ਛਵ੍ਹੀਆਂ ਦੀ ਰੁੱਤ

ਹਰਜੀਤ ਸਿੰਘ
ਫੋਨ: +91-98768-81870
ਪਿਛਲੇ ਅੰਕ ਵਿਚ ‘ਸੁਪਨੇ ਤੇ ਪਰਛਾਵੇਂ’ ਦੇ ਲੇਖਕ ਅਤੇ ‘ਇਹ ਜਨਮੁ ਤੁਮਹਾਰੇ ਲੇਖੇ’, ‘ਵਿਸਾਖੀ’ ਤੇ ‘ਹੀਰ ਰਾਂਝਾ’ ਵਰਗੀਆਂ ਫੀਚਰ ਫਿਲਮਾਂ ਬਣਾਉਣ ਵਾਲੇ ਡਾ. ਹਰਜੀਤ ਸਿੰਘ ਦਾ ਆਪਣੀ ਕਿਤਾਬ ਬਾਰੇ ਸਵੈ-ਕਥਨ ਸਾਂਝਾ ਕੀਤਾ ਸੀ। ਇਸ ਵਾਰ ਉਨ੍ਹਾਂ ਦੀਆਂ ਦੋ ਰਚਨਾਵਾਂ ‘ਛਵ੍ਹੀਆਂ ਦੀ ਰੁੱਤ’ ਅਤੇ ‘ਚਾਨਣ ਦੇ ਵਣਜਾਰੇ’ ਛਾਪ ਰਹੇ ਹਾਂ

ਜਿਨ੍ਹਾਂ ਵਿਚ ਮਨੁੱਖਤਾ ਦੀ ਬਾਤ ਪਾਈ ਗਈ ਹੈ। ਇਹ ਅਸਲ ਵਿਚ ਉਨ੍ਹਾਂ ਦੇ ਕਸਬ ਦੌਰਾਨ ਹੋਏ ਤਜਰਬੇ ਦੀਆਂ ਬਾਤਾਂ ਹਨ।
ਅੱਜ ਵੀ ਪੰਜਾਬ ਦੇ ਲੋਕ ‘ਸੰਨ ਸੰਤਾਲੀ ਵਿਚ’, ‘ਵੱਢ ਟੁੱਕ ਵੇਲੇ’, ‘ਫਸਾਦਾਂ ਵਿਚ’ ਜਾਂ ‘ਪਾਰਟੀਸ਼ਨ’ ਵਰਗੇ ਸ਼ਬਦਾਂ ਦੀ ਵਰਤੋਂ ਨਾਲ ਬੀਤੇ ਵਕਤ ਅਤੇ ਕਿਸੇ ਦੀ ਉਮਰ ਦੇ ਕਿਆਸੇ ਲਾਉਂਦੇ ਹਨ। ਸਾਡੀ ਭੂਆ ਕਿਹਾ ਕਰਦੀ ਸੀ, ‘ਵੱਢ-ਟੁੱਕ ਹੋਈ ਤਾਂ ਇਹ ਨਿੱਕੀ ਮੇਰੇ ਕੁੱਛੜ ਸੀ।’ ਬਚਪਨ ਵਿਚ ਇਹਨਾਂ ਅੱਖਰਾਂ ਦੀ ਸੋਝੀ ਨਹੀਂ ਸੀ। ਹਰ ਸ਼ਬਦ ਪਿੱਛੇ ਲੁਕਿਆ ਲਹੂ ਭਿੱਜਿਆ ਇਤਿਹਾਸ ਸੀ ਜੋ ਪੰਜਾਬੀਆਂ ਨੇ ਆਪਣੇ ਪਿੰਡੇ ਹੰਢਾਇਆ ਸੀ। 1947 ਵਿਚ ਮੁਲਕ ਆਜ਼ਾਦ ਹੋ ਗਿਆ ਪਰ ਪੰਜਾਬ ਦੋ ਟੋਟਿਆਂ ਵਿਚ ਵੰਡਿਆ ਗਿਆ। ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸੂਬਿਆਂ ਨੂੰ ਜ਼ਖ਼ਮ ਵੀ ਸਭ ਤੋਂ ਵੱਧ ਮਿਲੇ। ਅਜਿਹੇ ਜ਼ਖ਼ਮ ਪੀੜ੍ਹੀਆਂ ਤੱਕ ਰਿਸਦੇ ਹੀ ਰਹੇ। ਕੋਈ ਵਿਰਲਾ ਹੀ ਘਰ ਹੋਵੇਗਾ ਜਿਸ ਨੇ ਸੰਤਾਪ ਨਾ ਹੰਢਾਇਆ ਹੋਵੇ।
ਮੇਰੇ ਪਿਤਾ ਜੀ ਨਿੱਕੇ ਜਿਹੇ ਪਿੰਡ ਗਾਲਿਬ ਕਲਾਂ ਤੋਂ ਉਠ ਕੇ ਮਿਹਨਤ ਮਜ਼ਦੂਰੀ ਲਈ ਲਾਹੌਰ ਚਲੇ ਗਏ ਤੇ ਹੌਲੀ-ਹੌਲੀ ਚੰਗੇ ਠੇਕੇਦਾਰ ਬਣ ਗਏ ਸਨ। ਜਨਕ ਨਗਰ, ਲਾਹੌਰ ਵਿਚ ਉਹਨਾਂ ਵੱਡਾ ਘਰ ਬਣਾਇਆ ਸੀ। ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਘਰ ਵੀ ਸਾਡੇ ਗੁਆਂਢ ਵਿਚ ਸੀ। ਮੇਰੀ ਵੱਡੀ ਭੈਣ ਅਤੇ ਸੁਰਿੰਦਰ ਕੌਰ ਦੀ ਭੈਣ ਨਰਿੰਦਰ ਕੌਰ ਗੂੜ੍ਹੀਆਂ ਸਹੇਲੀਆਂ ਸਨ। 1947 ਦੀ ਵੰਡ ਨੇ ਇਹ ਸਾਂਝਾਂ ਰਾਤੋ-ਰਾਤ ਤੋੜ ਦਿਤੀਆਂ। ਫ਼ਸਾਦੀਆਂ ਨੇ ਘਰਾਂ ਨੂੰ ਅੱਗਾਂ ਲਾ ਦਿੱਤੀਆਂ। ਲੋਕ ਇੱਕ-ਦੂਜੇ ਨੂੰ ਵੱਢਣ ਟੁੱਕਣ ਲੱਗ ਪਏ। ਕਾਫ਼ਲੇ ਬਣਾ ਕੇ ਲੋਕ ਸਰਹੱਦਾਂ ਦੇ ਆਰ-ਪਾਰ ਜਾਣ ਲੱਗੇ। ਖੂਹ, ਖੇਤ, ਨਹਿਰਾਂ, ਰੇਲ ਗੱਡੀਆਂ ਲਾਸ਼ਾਂ ਨਾਲ ਭਰ ਗਈਆਂ। ਬਲਦੇ ਸਿਵੇ, ਰੁਲਦੀਆਂ ਲੋਥਾਂ, ਗੂੰਜਦੇ ਵੈਣ ਤੇ ਵਿਰਲਾਪ ਹੱਸਦੇ-ਵੱਸਦੇ ਪੰਜਾਬ ਦੀ ਹੋਣੀ ਬਣ ਗਏ। ਇਸ ਬਲਦੀ ਅੱਗ ‘ਚੋਂ ਲੰਘ ਕੇ ਪਿਤਾ ਜੀ ਕਿਵੇਂ ਨਾ ਕਿਵੇਂ ਪੰਜਾਬ ਆਏ। 47 ਦੀ ਗੱਲ ਕਰਦਿਆਂ ਉਹ ਬਹੁਤ ਉਦਾਸ ਹੋ ਜਾਂਦੇ ਸਨ। ਬਚਪਨ ਵਿਚ ਇਸ ਤ੍ਰਾਸਦੀ ਦੀ ਸਮਝ ਨਹੀਂ ਸੀ, ਬਸ ਏਨਾ ਕੁ ਪਤਾ ਲੱਗਦਾ ਸੀ ਕਿ 47 ਵਿਚ ਕੁਝ ਬਹੁਤ ਕਹਿਰ ਭਰਿਆ ਵਾਪਰਿਆ ਸੀ।
ਵਕਤ ਦੇ ਨਾਲ-ਨਾਲ, ਹੌਲੀ-ਹੌਲੀ, ਪਰਤ-ਦਰ-ਪਰਤ ਇਸ ਬੀਤੇ ਦੀਆਂ ਤਹਿਆਂ ਖੁੱਲ੍ਹਣ ਲੱਗੀਆਂ। ਸਾਹਿਤ ਅਤੇ ਸਿਨੇਮਾ ਵਿਚ 47 ਦੇ ਭਿਆਨਕ ਦੁਖਾਂਤ ਦੇ ਕਈ ਰੂਪ ਰੂ-ਬ-ਰੂ ਹੋਏ ਪਰ ਪੰਜਾਬ ਦੇ ਇਸ ਦਰਦ ਦੀ ਸ਼ਿੱਦਤ ਅਤੇ ਡੂੰਘਾਈ ਦੇਰ ਬਾਅਦ ਮਹਿਸੂਸ ਹੋਈ।
