ਜੀਵੇ ਪੰਜਾਬ

ਪੰਜਾਬ ਕਾਂਗਰਸ ਦੀ ਪਾਟੋ-ਧਾੜ ਇਕ ਵਾਰ ਫਿਰ ਜੱਗ-ਜ਼ਾਹਿਰ ਹੋ ਗਈ। ਸੰਗਰੂਰ ਵਿਚ ਸਮਾਗਮ ਦੌਰਾਨ ਕਾਂਗਰਸ ਦਾ ਕੌਮੀ ਮੀਤ ਪ੍ਰਧਾਨ ਤੇ ਅਗਲੀ ਵਾਰ ਲਈ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰਾਂ ਵਿਚੋਂ ਇਕ, ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਤਾਂ ਸਟੇਜ ਉਤੇ ਹੀ ਇਕ-ਦੂਜੇ ਨੂੰ ਅੱਖਾਂ ਦਿਖਾਉਣ ਲੱਗ ਪਏ। ਇਸ ਤਕਰਾਰ ਤੋਂ ਬਾਅਦ ਨਵੇਂ ਸਿਰਿਉਂ ਤਾਲਮੇਲ ਕਮੇਟੀਆਂ ਬਣਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਕਵਾਇਦ ਦਾ ਨਤੀਜਾ ਭਾਵੇਂ ਕੁਝ ਵੀ ਨਿਕਲੇ, ਇਕ ਵਾਰ ਤਾਂ ਕਾਂਗਰਸ ਦਾ ਡੋਰੂ ਚੌਰਾਹੇ ਵਿਚ ਵੱਜ ਗਿਆ ਹੈ। ਅਸਲ ਵਿਚ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਜਿਸ ਤਰ੍ਹਾਂ ਪੰਜਾਬ ਵਿਚ ਮਨ-ਮਰਜ਼ੀ ਚਲਾ ਰਹੀ ਹੈ, ਉਸ ਦਾ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੋਇਆ ਹੈ ਸਗੋਂ ਕਾਂਗਰਸੀਆਂ ਦੀ ਇਸ ਖੋਹਾ-ਖਿੱਚੀ ਵਿਚੋਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਾ ਸਿਆਸੀ ਲਾਹਾ ਮਿਲਿਆ ਹੈ। ਕਾਂਗਰਸ ਲਈ ਪੰਜਾਬ ਵਿਚ ਲੀਡਰਸ਼ਿਪ ਦਾ ਮਾਮਲਾ ਗਲੇ ਦੀ ਹੱਡੀ ਬਣਿਆ ਹੋਇਆ ਹੈ। ਦਰਅਸਲ ਪੰਜਾਬ ਇਸ ਵੇਲੇ ਕਿਸੇ ਵੀ ਸਿਆਸੀ ਧਿਰ ਦੇ ਏਜੰਡੇ ਉਤੇ ਨਹੀਂ ਹੈ। ਸਭ ਨੂੰ ਆਪੋ-ਆਪਣੇ ਵੋਟ ਬੈਂਕ ਦੀ ਪਈ ਹੈ। ਰਾਹੁਲ ਗਾਂਧੀ ਦੀ ਦਿਲਚਸਪੀ ਸਿਰਫ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚ ਹੈ ਪਰ ਬਹੁਤ ਵੱਡਾ ਮੌਕਾ ਮਿਲਣ ਦੇ ਬਾਵਜੂਦ ਉਹ ਕ੍ਰਿਸ਼ਮਈ ਆਗੂ ਵਜੋਂ ਆਪਣੀ ਕੋਈ ਛਾਪ ਨਹੀਂ ਛੱਡ ਸਕਿਆ। ਜਿੱਤਣ ਖਾਤਰ ਚੋਣਾਂ ਦੇ ਪਿੜ ਵਿਚ ਜਿਹੜੀ ਹਨ੍ਹੇਰੀ ਲਿਆਉਣ ਦੀ ਲੋੜ ਹੁੰਦੀ ਹੈ, ਉਹ ਰਾਹੁਲ ਦੇ ਵੱਸ ਦਾ ਰੋਗ ਨਹੀਂ ਜਾਪਦਾ। ਉਹ ਬੱਸ ਲੋਕ ਸਭਾ ਸੀਟ ਜਿੱਤ ਕੇ ਸੰਸਦ ਮੈਂਬਰ ਬਣਨ ਜੋਗਾ ਹੀ ਹੈ ਪਰ ਸਿਤਮਜ਼ਰੀਫੀ ਦੇਖੋ ਕਿ ਕਾਂਗਰਸ ਦੇ ਕਈ ਚਾਪਲੂਸ ਆਗੂ ਉਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਬੜਾ ਯੋਗ ਆਗੂ ਆਖ ਕੇ ਵਡਿਆ ਰਹੇ ਹਨ। ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸਾਰੇ ਜੱਗ ਨੇ ਪੰਜਾਬ ਕਾਂਗਰਸ ਦਾ ਹਸ਼ਰ ਦੇਖਿਆ ਹੈ। ਇਸ ਮਾੜੇ ਹਸ਼ਰ ਲਈ ਕਿਸੇ ਨੇ ਅਜੇ ਤੱਕ ਰਾਹੁਲ ਦਾ ਸਿੱਧਾ ਨਾਂ ਤਾਂ ਨਹੀਂ ਲਿਆ ਪਰ ਹਕੀਕਤ ਇਹੀ ਹੈ ਕਿ ਉਸ ਦੀ ਪੰਜਾਬ ਬਾਰੇ ਹਰ ਰਣਨੀਤੀ ਨਕਾਰਾ ਸਾਬਤ ਹੋਈ ਹੈ। ਚੋਣਾਂ ਤੋਂ ਬਾਅਦ ਵੀ ਉਹ ਹਾਲਾਤ ਨੂੰ ਸੰਭਾਲ ਨਹੀਂ ਸਕਿਆ। ਕੈਪਟਨ ਅਮਰਿੰਦਰ ਸਿੰਘ ਤੋਂ ਪੰਜਾਬ ਕਾਂਗਰਸ ਦੀ ਅਗਵਾਈ ਤਾਂ ਖੋਹ ਲਈ ਗਈ ਪਰ ਉਸ ਦੀ ਥਾਂ ਜਿਨ੍ਹਾਂ ਆਗੂਆਂ ਨੂੰ ਅੱਗੇ ਲਾਇਆ ਗਿਆ, ਉਹ ਪਾਰਟੀ ਨੂੰ ਸੰਕਟ ਵਿਚੋਂ ਕੱਢ ਨਹੀਂ ਸਕੇ। ਲੀਡਰਾਂ ਵਿਚ ਦੂਰਦ੍ਰਿਸ਼ਟੀ ਦੀ ਘਾਟ ਨੇ ਪਾਰਟੀ ਨੂੰ ਚੌਫਾਲ ਹੇਠਾਂ ਸੁੱਟ ਲਿਆ। ਰਾਹੁਲ ਵਰਗੇ ਜਿਹੜੇ ਲੀਡਰ ਹੁਣ ਇਸ ਨੂੰ ਥੰਮ੍ਹੀਆਂ ਦੇ ਕੇ ਉਠਾਉਣ ਦੇ ਯਤਨ ਕਰ ਰਹੇ ਹਨ, ਉਹ ਖੁਦ ਪੰਜਾਬ ਬਾਰੇ ਕਿਸੇ ਵੀ ਕਾਰਗਰ ਸਰਗਰਮੀ ਤੋਂ ਵਾਂਝੇ ਹਨ। ਪੰਜਾਬ ਕਾਂਗਰਸ ਦੀ ਪਾਟੋਧਾੜ ਅਤੇ ਪੰਜਾਬ ਦੀ ਸਿਆਸਤ, ਉਨ੍ਹਾਂ ਦੇ ਗੇੜ ਵਿਚ ਨਹੀਂ ਆ ਰਹੀ। ਇਸੇ ਦਾ ਹੀ ਨਤੀਜਾ ਹੈ ਕਿ ਪਾਰਟੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਅੱਕੀਂ-ਪਲਾਹੀਂ ਹੱਥ ਮਾਰ ਰਹੀ ਹੈ।
