ਕਹਾਣੀਕਾਰ: ਜਾਵੇਦ ਮੁਗ਼ਲ ਤੈਮੂਰੀ
ਸ਼ਾਹਮੁਖੀ ਤੋਂ ਲਿੱਪੀਅੰਤਰ: ਸੁਰਿੰਦਰ ਸੋਹਲ
”ਛੋਟੇ! ਨੀਲੇ ਰੰਗ ਦਾ ਵੱਡਾ ਪੇਚਕਸ ਕਿੱਥੇ ਰੱਖਿਆ ਏ?“
”ਲਿਆਇਆ ਉਸਤਾਦ ਜੀ…।“
”ਛੋਟੇ! ਏਧਰ ਆ। ਇਹ ਚਿੱਟੀ ਗੱਡੀ `ਤੇ ਟਾਕੀ ਮਾਰ…।“
”ਅੱਛਾ ਭਾਈ ਜੀ…।“
”ਛੋਟੇ! ਕਿੱਥੇ ਮਰ ਗਿਆ ਏਂ? ਆ ਜ਼ਰਾ ਏਧਰ ਆ।“
”ਆਇਆ ਛੋਟੇ ਉਸਤਾਦ ਜੀ…।“
”ਇਕ ਤੇ ਇਹ ਛੋਟਾ ਨਜ਼ਰ ਨਹੀਂ ਆਉਂਦਾ। ਛੋਟੇ! ਉਇ ਛੋਟੇ…।“
”ਜੀ ਭਾਈ ਜੀ! ਮੈਂ ਏਥਾਂ ਆਂ, ਕਾਲ਼ੀ ਗੱਡੀ ਦੇ ਥੱਲੇ…।“
ਛੋਟਾ ਸਵੇਰ ਤੋਂ ਸ਼ਾਮ ਤੋੜੀ ਇਨ੍ਹਾਂ ਵਾਜਾਂ ਨੂੰ ਸੁਣਦਾ ਤੇ ਨੱਸਦਾ-ਭੱਜਦਾ ਰਹਿੰਦਾ ਸੀ। ਛੋਟੇ ਦਾ ਅਸਲੀ ਨਾਂ ਤੇ ਜਮੀਲ ਸੀ ਪਰ ਜਦੋਂ ਦਾ ਉਹ ਏਸ ਵਰਕਸ਼ਾਪ ਵਿਚ ਆਇਆ ਸੀ, ਓਦੋਂ ਦਾ ਆਪੂੰ ਵੀ ਆਪਣਾ ਪੱਕਾ ਨਾਂ ਭੁੱਲ ਗਿਆ ਸੀ। ਉਹਨੂੰ ਇਵੇਂ ਜਾਪਦਾ ਸੀ ਪਈ ਜਿਵੇਂ ਉਹਦੇ ਮਾਂ-ਪਿਉ ਨੇ ਈ ਉਹਦਾ ਨਾਂ ‘ਛੋਟਾ` ਰੱਖ ਦਿੱਤਾ ਹੋਵੇ।
***ਲਹੌਰ ਸ਼ਹਿਰ ਵਿਚ ਇਕ ਪਾਸੇ ਤੇ ਵੱਡੀਆਂ-ਵੱਡੀਆਂ ਤੇ ਸੋਹਣੀਆਂ-ਸੋੋਹਣੀਆਂ ਬਿਲਡਿੰਗਾਂ ਨੇ, ਜਿਨ੍ਹਾਂ ਨੂੰ ਪੂਰਾ ਵੇਖਣ ਲੱਗੀਏ ਤੇ ਟੋਪੀ ਡਿੱਗ ਪਵੇ। ਦੂਜੇ ਪਾਸੇ ਇਹੋ ਜਿਹੇ ਕਈ ਮਹੱਲੇ ਸ਼ਹਿਰ ਵਿਚ ਜੜ੍ਹੀ-ਬੂਟੀਆਂ ਵਾਂਙ ਖਿੱਲਰੇ ਹੋਏ ਨੇ, ਜਿਨ੍ਹਾਂ ਨੂੰ ਵੱਡੇ ਲੋਕੀ ਕੁਝ ਆਬਾਦੀਆਂ ਆਖਦੇ ਨੇ। ਉਨ੍ਹਾਂ ਬਸਤੀਆਂ ਵਿਚ ਹੁਣ ਵਾਲ਼ੇ ਵਸਨੀਕਾਂ ਨਾਲ਼ ਕਈ ਵਾਰੀ ਮਾਲਕਾਨਾ ਹਕੂਕ ਦਾ ਧਰੋਹ ਕਰ ਕੇ ਕਈ ਉੱਚੇ ਲੋਕ ਚੋਣਾਂ ਜਿੱਤਦੇ ਰਹੇ ਨੇ। ਉਨ੍ਹਾਂ ਮੁਹੱਲਿਆਂ ਵਿਚ ਰਹਿਣ ਵਾਲ਼ੇ ਵਾਸੀਆਂ ਨੂੰ ਹਰ ਵੇਲ਼ੇ ਇਹੋ ਡਰ ਲੱਗਾ ਰਹਿੰਦਾ ਏ ਪਈ ਉਨ੍ਹਾਂ ਨੂੰ ਜੇਕਰ ਘਰੋਂ ਕੱਢ ਦਿੱਤਾ ਤੇ ਫਿਰ ਉਹ ਕਿੱਥੇ ਜਾਣਗੇ?
ਛੋਟੇ ਦਾ ਘਰ ਇਨ੍ਹਾਂ ਮੁਹੱਲਿਆਂ ਵਿਚ ਈ ਇਕ ਮੁਹੱਲੇ ‘ਨਸੀਰ ਦੀ ਹੱਟੀ` ਵਿਚ ਸੀ। ਇਹ ਪੂਰੀ ਬਸਤੀ ਉਨ੍ਹਾਂ ਲੋਕਾਂ ਨੇ ਆਬਾਦ ਕੀਤੀ ਸੀ, ਜਿਹੜੇ ਪਾਕਿਸਤਾਨ ਬਣਨ ਵੇਲ਼ੇ ਹਿੰਦੋਸਤਾਨ ਤੋਂ ਤੇ ਆ ਗਏ ਸਨ ਪਰ ਉਨ੍ਹਾਂ ਨੂੰ ਸਿਰ ਛੁਪਾਉਣ ਲਈ ਚੰਗੇ ਘਰ ਨਾ ਲੱਭ ਸਕੇ ਸੀ। ਉਨ੍ਹਾਂ ਦੇ ਅਲਾਟ ਕੀਤੇ ਘਰ ਦੂਜੇ ਲੋਕਾਂ ਮੱਲ ਲਏ ਸਨ।
ਛੋਟੇ ਦੇ ਘਰ ਜਾਵਣ ਲਈ ਦੋ-ਤਿੰਨ ਤੰਗ ਗਲ਼ੀਆਂ ਵਿੱਚੋਂ ਲੰਘਣਾ ਪੈਂਦਾ ਏ। ਕਈ ਤੇ ਨਾਲ਼ੀਆਂ ਟੱਪਣੀਆਂ ਪੈਂਦੀਆਂ ਨੇ ਤੇ ਫੇਰ ਕਿੱਧਰੇ ਜਾ ਕੇ ਘਰ ਦਾ ਬੂਹਾ ਨਜ਼ਰੀਂ ਆਉਂਦਾ ਏ। ਬੂਹੇ ਦਾ ਰੰਗ ਘਸਮੈਲ਼ਾ ਹਰਾ ਏ। ਰੰਗ ਖ਼ੌਰੇ ਵਰਿ੍ਹਆਂ ਪਹਿਲਾਂ ਹੋਇਆ ਸੀ ਜਦੋਂ ਇਹ ਬੂਹਾ ਨਵਾਂ ਲੱਗਾ ਹੋਣਾ ਏਂ। ਇਹ ਘਰ ਦੋ ਕਮਰਿਆਂ ਦਾ ਇਕ ਨਿੱਕਾ ਜਿਹਾ ਮਕਾਨ ਸੀ। ਇਕ ਕਮਰਾ ਸੌਣ-ਪੈਣ ਤੇ ਉੱਠਣ-ਬੈਠਣ ਲਈ ਸੀ, ਦੂਜਾ ਰੋਟੀ ਪਕਾਉਣ ਲਈ ਬਾਵਰਚੀਖ਼ਾਨਾ ਵੀ ਤੇ ਨਾਲ਼ੇ ਨਹਾਉਣ ਲਈ ਗ਼ੁਸਲਖ਼ਾਨਾ ਵੀ ਸੀ। ਬਰ ਇਕ ਟਾਟ ਦੇ ਛੋਟੇ ਟੋਟੇ ਨਾਲ਼ ਈ ਫ਼ਰਕ ਪਾਉਣ ਦਾ ਚਾਰਾ ਕੀਤਾ ਗਿਆ ਸੀ ਪਰ ਇਹ ਕਮਰਾ ਗ਼ੁਸਲਖ਼ਾਨਾ ਵੀ ਤੇ ਬਾਵਰਚੀਖ਼ਾਨਾ ਵੀ ਏ।
ਸਾਉਣ ਭਾਦਰੋਂ ਦੇ ਮਹੀਨਿਆਂ ਵਿਚ ਕੋਠੇ ਚੋਣ ਲੱਗ ਜਾਂਦੇ ਸਨ। ਫਿਰ ਘਰ ਦੇ ਸਾਰੇ ਈ ਜੀਅ ਮਿਲ਼ ਕੇ ਕੋਠੇ ਲਿੱਪਦੇ ਸਨ। ਘਰ ਕਹਿਣ ਨੂੰ ਤੇ ਪੱਕਾ ਬਣਿਆ ਹੋਇਆ ਸੀ ਪਰ ਇੰਞ ਦਾ ਪੱਕਾ ਸੀ ਪਈ ਪਲੱਸਤਰ ਕਈ ਵਰਿ੍ਹਆਂ ਤੋਂ ਉੱਖੜਿਆ ਹੋਇਆ, ਸਫੈਦੀ ਕਦੇ ਵੀ ਨਹੀਂ ਸੀ ਹੋਈ। ਇੱਟਾਂ ਕੁਝ ਉੱਖੜੀਆਂ ਤੇ ਕੁਝ ਨਿਕਲ਼ਣ ਵਾਲ਼ੀਆਂ ਸਨ। ਛੱਤ ਸ਼ਤੀਰੀ ਨਾਲ਼ ਖਲ੍ਹਾਰੀ ਹੋਈ ਸੀ। ਪਰਾਹੁਣੇ ਜੇਕਰ ਭੁੱਲ ਕੇ ਆ ਜਾਂਦੇ ਤੇ ਉਨ੍ਹਾਂ ਨੂੰ ਬਿਠਾਉਣ ਦੀ ਕਿਧਰੇ ਥਾਂ ਨਾ ਲੱਭਦੀ ਸੀ।
