ਵਿਸ਼ਵ ਦੇ ਮਹਾਨ ਖਿਡਾਰੀ: ਫੁੱਟਬਾਲ ਦਾ ਨੋਬਲ ਲੌਰੀਏਟ ਲਿਓਨਲ ਮੈੱਸੀ

ਪ੍ਰਿੰ. ਸਰਵਣ ਸਿੰਘ
ਲਿਓਨਲ ਮੈੱਸੀ ਨੇ ਫੁੱਟਬਾਲ ਖੇਡਦਿਆਂ ਕਰੋੜਾਂ ਡਾਲਰ ਕਮਾਏ ਤੇ ਕਰੋੜਾਂ ਹੀ ਖਰਚੇ ਹਨ। ਉਹ ਬਿਲੀਅਨੇਅਰ ਅਥਵਾ ਅਰਬਪਤੀ ਹੈ। ਮਾਂ ਦੇ ਪੁੱਤ ਨੇ ਕਮਾਲਾਂ ਕਰ ਦਿੱਤੀਆਂ ਨੇ ਨਾਵਾਂ ਕਮਾਉਣ ਤੇ ਪੁੰਨ ਦਾਨ ਕਰਨ ਦੀਆਂ। ਹਾਲੇ ਕਿਹੜਾ ਬਸ ਹੈ? ਉਹ ਸੈਂਤੀ ਸਾਲਾਂ ਦੀ ਉਮਰੇ ਵੀ ਉਵੇਂ ਹੀ ਖੇਡ ਰਿਹੈ ਜਿਵੇਂ ਸਤਾਈ ਸਾਲਾਂ ਦੀ ਉਮਰੇ ਖੇਡ ਰਿਹਾ ਸੀ।

ਦਰਸ਼ਕ ਐਵੇਂ ਨਹੀਂ ਉਸ ਨੂੰ ਫੁੱਟਬਾਲ ਦਾ ਜਾਦੂਗਰ ਕਹਿੰਦੇ। ਫੁੱਟਬਾਲ ਦੀ ਖੇਡ ਦਾ ਨੋਬੇਲ ਪ੍ਰਾਈਜ਼ ਜਿਹਾ ਵੱਡਾ ਅਵਾਰਡ ਬੈਲਨ ਡੀ ਆਰ ਹੈ ਜੋ ਕਿਸੇ ਫੁੱਟਬਾਲਰ ਨੂੰ ਮਸੀਂ ਨਸੀਬ ਹੁੰਦਾ। ਉਹ ਅਵਾਰਡ ਇਕ ਦੋ ਵਾਰ ਨਹੀਂ, ਲਿਓਨਲ ਆਂਦਰੇ ਮੈੱਸੀ ਨੂੰ 8 ਵਾਰ ਮਿਲ ਚੁੱਕੈ!
ਲੋਕ ਉਹਦਾ ਨਿੱਕਾ ਨਾਂ ‘ਲਿਓ’ ਜਾਂ ‘ਮੈੱਸੀ’ ਲੈਂਦੇ ਹਨ। ਉਹਦਾ ਕੱਦ ਉਸ ਤੋਂ 27 ਸਾਲ ਪਹਿਲਾਂ ਜੰਮੇ ਉਹਦੇ ਮੁਲਕ ਦੇ ਹੀ ਡਿਆਗੋ ਮਾਰਾਡੋਨਾ ਤੋਂ ਭਾਵੇਂ 2 ਇੰਚ ਲੰਮੇਰਾ ਹੈ ਪਰ ਉਸ ਤੋਂ 2 ਸਾਲ ਪਹਿਲਾਂ ਜਨਮੇ ਫੁੱਟਬਾਲ ਦੇ ਸਮਕਾਲੀ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਤੋਂ 7 ਇੰਚ ਛੁਟੇਰਾ ਹੈ। ਮੈੱਸੀ ਦਾ ਕੱਦ ਕੇਵਲ 5 ਫੁੱਟ 7 ਇੰਚ ਹੈ। ਪਰ ਉਹਦੇ ਜੁੱਸੇ `ਚ ਪਤਾ ਨਹੀਂ ਕਿਹੋ ਜਿਹੀਆਂ ਬਿਜਲੀਆਂ ਭਰੀਆਂ ਹੋਈਆਂ ਹਨ ਕਿ ਬਾਲ ਨਾਲ ਏਨਾ ਤੇਜ਼ ਦੌੜਦੈ ਜਿੰਨਾ ਕੋਈ ਹੋਰ ਨਹੀਂ ਦੌੜ ਸਕਦਾ। ਹੋਰ ਤਾਂ ਕੀ, ਬਾਲ ਤੋਂ ਬਿਨਾਂ ਉਹ ਆਪ ਵੀ ਓਨਾ ਤੇਜ਼ ਨਹੀਂ ਦੌੜ ਸਕਦਾ। ਇੰਜ ਲੱਗਦੈ ਜਿਵੇਂ ਬਾਲ ਉਸ ਨੂੰ ਖਿੱਚੀ ਲਈ ਜਾਂਦੀ ਹੋਵੇ!
ਫੋਰਬਸ ਮੈਗਜ਼ੀਨ ਅਨੁਸਾਰ 2009 ਤੋਂ 2014 ਦਰਮਿਆਨ ਮੈੱਸੀ ਵਿਸ਼ਵ ਦਾ ਸਭ ਤੋਂ ਮਹਿੰਗਾ ਫੁੱਟਬਾਲਰ ਰਿਹਾ। 2019 ਤੋਂ 2022 ਤਕ ਉਸ ਨੇ ਸਭ ਤੋਂ ਵੱਧ ਪੈਸੇ ਕਮਾਏ। 2011, 2012 ਤੇ 2023 `ਚ ਉਹ ਦੁਨੀਆ ਦੀਆਂ ਸੌ ਸਿਖਰਲੀਆਂ ਸ਼ਖ਼ਸੀਅਤਾਂ ਵਿਚ ਗਿਣਿਆ ਜਾਂਦਾ ਰਿਹਾ। 2020 ਤੇ 2023 ਦਾ ਉਹ ਲੌਰੀਅਸ ਵਰਲਡ ਸਪੋਰਟਸਮੈਨ ਆਫ਼ ਦਾ ਯੀਅਰ ਐਲਾਨਿਆ ਗਿਆ। ਉਹ ਦੂਜਾ ਫੁੱਟਬਾਲਰ ਹੈ ਜਿਸ ਦੀ ਖੇਡ ਆਮਦਨ ਇਕ ਅਰਬ ਡਾਲਰਾਂ ਤੋਂ ਕਿਤੇ ਵੱਧ ਹੋਈ ਹੈ।
ਗੋਲ ਕਰਨ ਦੀ ਮਸ਼ੀਨ ਕਹੇ ਜਾਂਦੇ ