ਗੀਤਾਂ ਰਾਹੀਂ ਵਿਵਸਥਾ ਨੂੰ ਵੰਗਾਰਨ ਵਾਲ਼ਾ – ਮੱਖਣ ਲੁਹਾਰ

ਜਗਦੀਸ਼ ਰਾਣਾ
ਫੋਨ: 798-620-7849
‘ਸੌ ਸੁਨਾਰ ਦੀ ਤੇ ਇਕ ਲੁਹਾਰ ਦੀ’ ਇਸ ਕਹਾਵਤ ਦਾ ਵਿਸ਼ਵ ਪ੍ਰਸਿੱਧ ਗੀਤਕਾਰ/ਕਵੀ ਮੱਖਣ ਲੁਹਾਰ ਦੀ ਸ਼ਾਇਰੀ ਪੜ੍ਹਦਿਆਂ ਹੀ ਬਾਖ਼ੂਬੀ ਅਹਿਸਾਸ ਹੋ ਜਾਂਦਾ ਹੈ ਤੇ ਲਗਦਾ ਹੈ ਜਿਵੇਂ ਇਹ ਕਹਾਵਤ ਉਸ ਦੀ ਕਵਿਤਾ ਲਈ ਹੀ ਕਹੀ ਗਈ ਹੋਵੇ। ਮੱਖਣ ਲੁਹਾਰ ਦੀ ਸ਼ਾਇਰੀ ਪੜ੍ਹ ਸੁਣ ਕੇ ਭਾਵੇਂ ਬਹੁਤੇ ਉਸ ਨੂੰ ਰੋਮਾਂਸਵਾਦੀ ਤੇ ਬਿਰਹਾਮਈ ਗੀਤਕਾਰ ਹੀ ਗਰਦਾਨਦੇ ਹੋਣ ਪਰ ਮੈਂ ਮਹਿਸੂਸਦਾ ਹਾਂ ਕਿ ਉਸ ਦੀ ਕਲਮ ‘ਚ ਕ੍ਰਾਂਤੀ ਦੀ ਅੱਗ ਹੈ, ਸਮਾਜਿਕ ਊਚ-ਨੀਚ ਵਾਲ਼ੀ ਭਾਵਨਾ ਦੇ ਖ਼ਿਲਾਫ਼ ਵਿਦਰੋਹ ਹੈ, ਆਰਥਿਕ ਪਾੜੇ ਵਾਲ਼ੀ ਵਿਵਸਥਾ ਵਿਰੁੱਧ ਬਗ਼ਾਵਤ ਹੈ, ਲੋਟੂ ਰਾਜਨੀਤਿਕ ਤਾਣੇ-ਬਾਣੇ ਦੇ ਖ਼ਿਲਾਫ਼ ਸੰਗਰਾਮ ਹੈ।

ਪੰਜਾਬੀ ਦੇ ਹਰਦਿਲ ਅਜੀਜ਼ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਸੀ, “ਮੈਨੂੰ ਹੀਰੇ-ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾਂ ਦਾ” ਤਾਂ ਲੋਕ ਕਵੀ ਗੁਰਦਾਸ ਰਾਮ ਆਲਮ ਨੇ ਲਿਖਿਆ ਸੀ, “ਮੁੰਡਾ ਕੰਡਿਆਂ `ਚੋਂ ਬੇਰ ਲਿਆਇਆ ਲੰਬੜਾਂ ਦੀ ਕੰਧ ਟੱਪ ਕੇ”। ਮੱਖਣ ਲੁਹਾਰ ਵੀ ਅਜਿਹੀ ਵਿਦ੍ਰੋਹੀ ਸੋਚ ਦਾ ਧਾਰਨੀ ਹੈ ਜੋ ਆਪਣੀ ਕਵਿਤਾ ਰਾਹੀਂ ਵਿਵਸਥਾ `ਤੇ ਗਹਿਰੀ ਚੋਟ ਕਰਦਾ ਨਜ਼ਰ ਆਉਂਦਾ ਹੈ। ਉਸ ਦੀ ਵਿਦ੍ਰੋਹੀ ਸੋਚ ਦਾ ਗਵਾਹ ਹੈ ਢਾਈ ਦਹਾਕੇ ਪਹਿਲਾਂ ਵੇਲ਼ੇ ਦੇ ਮਸ਼ਹੂਰ ਗਾਇਕ ਸੁਖਵਿੰਦਰ ਪੰਛੀ ਦੁਆਰਾ ਗਾਇਆ ਗੀਤ:-
ਚਾਬੀਏ ਸੰਦੂਕ ਦੀਏ, ਗੋਲ਼ੀਏ ਬੰਦੂਕ ਦੀਏ
ਵੱਜ ਕੇ ਯਾਰਾਂ ਦੇ ਸੀਨੇ ਨਿੱਕਲੀ ਤੂੰ ਪਾਰ ਨੀ।
ਸ਼ਾਹਾਂ ਦੀਏ ਕੁੜੀਏ! ਗ਼ਰੀਬ ਦਿੱਤਾ ਮਾਰ ਨੀ।
ਗੀਤਾਂ/ਕਵਿਤਾਵਾਂ ਵਿਚ ਆਮ ਤੌਰ ‘ਤੇ ਸ਼ਾਹਾਂ ਦੇ ਮੁੰਡੇ ਨੂੰ ਹੀ ਰੁਮਾਂਸਵਾਦੀ ਨਾਇਕ ਦੇ ਤੌਰ ‘ਤੇ ਪੇਸ਼ ਕੀਤਾ ਜਾਂਦਾ ਹੈ ਪਰ ਮੱਖਣ ਲੁਹਾਰ ਇਸ ਦੇ ਉਲਟ ਸ਼ਾਹਾਂ ਦੀ ਕੁੜੀ ਤੇ ਗ਼ਰੀਬ ਜਮਾਤ ਦੇ ਗੱਭਰੂ ਦੇ ਰੁਮਾਂਸ/ਵਿਛੋੜੇ ਦੀ ਗੱਲ ਕਰਦਾ ਹੈ, ਠੀਕ ਲੋਕ ਕਵੀ ਗੁਰਦਾਸ ਰਾਮ ਆਲਮ ਵਾਂਗ ਤੇ ਗੀਤਕਾਰਾਂ ਲਈ ਨਵੀਂ ਪੈੜ ਪਾਉਂਦਾ ਜਾਪਦਾ ਹੈ। ਇਸ ਗੀਤ ਰਾਹੀਂ ਇਕ ਕਿਸਮ ਨਾਲ਼ ਉਹ ਜਾਗੀਰਦਾਰੀ ਵਿਵਸਥਾ ਨੂੰ ਸਿੱਧਾ ਵੰਗਾਰਦਾ ਹੈ। ਓਥੇ ਹੀ ਉਹ ਚਾਬੀਏ ਸੰਦੂਕ ਦੀਏ, ਗੋਲ਼ੀਏ ਬੰਦੂਕ ਦੀਏ ਵਰਗੇ ਨਵੇਂ ਅਲੰਕਾਰ ਵਰਤਦਾ ਹੈ, ਦਿਲ ਨੂੰ ਖਿੱਚ ਪਾਉਣ ਵਾਲ਼ੇ ਬਿੰਬ ਸਿਰਜਦਾ ਹੈ।
