ਫਿਲਮ ‘ਸ੍ਰੀਕਾਂਤ’ ਦਾ ਸੁਨੇਹਾ ਅਤੇ ਫਿਲਮੀ ਸੰਸਾਰ

ਕੁਦਰਤ ਕੌਰ
ਪਿਛਲੇ ਕੁਝ ਸਮੇਂ ਤੋਂ ਜੀਵਨ ਆਧਾਰਿਤ ਫਿਲਮਾਂ ਵਾਹਵਾ ਆ ਰਹੀਆਂ ਹਨ। ਅਜਿਹੀਆਂ ਫਿਲਮਾਂ ਬਣਾਉਣ ਵਾਲਿਆਂ ਦਾ ਮੁੱਖ ਮਕਸਦ ਭਾਵੇਂ ਪੈਸਾ ਕਮਾਉਣਾ ਹੀ ਹੁੰਦਾ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੇ ਮਨ ਦੀ ਤਸੱਲੀ ਲਈ ਅਜਿਹੇ ਪ੍ਰੋਜੈਕਟ ਉਲੀਕਦੇ ਹਨ ਜੋ ਅਕਸਰ ਲੀਕ ਤੋਂ ਹਟਵੇਂ ਅਤੇ ਚੰਗਾ ਤੇ ਉਸਾਰੂ ਸੁਨੇਹਾ ਦੇਣ ਵਾਲੇ ਹੁੰਦੇ ਹਨ।

ਫਿਲਮ ‘ਸ੍ਰੀਕਾਂਤ’ ਅਜਿਹਾ ਹੀ ਇੱਕ ਪ੍ਰੋਜੈਕਟ ਹੈ। ਇਹ ਫਿਲਮ ਇਸੇ ਸਾਲ 10 ਮਈ ਨੂੰ ਰਿਲੀਜ਼ ਹੋਈ। ਇਸ ਫਿਲਮ ਉਤੇ ਕੁੱਲ 35 ਕਰੋੜ ਰੁਪਏ ਦੀ ਲਾਗਤ ਆਈ ਅਤੇ ਇਸ ਨੇ ਤਕਰੀਬਨ 65 ਕਰੋੜ ਰੁਪਏ ਦੀ ਕਮਾਈ ਕੀਤੀ। ਉਂਝ, ਇਸ ਫਿਲਮ ਦੀ ਅਸਲ ਕਮਾਈ ਤਾਂ ਉਹ ਸੁਨੇਹਾ ਹੈ ਜੋ ਇਹ ਫਿਲਮ ਦਰਸ਼ਕਾਂ ਨੂੰ ਦੇਣ ਵਿਚ ਸਫਲ ਰਹੀ ਹੈ।
‘ਸ੍ਰੀਕਾਂਤ’ ਪ੍ਰਸਿੱਧ ਨੇਤਰਹੀਣ ਉਦਯੋਗਪਤੀ ਸ੍ਰੀਕਾਂਤ ਭੋਲਾ ਦੇ ਜੀਵਨ ‘ਤੇ ਆਧਾਰਿਤ ਹੈ। ਉਹ ਜਨਮ ਤੋਂ ਅੰਨ੍ਹਾ ਹੈ ਪਰ ਆਪਣੀ ਲਿਆਕਤ ਦੇ ਸਿਰ ‘ਤੇ ਕਿਤੇ ਦਾ ਕਿਤੇ ਪੁੱਜ ਜਾਂਦਾ ਹੈ। ਫਿਲਮ ਵਿਚ ਉਸ ਦੀ ਸ਼ਖਸੀਅਤ ਦੇ ਹਾਂ-ਪੱਖ ਅਤੇ ਨਾਂਹ-ਪੱਖ, ਦੋਹਾਂ ਨੂੰ ਬਹੁਤ ਵਧੀਆ ਅਤੇ ਕਾਰਗਰ ਤਰੀਕੇ ਨਾਲ ਉਭਾਰਿਆ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਤੁਸ਼ਾਰ ਹੀਰਾਚੰਦਾਨੀ ਨੇ ਕੀਤਾ ਹੈ। ਤੁਸ਼ਾਰ ਨੇ ਇਸ ਤੋਂ ਪਹਿਲਾਂ ‘ਮਸਤੀ’, ‘ਅਤਿਥੀ ਤੁਮ ਕਬ ਜਾਓਗੇ?’, ‘ਹਾਊਸਫੁੱਲ-2’, ‘ਏ.ਬੀ.ਸੀ.ਡੀ.: ਐਨੀ ਬੋਡੀ ਕੈਨ ਡਾਂਸ’, ‘ਏਕ ਵਿਲੇਨ’, ‘ਡਿਸ਼ੂੰਮ’, ‘ਹਾਫ ਗਰਲਫ੍ਰੈਂਡ’ ਵਰਗੀਆਂ ਫਿਲਮਾਂ ਲਿਖੀਆਂ। ਬਤੌਰ ਨਿਰਦੇਸ਼ਕ ਉਸ ਦੀ ਪਹਿਲੀ ਫਿਲਮ ‘ਸਾਂਡ ਕੀ ਆਂਖ’ ਸਾਲ 2019 ਵਿਚ ਆਈ ਸੀ। ਇਸ ਫਿਲਮ ਵਿਚ ਮੁੱਖ ਭੂਮਿਕਾਵਾਂ ਤਾਪਸੀ ਪੰਨੂ, ਭੂਮੀ ਪੜਨੇਕਰ, ਪ੍ਰਕਾਸ਼ ਝਾਅ ਅਤੇ ਵਿਨੀਤ ਕੁਮਾਰ ਸਿੰਘ ਨੇ ਨਿਭਾਈਆਂ ਸਨ।