ਛੋਟੇ ਦਾ ਪਿਉ ਇਕ ਦੁਕਾਨ `ਤੇ ਕੰਮ ਕਰਦਾ ਸੀ, ਜਿੱਥੇ ਖਾਦ ਵੇਚੀ ਜਾਂਦੀ ਸੀ। ਘਰ ਦਾ ਖ਼ਰਚ ਕਿਸੇ ਨਾ ਕਿਸੇ ਤਰ੍ਹਾਂ ਚਲਾਉਂਦਾ ਈ ਪਿਆ ਸੀ। ਉਹਦੇ ਕੰਮ ਕਰਦਿਆਂ ਘਰ ਵਿਚ ਕਦੀ ਕੋਈ ਔਕੜ ਨਹੀਂ ਸੀ ਆਈ। ਪਿਛਲੇ ਸਾਲ ਆਪਣੀਆਂ ਲੱਤਾਂ ਟੁੱਟਣ ਬਾਝੋਂ ਮੰਜੀ `ਤੇ ਪਿਆ ਹੋਇਆ ਸੀ।
ਇਕ ਵੱਡਾ ਪੁੱਤਰ ਸੀ, ਉਹ ਸੋਹਣੇ-ਸੋਹਣੇ ਬੋਦੇ ਵਾਹ ਲੈਂਦਾ ਤੇ ਫ਼ਿਲਮਾਂ ਬਣਾਉਣ ਵਾਲ਼ੇ ਲੋਕਾਂ ਪਿੱਛੇ ਚੱਕਰ ਲਾਉਂਦਾ ਰਹਿੰਦਾ। ਉਹਨੂੰ ਐਕਟਰ ਬਣਨ ਦਾ ਡਾਢਾ ਚਾਅ ਸੀ। ਐਕਟਰ ਬਣਨ ਲਈ ਉਹ ਸਾਰੀ-ਸਾਰੀ ਦਿਹਾੜੀ ਸਟੂਡੀਓ ਅੱਗੇ ਆਵਾਰਾਗਰਦੀ ਕਰਦਾ ਰਹਿੰਦਾ ਤੇ ਰਾਤੀਂ ਮਾਂ-ਪਿਉ ਕੋਲ਼ੋਂ ਰੱਜ ਕੇ ਕੁੱਟ ਖਾਂਦਾ ਸੀ।
ਮਾਂ ਲੋਕਾਂ ਦੇ ਘਰ ਭਾਂਡੇ ਮਾਂਜਣ ਜਾਂਦੀ ਸੀ। ਉਹ ਮਾਂ, ਜਿਹਨੇ ਕਦੀ ਕੰਮ-ਕਾਜ ਲਈ ਘਰ ਦਾ ਬੂਹਾ ਨਹੀਂ ਸੀ ਟੱਪਿਆ। ਜਮੀਲ ਦੇ ਪਿਉ ਦੇ ਲੱਤਾਂ ਟੁੱਟਣ ਬਾਝੋਂ ਉਹਨੂੰ ਘਰੋਂ ਬਾਹਰ ਨਿਕਲ਼ ਕੇ ਲੋਕਾਂ ਦੇ ਝੂਠੇ ਭਾਂਡੇ ਮਾਂਜਣੇ ਪਏ ਸਨ। ਇਕ ਵੱਡੀ ਭੈਣ ਸੀ, ਜਿਹੜੀ ਘਰ ਬਹਿ ਕੇ ਥੋੜ੍ਹੀ-ਬਹੁਤੀ ਸਿਲਾਈ ਕਢਾਈ ਕਰਦੀ ਤਾਂ ਕਿਧਰੇ ਜਾ ਕੇ ਘਰ ਦਾ ਅੰਨ-ਪਾਣੀ ਚਲਦਾ ਸੀ।
***
ਜਮੀਲ ਜੰਮਿਆ ਤੇ ਉਹਦੇ ਘਰ ਵਿਚ ਕੋਈ ਚਾਅ ਨਾ ਚੜ੍ਹਿਆ। ਕੋਈ ਖੁਸਰੇ ਨਾ ਨੱਚੇ। ਕੋਈ ਗਾਨੇ ਬੂਹੇ ਨਾ ਬੰਨ੍ਹੇ ਗਏ। ਏਸ ਤੋਂ ਅੱਡ ਇੰਞ ਜਾਪਦਾ ਸੀ ਪਈ ਘਰ ਦੇ ਸਾਰੇ ਈ ਜੀਅ ਇਕ-ਦੂਜੇ ਕੋਲ਼ੋਂ ਰੁਸ ਗਏ ਸਨ। ਘਰ ਦਾ ਅੰਨ-ਪਾਣੀ ਅੱਗੋਂ ਈ ਬੜੀ ਮੁਸ਼ਕਿਲ ਨਾਲ਼ ਚੱਲਦਾ ਰਿਹਾ ਸੀ ਤੇ … ਇਹ ਕੀ…!