ਸਮਾਜਿਕ ਪਰਿਵਰਤਨ, ਆਰਥਿਕ ਮੁਕਤੀ ਅੰਦੋਲਨ ਨੂੰ ਉਹ ਪੂਰੀ ਤਰ੍ਹਾਂ ਸਮਝਦਾ ਹੈ ਤੇ ਇਸ ਅੰਦੋਲਨ ਦਾ ਹਿੱਸਾ ਵੀ ਹੈ। ਉਹ ਜਾਣਦਾ ਹੈ ਕਿ ਸਮਾਜਿਕ ਵਰਤਾਰਾ ਆਰਥਿਕਤਾ ਨਾਲ਼ ਜੁੜਿਆ ਹੋਇਆ ਹੈ। ਬਿਨਾਂ ਆਰਥਿਕ ਮਜ਼ਬੂਤੀ ਦੇ ਕੋਈ ਕਿਸੇ ਨੂੰ ਨਹੀਂ ਪੁੱਛਦਾ। ਮਾੜੇ ਆਰਥਿਕ ਹਾਲਾਤ ਹੋਣ ਤਾਂ ਸੰਗੀ ਸਾਥੀ, ਰਿਸ਼ਤੇਦਾਰ ਨੇੜੇ ਨਹੀਂ ਢੁੱਕਦੇ ਤੇ ਆਰਥਿਕ ਹਾਲਤ ਬੇਹਤਰ ਹੁੰਦਿਆਂ ਹੀ ਸਭ ਕੁੱਝ ਬਦਲ ਜਾਂਦਾ ਹੈ। ਉਸ ਨੇ ਦੁਰਗਾ ਰੰਗੀਲਾ ਦੁਆਰਾ ਗਾਏ ਇਕ ਗੀਤ ਰਾਹੀਂ ਬਾਖ਼ੂਬੀ ਬਿਆਨ ਕੀਤਾ ਹੈ:-
ਤੈਨੂੰ ਭੇਜਿਆ ਪੁੱਤ ਪਰਦੇਸਾਂ ਨੂੰ
ਕੀ ਕਰਦੇ ਇਹ ਮਜਬੂਰੀ ਸੀ।
ਘਰ ਦੀਆਂ ਤੰਗੀਆਂ ਕੱਟਣ ਲਈ,
ਪੈਸਾ ਵੀ ਬਹੁਤ ਜ਼ਰੂਰੀ ਸੀ।
ਉਦੋਂ ਆਪਣੇ ਵੀ ਸਨ ਗ਼ੈਰ ਹੋਏ,
ਹੁਣ ਗ਼ੈਰ ਵੀ ਬਣ ਗਏ ਘਰ ਦੇ ਨੇ।
ਹੁਣ ਤਾਂ ਪੰਚਾਇਤੀ ਵੀ ਪੁੱਛ ਕੇ,
ਤੇਰੇ ਬਾਪੂ ਤੋਂ ਗੱਲ ਕਰਦੇ ਨੇ।
ਆਰਥਿਕ ਮੰਦਹਾਲੀ ਦਾ ਸਮਾਜਿਕ ਅਸਰ ਤੇ ਆਰਥਿਕ ਖ਼ੁਸ਼ਹਾਲੀ ਦਾ ਪ੍ਰਭਾਵ ਉਸ ਦੀਆਂ ਕਈ ਹੋਰ ਰਚਨਾਵਾਂ ‘ਚ ਵੀ ਸਾਫ਼ ਮਹਿਸੂਸਿਆ ਜਾ ਸਕਦਾ ਹੈ।
ਪੰਜਾਬੀਆਂ ਦੇ ਜੰਮਣ ਤੋਂ ਮਰਨ ਤੀਕ ਵਿਚਲੇ ਸਾਰੇ ਜੀਵਨ ਦੀ ਗੀਤ-ਸੰਗੀਤ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜੰਮਣ ‘ਤੇ ਜਿੱਥੇ ਖ਼ੁਸ਼ੀ ਦੇ ਗੀਤ ਗਾਏ ਜਾਂਦੇ ਹਨ ਓਥੇ ਹੀ ਮਰਨ ਉਪਰੰਤ ਮਰਸੀਏ ਗਾਏ ਜਾਂਦੇ ਹਨ। ਮੱਖਣ ਲੁਹਾਰ ਪੰਜਾਬੀਆਂ ਦੇ ਹਰ ਰੰਗ ਨੂੰ ਹਰ ਦੁੱਖ-ਸੁਖ ਨੂੰ ਆਪਣੇ ਗੀਤਾਂ ਵਿਚ ਬੜੀ ਸੰਜੀਦਗੀ ਤੇ ਸਾਦਗੀ ਨਾਲ਼ ਇਵੇਂ ਪਰੋਂਦਾ ਹੈ ਜਿਵੇਂ ਕਿਸੇ ਮਾਲ਼ਾ ਦੇ ਮਣਕੇ। ਉਸ ਦੇ ਗੀਤਾਂ ਵਿਚ ਕਿਸੇ ਅੱਲ੍ਹੜ ਦੇ ਹਾਸਿਆਂ ਜਿਹਾ ਖੁੱਲ੍ਹਾਪਣ ਸ਼ਾਮਿਲ ਹੈ ਤਾਂ ਕਿਸੇ ਉਮਰ ਦਰਾਜ਼ ਇਨਸਾਨ ਦੇ ਗਹਿਰ-ਗੰਭੀਰ ਤਜਰਬੇ ਵਰਗਾ ਅਹਿਸਾਸ ਵੀ ਉਸ ਦੀ ਸ਼ਾਇਰੀ ਦਾ ਹਾਸਲ ਹੈ। ਉਸ ਦੇ ਗੀਤਾਂ ਵਿਚ ਪੱਕੀਆਂ ਹੋਈਆਂ ਸੋਨੇ ਰੰਗੀ ਫ਼ਸਲਾਂ ਜਿਹੀ ਉਹ ਚਮਕ ਹੈ ਜਿਸ ਨੂੰ ਵੇਖ ਕੇ ਕਿਸਾਨ ਝੂਮਣ ਲੱਗ ਪੈਂਦਾ ਹੈ।