ਇਸ ਫਿਲਮ ਵਿਚ ਅਦਾਕਾਰੀ ਲਈ ਅਦਾਕਾਰ ਰਾਜਕੁਮਾਰ ਰਾਓ ਦੀ ਬਹੁਤ ਪ੍ਰਸ਼ੰਸਾ ਹੋਈ। ਉਹ ਉਂਝ ਵੀ ਨਿਰਾਲੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਪਿੱਛੇ ਜਿਹੇ ਆਈ ਫਿਲਮ ‘ਸਤ੍ਰੀ 2’ ਨੇ ਰਾਜਕੁਮਾਰ ਰਾਓ ਦੀ ਬੱਲੇ-ਬੱਲੇ ਕਰਵਾ ਦਿੱਤੀ ਸੀ। ਕਲਾ ਦੇ ਨਾਲ-ਨਾਲ ਇਸ ਫਿਲਮ ਨੇ ਕਮਾਈ ਪੱਖੋਂ ਵੀ ਝੰਡੇ ਗੱਡੇ। ਫਿਲਮ ‘ਮਿਸਟਰ ਐਂਡ ਮਿਸੇਜ਼ ਮਾਹੀ’ ਵਿਚ ਵੀ ਉਸ ਦਾ ਕਿਰਦਾਰ ਵੱਖਰੀ ਕਿਸਮ ਦਾ ਸੀ। ਫਿਲਮ ਦੀ ਕਹਾਣੀ ਬੜੀ ਦਿਲਚਸਪ ਹੈ। ਫਿਲਮ ਦਾ ਨਾਇਕ ਕ੍ਰਿਕਟ ਵਿਚ ਫੇਲ੍ਹ ਸਾਬਤ ਹੁੰਦਾ ਹੈ। ਉਹ ਬੜਾ ਤੜਫਦਾ ਹੈ। ਵਿਆਹ ਤੋਂ ਬਾਅਦ ਉਹ ਦੇਖਦਾ ਹੈ ਕਿ ਉਸ ਦੀ ਪਤਨੀ ਨੂੰ ਕ੍ਰਿਕਟ ਦਾ ਕਿੰਨਾ ਜਨੂਨ ਹੈ। ਉਹ ਆਪਣੀ ਪਤਨੀ ਨੂੰ ਖਿਡਾਰੀ ਬਣਾਉਣ ਦੀ ਸੋਚਦਾ ਹੈ। ਇਹ ਫਿਲਮ ਅਗਾਂਹ ਇਸੇ ਜੱਦੋਜਹਿਦ ਦੀ ਕਹਾਣੀ ਹੈ। ਹੁਣ ਉਸ ਦੀ ਫਿਲਮ ‘ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ’ 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਰਾਜ ਸਾਂਡਲਿਆ ਨੇ ਲਿਖੀ ਤੇ ਨਿਰਦੇਸ਼ਤ ਕੀਤੀ ਹੈ ਅਤੇ ਇਸ ਵਿਚ ਨਾਇਕਾ ਤ੍ਰਿਪਤੀ ਡਿਮਰੀ ਹੈ। ਰਾਓ ਦਾ ਦਾਅਵਾ ਹੈ ਕਿ ਇਸ ਫਿਲਮ ਦੀ ਕਹਾਣੀ ਬਹੁਤ ਵਿਲੱਖਣ ਹੈ ਅਤੇ ਦਰਸ਼ਕਾਂ ਨੂੰ ਪਸੰਦ ਆਵੇਗੀ। ਫਿਲਮ ‘ਸ੍ਰੀਕਾਂਤ’ ਵਿਚ ਚੰਗੀ ਅਦਾਕਾਰੀ ਲਈ ਅਲਾਇਆ ਐੱਫ., ਜਿਓਤਿਕਾ, ਸ਼ਰਦ ਕੇਲਕਰ, ਓਮ ਕਨੌਜੀਆ ਦੀਆਂ ਤਾਰੀਫਾਂ ਦੇ ਪੁਲ ਵੀ ਬੰਨ੍ਹੇ ਗਏ।