ ਰੂਪ `ਚ ਕੁਚਲਣ ਲਈ ਕੀਤੀ ਗਈ। ਅਸੀਂ ਖ਼ੁਦ ਵੀ ਹੁਣ ਫਿਰਕੂ ਰਾਸ਼ਟਰਵਾਦ ਦੇ ਅਜਿਹੇ ਹੀ ਯਤਨ ਦੇਖ ਰਹੇ ਹਾਂ। ਇਹ ਦੋਧਾਰੀ ਤਲਵਾਰ ਹੈ। ਤੁਸੀਂ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ?
ਜਵਾਬ: ਰਾਸ਼ਟਰਵਾਦ ਮੂਰਖ਼ਾਂ ਲਈ ਹੈ। ਜਾਂ, ਵੱਧ ਤੋਂ ਵੱਧ ਖੇਡਾਂ ਦੇ ਮਾਮਲੇ `ਚ ਚੰਗਾ ਹੈ। ਕੁਝ ਚੰਗਾ ਦਿਲਪ੍ਰਚਾਵਾ। ਬਾਕੀ ਦੇ ਬਾਰੇ `ਚ – ਅਸੀਂ ਇਕ ਅਜਿਹੇ ਸਮਾਜ ਵਿਚ ਰਹਿਣ ਦੀ ਕੋਸ਼ਿਸ਼ ਕਰਦੇ ਅਤੇ ਰਹਿੰਦੇ ਹਾਂ ਜਿਸ ਵਿਚ ਇਸ ਨੂੰ ਲੈ ਕੇ ਸਲਾਹੁਣਯੋਗ ਅਤੇ ਭਿਆਨਕ ਚੀਜ਼ਾਂ ਹਨ; ਅਸੀਂ ਸਲਾਹੁਣਯੋਗ ਚੀਜ਼ਾਂ ਦਾ ਜਸ਼ਨ ਮਨਾਉਂਦੇ ਹਾਂ, ਭਿਆਨਕ ਚੀਜ਼ਾਂ ਨਾਲ ਲੜਦੇ ਹਾਂ। ਅਸੀਂ ਗੱਲਬਾਤ ਜਾਰੀ ਰੱਖਦੇ ਹਾਂ। ਮੇਰੇ ਲਈ ਸਾਰੀ ਲੜਾਈ ਮਹਾਨ ਪ੍ਰੇਮ ਤੋਂ ਪੈਦਾ ਹੁੰਦੀ ਹੈ। ਜਦ ਦਿੱਲੀ ਏਅਰਪੋਰਟ ਉਪਰ ਮਲਿਆਲੀ ਸੁਰੱਖਿਆ ਗਾਰਡ ਨੇ ਮੇਰੀ ਆਈਡੀ ਚੈੱਕ ਕਰਦੇ ਹੋਏ ਕਿਹਾ, “ਸਾਡੇ ਕੇਰਲ `ਚ ਵੀ ਇਕ ਅਰੁੰਧਤੀ ਰਾਏ ਹੈ। ਹਮੇਸ਼ਾ ਪ੍ਰੇਸ਼ਾਨੀ `ਚ ਰਹਿੰਦੀ ਹੈ” ਤਾਂ ਮੈਨੂੰ ਬਹੁਤ ਹਾਸਾ ਆਇਆ। ਉਸ ਨੂੰ ਪਤਾ ਨਹੀਂ ਲੱਗਿਆ ਕਿ ਉਹ ਮੈਂ ਹੀ ਹਾਂ। ਇਕ ਲੇਖਕ ਦੇ ਰੂਪ `ਚ, ਮਨੁੱਖ ਹੀ ਇੱਕੋ-ਇਕ ਅਜਿਹੀ ਚੀਜ਼ ਨਹੀਂ ਹੈ ਜਿਸ ਦੀ ਮੈਨੂੰ ਪ੍ਰਵਾਹ ਹੈ। ਮੇਰੀਆਂ ਕਿਤਾਬਾਂ ਜਾਨਵਰਾਂ, ਕੀੜਿਆਂ, ਨਦੀਆਂ, ਆਕਾਸ਼ ਅਤੇ ਪਹਾੜਾਂ ਨਾਲ ਭਰੀਆਂ ਪਈਆਂ ਹਨ। ਇਕ ਰਾਸ਼ਟਰਵਾਦੀ ਕੀੜੇ-ਮਕੌੜੇ ਜਾਂ ਝੰਡਾ ਲਹਿਰਾਉਂਦੇ ਬਘਿਆੜ ਦੀ ਕਲਪਨਾ ਕਰੋ। ਸਾਨੂੰ ਆਪਣੀ ਜ਼ਮੀਨ, ਆਪਣੀਆਂ ਨਦੀਆਂ ਅਤੇ ਪਹਾੜਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ… ਪਰ ਅਸੀਂ ਉਨ੍ਹਾਂ ਨੂੰ ਰਾਸ਼ਟਰਵਾਦ ਦੇ ਨਾਂ `ਤੇ ਨਸ਼ਟ ਕਰ ਰਹੇ ਹਾਂ। ਝੰਡੇ ਕੱਪੜੇ ਦੇ ਟੋਟੇ ਹਨ ਜਿਨ੍ਹਾਂ ਦੀ ਵਰਤੋਂ ਉਹ ਸਾਡੇ ਦਿਮਾਗ ਨੂੰ ਸੁੰਗੇੜਨ ਲਈ ਕਰਦੇ ਹਨ ਅਤੇ ਜਦ ਅਸੀਂ ਮਰ ਜਾਂਦੇ ਹਾਂ ਤਾਂ ਸਾਨੂੰ ਦਫ਼ਨਾਉਣ ਲਈ ਕਫ਼ਨ ਦੇ ਰੂਪ `ਚ ਵਰਤਦੇ ਹਨ।
ਸਵਾਲ: ਮੁੱਖਧਾਰਾ ਦਾ ਮੀਡੀਆ ਪੂਰੀ ਤਰ੍ਹਾਂ ਸਮਾਜ ਦੇ ਉਚ ਤਬਕੇ ਦੀ ਜ਼ਿੰਦਗੀ ਉਪਰ ਧਿਆਨ ਕੇਂਦਰਤ ਕਰ ਰਿਹਾ ਹੈ। ਬਹੁਗਿਣਤੀ ਲੋਕਾਂ ਦੀਆਂ ਜ਼ਿੰਦਗੀਆਂ, ਪੇਂਡੂ ਭਾਰਤ ਦੀਆਂ ਕਹਾਣੀਆਂ ਮੁੱਖਧਾਰਾ ਦੇ ਮੀਡੀਆ ਵਿਚ ਕਦੇ ਵੀ ਨਜ਼ਰ ਨਹੀਂ ਆਉਂਦੀਆਂ। ਇਹ ਅਜਿਹੀ ਦੁਨੀਆ ਹੈ ਜਿੱਥੇ ਕਾਰਪੋਰੇਟ ਮੀਡੀਆ ਘਰਾਣਿਆਂ ਦੇ ਬਣਾਏ ਬਿਰਤਾਂਤ ਦਾ ਬੋਲਬਾਲਾ ਹੈ। ਇਸ ਉਪਰ ਕਾਬੂ ਪਾਉਣ ਲਈ ਤੁਹਾਡਾ ਕੋਈ ਵਿਹਾਰਕ ਸੁਝਾਅ?
ਜਵਾਬ: ਮੁੱਖਧਾਰਾ ਮੀਡੀਆ ਦੀ ਏਨੀ ਆਲੋਚਨਾ ਹੋ ਚੁੱਕੀ ਹੈ ਕਿ ਉਸ ਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ ਹੈ। ਭਾਰਤ ਵਿਚ ਸਾਡੇ ਬਹੁਤ ਸਾਰੇ ਮੁੱਖਧਾਰਾ ਚੈਨਲ – ਜਿਨ੍ਹਾਂ ਦੀ ਭੂਮਿਕਾ ਉਸ ਮੁਲਕ (ਰਵਾਂਡਾ) `ਚ ਹੋਏ ਕਤਲੇਆਮ ਤੋਂ ਪਹਿਲਾਂ ਰਵਾਂਡਾ ਰੇਡੀਓ ਵੱਲੋਂ ਨਿਭਾਈ ਭੂਮਿਕਾ ਦੇ ਤੁਲ ਹੈ – ਨੇ ਸਿਰਫ਼ ਭਾਰਤ ਵਿਚ ਫਾਸ਼ੀਵਾਦ ਦੀ ਆਮਦ `ਚ ਹੀ ਮੱਦਦ ਨਹੀਂ ਕੀਤੀ ਸਗੋਂ ਉਹ ਫਾਸ਼ੀਵਾਦੀ ਪ੍ਰੋਜੈਕਟ ਦਾ ਬੁਨਿਆਦੀ ਹਿੱਸਾ ਹਨ। ਕਿਸੇ ਨੂੰ ਉਨ੍ਹਾਂ ਨੂੰ ਸੈਂਸਰ ਕਰਨ ਦੀ ਲੋੜ ਨਹੀਂ ਸੀ, ਉਹ ਸਾਰੇ ਗੁੱਝੇ ਸੰਦੇਸ਼ਾਂ `ਚ ਭਾਈਵਾਲ ਸਨ। ਕੁਝ ਐਂਕਰ ਕਪਤਾਨਾਂ ਵਾਂਗ ਹਨ ਜੋ ਮੁਸਲਮਾਨਾਂ ਦੇ ਕਤਲ ਕਰਨ ਵਾਲੇ ਹਜੂਮ ਦਾ ਸੱਚਮੁੱਚ ਨਿਰਦੇਸ਼ਨ ਕਰ ਰਹੇ ਹਨ। ਇਹ ਮੁੱਖ ਤੌਰ `ਤੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਝੂਠ ਦੀ ਵਜਾ੍ਹ ਕਰਕੇ ਹੈ ਕਿ ਉਮਰ ਖ਼ਾਲਿਦ, ਖ਼ਾਲਿਦ ਸੈਫ਼ੀ, ਗੁਲਫ਼ਿਸ਼ਾਂ ਵਰਗੇ ਲੋਕ ਸਾਲਾਂ ਤੋਂ ਜੇਲ੍ਹਾਂ `ਚ ਬੰਦ ਹਨ। ਇਹ ਸਭ ਅਸੀਂ ਜਾਣਦੇ ਹਾਂ। ਪਰ ਇਸ ਬਾਰੇ ਕੀ ਕੀਤਾ ਜਾਵੇ? ਜਿਵੇਂ ਮੈਂ ਕਿਹਾ ਹੈ ਕਿ ਇੱਥੇ ਢਾਂਚਾਗਤ ਸਮੱਸਿਆ ਹੈ, ਉਹ ਹੈ ਇਨ੍ਹਾਂ ਚੈਨਲਾਂ ਅਤੇ ਅਖ਼ਬਾਰਾਂ ਦੇ ਆਰਥਕ ਮਾਡਲ ਵਿਚ ਹਿਤਾਂ ਦਾ ਟਕਰਾਅ। ਉਨ੍ਹਾਂ `ਚੋਂ ਕੁਝ ਦੀ ਮਾਲਕੀ ਸਿੱਧੇ ਰੂਪ `ਚ ਅਡਾਨੀ ਅਤੇ ਰਿਲਾਇੰਸ ਵਰਗੀਆਂ ਕੰਪਨੀਆਂ ਕੋਲ ਹੈ, ਜਦਕਿ ਬਾਕੀਆਂ ਨੂੰ ਸਾਰਾ ਧਨ ਸਰਕਾਰੀ ਅਤੇ ਕਾਰਪੋਰੇਟ ਇਸ਼ਤਿਹਾਰਾਂ ਤੋਂ ਮਿਲਦਾ ਹੈ। ਇਹ ਸੈਂਕੜੇ ਹਜ਼ਾਰਾਂ ਕਰੋੜ ਰੁਪਏ ਨੂੰ ਪਹੁੰਚ ਜਾਂਦਾ ਹੈ। ਤਾਂ ਫਿਰ ਇਨ੍ਹਾਂ ਤੋਂ ਕੋਈ ਵੀ ਆਸ ਕਿਉਂ ਕੀਤੀ ਜਾਵੇ? ਸਮੱਸਿਆ ਇਹ ਹੈ ਕਿ ਇਨ੍ਹਾਂ ਦਾ ਢਾਂਚਾ ਕਿਵੇਂ ਬਣਾਇਆ ਗਿਆ ਹੈ ਅਤੇ ਇਨ੍ਹਾਂ `ਚ ਸਰਮਾਇਆ ਕਿਵੇਂ ਲਾਇਆ ਜਾਂਦਾ ਹੈ। ਸਾਨੂੰ ਕੁਝ ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ਲਈ ਅਜਿਹਾ ਮਾਡਲ ਬਣਾਉਣ ਦੀ ਜ਼ਰੂਰਤ ਹੈ ਜਿੱਥੇ ਉਨ੍ਹਾਂ `ਚ ਧਨ ਜਨਤਕ ਟਰੱਸਟ ਲਗਾਏ ਅਤੇ ਉਹ ਸੰਪਾਦਕੀ ਤੌਰ `ਤੇ ਪੂਰੀ ਤਰ੍ਹਾਂ ਆਜ਼ਾਦ ਹੋਣ। ਉਹ ਰਾਜਨੀਤਕ ਪਾਰਟੀਆਂ ਅਤੇ ਕਾਰਪੋਰੇਸ਼ਨਾਂ ਦੇ ਪ੍ਰਭਾਵ ਹੇਠ ਆਉਣ ਵਾਲੇ ਨਾ ਹੋਣ।
ਸਵਾਲ: ਅੰਤ `ਚ, ਜਨਤਕ ਤੌਰ `ਤੇ ਇਹ ਕਹਿਣ ਲਈ ਧਰੁਵ ਰਾਠੀ ਦੀ ਜ਼ਰੂਰਤ ਹੈ ਕਿ ਰਾਜਾ ਨੰਗਾ ਹੈ ਅਤੇ ਉਸ ਨੇ ਜੋ ਪ੍ਰਭਾਵ ਪੈਦਾ ਕੀਤਾ ਹੈ, ਉਹ ਬਹੁਤ ਵੱਡਾ ਹੈ। ਕੀ ਇਹ ਨਵੇਂ ਮੀਡੀਆ ਦੀ ਸੰਭਾਵਨਾ ਦਾ ਸੰਕੇਤ ਹੈ? ਕੀ ਤੁਹਾਨੂੰ ਨਵੀਂ ਪੀੜ੍ਹੀ ਦੇ ਸੋਸ਼ਲ ਮੀਡੀਆ ਕਾਰਕੁਨਾਂ `ਚ ਆਸ ਦੀ ਨਵੀਂ ਕਿਰਨ ਨਜ਼ਰ ਆਉਂਦੀ ਹੈ?