ਇਕ ਹੋਰ ਜੀਅ … ਇਹ ਖਾਣ ਨੂੰ ਵੀ ਮੰਗੇਗਾ … ਪਾਉਣ ਨੂੰ ਵੀ ਮੰਗੇਗਾ … ਖ਼ੌਰੇ ਹੋਰ ਕੀ ਕੁਝ ਮੰਗੇਗਾ। ਸਬਰ ਸ਼ੁਕਰ ਕੀਤਾ … ਕਿਉਂ ਜੇ ਸਬਰ ਸ਼ੁਕਰ ਈ ਉਹ ਕਰ ਸਕਦੇ ਸਨ।
ਮਾਂ-ਧੀ ਨੇ ਆਪਣੇ ਅੰਨ-ਪਾਣੀ ਦਾ ਖ਼ਰਚਾ ਘਟਾ ਕੇ ਜਮੀਲ ਨੂੰ ਦੁੱਧ ਪਿਆਉਣ ਦਾ ਚਾਰਾ ਕੀਤਾ।
ਵੇਲ਼ਾ ਹੌਲ਼ੀ-ਹੌਲ਼ੀ ਲੰਘਣ ਲੱਗ ਪਿਆ…।
ਜਮੀਲ ਨੇ ਮਾਂ-ਪਿਉ ਆਖਣਾ ਸਿੱਖਿਆ ਤੇ ਉਨ੍ਹਾਂ ਦਾ ਦੁੱਧ ਦਾ ਖ਼ਰਚਾ ਬਚਿਆ ਤੇ ਉਹਦੀ ਰੋਟੀ ਦੀ ਫ਼ਿਕਰ ਹੋਈ। ਜਮੀਲ ਨੂੰ ਰੋਟੀ ਵੀ ਇੰਞ ਲੱਭੀ ਪਈ ਕਦੀ ਖਾ ਲਈ ਤੇ ਕਦੀ ‘ਰੋਟੀ-ਰੋਟੀ` ਕਰਦਾ ਸੌਂ ਗਿਆ। ਜਮੀਲ ਦੀ ਮਾਂ ਨੂੰ ਜਮੀਲ ਤੋਂ ਅੱਡ ਆਪਣੀ ਧੀ ਦੇ ਵਿਆਹੁਣ ਦੀਆਂ ਈ ਸੋਚਾਂ ਸਨ। ਉਹ ਹਰ ਵੇਲ਼ੇ ਆਪਣੀ ਵੱਡੀ ਹੁੰਦੀ ਹੋਈ ਧੀ ਨੂੰ ਤੱਕਦੀ ਤੇ ਹਉਕੇ ਭਰਦੀ ਸੀ, ਜਿਹਦੀ ਉਮਰ ਲੰਘਦੀ ਜਾ ਰਹੀ ਸੀ। ਚਿਹਰਾ ਮੁਰਝਾਅ ਰਿਹਾ ਸੀ ਪਰ ਉਹ ਇਹ ਵੀ ਸੋਚਦੀ ਸੀ ਜੇਕਰ ਧੀ ਨੂੰ ਡੋਲ਼ੀ ਚੜ੍ਹਾਅ ਈ ਦਿੱਤਾ ਤੇ ਫਿਰ ਘਰ ਦਾ ਖ਼ਰਚਾ ਕਿਵੇਂ ਚੱਲੇਗਾ? ਕਿਉਂ ਜੇ ਧੀ ਵੀ ਘਰ ਦੇ ਖ਼ਰਚੇ ਵਿਚ ਹੱਥ ਵੰਡਾਉਂਦੀ ਸੀ।
ਦੂਜੇ ਪਾਸੇ ਮਾਂ ਇਹ ਵੀ ਸੋਚਦੀ ਸੀ ਪਈ ਧੀ ਨੂੰ ਵਿਆਹੁਣ ਲਈ ਦਾਜ ਕਿੱਥੋਂ ਆਵੇਗਾ? ਕਿਉਂ ਜੇ ਦਾਜ ਬਾਝੋਂ ਧੀ ਦੂਜੇ ਘਰ ਸੁਖੀ ਨਹੀਂ ਰਹਿ ਸਕਦੀ। ਏਸ ਲਈ ਉਹ ਆਪਣੀ ਧੀ ਡੋਲ਼ੀ ਪਾਉਣ ਦੀ ਸੋਚ ਦਾ ਮਨ ਕਈ ਵਾਰੀ ਬੰਦ ਕਰ ਚੁੱਕੀ ਸੀ।
ਵੇਲ਼ਾ ਲੰਘਦਾ ਰਿਹਾ…।
ਵੇਲ਼ੇ ਨੇ ਲੰਘਣਾ ਈ ਸੀ…।
ਜਮੀਲ ਨੂੰ ਪੜ੍ਹਾਉਣ ਦੀ ਤੌਫ਼ੀਕ ਤੇ ਜਮੀਲ ਦੇ ਮਾਂ-ਪਿਉ ਕੋਲ਼ ਕੋਈ ਨਹੀਂ ਸੀ। ਕਿਉਂ ਜੇ ਜਮੀਲ ਦੀ ਰੋਟੀ-ਪਾਣੀ ਦਾ ਖ਼ਰਚਾ ਈ ਬੜੀ ਮੁਸ਼ਕਿਲ ਚੁੱਕ ਰਹੇ ਸਨ।
