ਆਮ ਲੋਕਾਂ ਦਾ ਕਤਲੇਆਮ ਇਜ਼ਰਾਈਲ ਦੀ ਸੋਚੀ ਸਮਝੀ ਨੀਤੀ

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਅਮਰੀਕਾ ਇਜ਼ਰਾਈਲ ਗੱਠਜੋੜ ਭਾਵੇਂ ਆਪਣੇ ਧੜਵੈਲ ਫ਼ੌਜੀ-ਖ਼ੁਫ਼ੀਆ ਢਾਂਚੇ ਦੇ ਜ਼ੋਰ ਦੁਨੀਆ ਭਰ ‘ਚ ਕਰੂਰ ਤੋਂ ਕਰੂਰ ਹਮਲੇ ਕਰਨ ਦੇ ਸਮਰੱਥ ਹੈ ਪਰ ਉਹ ਇਸ ਹਕੀਕਤ ਨੂੰ ਭੁੱਲਦੇ ਹਨ ਕਿ ਅਜਿੱਤ ਸਮਝੀ ਜਾਂਦੀ ਫ਼ੌਜੀ ਤਾਕਤ ਵੀ ਮਨੁੱਖ ਦੀ ਆਜ਼ਾਦੀ ਦੀ ਰੀਝ ਨੂੰ ਖ਼ਤਮ ਨਹੀਂ ਕਰ ਸਕਦੀ। ਉਹ ਰਜਿਸਟੈਂਸ ਗਰੁੱਪਾਂ ਦਾ ਸਫ਼ਾਇਆ ਤਾਂ ਕਰ ਸਕਦੇ ਹਨ, ਵੱਖ-ਵੱਖ ਕੌਮਾਂ ਦੇ ਲਹੂ ਦੀਆਂ ਨਦੀਆਂ ਵਹਾ ਸਕਦੇ ਹਨ ਪਰ ਉਨ੍ਹਾਂ ਦੀਆਂ ਆਰਜ਼ੀ ਫ਼ੌਜੀ ਜਿੱਤਾਂ ਆਜ਼ਾਦੀ ਦੇ ਜਜ਼ਬੇ ਦਾ ਬੀਜ ਨਾਸ ਨਹੀਂ ਕਰ ਸਕਦੀਆਂ।

ਸੱਤ ਅਕਤੂਬਰ ਨੂੰ ਫ਼ਲਸਤੀਨ ਵਿਰੁੱਧ ਇਜ਼ਰਾਇਲੀ ਨਸਲਵਾਦੀ ਸਟੇਟ ਦੇ ਲਗਾਤਾਰ ਹਮਲਿਆਂ ਨੂੰ ਇਕ ਸਾਲ ਹੋ ਜਾਵੇਗਾ। ਅਮਰੀਕਾ ਅਤੇ ਇਸ ਦੇ ਜੋਟੀਦਾਰਾਂ ਦੀ ਸ਼ਹਿ ਤੇ ਮਦਦ ਨਾਲ ਕੀਤੀ ਜਾ ਰਹੀ ਨਸਲਕੁਸ਼ੀ ਵਿਚ ਹੁਣ ਤੱਕ ਗਾਜ਼ਾ ਪੱਟੀ ਵਿਚ ਲੱਗਭੱਗ 41600 ਫ਼ਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ ਇਕ ਲੱਖ ਦੇ ਕਰੀਬ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚ 33% ਬੱਚੇ ਅਤੇ 18.4% ਔਰਤਾਂ ਹਨ। ਲਿਬਨਾਨ ਅਤੇ ਹੋਰ ਥਾਈਂ ਕੀਤੇ ਕਤਲੇਆਮ ਇਸ ਤੋਂ ਵੱਖਰੇ ਹਨ। ਖਾਣ-ਪੀਣ ਤੇ ਦਵਾਈਆਂ ਦੀ ਸਪਲਾਈ ਉੱਪਰ ਲਾਈਆਂ ਰੋਕਾਂ ਕਾਰਨ ਭੁੱਖਮਰੀ ਨਾਲ ਅਤੇ ਬੇਇਲਾਜ ਮਰਨ ਵਾਲੇ ਫ਼ਲਸਤੀਨੀਆਂ ਦੀ ਤਾਦਾਦ ਇਸ ਤੋਂ ਵੱਖਰੀ ਹੈ। ਇਜ਼ਰਾਈਲ ਨੇ ਹੁਣ ਮੁੜ ਲਿਬਨਾਨ ਉੱਪਰ ਇਸੇ ਤਰ੍ਹਾਂ ਦੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਬੈਰੂਤ ਦੇ ਬਾਹਰਵਾਰ ਦੱਖਣੀ ਉਪ ਸ਼ਹਿਰੀ ਇਲਾਕੇ ਉੱਪਰ ਕੀਤੇ ਹਮਲੇ ਨੇ ਪੰਜ ਸੌ ਲੋਕਾਂ ਦੀ ਜਾਨ ਲੈ ਲਈ ਜਿੱਥੇ ਬੰਕਰ ਨਸ਼ਟ ਕਰਨ ਵਾਲੇ ਬੰਬਾਂ ਦਾ ਇਸਤੇਮਾਲ ਕੀਤੇ ਜਾਣ ਨਾਲ ਇਮਾਰਤਾਂ ਦੇ ਪੂਰੇ ਦੇ ਪੂਰੇ ਬਲਾਕ ਤਬਾਹ ਕਰ ਦਿੱਤੇ ਗਏ। ਇਹ ਹਾਲਾਤ ਦੇਖ ਕੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਬੁਲਾਰੇ ਨੂੰ ਵੀ ਇਹ ਚਿਤਾਵਨੀ ਦੇਣੀ ਪਈ ਹੈ ਕਿ “ਖੇਤਰ ਤਬਾਹੀ ਦੇ ਕੰਢੇ ‘ਤੇ ਹੈ।”
ਨਸਲਵਾਦੀ-ਜੰਗਬਾਜ਼ ਇਜ਼ਰਾਈਲ-ਅਮਰੀਕੀ ਗੱਠਜੋੜ ਇਸ ਕਤਲੇਆਮ ਲਈ ਮੁੱਖ ਤੌਰ ‘ਤੇ ਜ਼ਿੰਮੇਵਾਰ ਹੈ। ਇਨ੍ਹਾਂ ਨੂੰ ਆਲਮੀ ਲੋਕ ਰਾਇ ਦੀ ਗੱਲ ਤਾਂ ਛੱਡੋ, ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਵੀ ਕੋਈ ਪ੍ਰਵਾਹ ਨਹੀਂ ਅਤੇ ਇਹ ਕੋਈ ਨਾ ਕੋਈ ਬਹਾਨਾ ਬਣਾ ਕੇ ਹਮਲਿਆਂ ਨੂੰ ਵੱਧ ਤੋਂ ਵੱਧ ਲਮਕਾ ਕੇ ਫ਼ਲਸਤੀਨੀਆਂ ਨੂੰ ਕੁਚਲ ਦੇਣਾ ਚਾਹੁੰਦੇ ਹਨ। ਹਮਲਿਆਂ ‘ਚ ਘਿਰੇ ਆਮ ਲੋਕਾਂ ਦੀ ਸਹਾਇਤਾ ਕਰ ਰਹੇ ਤਿੰਨ ਸੌ ਦੇ ਕਰੀਬ ਯੂ.ਐੱਨ. ਸਟਾਫ ਤੇ ਹੋਰ ਵਾਲੰਟੀਅਰਾਂ, 500 ਤੋਂ ਵੱਧ ਮੈਡੀਕਲ ਸਟਾਫ ਅਤੇ 174 ਪੱਤਰਕਾਰਾਂ ਨੂੰ ਇਜ਼ਰਾਇਲੀ ਤਾਕਤਾਂ ਵੱਲੋਂ ਜਾਣ-ਬੁੱਝ ਕੇ ਕਤਲ ਕੀਤਾ ਗਿਆ ਹੈ। ਪਿਛਲੇ ਸਾਲ ਇਜ਼ਰਾਇਲੀ ਫ਼ੌਜ ਨੇ ਅਲ-ਸ਼ਿਫ਼ਾ ਹਸਪਤਾਲ ਦੇ ਇੰਟਰਨਲ ਮੈਡੀਸਿਨ ਦੇ ਡਾਇਰੈਕਟਰ ਡਾਕਟਰ ਰਾਫਾਤ ਲੁਬਾਦ ਨੂੰ ਪੂਰੇ ਪਰਿਵਾਰ ਸਮੇਤ ਕਤਲ ਕਰ ਦਿੱਤਾ ਸੀ। ਇਸੇ ਹਸਪਤਾਲ ਦੇ ਬੱਚਾ ਵਿਭਾਗ ਦੇ ਮੁਖੀ ਡਾਕਟਰ ਅਦਨਾਨ ਅਲ-ਬੁਰਸ਼ ਅਤੇ ਇਕ ਹੋਰ ਡਾਕਟਰ ਲਿਆਦ ਅਲ-ਰਾਂਤਿਸੀ ਨੂੰ ਫਰਵਰੀ ਮਹੀਨੇ ਹਿਰਾਸਤ ਵਿਚ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ ਸੀ।