‘ਛਵ੍ਹੀਆਂ ਦੀ ਰੁੱਤ’ ਕਹਾਣੀ ਕਾਲਜ ਦੇ ਦਿਨਾਂ ਵਿਚ ਪਾਠ ਪੁਸਤਕ ਵਿਚ ਪੜ੍ਹਨ ਨੂੰ ਮਿਲੀ। ਕਲਾਸ ਵਿਚ ਜਦੋਂ ਅਧਿਆਪਕ ਨੇ ਮਹਿੰਦਰ ਸਿੰਘ ਸਰਨਾ ਦੀ ਇਸ ਕਹਾਣੀ ਦਾ ਪਿਛੋਕੜ, ਇਸ ਵਿਚਲਾ ਦੁਖਾਂਤ ਅਤੇ ਸੱਚ ਬਿਆਨਿਆ ਤਾਂ ਇਸ ਕਹਾਣੀ ਰਾਹੀਂ ਪੰਜਾਬ ਦੇ ਦਰਦ ਨੂੰ ਜਾਨਣ ਦਾ ਜ਼ਰੀਆ ਲੱਭ ਗਿਆ। ਉਦੋਂ ਫਿਲਮਸਾਜ਼ੀ ਦੀ ਸੂਝ ਤਾਂ ਨਹੀਂ ਸੀ ਪਰ ਕਹਾਣੀ ਦੇ ਪਾਤਰ ਜ਼ਿਹਨ ‘ਤੇ ਗਹਿਰਾ ਅਸਰ ਛੱਡ ਗਏ। ਫਿਰ ਜਦੋਂ ਦੂਰਦਰਸ਼ਨ ‘ਤੇ ਨਾਟਕ ਪੇਸ਼ ਕਰਨ ਦਾ ਮੌਕਾ ਮਿਲਿਆ ਤਾਂ ਇਹ ਕਹਾਣੀ ਅੱਖਾਂ ਸਾਹਵੇਂ ਆ ਗਈ। ਕਹਾਣੀ ਕਈ ਵਾਰ ਪੜ੍ਹੀ। ਹਰ ਵਾਰ ਨਵੀਂ ਪਰਤ ਨਜ਼ਰੀਂ ਪਵੇ। ਅਤੈ ਸਿੰਘ ਮੇਰਾ ਵਧੀਆ ਮਿੱਤਰ, ਸ਼ਾਇਰ ਤੇ ਰੰਗ ਕਰਮੀ ਹੈ। ਇਕ ਦਿਨ ਸੁਭਾਵਿਕ ਹੀ ਉਸ ਨਾਲ ‘ਛਵ੍ਹੀਆਂ ਦੀ ਰੁੱਤ’ ਦਾ ਜ਼ਿਕਰ ਕੀਤਾ। ਪੰਜਾਬ ਦੀ ਵੰਡ ਦਾ ਦਰਦ ਜਾਨਣ ਲਈ ਇਹ ਕਹਾਣੀ ਉਹਨੂੰ ਵੀ ਚੰਗੀ ਲੱਗੀ। ‘ਚੱਲ ਤੂੰ ਇਹਦਾ ਰੂਪਾਂਤਰ ਕਰ’, ਮੈਂ ਆਖਿਆ। ਅਤੈ ਕਹਿਣ ਲੱਗਾ, ‘ਜੋ ਤੇਰੇ ਜ਼ਿਹਨ ਵਿਚ ਹੈ, ਤੂੰ ਮੈਨੂੰ ਉਹਦੇ ਪੁਆਇੰਟ ਲਿਖ ਕੇ ਦੇ।’ ਅਤੈ ਸਿੰਘ ਨੇ ਪਟਕਥਾ ਨੂੰ ਟੀ.ਵੀ. ਰੂਪਾਂਤਰ ਦੇ ਨਜ਼ਰੀਏ ਤੋਂ ਜਾਨਣ ਲਈ ਆਪਣੀ ਰਾਏ ਦਿੱਤੀ। ਉਸ ਦੇ ਜਾਣ ਤੋਂ ਪਹਿਲਾਂ ਮੈਂ ਉਹਨੂੰ ਆਪਣੇ ਪੁਆਇੰਟ ਲਿਖ ਦਿੱਤੇ।
ਕਹਾਣੀ ਇੱਕ ਮੁਸਲਮਾਨ ਪਿੰਡ ਵਿਚ ਵਾਪਰਦੀ ਸੀ ਜਿੱਥੇ ਸਭ ਹਿੰਦੂ ਪਰਿਵਾਰ ਜਾਂ ਪਲਾਇਨ ਕਰ ਗਏ ਹਨ ਜਾਂ ਮਾਰੇ ਜਾ ਚੁੱਕੇ ਹਨ। ਇੱਕ ਮਹਾਜਨੀ ਪਰਿਵਾਰ ਦੀ ਬੁੱਢੀ ਔਰਤ ਘਰ ਅੰਦਰ ਬਿਮਾਰੀ ਦੀ ਹਾਲਤ ਵਿਚ ਬੇਹੋਸ਼ ਰਹਿਣ ਕਰ ਕੇ ਅਤੇ ਬੋਲਿਆਂ ਹੋਣ ਕਰ ਕੇ ਬਚ ਜਾਂਦੀ ਹੈ। ਉਹ ਜਦ ਬਾਹਰ ਨਿਕਲਦੀ ਹੈ ਤਾਂ ਕਹਿਰ ਵਾਪਰ ਚੁੱਕਾ ਹੁੰਦਾ ਹੈ। ਬੱਕਰੀ ਦੀ ਟੁੱਟੀ ਸੰਗਲੀ ਦੇਖ ਉਹ ਇਹਨੂੰ ਗੰਢਾਉਣ ਲਈ ਦੀਨੇ ਲੁਹਾਰ ਦੇ ਘਰ ਜਾ ਅਪੜਦੀ ਹੈ। ਉਸ ਬੁੱਢੀ ਨੂੰ ਜੀਂਦਿਆਂ ਦੇਖ ਦੋਵੇਂ ਜੀਅ ਤ੍ਰਬਕ ਜਾਂਦੇ ਹਨ। ਦੀਨਾ ਭਾਵੇਂ ਆਪ ਫਸਾਦਾਂ ਵਿਚ ਸ਼ਾਮਿਲ ਨਹੀਂ ਸੀ ਪਰ ਉਹਦੀਆਂ ਬਣਾਈਆਂ ਛਵ੍ਹੀਆਂ ਨੇ ਬਹੁਤ ਲਹੂ ਵਹਾਇਆ ਸੀ। ਪੁੱਤਰਾਂ ਤੋਂ ਡਰਦਾ ਉਹ ਦਾਤੀਆਂ ਰੰਬੇ ਛੱਡ ਛਵ੍ਹੀਆਂ ਬਣਾਉਣ ਲੱਗ ਪਿਆ ਸੀ। ਅੰਤ ਵਿਚ ਲੋਥਾਂ ਨਾਲ ਭਰੇ ਖੂਹ ਵਿਚ ਰੱਬ ਨੂੰ ‘ਵਾਜਾਂ’ ਮਾਰਦਾ ਉਹ ਆਪਣੇ ਆਪ ਨੂੰ ਗੁਨਾਹਗਾਰ ਆਖਦਾ ਹੈ।
ਮਨ ਵਿਚ ਇਹ ਵਿਚਾਰ ਸੀ ਕਿ ਕੋਈ ਵੀ ਪਾਤਰ ਆਪਣੇ ਨਾਂ, ਬੋਲੀ ਜਾਂ ਪਹਿਰਾਵੇ ਤੋਂ ਪਛਾਣਿਆ ਨਾ ਜਾਵੇ ਕਿ ਇਹ ਕਿਸ ਧਰਮ, ਕੌਮ ਨਾਲ ਸਬੰਧਿਤ ਹੈ। ਫ਼ਸਾਦੀਆਂ ਦੇ ਵੀ ਚਿਹਰੇ ਨਜ਼ਰ ਨਾ ਆਉਣ; ਬਸ ਹੱਥ, ਹਥਿਆਰ ਤੇ ਪਰਛਾਵੇਂ ਹੀ ਹੋਣ। ਪੂਰੀ ਕਹਾਣੀ ਨੂੰ ਸਿਰਫ਼ ਤਿੰਨ ਪਾਤਰਾਂ ਰਾਹੀਂ ਬਿਆਨ ਕਰਨਾ ਸੀ। 45 ਕੁ ਮਿੰਟਾਂ ਦੀ ਇਹ ਟੈਲੀ ਫਿਲਮ ਕਠਿਨ ਪਰ ਸਾਹਿਤਕ ਅਤੇ ਸਾਰਥਿਕ ਪ੍ਰੋਜੈਕਟ ਲੱਗ ਰਹੀ ਸੀ।
ਕਹਾਣੀ ਮੁਤਾਬਿਕ ਮਾਹੌਲ, ਪਹਿਰਾਵਾ ਤੇ ਸਾਜ਼ੋ-ਸਾਮਾਨ ਸਭ 1947 ਦੇ ਵਰ੍ਹੇ ਮੁਤਾਬਿਕ ਚਾਹੀਦਾ ਸੀ। ਹਥਿਆਰਾਂ ਤੋਂ ਇਲਾਵਾ ਘੋੜੇ ਅਤੇ ਫ਼ਸਾਦੀਆਂ ਦਾ ਹਜੂਮ ਵੀ ਚਾਹੀਦਾ ਸੀ। ਪੁਰਾਣਾ ਖੂਹ, ਉੱਜੜੀ ਖੇਤੀ, ਵੀਰਾਨ ਤੇ ਲੁੱਟੇ-ਪੁੱਟੇ ਘਰ, ਥਾਂ-ਥਾਂ ਪਈਆਂ ਲਾਸ਼ਾਂ ਨਾਟਕ ਦੀ ਪਿੱਠੂ ਭੂਮੀ ਸਨ। ਮੁੱਖ ਪਾਤਰ ਤਿੰਨ ਹੀ ਸਨ ਪਰ ਬਾਕੀ ਤਾਣਾ-ਬਾਣਾ ਬਹੁਤ ਸੀ। ਆਪਣੇ ਮਿੱਤਰ ਢੇਸੀਆਂ ਕਾਹਨਾ ਦੇ ਸੁਰਿੰਦਰ ਬਬਲਾ ਨਾਲ ਸੰਪਰਕ ਹੋਇਆ। ਉਹਨਾਂ ਦਾ ਪਿੰਡ ਅਜੇ ਵੀ ਪੁਰਾਣੇ ਸਭਿਆਚਾਰ ਵਾਲਾ ਸੀ। ਖੂਹ, ਘਰ, ਪੁਰਾਣੀਆਂ ਚੁਗਾਠਾਂ ਸਭ ਲੱਭ ਪਈਆਂ ਤੇ ਉਹਨਾਂ ਦੀਆਂ ਘੋੜੀਆਂ ਵੀ ਨਾਟਕ ਲਈ ਹਾਜ਼ਰ ਹੋ ਗਈਆਂ। ਕਾਫ਼ਲਾ ਮਿੱਥੇ ਦਿਨ ਢੇਸੀਆਂ ਵਿਚ ਹਾਜ਼ਿਰ ਹੋ ਗਿਆ।
ਅਜੇ ਸਾਮਾਨ ਲਾਹਿਆ ਹੀ ਸੀ ਕਿ ਮੀਂਹ ਲੱਥ ਪਿਆ। ਐਸਾ ਮੂਸਲੇਧਾਰ ਕਿ ਕਣੀਆਂ ਇੰਝ ਡਿੱਗਣ ਜਿਵੇਂ ਸਿਰ ਵਿਚ ਮੋਰੀਆਂ ਕਰ ਦੇਣਗੀਆਂ। ਸਾਰਾ ਯੂਨਿਟ ਕਾਰਖਾਨੇ ਦੀ ਛੱਤ ਹੇਠ ਮੰਜੀਆਂ ਡਾਹ ਕੇ ਕਦੇ ਗਾਉਣ ਲੱਗ ਜਾਂਦਾ, ਕਦੇ ਰੋਟੀਆਂ ਛਕ ਕੇ ਉੱਪਰ ਆਕਾਸ਼ ਵੱਲ ਦੇਖਣ ਲਗਦਾ- ‘ਝੜੀ ਲਗ ਗਈ ਝੜੀ।’ ਲੁਹਾਰ ਤੇ ਉਹਦੀ ਭੱਠੀ ਵਾਲੇ ਦ੍ਰਿਸ਼ ਬਾਹਰ ਖੁੱਲ੍ਹੇ ਵਿਹੜੇ ਵਿਚ ਫਿਲਮਾਉਣੇ ਸਨ; ਫਿਰ ਫੈਸਲਾ ਹੋਇਆ, ਕਿਉਂ ਨਾ ਭੱਠੀ ਅੰਦਰ ਹੀ ਬਣਾ ਲਈਏ ਪਰ ਭੱਠੀ ਸੁੱਕੇਗੀ ਕਦੋਂ? ਸੋ ਫ਼ੈਸਲਾ ਹੋਇਆ, ਨਕਲੀ ਭੱਠੀ ਨਾਲੋਂ ਅਸਲੀ ਭੱਠੀ ਬਣਾਈਏ ਤੇ ਕੋਲੇ ਪਾ ਕੇ ਮਘਾ ਲਈਏ, ਸੇਕ ਨਾਲ ਮਿੱਟੀ ਵੀ ਸੁੱਕ ਜਾਵੇਗੀ ਤੇ ਦ੍ਰਿਸ਼ ਦਾ ਪ੍ਰਭਾਵ ਵੀ ਚੰਗਾ ਪਏਗਾ। ਦਬਾ ਸੱਟ, ਭੱਠੀ ਬਣਾਈ; ਕੋਲੇ ਪਾ ਕੇ ਲੁਹਾਰ ਦਾ ਰੋਲ ਕਰਨ ਵਾਲਾ ਹਰਪਾਲ ਤੇ ਸੁਨੀਤਾ ਧੀਰ ਭੱਠੀ ਵਿਚ ਅੱਗ ਝੋਕਣ ਦੀ ਪ੍ਰੈਕਟਿਸ ਕਰਨ ਲੱਗੇ। ਬੁੱਢੀ ਔਰਤ ਦੇ ਘਰ ਦਾ ਅੰਦਰਲਾ ਕਮਰਾ ਜਿੱਥੇ ਉਸ ਨੇ ਬਿਮਾਰ ਪੈਣਾ ਸੀ, ਉਹ ਵੀ ਉੱਥੇ ਹੀ ਬਣਾਉਣ ਦਾ ਫੈਸਲਾ ਹੋ ਗਿਆ। ਲੋਕਾਂ ਦੇ ਘਰਾਂ ‘ਚੋਂ ਸੰਦੂਕ, ਭੜੋਲੇ, ਚਰਖੇ, ਭਾਂਡੇ ਤੇ ਹੋਰ ਨਿੱਕ-ਸੁੱਕ ਵਰ੍ਹਦੇ ਮੀਂਹ ਵਿਚ ਤਰਪਾਲ ਤਾਣ ਕੇ ਇਕੱਠੇ ਕਰ ਲਏ।