ਫ਼ੈਸਲਾ ਇਹ ਹੋਇਆ ਪਈ ਜਮੀਲ ਨੂੰ ਪੜ੍ਹਾਉਣ ਦੀ ਬਜਾਏ ਕਿਸੇ ਵਰਕਸ਼ਾਪ ਵਿਚ ਸ਼ਾਗਿਰਦ ਪਾ ਦਿੱਤਾ ਜਾਏ। ਕਿਉਂ ਜੇ ਕੰਮ ਸਿੱਖਣ ਦੇ ਨਾਲ਼-ਨਾਲ਼ ਆਪਣੀ ਰੋਟੀ ਆਪੂੰ ਕਮਾ ਲਵੇਗਾ।
***
ਜਮੀਲ ਦਾ ਵੱਡਾ ਭਰਾ ਆਵਾਰਾ ਫਿਰਨ ਤੋਂ ਅੱਡ ਹੋਰ ਕੁਝ ਨਹੀਂ ਸੀ ਕਰਦਾ ਪਰ ਉਸ ਦਾ ਇਕ ਬੇਲੀ ਸੀ, ਜਿਹੜਾ ਉਹਦੇ ਵਾਂਙੂੰ ਐਕਟਰ ਬਣਨ ਦਾ ਸ਼ੌਕ ਤੇ ਰੱਖਦਾ ਸੀ ਪਰ ਨਾਲ਼-ਨਾਲ਼ ਆਪਣੇ ਖ਼ਰਚੇ ਪਾਣੀ ਲਈ ਇਕ ਵਰਕਸ਼ਾਪ ਵਿਚ ਕੰਮ ਵੀ ਕਰਦਾ ਸੀ। ਉਹ ਵਰਕਸ਼ਾਪ ਵਿਚ ਮਕੈਨਿਕ ਸੀ। ਗੱਡੀਆਂ ਦੀਆਂ ਖ਼ਰਾਬੀਆਂ ਲੱਭਦਾ ਤੇ ਠੀਕ ਕਰਦਾ ਸੀ। ਉਹਨੇ ਇਹ ਕੰਮ ਏਸੇ ਈ ਵਰਕਸ਼ਾਪ ਵਿੱਚੋਂ ਸਿੱਖਿਆ ਸੀ।
ਜਮੀਲ ਦਾ ਭਰਾ ਜਮੀਲ ਨੂੰ ਇਕ ਦਿਨ ਏਸ ਵਰਕਸ਼ਾਪ ਵਿਚ ਛੱਡਣ ਲਈ ਲਿਆਇਆ ਤੇ ਆਪਣੇ ਯਾਰ ਨੂੰ ਆਖਣ ਲੱਗਾ, ”ਇਹ ਮੇਰਾ ਨਿੱਕਾ ਭਰਾ ਏ ਤੇ ਇਨੂੰ ਏਥੇ ਕੰਮ ਸਿੱਖਣ ਲਈ ਲਿਆਇਆ ਵਾਂ। ਇਨੂੰ ਚੰਗੀ ਤਰ੍ਹਾਂ ਕੰਮ ਸਿਖਾਉਣਾ ਏ ਤਾਂ ਜੇ ਇਹ ਆਪਣੇ ਜੋਗਾ ਵੀ ਹੋਵੇ ਤੇ ਨਾਲ਼ ਘਰ ਜੋਗਾ ਵੀ ਤੇ ਇਹ ਸਾਰੀ ਤੇਰੀ ਜ਼ਿੰਮੇਵਾਰੀ ਏ।“
***
ਏਸ ਵਰਕਸ਼ਾਪ ਵਿਚ ਕਿੰਨ੍ਹੇ ਈ ਬੰਦੇ ਤੇ ਮੁੰਡੇ ਕੰਮ ਕਰਦੇ ਸਨ। ਇਹ ਇਕ ਵੱਡੀ ਵਰਕਸ਼ਾਪ ਸੀ। ਇਹਦੇ ਵਿਚ ਗੱਡੀਆਂ ਦਾ ਹਰ ਕਿਸਮ ਦਾ ਕੰਮ ਹੁੰਦਾ ਸੀ। ਗੱਡੀ ਖ਼ਰਾਬ ਹੋ ਜਾਏ, ਗੱਡੀ ਕਿਧਰੇ ਵੱਜ ਜਾਏ, ਗੱਡੀ ਨੂੰ ਨਵਾਂ ਰੰਗ ਕਰਵਾਉਣਾ ਹੋਏ, ਗੱਡੀ ਦੀਆਂ ਸੀਟਾਂ ਉੱਤੇ ਕੱਪੜਾ ਚੜ੍ਹਾਉਣਾ ਹੋਵੇ, ਹਰ ਉਹ ਕੰਮ ਜਿਹੜਾ ਕਿਸੇ ਗੱਡੀ ਨਾਲ਼ ਹੋ ਸਕਦਾ ਸੀ ਜਾਂ ਫਿਰ ਜਿਹੜਾ ਕਿਸੇ ਵੀ ਗੱਡੀ ਦੀ ਲੋੜ ਸੀ- ਉਹ ਏਸ ਵਰਕਸ਼ਾਪ ਵਿਚ ਹੁੰਦਾ ਸੀ। ਵਰਕਸ਼ਾਪ ਕੀ ਸੀ, ਪੂਰੀ ਮੰਡੀ ਸੀ ਗੱਡੀਆਂ ਦੀ। ਏਥੇ ਗੱਡੀਆਂ ਦਾ ਕੰਮ ਤੇ ਹੁੰਦਾ ਈ ਸੀ, ਗੱਡੀਆਂ ਦੇ ਪੁਰਜ਼ੇ ਤੇ ਨਾਲ਼ੇ ਉਨ੍ਹਾਂ ਦੇ ਪਾਰਟਸ ਵੀ ਲੱਭ ਜਾਂਦੇ ਸਨ।
***
ਜਮੀਲ ਵਰਕਸ਼ਾਪ ਵਿਚ ਕੀ ਆਇਆ … ਉਹ ਵਿਚਾਰਾ ਓਸ ਦਿਹਾੜੇ ਤੋਂ ਈ ਜਮੀਲ ਨਾ ਰਿਹਾ ਤੇ ‘ਛੋਟਾ` ਬਣ ਗਿਆ ਸੀ।
ਕਦੀ ਏਧਰੋਂ ਵਾਜ
ਕਦੀ ਓਧਰੋਂ ਵਾਜ
ਸਵੇਰ ਤੋਂ ਸ਼ਾਮ ਤੱਕ ਨੱਸਦਾ-ਭੱਜਦਾ…
ਇਹ ‘ਛੋਟਾ` ਆਪਣਾ ਰੱਖਿਆ ਅਸਲ ਨਾਂ ਭੁਲ ਗਿਆ ਸੀ ‘ਛੋਟਾ` ਯਾਦ ਰੱਖ ਲਿਆ ਸੂ।
ਹਯਾਤੀ ਦੇ ਦਿਹਾੜੇ ਲੰਘਣ ਲੱਗ ਪਏ।
ਛੋਟਾ ਨੱਸਦਾ-ਭੱਜਦਾ…।
ਵਰਕਸ਼ਾਪ ਵਿਚ ਕੰਮ ਸਿੱਖਦਾ ਰਿਹਾ…।
ਵੇਲ਼ਾ ਲੰਘਦਾ ਰਿਹਾ…।
ਵੇਲ਼ੇ ਨੇ ਲੰਘਣਾ ਈ ਸੀ…।
ਕਰਨਾ ਰੱਬ ਦਾ ਇਹ ਹੋਇਆ ਕਿ…
ਥੋੜ੍ਹੇ ਦਿਨ ਪਹਿਲਾਂ ਏਸ ਵਰਕਸ਼ਾਪ ਦੇ ਲਾਗੇ ਇਕ ਸਰਕਾਰੀ ਸਕੂਲ ਬਣਿਆ। ਇਹ ਸਕੂਲ ਏਥੇ ਨਵਾਂ ਨਹੀਂ ਸੀ ਬਣਿਆ ਬਲਕਿ ਇਕ ਦੂਜੇ ਮੁਹੱਲੇ ਵਿੱਚੋਂ ਏਸ ਇਲਾਕੇ ਵਿਚ ਮੁਨਤਕਿਲ (ਬਦਲ ਕੇ ਆਉਣਾ) ਹੋਇਆ ਸੀ। ਕਿਉਂ ਜੇ ਉਹ ਇਮਾਰਤ ਡਾਢੀ ਕਮਜ਼ੋਰ ਹੋ ਗਈ ਸੀ, ਜਿਹਦੇ ਵਿਚ ਪਹਿਲਾਂ ਇਹ ਸਕੂਲ ਚਲਦਾ ਪਿਆ ਸੀ ਤੇ ਕਿਸੇ ਵੀ ਵੇਲ਼ੇ ਇਹਦੀ ਛੱਤ ਡਿੱਗ ਸਕਦੀ ਸੀ।
ਸਕੂਲ ਖੁੱਲ੍ਹਣ ਮਗਰੋਂ ਬੱਚਿਆਂ ਦਾ ਆਉਣ-ਜਾਣ ਏਸ ਵਰਕਸ਼ਾਪ ਦੇ ਅੱਗੋਂ ਈ ਹੋ ਗਿਆ ਸੀ।
ਛੋਟਾ ਆਪਣੇ ਕੰਮ ਵਿਚ ਮਗਨ ਆਪਣੇ ਦਿਨ ਲੰਘਾ ਰਿਹਾ ਸੀ। ਉਹਨੂੰ ਕੀ ਲੱਗੇ ਸਕੂਲ ਕਿਉਂ ਓਥੇ ਆਇਆ!