ਕਰੂਰ ਹਮਲਿਆਂ ਨਾਲ ਬਰਬਾਦ ਹੋਏ ਫ਼ਲਸਤੀਨੀਆਂ ਨੂੰ ਸਹਾਰਾ ਦੇਣ ਲਈ ਬਣਾਏ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਕੈਂਪਾਂ ਉੱਪਰ ਹਵਾਈ ਹਮਲਿਆਂ ਵਿਚ 1100 ਤੋਂ ਵੱਧ ਆਮ ਨਾਗਰਿਕ ਮਾਰੇ ਗਏ ਹਨ। ਗਾਜ਼ਾ ਵਿਚ ਮੈਡੀਕਲ ਸੇਵਾਵਾਂ ਦੇ ਰਹੇ ਕੌਮਾਂਤਰੀ ਡਾਕਟਰਾਂ ਦਾ ਕਹਿਣਾ ਹੈ ਕਿ ਇਜ਼ਰਾਇਲੀ ਫ਼ੌਜੀ ਫ਼ਲਸਤੀਨੀ ਬੱਚਿਆਂ ਦੇ ਸਿਰ ਅਤੇ ਪੇਟ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਮਾਰ ਰਹੇ ਹਨ ਜੋ ਫ਼ਲਸਤੀਨੀਆਂ ਦੀ ਅਗਲੀ ਪੀੜ੍ਹੀ ਨੂੰ ਖ਼ਤਮ ਕਰਨ ਦੀ ਗਿਣੀ ਮਿਥੀ ਯੋਜਨਾ ਦਾ ਹਿੱਸਾ ਹੈ। ਪਿਛਲੇ ਦਿਨੀਂ ਫ਼ਲਸਤੀਨ ਵਿਚ ਮੈਡੀਕਲ ਸੇਵਾਵਾਂ ਦੇ ਕੇ ਪਰਤੀਆਂ ਦੋ ਅਮਰੀਕਨ ਡਾਕਟਰਾਂ ਨੇ ਬੜੇ ਹੌਲਨਾਕ ਅਨੁਭਵ ਸਾਂਝੇ ਕੀਤੇ ਹਨ ਕਿ ਹਮਲਿਆਂ ਦੌਰਾਨ ਅਪਾਹਜ ਹੋਏ ਜੋ ਬੱਚੇ ਇਲਾਜ ਲਈ ਆਉਂਦੇ ਹਨ, ਉਹ ਇੰਨੇ ਸਦਮੇ ‘ਚ ਹਨ ਕਿ ਮੌਤ ਮੰਗ ਰਹੇ ਹਨ ਕਿਉਂਕਿ ਉਨ੍ਹਾਂ ਦੇ ਪੂਰੇ ਦੇ ਪੂਰੇ ਪਰਿਵਾਰ ਮਾਰੇ ਜਾ ਚੁੱਕੇ ਹਨ। ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਇਲਾਜ ਕਰ ਕੇ ਵਾਪਸ ਭੇਜੇ ਜਾਣ ਦੀ ਸੂਰਤ ਵਿਚ ਉਹ ਦੁਬਾਰਾ ਭੁੱਖ ਅਤੇ ਅਗਲੇ ਹਮਲਿਆਂ ਨਾਲ ਮੌਤ ਦੇ ਮੂੰਹ ਵਿਚ ਧੱਕੇ ਜਾ ਰਹੇ ਹਨ।
ਜੰਗੀ ਜੁਰਮਾਂ ਬਾਰੇ ਜੈਨੇਵਾ ਕਨਵੈਨਸ਼ਨਜ਼ (ਜੰਗੀ ਹਮਲਿਆਂ ਸਮੇਂ ਨਾਗਰਿਕਾਂ, ਹਸਪਤਾਲਾਂ, ਸਕੂਲਾਂ, ਜੰਗ ਵਿਚ ਘਿਰੇ ਨਾਗਰਿਕਾਂ ਦੀ ਸਹਾਇਤਾ ਕਰ ਰਹੇ ਰੈੱਡ ਕਰਾਸ ਵਾਲੰਟੀਅਰਾਂ ਆਦਿ ਨੂੰ ਨੁਕਸਾਨ ਨਾ ਪਹੁੰਚਾਉਣਾ, ਇਹ ਮਨੁੱਖਤਾ ਨੂੰ ਦਰਪੇਸ਼ ਸਭ ਤੋਂ ਬੁਰੇ ਹਾਲਾਤ ਦੇ ਅੰਦਰ ਮਨੁੱਖਤਾ ਨੂੰ ਬਚਾਉਣ ਲਈ ਬਿਲਕੁਲ ਘੱਟੋ-ਘੱਟ ਜੰਗੀ ਨਿਯਮ ਹਨ) ਦੀਆਂ ਧੱਜੀਆਂ ਉਡਾਉਣਾ ਅਮਰੀਕਾ ਅਤੇ ਇਜ਼ਰਾਈਲ ਦੀ ਰਾਜਕੀ ਨੀਤੀ ਦਾ ਧੁਰਾ ਹੈ। ਯੂ.