ਜਿੱਥੇ ਅੰਤਾਂ ਦਾ ਦਰਦ ਹੈ ਓਥੇ ਹੀ ਉਤਸਵ ਵਰਗਾ ਮਾਹੌਲ ਵੀ ਸਿਰਜਦੇ ਹਨ ਉਸ ਦੇ ਗੀਤ। ਵਿਸ਼ਵ ਪ੍ਰਸਿੱਧ ਗਾਇਕ ਜੈਜ਼ੀ ਬੀ ਦੁਆਰਾ ਮੱਖਣ ਲੁਹਾਰ ਦਾ ਲਿਖਿਆ ਇਕ ਗੀਤ ਦੇਖੋ:-
ਤੂੰ ਸਾਰੀ ਦੀ ਸਾਰੀ ਨੀ
ਜੋਬਨ ਦੀ ਭਰੀ ਪਟਾਰੀ ਨੀ
ਫੁੱਲਾਂ ਦੀ ਖਿੜੀ ਕਿਆਰੀ ਨੀ,
ਕੋਈ ਕਬਜ਼ਾ ਕਰ ਕੇ ਬਹਿ ਜਾਊਗਾ।
ਤੂੰ ਨਾਗ਼ ਸਾਂਭ ਲੈ ਜ਼ੁਲਫ਼ਾਂ ਦੇ,
ਕੋਈ ਕੀਲ ਸਪੇਰਾ ਲੈ ਜਾਊਗਾ।
ਮੰਦਿਰ ‘ਚ ਵੱਜਦੀਆਂ ਟੱਲੀਆਂ ਦੀ ਆਵਾਜ਼, ਮਸਜਿਦ ‘ਚ ਹੋ ਰਹੀ ਆਜਾਨ ਅਤੇ ਗੁਰੂ ਘਰ ‘ਚ ਹੋ ਰਹੀ ਪਵਿੱਤਰ ਅਰਦਾਸ ਵਰਗੇ ਸ਼ਬਦ ਜਦੋਂ ਕੁਦਰਤ ਕਿਸੇ ਕਲਮਕਾਰ ਦੀ ਝੋਲ਼ੀ ਪਾਉਂਦੀ ਹੈ ਤਾਂ ਉਸ ਸ਼ਾਇਰ ਦੀ ਸ਼ਬਦ ਅਮੀਰੀ ਦਾ ਕੋਈ ਤੋੜ ਨਹੀਂ ਹੁੰਦਾ। ਗਾਇਕ ਦਿਲਜਾਨ ਦਾ ਗਾਇਆ ਤੇ ਮੱਖਣ ਲੁਹਾਰ ਦਾ ਲਿਖਿਆ ਇਹ ਗੀਤ ਕਿੱਡਾ ਵੱਡਾ ਸੁਨੇਹਾ ਦੇ ਰਿਹਾ ਹੈ:
ਕੁੱਖ ਵਿੱਚ ਧੀਆਂ ਧਰਤੀ ਵਿੱਚ ਪਾਣੀ।
ਜੇ ਨਾ ਸਾਂਭੇ ਖ਼ਤਮ ਕਹਾਣੀ।
ਐਂ ਲਗਦਾ ਜਿਵੇਂ ਕੁਦਰਤ ਨੇ ਖ਼ੁਦ ਉਸ ਨੂੰ ਆਸ਼ੀਰਵਾਦ ਦੇ ਕੇ ਉਸ ਤੋਂ ਲਿਖਵਾਇਆ ਹੋਵੇ ਇਹ ਗੀਤ। ਧੀਆਂ ਅਤੇ ਪਾਣੀ ਬਚਾਉਣ ਦਾ ਸੁਨੇਹਾ ਬਹੁਤ ਵੱਡਾ ਹੈ ਕਿਉਂਕਿ ਧੀਆਂ ਅਤੇ ਪਾਣੀ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਉਹ ਡਾਹਢਾ ਚਿੰਤਤ ਹੈ ਪੰਜਾਬ ਦੇ ਗੰਦਲੇ ਹੋ ਰਹੇ ਸੱਭਿਆਚਾਰਕ, ਰਾਜਨੀਤਕ ਤੇ ਸਮਾਜਿਕ ਵਾਤਾਵਰਨ ਤੋਂ। ਪੰਜਾਬ ਵਿਚ ਵਧ ਰਹੀ ਬੇਰੁਜ਼ਗਾਰੀ ਕਰਕੇ ਵਿਦੇਸ਼ਾਂ ਵੱਲ ਕਾਫ਼ਲੇ ਬਣਾ-ਬਣਾ ਜਾ ਰਹੇ ਨੌਜੁਆਨ, ਕੁਰਾਹੇ ਪਈ ਜਵਾਨੀ ਅਤੇ ਨਸ਼ਿਆਂ ਨਾਲ਼ ਮਰ ਰਿਹਾ ਪੰਜਾਬ, ਉਸਨੂੰ ਲੱਗਦਾ ਹੈ ਕਿ ਇਹ ਸਭ ਗੰਦਲੀ ਸਿਆਸਤ ਕਰਕੇ ਹੀ ਹੋ ਰਿਹਾ ਹੈ। ਇਹ ਸਭ ਕੁਝ ਸਾਡੇ ਸ਼ਾਇਰ ਨੂੰ ਅੰਦਰੋਂ ਝੰਜੋੜ ਦਿੰਦਾ ਹੈ ਉਸ ਦੀ ਰੂਹ ‘ਤੇ ਸੱਟ ਮਾਰਦਾ ਹੈ। ਧਰਮ ਦੇ ਨਾਮ ‘ਤੇ ਦਿਨੋਂ-ਦਿਨ ਵਧ ਰਿਹਾ ਪਾਖੰਡਵਾਦ ਉਸ ਨੂੰ ਖਾਸਾ ਪ੍ਰੇਸ਼ਾਨ ਕਰਦਾ ਹੈ। ਹਰ ਗ਼ਰੀਬ-ਗੁਰਬੇ ਦਾ ਦੁੱਖ, ਪੀੜਤ ਧਿਰ ਦਾ ਦਰਦ ਉਸ ਨੂੰ ਆਪਣਾ ਲਗਦਾ ਹੈ। ਉਸ ਦਾ ਕੋਮਲ ਮਨ ਚਾਹੁੰਦਾ ਹੈ ਕਿ ਧੁੱਪ ਵਿਚ ਸੜਦੇ ਲੋਕਾਂ ਲਈ ਠੰਢੀ ਛਾਂ ਦੇਣ ਵਾਲ਼ਾ ਰੁੱਖ ਹੋ ਜਾਵਾਂ।
ਗ਼ਰੀਬ ਪਰਿਵਾਰ ‘ਚ ਜਨਮੇ ਤੇ ਸਖ਼ਤ ਮਿਹਨਤ ਨਾਲ਼ ਅੱਗੇ ਵਧੇ ਆਪਣੇ ਲਈ ਵੱਖਰਾ ਮੁਕਾਮ ਬਣਾਉਣ ਵਾਲੇ ਮੱਖਣ ਲੁਹਾਰ ਨੂੰ ਪਤਾ ਹੈ ਕਿ ਸ਼ਾਹਾਂ ਦਾ ਕਰਜ਼ ਕਿਵੇਂ ਇਨਸਾਨ ਨੂੰ ਅੰਦੋਰੋਂ-ਅੰਦਰੀਂ ਘੁਣ ਵਾਂਗ ਖਾ ਜਾਂਦਾ ਹੈ। ਕਿਰਤੀਆਂ ਕਾਮਿਆਂ ਦੇ ਮਾਨਵੀ ਹੱਕਾਂ ਅਤੇ ਭਾਵਾਂ ਦਾ ਅਹਿਸਾਸ ਉਸ ਨੂੰ ਹੈ। ਇਸੇ ਲਈ ਉਹ ਕੰਮੀਆਂ ਦੀ ਆਵਾਜ਼ ਬਣ ਗਿਆ ਪ੍ਰਤੀਤ ਹੁੰਦਾ ਹੈ। ਉਹ ਕਿਸੇ ਵੀ ਖ਼ਿਆਲ ਨੂੰ ਸੰਪੂਰਨ ਸੋਚਦਾ ਹੈ, ਵਿਚਾਰ ਨੂੰ ਸੰਪੂਰਨ ਰੂਪ ਨਾਲ਼ ਉਸਾਰਦਾ ਹੈ। ਇਹੀ ਵਜ੍ਹਾ ਹੈ ਕਿ ਉਹ ਬਹੁਤ ਸਰਲ ਅਤੇ ਸੰਜਮੀ ਢੰਗ ਨਾਲ਼ ਹਲੂਣਾ ਦੇਣ ਵਾਲੀ ਸੰਪੂਰਨਤਾ ਸਿਰਜ ਲੈਂਦਾ ਹੈ:-
ਸ਼ਾਹਾਂ ਦੇ ਕਰਜ਼ ਹੇਠ ਦਬੇ,
ਤਰਲੇ ਇਹ ਕਰਜ਼ਦਾਰ ਦੇ ਨੇ।
ਬਿਨਾਂ ਦਾਰੂ ਮਿiਲ਼ਆਂ ਮਰ ਚੱਲੇ
ਹਉਕੇ ਇਹ ਕਿਸੇ ਬੀਮਾਰ ਦੇ ਨੇ।
ਰੋਟੀ ਖ਼ਾਤਿਰ ਜਾਨ ਹੀਲਦੇ ਬੁੱਢੇ ਕਿਸੇ ਮਨੁੱਖ ਵਰਗਾ।
ਇਹ ਗੀਤ ਹੈ ਮੇਰਾ ਚੁੱਪ ਵਰਗਾ।
ਕਿਸੇ ਸੱਖਣੇ ਪੇਟ ਦੀ ਭੁੱਖ ਵਰਗਾ।
ਗ਼ਮਾਂ ਵਿਚ ਭੁੱਜ ਕੇ ਖਿੱਲ ਹੋਏ
ਕਿਸੇ ਅੱਲੜ੍ਹ ਕੁੜੀ ਦੇ ਮੁੱਖ ਵਰਗਾ।
ਮੱਖਣ ਦਾ ਜਨਮ 12 ਅਕਤੂਬਰ 1966 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਲੁਹਾਰਾਂ ਵਿਖੇ ਸ। ਗੁਰਮੀਤ ਸਿੰਘ ਅਤੇ ਮਾਤਾ ਸ਼੍ਰੀਮਤੀ ਪਿਆਰ ਕੌਰ ਦੇ ਘਰ ਇੱਕ ਗ਼ਰੀਬ ਦਲਿਤ ਪਰਿਵਾਰ ਵਿਚ ਹੋਇਆ। ਮਾਪਿਆਂ ਨੇ ਨਾਮ ਮੱਖਣ ਸਿੰਘ ਰੱਲ੍ਹ ਰੱਖਿਆ ਪਰ ਗੀਤਕਾਰੀ ਵਿਚ ਚਰਚਿਤ ਹੋਣ ‘ਤੇ ਉਸ ਨੇ ਆਪਣਾ ਨਾਮ ਨਾਲ ਤਖ਼ੱਲਸ ਲੁਹਾਰ ਲਾ ਲਿਆ। ਗੁੜ੍ਹਤੀ ਵਿਚੋਂ ਹੀ ਸੰਘਰਸ਼ ਮਿiਲ਼ਆ ਤਾਂ ਮੱਖਣ ਲੁਹਾਰ ਨੇ ਵੀ ਖ਼ੂਬ ਮਿਹਨਤ ਕੀਤੀ। ਪੰਜਾਬ ਵਿਚ ਰਹਿੰਦਿਆਂ ਉਸ ਨੇ ਕਈ ਸਮਾਜਿਕ ਸੰਸਥਾਵਾਂ ਬਣਾਈਆਂ ਅਤੇ ਗ਼ਰੀਬ ਲੜਕੀਆਂ ਦੇ ਵੱਡੇ ਪੱਧਰ ‘ਤੇ ਵਿਆਹ ਵੀ ਕਰਵਾਏ। ਕਿਸੇ ਵੀ ਗ਼ਰੀਬ ਨਾਲ਼ ਧੱਕਾ ਹੋਣਾ ਤਾਂ ਮੱਖਣ ਹੋਰਾਂ ਉਸ ਦੀ ਮਦਦ ਲਈ ਜਾ ਖੜ੍ਹਨਾ। ਮੁੱਢ ਤੋਂ ਹੀ ਉਸ ਦੇ ਮਨ ਵਿਚ ਮਿਹਨਤ ਕਰਦਿਆਂ ਅੱਗੇ ਵਧਣ ਦੀ ਇੱਛਾ ਘਰ ਕਰ ਗਈ ਸੀ। ਤੇ ਸਫ਼ਲਤਾ ਲੱਭਦਿਆਂ-ਲੱਭਦਿਆਂ ਉਹ ਅਮਰੀਕਾ ਜਾ ਪਹੁੰਚਾ ਅਤੇ ਹੁਣ ਪਿਛਲੇ ਤਿੰਨ ਦਹਾਕਿਆਂ ਤੋਂ ਅਮਰੀਕਾ ਦੇ ਰਾਜ ਕੈਲੇਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਉਸ ਦਾ ਆਪਣਾ ਵੱਡਾ ਸਟੋਰ ਹੈ।
ਉਹ ਵਿਦੇਸ਼ੀ ਧਰਤੀ ‘ਤੇ ਰਹਿ ਕੇ ਵੀ ਆਪਣੀ ਧਰਤੀ ਨਾਲ਼ ਜੁੜਿਆ ਹੋਇਆ ਹੈ। ਰਹਿੰਦਾ ਵਿਦੇਸ਼ ਵਿਚ ਹੈ ਪਰ ਦਿਲ ਧੜਕਦਾ ਤੇ ਤੜਫ਼ਦਾ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਲਈ ਹੈ।
ਉਹ ਡਾ।ਅੰਬੇਡਕਰ ਦੇ ਕਥਨ ‘ਪੇ ਬੈਕ ਟੂ ਸੋਸਾਇਟੀ’ ਦੇ ਅਨੁਸਾਰ ਆਪਣੀ ਨੇਕ ਕਮਾਈ `ਚੋਂ ਸਮੇਂ-ਸਮੇਂ `ਤੇ ਲੋੜਵੰਦ ਲੋਕਾਂ ਦੀ ਮਦਦ ਕਰਦਿਆਂ ਕਦੇ ਵੀ ਮੱਥੇ ਵੱਟ ਨਹੀਂ ਪਾਉਂਦਾ। ਉਸ ਨੂੰ ਪਤਾ ਹੈ ਕਿ ਮਰ ਕੇ ਹੀ ਮੰਗ ਹੁੰਦਾ ਹੈ ਇਸ ਲਈ ਉਹ ਲੋੜਵੰਦ ਵਿਅਕਤੀ ਬਾਰੇ ਪਤਾ ਲੱਗਣ `ਤੇ ਖ਼ੁਦ ਹੀ ਮੋਹਰੇ ਆ ਕੇ ਉਸ ਦੇ ਕਹਿਣ ਤੋਂ ਪਹਿਲਾਂ ਹੀ ਮਦਦ ਲਈ ਆ ਖੜ੍ਹਦਾ ਹੈ।
ਉਸ ਨੂੰ ਗ਼ਰੀਬੀ ਦੀ ਜ਼ਿੱਲਤ ਭਰੀ ਜ਼ਿੰਦਗੀ ਦਾ ਅਹਿਸਾਸ ਹੈ ਤਾਂ ਪੈਸੇ ਦੀ ਤਾਕਤ ਦਾ ਵੀ ਪੂਰਾ ਇਲਹਾਮ ਹੈ। ਉਹ ਜਾਣਦਾ ਹੈ ਕਿ ਪੈਸੇ ਦਾ ਕੀ ਰੁਤਬਾ ਹੈ ਤੇ ਫ਼ਕੀਰੀ ਬਾਣੇ ‘ਚ ਵੀ ਲੋਕ ਪੈਸੇ ਲਈ ਕੀ-ਕੀ ਨਹੀਂ ਕਰਦੇ।
ਸ਼ਾਇਦ ਏਸੇ ਲਈ ਉਹ ਕਹਿੰਦਾ ਹੈ:-
ਪੈਸਾ ਮਾਇਆ, ਪੈਸਾ ਛਾਇਆ, ਪੈਸਾ ਬਣੀ ਖ਼ੁਮਾਰੀ।
ਪੈਸੇ ਪਿੱਛੇ ਦੁਨੀਆਂ ਸਾਰੀ ਕਰਦੀ ਮਾਰੋ-ਮਾਰੀ।
ਮੱਖਣ ਲੁਹਾਰਾਂ ਵਾਲਿਆ ਵੇ ਹੁਣ ਰੱਬ ਹੀ ਸਕਦਾ ਤਾਰ।
ਮਸਲਾ ਪੈਸੇ ਦਾ
ਕੋਈ ਨਹੀਂ ਕਿਸੇ ਦਾ ਯਾਰ ਮਸਲਾ ਪੈਸੇ ਦਾ।

ਹੋਰ ਵੇਖੋ:-
ਮੈਂ ਤਾਂ ਸੋਚਦਾ ਹੁੰਦਾ ਸੀ ਸਭ ਮੇਰੇ ਜਿਹੇ ਹੀ ਹੋਵਣਗੇ।
ਜਦ ਵਖ਼ਤ ਪਿਆ ਤਾਂ ਯਾਰ ਲਈ,
ਜਿੰਦ ਤਲੀ ‘ਤੇ ਰੱਖ ਖਲੋਵਣਗੇ।
ਪਰ ਦੁਨੀਆਂ ਮਤਲਬਖੋਰੀ ਹੈ,
ਕੋਈ ਹੈ ਨਹੀਂ ਪਰਉਪਕਾਰੀ।
ਪੈਸੇ ਨਾਲ਼ ਤੁੱਲਦਾ ਪਿਆਰ ਏਥੇ
ਝੂਠੀ ਸਭ ਦੀ ਯਾਰੀ।
ਉਸ ਨੂੰ ਜਾਣਕਾਰੀ ਹੈ ਕਿ ਜ਼ਿੰਦਗੀ ‘ਚ ਕਾਮਯਾਬ ਹੋਣ ਲਈ ਕੱਚੀਆਂ ਨੀਂਦਾਂ ਹਰਾਮ ਕਰਨੀਆਂ ਹੀ ਪੈਂਦੀਆਂ ਹਨ। ਮੰਜ਼ਿਲ ‘ਤੇ ਪਹੁੰਚਣ ਲਈ ਠੰਢੀਆਂ ਛਾਂਵਾਂ ਮਾਨਣ ਦਾ ਮੋਹ ਤਿਆਗ ਕੇ ਧੁੱਪਾਂ ਦੇ ਜਾਮ ਪੀਣੇ ਹੀ ਪੈਂਦੇ ਹਨ। ਔਕੜਾਂ ਤੇ ਮੁਸੀਬਤਾਂ ਦੇ ਦਰਿਆ ਬਾਹਾਂ ਦੇ ਚੱਪੂ ਨਾਲ਼ ਹੀ ਤਰਨੇ ਪੈਂਦੇ ਹਨ। ਪਰਾਂ ਦੇ ਨਾਲ਼-ਨਾਲ਼ ਬੁਲੰਦ ਹੌਸਲੇ ਰੱਖ ਕੇ ਹੀ ਅੰਬਰਾਂ ‘ਚ ਉੱਚੀਆਂ ਉਡਾਰੀਆਂ ਲਾਈਆਂ ਜਾਂਦੀਆਂ ਹਨ। ਏਸੇ ਲਈ ਉਹ ਜਿੱਥੇ ਖੁਦ ਕਰੜੀ ਮਿਹਨਤ ਦਾ ਧਾਰਨੀ ਹੈ ਓਥੇ ਹੀ ਆਪਣੇ ਨਾਲ਼ ਜੁੜਿਆਂ ਨੂੰ ਵੀ ਦ੍ਰਿੜ ਇਰਾਦੇ, ਲਗਨ ਅਤੇ ਸਖ਼ਤ ਮਿਹਨਤ ਨਾਲ਼ ਅੱਗੇ ਵਧਣ ਦਾ ਸੁਨੇਹਾ ਦਿੰਦਾ ਹੈ।