***
ਜਨਵਰੀ ਦੀ ਇਕੱਤੀ ਤਰੀਕ ਸੀ।
ਸਵੇਰੇ-ਸਵੇਰੇ ਬੜੀ ਧੁੰਦ ਪਈ ਹੋਈ ਸੀ…।
ਅਜੇ ਸੁਬਹ ਦੇ ਸੱਤ ਈ ਵੱਜੇ ਸਨ…।
ਜਮੀਲ ਨੂੰ ਉਹਦੀ ਮਾਂ ਨੇ ਜਗਾਇਆ ਤੇ ਕੰਮ `ਤੇ ਘੱਲਿਆ…।
ਜਮੀਲ ਵਰਕਸ਼ਾਪ ਆਇਆ ਤੇ ਹੌਲ਼ੀ-ਹੌਲ਼ੀ ਦੂਜੇ ਮੁੰਡੇ, ਬੱਚੇ ਤੇ ਮਿਸਤਰੀ ਵੀ ਆਉਂਦੇ ਰਹੇ। ਵਰਕਸ਼ਾਪ ਦਾ ਕੰਮ ਪੂਰੇ ਜ਼ੋਰ ਨਾਲ਼ ਸ਼ੁਰੂ ਹੋ ਗਿਆ।
ਸੂਰਜ ਹਾਲਾਂ ਪੂਰੀ ਤਰ੍ਹਾਂ ਉਤਾਂਹ ਵੀ ਨਹੀਂ ਸੀ ਹੋਇਆ।
ਧੁੰਦ ਦੀ ਵਜ੍ਹਾ ਨਾਲ਼ ਸਾਫ਼ ਨਜ਼ਰ ਵੀ ਨਹੀਂ ਸੀ ਆ ਰਿਹਾ। ਸਰਦੀ ਆਪਣੇ ਪੂਰੇ ਜੋਬਨ ਦਿਸ ਰਹੀ ਸੀ।
ਤੇ ਠੰਢ ਨਾਲ਼ ਠਰਦਾ…
ਛੋਟਾ…
ਆਪਣੇ ਕੰਮ ਵਿਚ ਮਸਰੂਫ਼…
ਕਦੀ ਏਧਰ ਤੇ ਕਦੀ ਓਧਰ ਜਾ ਰਿਹਾ ਸੀ…।
ਉਹਦੇ ਕੰਨਾਂ ਵਿਚ ਵਾਜ ਪਈ…
ਅੱਧੀ ਛੁੱਟੀ ਸਾਰੀ
ਮੀਆਂ ਮੱਖੀ ਮਾਰੀ
ਮੀਆਂ ਗਿਆ ਦਿੱਲੀ
ਓਥੋਂ ਲਿਆਂਦੀ ਬਿੱਲੀ
ਬਿੱਲੀ ਦਿੱਤੇ ਬੱਚੇ
ਅੱਲ੍ਹਾ ਮੀਆਂ ਸੱਚੇ
ਅੱਜ ਮਹੀਨੇ ਦੀ ਆਖ਼ਰੀ ਤਰੀਕ ਸੀ ਤੇ ਸਕੂਲ ਵਾਲ਼ੇ ਮਹੀਨੇ ਦੀ ਆਖ਼ਰੀ ਤਰੀਕ ਨੂੰ ਅੱਧੀ ਛੁੱਟੀ ਸਾਰੀ ਦੇ ਦੇਂਦੇ ਸਨ। ਉਨ੍ਹਾਂ ਨੇ ਅਗਲਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਨਵੇਂ ਰਜਿਸਟਰ ਬਣਾਉਣੇ ਹੁੰਦੇ ਸਨ ਤੇ ਨਾਲ਼ੇ ਹੋਰ ਵੀ ਕਈ ਕੰਮ ਕਰਨੇ ਹੁੰਦੇ ਸਨ, ਜਿਨ੍ਹਾਂ ਦੀ ਲੋੜ ਸਾਰੇ ਮਹੀਨੇ ਪੈਂਦੀ ਸੀ। ਆਖ਼ਰੀ ਤਰੀਕ ਨੂੰ ਇਕ ਮੀਟਿੰਗ ਰਾਹੀਂ ਕਈ ਮੁਸ਼ਕਿਲਾਂ ਤੇ ਕਈ ਬਾਤਾਂ ਨੂੰ ਗੱਲ-ਬਾਤ ਦੇ ਨਾਲ਼ ਹੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਸੀ। ਏਸ ਲਈ ਸਕੂਲੀ ਬਾਲਾਂ ਨੂੰ ਛੇਤੀ ਘਰਾਂ ਨੂੰ ਘੱਲ ਦਿੰਦੇ ਸਨ।
ਸਕੂਲ ਵਾiਲ਼ਆਂ ਅੱਜ ਅੱਧੀ ਛੁੱਟੀ ਸਾਰੀ ਦੇ ਦਿੱਤੀ ਸੀ। ਬਾਲ ਚਾਈਂ-ਚਾਈਂ ਖ਼ੁਸ਼ੀ ਨਾਲ਼ ਗਾਉਂਦੇ ਜਾ ਰਹੇ ਸਨ…। ਜਿਵੇਂ ਉਨ੍ਹਾਂ ਨੂੰ ‘ਅੱਧੀ ਛੁੱਟੀ ਸਾਰੀ` ਨਹੀਂ ਕੋਈ ਗਵਾਚਾ ਖ਼ਜ਼ਾਨਾ ਲੱਭ ਗਿਆ ਹੋਵੇ।
ਛੋਟਾ ਆਪਣੇ ਸਾਰੇ ਕੰਮ ਛੱਡ ਕੇ ਬਾਹਰ ਲੰਘਦੇ ਹੋਏ ਸਕੂਲੀ ਬਾਲਾਂ ਨੂੰ ਤੱਕਣ ਲੱਗ ਪਿਆ…। ਉਹਨੇ ਕਦੇ ਇਹ ਵਾਜ ਨਹੀਂ ਸੁਣੀ ਸੀ। ਇਹ ਓਪਰੀ ਵਾਜ ਚੰਗੀ ਲੱਗੀ।
ਆਪਣੇ ਮੂੰਹ ਵਿਚ ਉਹ ਗਾਉਣ ਲੱਗ ਪਿਆ…
ਤੇ ਖ਼ੌਰੇ ਕਿੱਥੇ ਦਾ ਕਿੱਥੇ ਅੱਪੜ ਗਿਆ…
ਅੱਧੀ ਛੁੱਟੀ ਸਾਰੀ
ਮੀਆਂ ਮੱਖੀ ਮਾਰੀ
ਮੀਆਂ ਗਿਆ ਦਿੱਲੀ
ਓਥੋਂ ਲਿਆਂਦੀ ਬਿੱਲੀ
ਬਿੱਲੀ ਦਿੱਤੇ ਬੱਚੇ
ਅੱਲ੍ਹਾ ਮੀਆਂ ਸੱਚੇ
***
”ਛੋਟੇ ਉਇ ਛੋਟੇ! ਕਿੱਥੇ ਮਰ ਗਿਆ ਏਂ?“
”ਐ ਜ਼ਰਾ ਰਸ਼ੀਦ ਛੋਟੇ ਨੂੰ ਤੇ ਵੇਖੀਂ…।“
”ਛੋਟੇ ਉਇ ਛੋਟੇ…!“
”ਛੋਟੇ…!“
”ਕਿੱਥੇ ਤੱਕ ਰਿਹਾ ਏਂ…?“
”ਤੇਰਾ ਧਿਆਨ ਕਿੱਥੇ ਵੇ…?“
”ਏਧਰ ਲਿਆ ਏਹ ਪਾਨਾ…।“
”ਹਾਲੇ ਤਾਂ ਬੜਾ ਕੰਮ ਖਿੱਲਰਿਆ ਹੋਇਆ ਏ…।“
”ਛੋਟੇ ਉਇ ਛੋਟੇ…!“
ਛੋਟੇ ਨੂੰ ਇਕ-ਦਮ ਹੋਸ਼ ਆਇਆ ਤੇ ਉਹ ਨੱਸ ਕੇ ਆਪਣੇ ਉਸਤਾਦ ਕੋਲ਼ ਜਾ ਅੱਪੜਿਆ, ”ਐ ਲਓ ਉਸਤਾਦ ਜੀ ਪਾਨਾ…।“