ਐੱਨ. ਸਦਰਮੁਕਾਮ ਵਿਖੇ ਨੇਤਨਯਾਹੂ ਦੇ ਹਾਲੀਆ ਭਾਸ਼ਣ ਵਿਚ ਇਹ ਸੁਰ ਬਿਲਕੁਲ ਸਪਸ਼ਟ ਸੁਣਾਈ ਦਿੱਤੀ ਜਿਸ ਦਾ ਸਾਰ-ਤੱਤ ਇਹ ਸੀ ਕਿ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਹੈ, ਇਸ ਲਈ ਅਸੀਂ ਤਾਂ ਆਪਣੀ ਮਨਮਰਜ਼ੀ ਅਨੁਸਾਰ ਚੱਲਣਾ ਹੈ। ਇਹ ਇਸ ਦੇ ਬਾਵਜੂਦ ਹੈ ਕਿ ਕੌਮਾਂਤਰੀ ਅਦਾਲਤ (ਇੰਟਰਨੈਸ਼ਨਲ ਕੋਰਟ ਆਫ ਜਸਟਿਸ) ਵੱਲੋਂ ਇਸ ਸਾਲ ਜੁਲਾਈ ਵਿਚ ਫ਼ਲਸਤੀਨੀ ਖੇਤਰ ਉੱਪਰ ਲੰਮੇ ਸਮੇਂ ਦੇ ਇਜ਼ਰਾਇਲੀ ਕਬਜ਼ੇ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਜਾ ਚੁੱਕਾ ਹੈ ਅਤੇ ‘ਜਿੰਨਾ ਤੇਜ਼ੀ ਨਾਲ ਸੰਭਵ ਹੋਵੇ` ਇਸ ਕਬਜ਼ੇ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ ਗਿਆ ਹੈ।
18 ਸਤੰਬਰ ਨੂੰ ਯੂ.ਐੱਨ. ਦੀ ਆਮ ਸਭਾ ਨੇ ਵੀ ਅਜਿਹਾ ਮਤਾ ਪਾਸ ਕੀਤਾ ਜੋ ਮੋਟੇ ਤੌਰ ‘ਤੇ ਕੌਮਾਂਤਰੀ ਅਦਾਲਤ ਦੇ ਮਤੇ ‘ਤੇ ਆਧਾਰਤ ਹੈ। 124 ਮੁਲਕਾਂ ਨੇ ਮਤੇ ਦੇ ਹੱਕ ਵਿਚ ਅਤੇ ਇਜ਼ਰਾਈਲ ਤੇ ਅਮਰੀਕਾ ਸਮੇਤ 14 ਮੁਲਕਾਂ ਨੇ ਇਸ ਦੇ ਵਿਰੋਧ ਵਿਚ ਵੋਟ ਪਾਏ। 43 ਮੁਲਕਾਂ ਨੇ ਵੋਟ ਵਿਚ ਹਿੱਸਾ ਨਹੀਂ ਲਿਆ। ਮਤੇ ਉੱਪਰ ਇਕ ਸਾਲ ਦੇ ਅੰਦਰ-ਅੰਦਰ ਇਜ਼ਰਾਈਲ ਨੂੰ ਉੱਥੋਂ ਨਿਕਲ ਜਾਣ ਅਤੇ ਮੈਂਬਰ ਮੁਲਕਾਂ ਨੂੰ ਇਜ਼ਰਾਈਲ ਨੂੰ ਹਥਿਆਰ ਨਾ ਦੇਣ ਲਈ ਕਿਹਾ ਗਿਆ ਹੈ। ਸਵਾਲ ਹੈ: ਕੀ ਯੂ.ਐੱਨ. ਜਾਂ ਕੌਮਾਂਤਰੀ ਅਦਾਲਤ ਇਸ ਹੁਕਮ ਨੂੰ ਲਾਗੂ ਕਰਾਉਣਗੇ ਜਾਂ ਇਹ ਪਹਿਲਾਂ ਵਾਂਗ ਮਹਿਜ਼ ਕਾਗਜ਼ਾਂ ਵਿਚ ਮਤੇ ਹੀ ਬਣੇ ਰਹਿਣਗੇ?
ਪਿਛਲੇ ਇਕ ਸਾਲ ਤੋਂ ਹਮਾਸ ਦੇ ਖੁਫ਼ੀਆ ਅੱਡੇ ਖ਼ਤਮ ਕਰਨ ਦੇ ਨਾਂ ਹੇਠ ਜਿਵੇਂ ਗਾਜ਼ਾ ਤੇ ਹੋਰ ਫ਼ਲਸਤੀਨੀ ਇਲਾਕਿਆਂ ਦੇ ਸਕੂਲਾਂ, ਹਸਪਤਾਲਾਂ, ਧਾਰਮਿਕ ਸਥਾਨਾਂ, ਘਰਾਂ ਤੇ ਹੋਰ ਸਿਵਲੀਅਨ ਇਮਾਰਤਾਂ ਨੂੰ ਅੰਨ੍ਹੇਵਾਹ ਬੰਬਾਰੀ ਅਤੇ ਹੋਰ ਘਾਤਕ ਜੰਗੀ ਹਥਿਆਰਾਂ ਨਾਲ ਲਗਾਤਾਰ ਤਬਾਹ ਕੀਤਾ ਜਾ ਰਿਹਾ ਹੈ, ਉਸ ਤੋਂ ਇਸ ਮਨੁੱਖਤਾ ਵਿਰੋਧੀ ਘਿਨਾਉਣੇ ਗੱਠਜੋੜ ਦੇ ਕਰੂਰ ਇਰਾਦੇ ਸਪਸ਼ਟ ਸਮਝੇ ਜਾ ਸਕਦੇ ਹਨ; ਖ਼ਾਸ ਕਰ ਕੇ ਅਮਰੀਕੀ ਸਟੇਟ ਦੀਆਂ ਚਾਲਾਂ ਨੂੰ ਆਮ ਲੋਕਾਂ ਨੂੰ ਸਮਝਾਉਣਾ ਬੇਹੱਦ ਜ਼ਰੂਰੀ ਹੈ। ਇਕ ਪਾਸੇ, ਅਮਰੀਕੀ ਹੁਕਮਰਾਨ ਪਹਿਲਾਂ ਹਮਾਸ ਅਤੇ ਇਜ਼ਰਾਈਲ ਦੀ ਜੰਗਬੰਦੀ ਕਰਾਉਣ ਦਾ ਨਾਟਕ ਕਰਦੇ ਰਹੇ, ਹੁਣ ਲਿਬਨਾਨ ਤੇ ਇਜ਼ਰਾਈਲ ਦਰਮਿਆਨ 21 ਦਿਨ ਦੀ ਯੁੱਧਬੰਦੀ ਕਰਾਉਣ ਦਾ ਨਾਟਕ ਕਰ ਰਹੇ ਹਨ। ਦੂਜੇ ਪਾਸੇ, ਜੰਗੀ ਸਾਜ਼ੋ-ਸਮਾਨ, ਧਨ ਅਤੇ ਕੂਟਨੀਤਕ ਸਮੇਤ ਹਰ ਪੱਖ ਤੋਂ ਇਜ਼ਰਾਈਲ ਦੀ ਮਦਦ ਕਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਪਿੱਛੇ ਜਿਹੇ 13 ਅਗਸਤ ਨੂੰ ਅਮਰੀਕੀ ਪ੍ਰਸ਼ਾਸਨ ਵੱਲੋਂ ਇਜ਼ਰਾਈਲ ਨੂੰ 20 ਅਰਬ ਡਾਲਰ ਦੇ ਹੋਰ ਹਥਿਆਰ ਭੇਜਣ ਨੂੰ ਦਿੱਤੀ ਮਨਜ਼ੂਰੀ ਹੈ। ਅਮਰੀਕਾ ਦੀ ਇਸ ਘਿਨਾਉਣੀ ਭੂਮਿਕਾ ਵਿਰੁੱਧ ਅਮਰੀਕਾ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਮੌਜੂਦਾ ਚੋਣ ਮੁਹਿੰਮ ਵਿਚ ਵੀ ਬਾਇਡਨ-ਹੈਰਿਸ ਲੀਡਰਸ਼ਿਪ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੱਧਰ ਉਹ ਤਾਕਤਾਂ ਵੀ ਇਜ਼ਰਾਈਲ-ਅਮਰੀਕਾ ਗੱਠਜੋੜ ਦੇ ਵਿਸ਼ੇਸ਼ ਨਿਸ਼ਾਨੇ ‘ਤੇ ਹਨ ਜੋ ਫ਼ਲਸਤੀਨੀਆਂ ਨਾਲ ਡਟ ਕੇ ਖੜ੍ਹੀਆਂ ਹਨ। ਹਿਜ਼ਬੁੱਲ੍ਹਾ ਵਰਗੇ ਹਥਿਆਰਬੰਦ ਗਰੁੱਪ ਇਜ਼ਰਾਈਲ ਨੂੰ ਸਖ਼ਤ ਟੱਕਰ ਦੇ ਰਹੇ ਹਨ। ਇਸ ਤੋਂ ਬੁਖਲਾਈ ਇਜ਼ਰਾਇਲੀ ਹਕੂਮਤ ਹੋਰ ਵੀ ਖੂੰਖ਼ਾਰ ਰੂਪ ‘ਚ ਸਾਹਮਣੇ ਆ ਕੇ ਫ਼ਲਸਤੀਨੀ ਕਾਜ ਦੀਆਂ ਹਮਾਇਤੀ ਰਜਿਸਟੈਂਸ ਤਾਕਤਾਂ ਨੂੰ ਵੀ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਬੈਰੂਤ ਦੇ ਬਾਹਰਵਾਰ ਦੱਖਣੀ ਇਲਾਕੇ ਦਹੀਆ ਵਿਚ ਹਿਜ਼ਬੁੱਲ੍ਹਾ ਦੇ ਸਦਰ ਮੁਕਾਮ ਉੱਪਰ ਹਵਾਈ ਹਮਲਾ ਕਰ ਕੇ ਮੁੱਖ ਆਗੂ ਹਸਨ ਨਸਰੱਲਾ ਅਤੇ ਹੋਰ ਚੋਟੀ ਦੇ ਆਗੂਆਂ ਦੇ ਕਤਲ ਹਨ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਹੈ ਕਿ ਇਜ਼ਰਾਇਲੀ ਡਿਫੈਂਸ ਫੋਰਸਿਜ਼ ਵੱਲੋਂ ਜਾਰੀ ਵੀਡੀਓ ਕਲਿੱਪ ਵਿਚਲੀ ਤਸਵੀਰ ਤੋਂ ਸਪਸ਼ਟ ਹੈ ਕਿ ਇਸ ਹਮਲੇ ਵਿਚ 2000 ਪੌਂਡ ਤਾਕਤ ਵਾਲੇ ਅਮਰੀਕਨ ਬੰਬ (ਬੀ.