ਉਸ ਦੇ ਗੀਤ ਮਨੁੱਖੀ ਦੁੱਖਾਂ ਦੀ ਮੂੰਹ ਬੋਲਦੀ ਤਸਵੀਰ ਹਨ ਜੋ ਉਲਝੇ ਸਮਾਜਿਕ ਤਾਣੇ-ਬਾਣੇ ਦਾ ਦੁਖਾਂਤ ਪੇਸ਼ ਕਰਦੇ ਹਨ। ਇਨ੍ਹਾਂ ਗੀਤਾਂ ਦੇ ਸ਼ਬਦਾਂ ਦੇ ਅੰਦਾਜ਼ ਜਿੱਥੇ ਡਰਾਉਣੇ ਹਨ ਓਥੇ ਹੀ ਸੁਚੇਤ ਵੀ ਕਰਦੇ ਹਨ। ਸਮਾਜ ਦੇ ਚੰਗੇ ਮਾੜੇ ਹਾਲਾਤ ਦਾ ਕਾਵਿਕ ਰੂਪਾਂਤਰਨ ਕਰਦੇ ਹਨ। ਉਸ ਦੇ ਕਈ ਗੀਤਾਂ ਦੇ ਸ਼ਬਦ ਲਹੂ ਵਿਚ ਨਹਾਏ ਲਗਦੇ ਹਨ:-
ਔੜ ਲੱਗ ਜਾਣ ਪਿੱਛੋਂ ਸੁੱਕ ਗਈਆਂ ਸੱਧਰਾਂ,
ਨਿੱਤ ਮੈਂ ਉਡੀਕਾਂ ਘਟਾ ਸਾਉਣ ਦੀ।
ਪਲ ਵਿਚ ਬਾਗੋ ਬਾਗ ਹੋ ਜਾਊਗੀ ਬਸੰਤ ਵਾਂਗੂੰ,
ਮਿਲ਼ੇ ਜੇ ਤਰੀਕ ਉਹਦੇ ਆਉਣ ਦੀ।
ਰੀਝਾਂ ਦਾ ਜਵਾਲਾਮੁਖੀ ਫਟਿਆ ਹੈ ਜਿਹੜਾ,
ਲਾਵਾ ਤਪਦਾ ਹੋ ਜਾਣੈਂ ਠੰਡਾ ਠਾਰ।
ਡਾਹਢਿਆ ਵੇ ਰੱਬਾ! ਦੱਸ ਮੇਰਿਆਂ ਨਸੀਬਾਂ ਵਿਚ,
ਹੋਣਾਂ ਕਦੋਂ ਸੱਜਣਾ ਦਾ ਪਿਆਰ।
ਉਸ ਦੇ ਕਈ ਗੀਤ ਲਾਲਟੈਣ ਵਰਗੇ ਹਨ ਜੋ ਮਨੁੱਖ ਨੂੰ ਹਨੇਰੇ ਚੀਰਦਿਆਂ ਅੱਗੇ ਵਧਣ ਦਾ ਪੈਗ਼ਾਮ ਦਿੰਦੇ ਹਨ। ਹੱਕ-ਸੱਚ ‘ਤੇ ਪਹਿਰਾ ਦਿੰਦਿਆਂ ਜ਼ਾਲਮ ਨੂੰ ਵੰਗਾਰਨ ਦਾ ਹੌਸਲਾ ਦਿੰਦੇ ਹਨ। ਉਹ ਆਪਣੀ ਐਮ ਟਰੈਕ ਸੰਗੀਤਕ ਕੰਪਨੀ ਰਾਹੀਂ ਸੱਭਿਆਚਾਰਕ ਤੇ ਵਿਰਾਸਤੀ ਰਚਨਾਵਾਂ ਦੇ ਨਾਲ਼-ਨਾਲ਼ ਗੁਰੂਆਂ, ਰਹਿਬਰਾਂ ਦੇ ਮਾਨਵਤਾਵਾਦੀ ਅੰਦੋਲਨ ਨੂੰ ਪੇਸ਼ ਕਰਦੀਆਂ ਰਚਨਾਵਾਂ ਬਿਨਾਂ ਕਿਸੇ ਆਰਥਿਕ ਲਾਭ ਲਾਲਚ ਦੇ ਪੇਸ਼ ਕਰਨਾ ਆਪਣਾ ਫ਼ਰਜ਼ ਸਮਝਦਾ ਹੈ ਤੇ ਹੁਣ ਤਕ ਆਪਣੀ ਸੰਗੀਤਕ ਕੰਪਨੀ ਰਾਹੀਂ ਸੈਂਕੜੇ ਗਾਇਕਾਂ ਦੇ ਗੀਤ ਪੇਸ਼ ਕਰ ਚੁੱਕਾ ਹੈ। ਉਸ ਦੇ ਕਲਮਬੱਧ ਕੀਤੇ ਗੀਤ ਸੁਖਵਿੰਦਰ ਪੰਛੀ, ਜੈਜ਼ੀ ਬੀ, ਦੁਰਗਾ ਰੰਗੀਲਾ, ਫ਼ਿਰੋਜ਼ ਖਾਨ, ਕੰਠ ਕਲੇਰ, ਜਸਪਿੰਦਰ ਨਰੂਲਾ, ਸੁਖਦੇਵ ਸਾਹਿਲ, ਕੇ। ਐਸ।ਮੱਖਣ, ਦਿਲਜਾਨ, ਗੁਰਬਖਸ਼ ਸ਼ੌਂਕੀ, ਲਖਵਿੰਦਰ ਲੱਕੀ, ਪੰਮੀ ਬਾਈ, ਅਮਰ ਅਰਸ਼ੀ, ਸੁਦੇਸ਼ ਕੁਮਾਰੀ, ਸੁਖਵੰਤ ਸੁੱਖੀ, ਰਣਜੀਤ ਰਾਣਾ ਅਤੇ ਹੋਰ ਅਨੇਕਾਂ ਗਾਇਕਾਂ ਤੋਂ ਇਲਾਵਾ ਲਹਿੰਦੇ ਪੰਜਾਬ ਤੋਂ ਵਿਸ਼ਵ ਪ੍ਰਸਿੱਧ ਗਾਇਕ ਸ਼ੌਕਤ ਅਲੀ ਨੇ ਵੀ ਗਾਇਆ ਹੈ।