ਅਜਿਹੇ ਹਾਲਾਤ ਵਿਚ ਅਕਾਲੀ ਦਲ ਅਤੇ ਬਾਦਲਾਂ ਦੀਆਂ ਪੰਜੇ ਉਂਗਲਾਂ ਘਿਉ ਵਿਚ ਹਨ। ਸਿਆਸਤ ਦੇ ਪਿੜ ਵਿਚ ਵਾਰ-ਵਾਰ ਵੱਡੀਆਂ ਗਲਤੀਆਂ ਕਰਨ ਦੇ ਬਾਵਜੂਦ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਇਸ ਵੇਲੇ ਪੰਜਾਬ ਦੀ ਸਿਆਸਤ ਚਲਾ ਰਹੇ ਸੁਖਬੀਰ ਸਿੰਘ ਬਾਦਲ ਦੀ ਜ਼ੋਰ-ਜਬਰ ਵਾਲੀ ਸਿਆਸਤ ਅੱਗੇ ਹੌਲੀ-ਹੌਲੀ ਸਭ ਵਿਰੋਧੀ ਚਿਤ ਹੋ ਰਹੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਾਣਨ ਵਾਲੇ ਜਾਣਦੇ ਹਨ ਕਿ ਚੋਣਾਂ ਦੇ ਦਿਨੀਂ ਉਹ ਕਿਸ ਤਰ੍ਹਾਂ ਦਾ ਨਿਮਾਣਾ ਜਿਹਾ ਰੂਪ ਅਖਤਿਆਰ ਕਰ ਲੈਂਦਾ ਸੀ। ਇਸ ਮਾਮਲੇ ਵਿਚ ਸੁਖਬੀਰ ਆਪਣੇ ਪਿਉ ਨੂੰ ਵੀ ਪਿੱਛੇ ਛੱਡ ਗਿਆ ਹੈ। ਉਸ ਦਾ ਲੁੰਗ-ਲਾਣਾ ਪਾਰਟੀ ਲਈ ਪ੍ਰਚਾਰ ਤਾਂ ਕਰਦਾ ਹੀ ਹੈ, ਵਿਰੋਧੀ ਧਿਰ ਦੇ ਕੈਂਪ ਉਤੇ ਵੀ ਘਾਤ ਲਾ ਕੇ ਵਾਰ ਕਰਦਾ ਹੈ। ਵਿਰੋਧੀ ਧਿਰ ਦੇ ਕਹਿੰਦੇ-ਕਹਾਉਂਦੇ ਆਗੂ ਲੋਕਾਂ ਨੇ ਉਸ ਅੱਗੇ ਚੌਫਾਲ ਡਿਗਦੇ ਦੇਖੇ ਹੀ ਹਨ। ਪੀਪਲਜ਼ ਪਾਰਟੀ ਆਫ ਪੰਜਾਬ ਬਣਾ ਕੇ ਮਨਪ੍ਰੀਤ ਸਿੰਘ ਬਾਦਲ ਵੀ ਸਿਆਸੀ ਪਿੜ ਵਿਚ ਕੋਈ ਖਾਸ ਧਿਰ ਨਹੀਂ ਬਣ ਸਕਿਆ। ਬਹੁਤ ਸਾਰੇ ਲੋਕਾਂ ਨੇ ਉਸ ਉਤੇ ਬਹੁਤ ਉਮੀਦਾਂ ਲਾਈਆਂ ਸਨ ਪਰ ਉਹ ਮੰਝਧਾਰ ਵਿਚ ਫਸਿਆ ਬੇੜਾ, ਬੰਨੇ ਵੱਲ ਵੀ ਨਹੀਂ ਲਿਜਾ ਸਕਿਆ। ਖਾੜਕੂ ਧਿਰਾਂ ਤਾਂ ਕਿਤੇ ਰੜਕ ਹੀ ਨਹੀਂ ਰਹੀਆਂ। ਇਨ੍ਹਾਂ ਧਿਰਾਂ ਲਈ ਰਣਨੀਤੀ ਨੇ ਖਾਸ ਭੂਮਿਕਾ ਨਿਭਾਉਣੀ ਸੀ ਪਰ ਇਹ ਤਾਂ ਰਾਜਨੀਤੀ ਵੀ ਢੰਗ ਨਾਲ ਕਰ ਨਹੀਂ ਸਕੀਆਂ। ਕੁਝ ਖਾਸ ਹਾਲਾਤ ਵਿਚ ਤਾਂ ਧਰਮ ਦਾ ਇਕ ਧਿਰ ਵਜੋਂ ਰੋਲ ਹੋ ਸਕਦਾ ਹੈ, ਪਰ ਪੰਜਾਬ ਇਸ ਵੇਲੇ ਜਿਸ ਤਰ੍ਹਾਂ ਦੇ ਪੜਾਅ ਵਿਚੋਂ ਲੰਘ ਰਿਹਾ ਹੈ, ਉਸ ਵਿਚ ਰਾਜਨੀਤੀ ਦੇ ਨਾਲ-ਨਾਲ ਰਣਨੀਤੀ ਸਭ ਤੋਂ ਅਹਿਮ ਹੈ। ਪੰਜਾਬ ਦੇ ਮਾਮਲੇ ਵਿਚ ਖੱਬੇ ਪੱਖੀਆਂ ਦੀ ਤਾਂ ਹੁਣ ਗੱਲ ਹੀ ਕੀ ਕਰਨੀ ਹੈ! ਇਹ ਚਿਰਾਂ ਦੇ ਲੀਹੋਂ ਲਹਿ ਚੁੱਕੇ ਹਨ। ਨਾ ਕੋਈ ਪਾਰਟੀ ਅਤੇ ਨਾ ਹੀ ਕੋਈ ਲੀਡਰ ਪੰਜਾਬ ਵਿਚ ਕਿਤੇ ਰੜਕ ਰਿਹਾ ਹੈ। ਜੱਗ-ਜਹਾਨ ਅਤੇ ਹਰ ਮੁੱਦੇ ਦਾ ਵਿਸ਼ਲੇਸ਼ਣ ਕਰਨ ਵਾਲੇ ਇਹ ਲੋਕ ਸ਼ਾਇਦ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਲਈ ਤਿਆਰ ਨਹੀਂ ਹਨ। ਹਰ ਪੱਧਰ ਉਤੇ ਇੰਨੀਆਂ ਪਛਾੜਾਂ ਵੱਜਣ ਦੇ ਬਾਵਜੂਦ ਇਹ ਪੁਨਰ-ਵਿਚਾਰ ਲਈ ਅਜੇ ਤੱਕ ਤਿਆਰ ਨਹੀਂ ਹੋਏ ਜਾਪਦੇ। ਇਸੇ ਕਰ ਕੇ ਹੌਲੀ-ਹੌਲੀ ਹਾਸ਼ੀਆ ਮੱਲ ਰਹੇ ਹਨ। ਇਹੀ ਉਹ ਸਾਰੇ ਹਾਲਾਤ ਹਨ ਜਿਨ੍ਹਾਂ ਕਰ ਕੇ ਪੰਜਾਬ ਅੱਜ ਘੁੰਮਣ-ਘੇਰੀ ਵਿਚ ਫਸਿਆ ਪਿਆ ਹੈ। ਦੋਵੇਂ ਮੁੱਖ ਸਿਆਸੀ ਧਿਰਾਂ- ਕਾਂਗਰਸ ਅਤੇ ਅਕਾਲੀ ਦਲ ਦਾ ਕੰਮ ਹੁਣ ਸਿਰਫ ਚੋਣਾਂ ਲੜਨਾ ਰਹਿ ਗਿਆ ਹੈ। ਰਹਿੰਦੀ ਕਸਰ ਭ੍ਰਿਸ਼ਟਾਚਾਰ ਅਤੇ ਗੈਰ-ਦਿਆਨਤਦਾਰੀ ਨੇ ਕੱਢ ਦਿੱਤੀ ਹੈ। ਖੁੱਲ੍ਹੀ ਮੰਡੀ ਦੇ ਇਸ ਜੁੱਗ ਵਿਚ ਸਭ ਨੂੰ ਖੁੱਲ੍ਹੀ ਛੁੱਟੀ ਹੈ ਪਰ ਇਹ ਖੁੱਲ੍ਹ ਪੰਜਾਬ ਅਤੇ ਇਸ ਦੇ ਆਵਾਮ ਨੂੰ ਬਹੁਤ ਭਾਰੀ ਪੈ ਰਹੀ ਹੈ। ‘ਗੁਰਾਂ ਦੇ ਨਾਂ ‘ਤੇ ਜੀਂਦਾ ਪੰਜਾਬ’ ਅੱਜ ਟੁੱਕੀਆਂ-ਪੱਛੀਆਂ ਬਾਹਾਂ ਉਲਾਰ ਕੇ ਆਪਣੇ ਧੀਆਂ-ਪੁੱਤਾਂ ਨੂੰ ਹਾਕਾਂ ਮਾਰ ਰਿਹਾ ਹੈ।

Be the first to comment

Leave a Reply

Your email address will not be published.