ਐੱਲ.ਯੂ.-109) ਇਸਤੇਮਾਲ ਕੀਤੇ ਗਏ (ਇਹ ਰਿਪੋਰਟਾਂ ਵੀ ਹਨ ਕਿ ਅਮਰੀਕਾ ਨੇ ਇਨ੍ਹਾਂ ਬੰਬਾਂ ਦੀ ਸਪਲਾਈ ਮੁਅੱਤਲ ਕਰ ਦਿੱਤੀ ਹੈ। ਯਾਦ ਰਹੇ ਕਿ ਸਿਰਫ਼ ਇਨ੍ਹਾਂ ਦੀ ਸਪਲਾਈ ਹੀ ਮੁਅੱਤਲ ਕੀਤੀ ਗਈ ਹੈ, ਹੋਰ ਜੰਗੀ ਸਾਜ਼ੋ-ਸਮਾਨ ਭੇਜਣਾ ਉਸੇ ਤਰ੍ਹਾਂ ਜਾਰੀ ਹੈ)।
ਥੋੜ੍ਹੇ ਦਿਨ ਪਹਿਲਾਂ, ਬੈਰੂਤ ਵਿਚ ਹਜ਼ਾਰਾਂ ਪੇਜਰਾਂ ਅਤੇ ਵਾਕੀ-ਟਾਕੀ ਸੈੱਟਾਂ ‘ਚ ਵਿਸਫੋਟ ਕਰਵਾ ਕੇ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਗਿਆ। ਇਸ ਬਾਰੇ ਦੋ ਥਿਊਰੀਆਂ ਹਨ: ਇਕ, ਇਜ਼ਰਾਇਲੀ ਹਕੂਮਤ ਨੇ ਕੋਈ ਜਾਅਲੀ ਕੰਪਨੀ ਖੜ੍ਹੀ ਕਰ ਕੇ ਹਿਜ਼ਬੁੱਲ੍ਹਾ ਨੂੰ ਫਾਹੁਣ ਲਈ ਜਾਲ ਵਿਛਾਇਆ ਕਿਉਂਕਿ ਉਨ੍ਹਾਂ ਨੇ ਨੁਕਸਾਨਾਂ ਨੂੰ ਦੇਖਦਿਆਂ ਸੰਚਾਰ ਲਈ ਮੋਬਾਈਲ ਫੋਨ ਵਰਤਣੇ ਬੰਦ ਕਰ ਦਿੱਤੇ ਸਨ ਅਤੇ ਇਸ ਦੀ ਜਗ੍ਹਾ ਪੇਜ਼ਰ ਤੇ ਵਾਕੀ-ਟਾਕੀ ਸੈੱਟ ਵਰਤੇ ਜਾ ਰਹੇ ਸਨ। ਉਸ ਕੰਪਨੀ ਰਾਹੀਂ ਇਨ੍ਹਾਂ ਯੰਤਰਾਂ ਦੀ ਸਪਲਾਈ ਹਿਜ਼ਬੁੱਲ੍ਹਾ ਨੂੰ ਕਰਵਾਈ ਗਈ ਜਿਸ ਵਿਚ ਵਿਸਫੋਟਕ ਫਿੱਟ ਕੀਤੇ ਹੋਏ ਸਨ। ਫਿਰ ਉਹ ਕੰਟਰੋਲ ਸਿਸਟਮ ਕਮਾਂਡ ਰਾਹੀਂ ਉਡਾ ਦਿੱਤੇ ਗਏ। ਦੂਜੀ, ਇਨ੍ਹਾਂ ਯੰਤਰਾਂ ਨੂੰ ਸਾਫਟਵੇਅਰ ਰਾਹੀਂ ਕੰਟਰੋਲ ਕਰ ਕੇ ਓਵਰਹੀਟ ਕੀਤਾ ਗਿਆ ਜਿਸ ਨਾਲ ਉਹ ਫਟ ਗਏ; ਭਾਵ, ਇਸ ਪਿੱਛੇ ਹੱਥ ਇਜ਼ਰਾਇਲੀ ਖ਼ੁਫ਼ੀਆ ਏਜੰਸੀਆਂ ਦਾ ਹੈ। ਦਰਅਸਲ, ਇਜ਼ਰਾਈਲ ਗਾਜ਼ਾ ਵਿਚ ਹਮਾਸ ਦੇ ਅਤੇ ਲਿਬਨਾਨ ਵਿਚ ਹਿਜ਼ਬੁੱਲ੍ਹਾ ਵੱਲੋਂ ਕੀਤੇ ਜਾ ਟਾਕਰੇ ਦੀ ਏਕਤਾ ਤੇ ਤਾਲਮੇਲ ਨੂੰ ਤੋੜਨਾ ਅਤੇ ਉਨ੍ਹਾਂ ਦੇ ਹਮਾਇਤੀ ਆਧਾਰ ਨੂੰ ਖ਼ਤਮ ਕਰਨਾ ਚਾਹੁੰਦਾ ਹੈ।