ਅਮਰੀਕਾ ਵਿਚ ਉਹ ‘ਪੰਜਾਬੀ ਗੀਤਕਾਰੀ ਮੰਚ ਕੈਲੇਫੋਰਨੀਆ’ ਦਾ ਪ੍ਰਧਾਨ ਹੈ ਅਤੇ ਸਮੇਂ-ਸਮੇਂ `ਤੇ ਓਥੇ ਸਾਹਿਤਕ ਪ੍ਰੋਗਰਾਮ ਕਰਾਉਂਦੇ ਰਹਿੰਦੇ ਹਨ। ‘ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਪੰਜਾਬ’ ਦਾ ਉਹ ਚੇਅਰਮੈਨ ਹੈ ਜੋ ਪੰਜਾਬ ਵਿਚ ਵੱਡੇ ਸਾਹਿਤਕ ਪ੍ਰੋਗਰਾਮ ਕਰਾਉਂਦਾ ਹੈ। ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਵਲੋਂ ਹੀ ਤਿੰਨ ਕਿਤਾਬਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਦੋ ਕਾਵਿ ਪੁਸਤਕਾਂ 52 ਕਵੀਆਂ ਦਾ ਸੰਗ੍ਰਹਿ ‘ਸ਼ਬਦਾਂ ਦੀ ਲੋਅ’ ਅਤੇ 69 ਕਵੀਆਂ ਦਾ ਸੰਗ੍ਰਹਿ ‘ਹਰਫ਼ਾਂ ਦਾ ਚਾਨਣ’ ਮੇਰੇ ਨਾਲ ਰਲ਼ ਕੇ ਸੰਪਾਦਿਤ ਕਰ ਚੁੱਕਾ ਹੈ। ਜਲਦ ਹੀ ਮੰਚ ਵਲੋਂ ਇਕ ਹੋਰ ਕਾਵਿ-ਸੰਗ੍ਰਹਿ ਵੀ ਪ੍ਰਕਾਸ਼ਿਤ ਕਰਵਾਇਆ ਜਾ ਰਿਹਾ ਹੈ। ਕਈ ਸਾਲ ਪਹਿਲਾਂ ਆਈ ਉਸ ਦੇ ਮਸ਼ਹੂਰ ਗੀਤਾਂ ਦੀ ਕਿਤਾਬ ‘ਨਾਗ਼ ਸਾਂਭ ਲੈ ਜ਼ੁਲਫ਼ਾਂ ਦੇ’ ਕਾਫ਼ੀ ਚਰਚਿਤ ਰਹੀ ਸੀ ਤੇ ਹੁਣ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਅਗਰ ਉਸ ਦੀ ਆਉਣ ਵਾਲੇ ਸਮੇਂ ਵਿਚ ਗ਼ਜ਼ਲਾਂ ਦੀ ਕਿਤਾਬ ਪੜ੍ਹਨ ਨੂੰ ਮਿਲੇ ਕਿਉਂਕਿ ਉਹ ਗ਼ਜ਼ਲ `ਤੇ ਵੀ ਹੱਥ ਆਜ਼ਮਾ ਰਿਹਾ ਹੈ:-
ਉਸ ਨੂੰ ਇਹ ਭਰਮ ਸੀ ਕਿ ਸਾਡੀ ਅਲਖ਼ ਮੁਕਾ ਦਿੱਤੀ।
ਪਰ ਸੱਚ ਜਾਣੋਂ ਉਸ ਨੇ ਸੁੱਤੀ ਅਣਖ ਜਗਾ ਦਿੱਤੀ।
ਧੀਆਂ ਕੌਣ ਬਚਾਏਗਾ ਜ਼ਾਲਿਮ ਕਿਰਦਾਰਾਂ ਤੋਂ?
ਜਿਉਂਦੇ ਜੀ ਜਿਹਨਾਂ ਉਹਨਾਂ ਦੀ ਕਬਰ ਬਣਾ ਦਿੱਤੀ।
ਮੱਖਣ ਲੁਹਾਰ ਦੀਆਂ ਜ਼ਿਆਦਾਤਰ ਲਿਖਤਾਂ ਸਮਾਜਿਕ ਕੁਰੀਤੀਆਂ ਅਤੇ ਵਿਵਸਥਾ ਦੀਆਂ ਲੋਕ-ਮਾਰੂ ਨੀਤੀਆਂ ‘ਤੇ ਸਵਾਲ ਖੜ੍ਹਾ ਕਰਦੀਆਂ ਹਨ। ਉਸ ਦੀਆਂ ਰਚਨਾਵਾਂ ਦੇ ਵਿਸ਼ੇ ਬਹੁਅਰਥੀ ਭਾਵ ਪੈਦਾ ਕਰਦੇ ਹਨ। ਪੰਜਾਬੀ ਸੱਭਿਆਚਾਰ ਨੂੰ ਵਿਸ਼ੇਸ਼ ਬਿੰਬਾਂ-ਅਲੰਕਾਰਾਂ ਰਾਹੀਂ ਪੇਸ਼ ਕਰਦੀਆਂ ਹਨ। ਉਮੀਦ ਹੈ ਆਉਣ ਵਾਲੇ ਸਮਿਆਂ ‘ਚ ਵੀ ਉਹ ਮਨੁੱਖੀ ਅਧਿਕਾਰ ਦੇ ਮਸਲਿਆਂ ਨੂੰ ਆਪਣੇ ਗੀਤਾਂ/ ਕਵਿਤਾਵਾਂ ਰਾਹੀਂ ਉਠਾਉਂਦਾ ਰਹੇਗਾ ਤੇ ਉਸ ਦੀ ਕਲਮ ਬੁਰਾਈਆਂ ਖ਼ਿਲਾਫ਼ ਹੱਕ ਸੱਚ ਦਾ ਬਿਗਲ ਵਜਾਉਂਦੀ ਰਹੇਗੀ। ਸ਼ਾਇਰਾਂ ਦੀ ਦੁਨੀਆਂ ਦੇ ਸੁਹਿਰਦ ਪਾਠਕਾਂ ਲਈ ਮੱਖਣ ਲੁਹਾਰ ਦੇ ਦੋ ਗੀਤ ਹਾਜ਼ ਹਨ।
ਗੀਤ 1
ਇਹ ਗੀਤ ਮੇਰਾ ਹੈ ਚੁੱਪ ਵਰਗਾ
ਕਿਸੇ ਸੱਖਣੇ ਪੇਟ ਦੀ ਭੁੱਖ ਵਰਗਾ
ਗ਼ਮਾਂ ਵਿੱਚ ਭੁੱਜ ਕੇ ਖਿੱਲ ਹੋਏ