ਜਵਾਬ: ਧਰੁਵ ਰਾਠੀ ਬਹੁਤ ਹੀ ਸ਼ਾਨਦਾਰ ਹੈ। ਹਿੰਦੀ ਭਾਸ਼ਾ ਦੇ ਹੋਰ ਯੂਟਿਊਬਰ ਵੀ ਹਨ ਜੋ ਬਹੁਤ ਪ੍ਰੇਰਨਾਦਾਇਕ ਹਨ। ਉਹ ਸਪਸ਼ਟਵਾਦੀ, ਪੇਸ਼ੇਵਰ ਅਤੇ ਬਿਲਕੁਲ ਨਿਧੜਕ ਹਨ – ਬੇਸ਼ੱਕ ਰਵੀਸ਼ ਕੁਮਾਰ ਵੀ ਇਨ੍ਹਾਂ ਵਿਚ ਵੱਡਾ ਨਾਂ ਹੈ ਪਰ ਨਾਲ ਹੀ, ਪੁੰਨ ਪ੍ਰਸੁਨ ਬਾਜਪਾਈ, ਦੀਪਕ ਸ਼ਰਮਾ, ਨਵੀਨ ਕੁਮਾਰ, ਸੰਜੇ ਸ਼ਰਮਾ, 4ਪੀ.ਐੱਮ. ਨਿਊਜ਼, ਸੱਤਿਆ ਹਿੰਦੀ ਨਿਊਜ਼ ਅਤੇ ਇਸ ਦੇ ਬਹੁਤ ਸਾਰੇ ਐਂਕਰ, ਅਜਿਹੇ ਬਹੁਤ ਸਾਰੇ ਲੋਕ ਹਨ। ਇਨ੍ਹਾਂ ਵੱਲੋਂ ਆਪਣੇ ਸ਼ੋਅ ਅੱਪਲੋਡ ਕਰਨ `ਤੇ ਉਨ੍ਹਾਂ ਦੇ ਦਰਸ਼ਕਾਂ ਦੀ ਗਿਣਤੀ ਕੁਝ ਮਿੰਟਾਂ `ਚ ਹੀ ਸੈਂਕੜੇ ਹਜ਼ਾਰ ਅਤੇ ਕੁਝ ਘੰਟਿਆਂ `ਚ ਹੀ ਲੱਖਾਂ ਨੂੰ ਪਹੁੰਚ ਜਾਂਦੀ ਹੈ। ਉਨ੍ਹਾਂ `ਚੋਂ ਹਰੇਕ ਦਾ ਚੀਜ਼ਾਂ ਬਾਰੇ ਵੱਖਰਾ ਨਜ਼ਰੀਆ ਹੈ। ਉਹ ਦਰਅਸਲ ਵਰਤਾਰਾ ਹਨ। ਦੁਨੀਆ `ਚ ਨਵਾਂ। ਮੈਂ ਉਨ੍ਹਾਂ ਨੂੰ ਨੇੜਿਓਂ ਫਾਲੋ ਕਰਦੀ ਹਾਂ। ਅਸੀਂ ਉਨ੍ਹਾਂ ਦੇ ਬਹੁਤ ਰਿਣੀ ਹਾਂ। ਮੈਨੂੰ ਉਨ੍ਹਾਂ `ਤੇ ਵਾਕਈ ਮਾਣ ਹੈ। (ਸਮਾਪਤ)