ਇਰਾਨ ਹਕੂਮਤ ਦੀ ਸਰਪ੍ਰਸਤੀ ਵਾਲਾ ਇਹ ਛਾਪਾਮਾਰ ਧੜਾ ਲਿਬਨਾਨ ਤੋਂ ਕੰਮ ਕਰ ਰਿਹਾ ਹੈ। ਆਪਣੀ ਕੱਟੜਪੰਥੀ ਵਿਚਾਰਧਾਰਾ ਦੇ ਬਾਵਜੂਦ ਜਿਵੇਂ ਇਰਾਨੀ ਹਕੂਮਤ ਅਤੇ ਹਿਜ਼ਬੁੱਲ੍ਹਾ ਇਜ਼ਰਾਈਲ ਵੱਲੋਂ ਫ਼ਲਸਤੀਨ ਉੱਪਰ ਥੋਪੀ ਨਹੱਕੀ ਜੰਗ ਵਿਰੁੱਧ ਡੱਟੇ ਹੋਏ ਹਨ, ਉਸ ਨਾਲ ਇਜ਼ਰਾਈਲ ਅਤੇ ਇਸ ਦੇ ਆਕਾ ਅਮਰੀਕਾ ਨੂੰ ਮੱਧ-ਪੂਰਬ ਵਿਚ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਵਿਚੋਂ ਉਨ੍ਹਾਂ ਦੀ ਚੋਟੀ ਦੀ ਲੀਡਰਸ਼ਿਪ ਦਾ ਸਫ਼ਾਇਆ ਕਰ ਕੇ ਰਜਿਸਟੈਂਸ ਤਾਕਤਾਂ ਦੇ ਹੌਸਲੇ ਤੋੜਨ ਲਈ ਉਸੇ ਤਰ੍ਹਾਂ ਦਾ ‘ਸਦਮਾ ਅਤੇ ਖ਼ੌਫ਼’ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਅਮਰੀਕਾ ਦਾ ‘ਫ਼ੌਜੀ ਮੱਤ’ ਹੈ ਜਿਸ ਦੀਆਂ ਸ਼ੇਖੀਆਂ ਇਹ ਇਰਾਕ ਉੱਪਰ ਕਬਜ਼ੇ ਲਈ ਯੁੱਧ ਦੌਰਾਨ ਮਾਰਦਾ ਰਿਹਾ ਹੈ। ਇਜ਼ਰਾਈਲ ਨੇ ਪੇਜਰ-ਵਾਕੀਟਾਕੀ ਵਿਸਫੋਟਾਂ ਦੀ ਸ਼ਰੇਆਮ ਜ਼ਿੰਮੇਵਾਰੀ ਲੈਣ ਦੀ ਹਿੰਮਤ ਤਾਂ ਨਹੀਂ ਕੀਤੀ ਪਰ ਇਹ ਜੱਗ ਜ਼ਾਹਿਰ ਹੈ ਕਿ ਇਹ ਬੁਜ਼ਦਿਲ ਖ਼ੂਨੀ ਕਾਰਾ ਕਿਸ ਦਾ ਹੈ।
ਇਸੇ ਤਰ੍ਹਾਂ ਬੈਰੂਤ ਵਿਚ ਉਪਰੋਕਤ ਬੁਜ਼ਦਿਲ ਹਮਲਾ ਸਿਵਲੀਅਨ ਇਮਾਰਤਾਂ ਉੱਪਰ ਕੀਤਾ ਗਿਆ। 2006 ਵਿਚ ਵੀ ਇਜ਼ਰਾਈਲ ਨੇ ਹਵਾਈ ਹਮਲੇ ਕਰ ਕੇ ਇਲਾਕੇ ਨੂੰ ਮਲਬੇ ਦੇ ਢੇਰ ਵਿਚ ਬਦਲ ਦਿੱਤਾ ਸੀ। 2008 ਵਿਚ ਇਜ਼ਰਾਇਲੀ ਜਨਰਲ ਈਜ਼ਨਕੌਟ ਨੇ ਕਿਹਾ ਸੀ ਕਿ ਨਾਗਰਿਕ ਇਲਾਕਿਆਂ ਵਿਰੁੱਧ ਬੇਤਹਾਸ਼ਾ ਹਮਲੇ ਉਨ੍ਹਾਂ ਦੀ ਯੁੱਧਨੀਤੀ ਹੈ, ਨਾ ਕਿ ਅਣਜਾਣੇ ‘ਚ ਨੁਕਸਾਨ। ਇਜ਼ਰਾਇਲੀ ਹਮਲਾਵਰਾਂ ਨੂੰ ਪਤਾ ਸੀ, ਉੱਥੇ ਬੇਸ਼ੁਮਾਰ ਆਮ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਰਹਿ ਰਹੇ ਹਨ। ਹਮਲੇ ਨੂੰ ਵਾਜਬ ਠਹਿਰਾਉਣ ਲਈ ਇਸ ਨੂੰ ‘ਹਿਜ਼ਬੁੱਲਾ੍ਹ ਦਾ ਗੜ੍ਹ’ ਕਿਹਾ ਗਿਆ ਹੈ; ਐਨ ਉਸੇ ਤਰ੍ਹਾਂ ਜਿਵੇਂ ਗਾਜ਼ਾ ਦੇ ਹਰ ਹਿੱਸੇ ਨੂੰ ਹਮਾਸ ਦਾ ਗੜ੍ਹ ਕਿਹਾ ਜਾ ਰਿਹਾ ਹੈ। ਪੱਛਮੀ ਨਿਊਜ਼ ਮੀਡੀਆ ਪੂਰੀ ਬੇਸ਼ਰਮੀ ਨਾਲ ਇਜ਼ਰਾਈਲ ਦੀ ਬੋਲੀ ਬੋਲ ਰਿਹਾ ਹੈ। ਇਹ ਇਜ਼ਰਾਈਲ ਬਾਰੇ ਇਸ ਤਰ੍ਹਾਂ ਰਿਪੋਰਟ ਨਹੀਂ ਕਰਦਾ ਜਿਸ ਦੀਆਂ ਫ਼ੌਜੀ ਤਾਕਤਾਂ ਦਾ ਸਦਰ ਮੁਕਾਮ ਮਨੁੱਖੀ ਢਾਲ ਦੇ ਤੌਰ ‘ਤੇ ਡਾਊਨਟਾਊਨ ਤਲ ਅਵੀਵ ਦੇ ਅੰਦਰ ਬਣਾਇਆ ਹੋਇਆ ਹੈ।
ਅਮਰੀਕਾ ਇਜ਼ਰਾਈਲ ਗੱਠਜੋੜ ਭਾਵੇਂ ਆਪਣੇ ਧੜਵੈਲ ਫ਼ੌਜੀ-ਖ਼ੁਫ਼ੀਆ ਢਾਂਚੇ ਦੇ ਜ਼ੋਰ ਦੁਨੀਆ ਭਰ ‘ਚ ਕਰੂਰ ਹਮਲੇ ਕਰਨ ਦੇ ਸਮਰੱਥ ਹੈ ਪਰ ਉਹ ਇਸ ਹਕੀਕਤ ਨੂੰ ਭੁੱਲਦੇ ਹਨ ਕਿ ਅਜਿੱਤ ਸਮਝੀ ਜਾਂਦੀ ਫ਼ੌਜੀ ਤਾਕਤ ਵੀ ਮਨੁੱਖ ਦੀ ਆਜ਼ਾਦੀ ਦੀ ਰੀਝ ਨੂੰ ਖ਼ਤਮ ਨਹੀਂ ਕਰ ਸਕਦੀ। ਉਹ ਰਜਿਸਟੈਂਸ ਗਰੁੱਪਾਂ ਦਾ ਸਫ਼ਾਇਆ ਤਾਂ ਕਰ ਸਕਦੇ ਹਨ, ਕੌਮਾਂ ਦੇ ਲਹੂ ਦੀਆਂ ਨਦੀਆਂ ਵਹਾ ਸਕਦੇ ਹਨ ਪਰ ਉਨ੍ਹਾਂ ਦੀਆਂ ਆਰਜ਼ੀ ਫ਼ੌਜੀ ਜਿੱਤਾਂ ਆਜ਼ਾਦੀ ਦੇ ਜਜ਼ਬੇ ਦਾ ਬੀਜ ਨਾਸ ਨਹੀਂ ਕਰ ਸਕਦੀਆਂ। ਵੀਅਤਨਾਮ, ਅਫ਼ਗਾਨਿਸਤਾਨ ਜਾਂ ਇਰਾਕ ਆਦਿ ਜੰਗਾਂ ਵਿਚ ਜੰਗਬਾਜ਼ ਅਮਰੀਕਾ ਦੀ ਨਮੋਸ਼ੀ ਕਿਸੇ ਤੋਂ ਗੁੱਝੀ ਨਹੀਂ ਹੈ। ਪੂਰਾ ਸਾਲ ਇੰਨੇ ਵੱਡੇ ਹਮਲਿਆਂ ਅਤੇ ਜਾਨੀ ਨੁਕਸਾਨ ਦੇ ਬਾਵਜੂਦ ਹਮਾਸ ਦੀਆਂ ਤਾਕਤਾਂ ਦਾ ਮੁੜ ਜੁੜਦੇ ਜਾਣਾ ਤੇ ਡਟੇ ਰਹਿਣਾ ਅਤੇ ਗਾਜ਼ਾ ਦੇ ਕਿਸੇ ਵੀ ਹਿੱਸੇ ਉੱਪਰ ਇਜ਼ਰਾਈਲ ਦਾ ਮੁਕੰਮਲ ਕਬਜ਼ਾ ਨਾ ਕਰ ਸਕਣਾ, ਇਸੇ ਸਦੀਵੀ ਸੱਚ ਦੀ ਪੁਸ਼ਟੀ ਕਰਦਾ ਹੈ ਕਿ ਨਹੱਕੇ ਯੁੱਧ ਥੋਪਣ ਵਾਲੇ ਜੰਗਬਾਜ਼ਾਂ ਨੂੰ ਓੜਕ ਮੂੰਹ ਦੀ ਖਾਣੀ ਪੈਂਦੀ ਹੈ। ਇਸ ਲਈ, ਦੁਨੀਆ ਭਰ ਦੀਆਂ ਸਮੂਹ ਇਨਸਾਫ਼ਪਸੰਦ ਤਾਕਤਾਂ ਦਾ ਫਰਜ਼ ਹੈ ਕਿ ਅਮਰੀਕਾ ਇਜ਼ਰਾਈਲ ਦੇ ਝੂਠ ਵਿਰੁੱਧ ਵਿਆਪਕ ਲੋਕ ਆਵਾਜ਼ ਉਸਾਰਨ ਅਤੇ ਮਜ਼ਲੂਮ ਫ਼ਲਸਤੀਨੀਆਂ ਦੀ ਹੱਕੀ ਲੜਾਈ ਦੇ ਹੱਕ ਵਿਚ ਹੋਰ ਵੀ ਧੜੱਲੇ ਨਾਲ ਡਟ ਜਾਣ।