ਕਿਸੇ ਅੱਲੜ੍ਹ ਕੁੜੀ ਦੇ ਮੁੱਖ ਵਰਗਾ।

ਇਸ ਗੀਤ ਦੀ ਹਰ ਇਕ ਸਤਰ ਲੋਕੋ
ਰੋਵੇ ਦੁਖੀਆਂ ਦੀ ਧਾਹ ਵਾਂਗੂੰ।
ਇਸ ਗੀਤ ਦਾ ਹਰ ਇਕ ਸ਼ਬਦ ਤਾਂ,
ਮਾਸੂਮਾਂ ਦੇ ਲੁੱਟੇ ਚਾਅ ਵਾਂਗੂੰ।
ਇਸ ਗੀਤ ਦਾ ਦਰਦ ਅਵੱਲੜਾ,
ਮਰ ਗਏ ਇਕਲੌਤੇ ਪੁੱਤ ਵਰਗਾ।

ਇਹ ਵਿਲਕਣੀ ਹੈ ਉਨ੍ਹਾਂ ਮਾਪਿਆਂ ਦੀ,
ਧੀ ਜਿਨ੍ਹਾਂ ਦੀ ਸੜ੍ਹ ਬਿਨਾਂ ਦਾਜ਼ ਮੋਈ।
ਜਿਵੇਂ ਉੱਡਣਾ ਸਿੱਖਦੇ ਬੋਟ ਨੂੰ,
ਝਪਟ ਮਾਰ ਗਿਆ ਬਾਜ਼ ਕੋਈ।
ਇਸ ਗੀਤ ਦਾ ਹਰ ਇਕ ਬੋਲ ਜਿਵੇਂ,
ਕਿਸੇ ਰਾਤ ਹਨੇਰੀ ਘੁੱਪ ਵਰਗਾ।

ਸ਼ਾਹਾਂ ਦੇ ਕਰਜ਼ੇ ਹੇਠ ਦਬੇ,
ਤਰਲੇ ਇਹ ਕਰਜ਼ੇਦਾਰ ਦੇ ਨੇ।
ਬਿਨਾਂ ਦਾਰੂ ਮਿiਲ਼ਆਂ ਮਰ ਚੱਲੇ,
ਹਉਕੇ ਇਹ ਕਿਸੇ ਬੀਮਾਰ ਦੇ ਨੇ।
ਰੋਟੀ ਖ਼ਾਤਿਰ ਜਾਨ ਹੀਲਦੇ,
ਬੁੱਢੇ ਕਿਸੇ ਮਨੁੱਖ ਵਰਗਾ।

ਹਾੜ੍ਹਾ! ਮੇਰੀ ਹਾਲ ਦੁਹਾਈ ਏ,
ਕੋਈ ਗੀਤ ਮੇਰੇ ਨੂੰ ਗਾਇਓ ਨਾ।
ਕਿਸੇ ਨਹੀਂ ਸੁਣਨੀ ਕੂਕ ਕਿਸੇ ਦੀ,
ਕਿਸੇ ਨੂੰ ਦਰਦ ਸੁਣਾਇਓ ਨਾ।
‘ਮੱਖਣ ਲੁਹਾਰਾਂ ਵਾਲਿਆ’ ਵੇ,
ਇਹ ਗੀਤ ਹੈ ਸੱਖਣੀ ਕੁੱਖ ਵਰਗਾ।

#ਗੀਤ 2
ਇਨਸਾਨਾਂ ਨੂੰ ਨਫ਼ਰਤ ਕਰਦੇ ਜਿੱਥੇ ਖ਼ੁਦ ਇਨਸਾਨ।
ਦੱਸੋ ਕਿੱਦਾਂ ਹੋ ਸਕਦਾ ਹੈ ਭਾਰਤ ਦੇਸ਼ ਮਹਾਨ।

ਜਿੱਥੇ ਕੋਈ ਮਸਜਿਦ ਨੂੰ ਢਾਹ ਕੇ ਮੰਦਿਰ ਫਿਰੇ ਬਣਾਉਂਦਾ।
ਜਿੱਥੇ ਕੋਈ ਗੁਰਦੁਆਰੇ ਉੱਤੇ ਕਬਜ਼ਾ ਫਿਰੇ ਜਮਾਉਂਦਾ।
ਟਕੇ-ਟਕੇ ਨੂੰ ਵਿਕਦਾ ਜਿੱਥੇ ਲੈ ਲਉ ਕੋਈ ਭਗਵਾਨ।
ਦੱਸੋ ਕਿੱਦਾਂ ਹੋ ਸਕਦਾ ਹੈ ਭਾਰਤ ਦੇਸ਼ ਮਹਾਨ।

ਨਿੱਤ ਬੇਦੋਸ਼ੇ ਮਰਦੇ ਲੋਕੀਂ ਕੋਈ ਨਈਂ ਲੈਂਦਾ ਸਾਰਾਂ।
ਕਿਸੇ ਸਾਬ੍ਹ ਦਾ ਮਰ ਜਾਏ ਕੁੱਤਾ ਹਿੱਲ ਜਾਵਣ ਸਰਕਾਰਾਂ।
ਬੰਦਿਆਂ ਨਾਲੋਂ ਜਾਨਵਰਾਂ ਦੀ ਜਿੱਥੇ ਵੱਧ ਪਹਿਚਾਨ।
ਦੱਸੋ ਕਿੱਦਾਂ ਹੋ ਸਕਦਾ ਹੈ ਭਾਰਤ ਦੇਸ਼ ਮਹਾਨ।

ਜਾਤਾਂ ਮਜ਼੍ਹਬਾਂ ਧਰਮਾਂ ਦਾ ਜਿੱਥੇ ਪਿਆ ਪੁਆੜਾ।
ਸਭ ਦੁੱਖਾਂ ਦੀ ਜੜ੍ਹ ਹੈ ਇੱਕੋ ਬੰਦਿਆਂ ਦੇ ਵਿਚ ਪਾੜਾ।
ਏਸ ਬੀਮਾਰੀ ਵੱਲ ਕਿਸੇ ਦਾ ਜਾਂਦਾ ਨਹੀਂ ਧਿਆਨ।
ਦੱਸੋ ਕਿੱਦਾਂ ਹੋ ਸਕਦਾ ਹੈ ਭਾਰਤ ਦੇਸ਼ ਮਹਾਨ।

ਕਦੇ ਮਹਾਨ ਸੀ ਹੁੰਦਾ ਜਗ ‘ਤੇ
ਭਾਰਤ ਦੇਸ਼ ਪਿਆਰਾ,
ਸਾਂਝੀਵਾਲਤਾ ਧਰਮ ਨਿਰਪੱਖਤਾ
ਦਾ ਸੀ ਅਜਬ ਨਿਆਰਾ
‘ਮੱਖਣ ਲੁਹਾਰ’ ਦੀ ਕਲਮ ਸਦਾ ਹੀ ਕਰਦੀ ਸੱਚ ਬਿਆਨ।
ਦੱਸੋ ਕਿੱਦਾਂ ਹੋ ਸਕਦਾ ਹੈ ਭਾਰਤ ਦੇਸ਼ ਮਹਾਨ।