ਦੋ ਸੈੱਟ ਤਿਆਰ ਹੋ ਗਏ। ਤੀਸਰੇ ਦਿਨ ਸਵੇਰੇ ਸ਼ੂਟਿੰਗ ਸ਼ੁਰੂ ਹੋਈ। ਫਿਰ ਐਸਾ ਮਾਹੌਲ, ਐਸਾ ਸਿਲਸਿਲਾ ਸ਼ੁਰੂ ਹੋਇਆ ਕਿ ਇੱਕ ਤੋਂ ਬਾਅਦ ਇੱਕ ਸੀਨ ਸ਼ੂਟ ਹੁੰਦੇ ਗਏ। ਸਵੇਰੇ ਤੋਂ ਰਾਤ ਤੇ ਰਾਤ ਤੋਂ ਅਗਲਾ ਦਿਨ ਚੜ੍ਹ ਗਿਆ। ਮੀਂਹ ਰੁਕ ਗਿਆ, ਅਕਾਸ਼ ਬਿਲਕੁਲ ਸਾਫ਼ ਤੇ ਬਹੁਤ ਨਿੱਖਰਿਆ ਹੋਇਆ ਸੀ। ਆਊਟ ਡੋਰ ਦੇ ਦ੍ਰਿਸ਼ ਫਿਲਮਾਉਣ ਲਈ ਪਿੰਡ ਦੇ ਬਹੁਤ ਸਾਰੇ ਵਸਨੀਕ ਤੇ ਯੂਨਿਟ ਦੇ ਲੋਕ ਜਿੱਥੇ ਲੋੜ ਹੁੰਦੀ, ਲਾਸ਼ਾਂ ਬਣ ਕੇ ਕਦੇ ਚਿੱਕੜ ਵਿਚ, ਕਦੇ ਵੱਟ ‘ਤੇ ਲੇਟ ਜਾਂਦੇ; ਕੋਈ ਮੁੱਢ ‘ਤੇ ਮੁਰਦਾ ਬਣ ਝੂਲ ਜਾਂਦਾ। ਜ਼ਿੰਦਗੀ ਦੀਆਂ ਤ੍ਰਾਸਦੀਆਂ ਦੀਆਂ ਘੜੀਆਂ ਫਿਲਮਾਉਣ ਵੇਲੇ ਸ਼ਾਟ ਤੋਂ ਪਹਿਲਾਂ ਤੇ ਸ਼ਾਟ ਤੋਂ ਬਾਅਦ ਚੁਟਕਲਿਆਂ ਤੇ ਮਸ਼ਕਰੀਆਂ ਦਾ ਦੌਰ ਚਲਦਾ ਰਹਿੰਦਾ। ਫ਼ਸਾਦੀਆਂ ਦੀ ਭੀੜ ਦਿਖਾਉਣ ਲਈ ਕਿਉਂਕਿ ਸਿਰਫ਼ ਬਾਹਵਾਂ ਤੇ ਹਥਿਆਰ ਹੀ ਨਜ਼ਰ ਆਉਣੇ ਸਨ, ਬੱਚੇ ਕੀ ਤੇ ਬੁੱਢੇ ਕੀ, ਸਭ ਲਲਕਾਰੇ ਮਾਰਦੇ ਟਕੂਏ ਛਵ੍ਹੀਆਂ ਤੇ ਕਿਰਪਾਨਾਂ ਲਹਿਰਾਉਂਦੇ ਕੈਮਰੇ ਅੱਗਿਓਂ ਲੰਘ ਰਹੇ ਸਨ। ਫਸਾਦਾਂ ਦੇ ਇਨ੍ਹਾਂ ਦ੍ਰਿਸ਼ਾਂ ਦੇ ਫਿਲਮਾਂਕਣ ਸਮੇਂ ਸਹਿਮ ਤੇ ਖੌਫ਼ ਅਜਿਹਾ ਸੀ ਜਿਸ ਤੋਂ ਬਚਣ ਲਈ ਸਭ ਹਾਸੇ ਮਜ਼ਾਕ ਦਾ ਸਹਾਰਾ ਲੈ ਰਹੇ ਸਨ।
ਦਲਜੀਤ ਕੌਰ ਰੰਗਮੰਚ ਤੇ ਰੇਡੀਉ, ਟੀ.ਵੀ. ਦੀ ਉੱਘੀ ਕਲਾਕਾਰ ਹੈ। ਉਹ ਇਸ ਨਾਟਕ ਦੀ ਬੁੱਢੀ ਔਰਤ ਦਾ ਰੋਲ ਨਿਭਾਅ ਰਹੀ ਸੀ। ਬਾਕੀ ਦੋਵੇਂ ਪਾਤਰਾਂ ਨੂੰ ਮੇਕ-ਅੱਪ ਦੀ ਬਹੁਤੀ ਲੋੜ ਨਹੀਂ ਸੀ। ਜਦੋਂ ਮੀਂਹ ਸਾਰਾ ਦਿਨ ਹੀ ਵਰ੍ਹਦਾ ਰਿਹਾ ਤਾਂ ਅਗਲੀ ਸਵੇਰ ਮੇਕਅੱਪਮੈਨ ਦਲਜੀਤ ਕੌਰ ਨੂੰ ਕਹਿਣ ਲੱਗਾ, ‘ਮੈਡਮ, ਤੁਹਾਡੇ ਮੇਕਅਪ ‘ਤੇ ਵਕਤ ਲੱਗੇਗਾ, ਤੁਸੀਂ ਪਹਿਲਾਂ ਮੇਕਅੱਪ ਕਰਵਾ ਲਉ। ਕੀ ਪਤਾ ਕਦੋਂ ਧੁੱਪ ਨਿਕਲ ਆਏ।’ ਦਲਜੀਤ ਕੌਰ ਦੋ ਘੰਟਿਆਂ ਦੇ ਮੇਕ-ਅਪ ਤੋਂ ਬਾਅਦ 70 ਵਰਿ੍ਹਆਂ ਦੀ ਬਿਮਾਰੀ ਨਾਲ ਝੰਬੀ ਬੁੱਢੀ ਔਰਤ ਲੱਗ ਰਹੀ ਸੀ ਪਰ ਸ਼ੂਟਿੰਗ ਅਗਲੇ ਦਿਨ ਸ਼ੁਰੂ ਹੋਈ ਤੇ ਸ਼ੂਟਿੰਗ ਖਤਮ ਹੋਣ ਤੱਕ ਵਿਚਾਰੀ ਨੂੰ ਮੂੰਹ ਤੱਕ ਧੋਣਾ ਨਸੀਬ ਨਾ ਹੋਇਆ। ਆਖਰੀ ਦ੍ਰਿਸ਼ ਵਿਚ ਉਹ ਫਸਾਦੀਆਂ ਨੂੰ ‘ਮੇਰੇ ਪੁੱਤ ਆ ਗਏ, ਮੇਰੇ ਪੁੱਤ ਆ ਗੇ’ ਆਖਦੀ ਹੋਈ ਬਾਹਾਂ ਖਿਲਾਰ ਕੇ ਉਨ੍ਹਾਂ ਵੱਲ ਬੀਹੀ ਵਿਚ ਦੌੜਨ ਲੱਗਦੀ ਹੈ ਪਰ ਫ਼ਸਾਦੀ ਟਕੂਆ ਮਾਰ ਕੇ ਉਹਨੂੰ ਤੜਫਦਿਆਂ ਸੁੱਟ ਜਾਂਦੇ ਹਨ ਅਤੇ ਬੁੱਢੀ ਬੀਹੀ ਵਿਚ ਦਮ ਤੋੜ ਜਾਂਦੀ ਹੈ। ਦੀਨਾ ਲੁਹਾਰ ਘਰੋਂ ਡਰ ਕੇ ਦੌੜਦਾ ਹੋਇਆ ਇਸੇ ਸੰਗਲੀ ਵਿਚ ਅਟਕ ਕੇ ਡਿੱਗ ਪੈਂਦਾ ਹੈ। ਜਦੋਂ ਇਹ ਦ੍ਰਿਸ਼ ਫਿਲਮਾਇਆ ਜਾ ਰਿਹਾ ਸੀ ਤਾਂ ਮੈਂ ਦਲਜੀਤ ਨੂੰ ਸਮਝਾਇਆ ਕਿ ਬੀਹੀ ਪੱਕੀ ਹੈ, ਇਸ ਕਰ ਕੇ ਤੂੰ ਜ਼ੋਰ ਨਾਲ ਨਾ ਡਿੱਗੀਂ, ਕੈਮਰੇ ਦੀ ਸਪੀਡ ਵਧਾ ਕੇ ਸ਼ਾਟ ਲੈ ਲਵਾਂਗੇ, ਤੂੰ ਸਹਿਜ ਨਾਲ ਟਕੂਆ ਵੱਜਣ ਤੋਂ ਬਾਅਦ ਲੇਟ ਜਾਵੀਂ।
ਰਿਹਰਸਲ ਹੋਈ, ਇੱਕੋ ਟੇਕ ਵਿਚ ਉਸ ਨੇ ਡਿੱਗਣਾ ਸੀ ਤੇ ਦੀਨੇ ਲੁਹਾਰ ਨੇ ਦੌੜਦਿਆਂ ਆ ਕੇ ਸੰਗਲੀ ਵਿਚ ਅਟਕਣਾ ਸੀ। ਸੀਨ ਸ਼ੁਰੂ ਹੋਇਆ।੍ਟ ਫ਼ਸਾਦੀ ਦਨਦਨਾਉਂਦੇ ਘੋੜੀਆਂ ‘ਤੇ ਆਏ, ਟਕੂਆ ਲਹਿਰਾਇਆ ਤੇ ਦਲਜੀਤ ਇਸ ਤਰ੍ਹਾਂ ਡਿੱਗੀ ਕਿ ਧੰਮ ਦੀ ਅਵਾਜ਼ ਸੁਣ ਕੇ ਮੈਂ ਆਪ ਤ੍ਰਬਕ ਗਿਆ। ਸੀਨ ਓਕੇ ਹੋਇਆ। ਪਿੰਡ ਵਾਲਿਆਂ ਨੇ ਤਾੜੀਆਂ ਮਾਰੀਆਂ। ਦਲਜੀਤ ਨੂੰ ਸਹਾਰਾ ਦੇ ਕੇ ਉਠਾਉਂਦਿਆਂ ਮੈਂ ਪੁੱਛਿਆ, ‘ਇੰਝ ਡਿੱਗਣ ਦੀ ਕੀ ਲੋੜ ਸੀ?’ ਕਹਿਣ ਲੱਗੀ, ‘ਰਿਹਰਸਲ ਕਰਦਿਆਂ ਮੈਨੂੰ ਸੀਨ ਨਕਲੀ-ਨਕਲੀ ਜਾਪਦਾ ਸੀ ਪਰ ਜਦੋਂ ਘੋੜਿਆਂ ਦੀਆਂ ਟਾਪਾਂ ਤੇ ਫ਼ਸਾਦੀਆਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਇੰਝ ਲੱਗਾ ਜਿਵੇਂ ਮੈਂ ਸੱਚਮੁੱਚ ਮਰਨ ਜਾ ਰਹੀ ਹੋਵਾਂ। ਮੇਰਾ ਸਰੀਰ ਮੇਰਾ ਨਾ ਰਿਹਾ।’ ਸ਼ੁਕਰ ਸੀ ਕਿ ਕਿਸੇ ਨੂੰ ਸੱਟ ਫੇਟ ਨਾ ਲੱਗੀ ਪਰ ਅਜਿਹੇ ਦ੍ਰਿਸ਼ਾਂ ਵਿਚ ਭਾਵੁਕਤਾ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਹਰਪਾਲ ਜਿਸ ਨੇ ਲੁਹਾਰ ਦੀ ਭੂਮਿਕਾ ਨਿਭਾਈ, ਉਸ ਨਾਲ ਮੇਰਾ ਪਹਿਲਾ ਨਾਟਕ ਸੀ ਪਰ ਜਿਸ ਸ਼ਿੱਦਤ ਅਤੇ ਰੂਹ ਨਾਲ ਉਹਨੇ ਕਿਰਦਾਰ ਨਿਭਾਇਆ, ਉਸ ਨਾਲ ਨਾਟਕ ਦਾ ਪ੍ਰਭਾਵ ਹੋਰ ਵੀ ਗੂੜ੍ਹਾ ਹੋ ਗਿਆ।
ਅਕਸਰ ਵਕਤ ਅਤੇ ਸਹੂਲਤਾਂ ਦੀ ਕਮੀ ਕਈ ਵਾਰ ਅਜਿਹਾ ਮਾਹੌਲ ਸਿਰਜ ਦਿੰਦੀ ਹੈ ਕਿ ਜਿਸ ਸਦਕਾ ਅਦਾਕਾਰੀ ਇੰਨੀ ਪ੍ਰਭਾਵਿਤ ਹੋ ਜਾਂਦੀ ਹੈ ਕਿ ਬਾਕੀ ਗੱਲਾਂ ਵਿਸਰ ਜਾਂਦੀਆਂ ਹਨ। ਨਫਰਤ, ਹਿੰਸਾ, ਲੁੱਟਾਂ-ਖੋਹਾਂ ਤੇ ਹੈਵਾਨੀਅਤ ਨੂੰ ਦਰਸਾਉਂਦੀ ‘ਛਵ੍ਹੀਆਂ ਦੀ ਰੁੱਤ’ ਕਹਾਣੀ ਅਜਿਹਾ ਦਸਤਾਵੇਜ਼ ਹੈ ਜੋ ਬਲਦੀਆਂ ਲਾਟਾਂ, ਵਗਦੇ ਲਹੂ ਦੇ ਚੌਹੀਂ ਪਾਸੀਂ ਫੈਲੀ ਮੌਤ ਤੇ ਮਾਤਮ ਵਿਚ ਵੀ ਮਨੁੱਖੀ ਰਿਸ਼ਤਿਆਂ ਤੇ ਮਨੁੱਖਤਾ ਦਾ ਪੱਲਾ ਨਹੀਂ ਛੱਡਦੀ।
ਬੁੱਧ ਨੇ ਕਿਹਾ ਸੀ, ‘ਹਥਿਆਰ ਉਦੋਂ ਖ਼ਤਮ ਹੁੰਦੇ ਹਨ ਜਦੋਂ ਪਿਆਂ-ਪਿਆਂ ਉਹਨਾਂ ਨੂੰ ਜੰਗਾਲ ਲੱਗ ਜਾਵੇ।’ ਪੰਜਾਬ ਦੀਆਂ ਰੁੱਤਾਂ ਵਿਚ ਇੱਕ ਰੁੱਤ ‘ਛਵ੍ਹੀਆਂ ਦੀ ਰੁੱਤ’ ਵੀ ਆਈ ਸੀ ਜਦੋਂ ਲੋਕਾਂ ਨੇ ਹਥਿਆਰ ਹੀ ਬੀਜੇ ਤੇ ਹਥਿਆਰ ਹੀ ਵੱਢੇ ਸਨ।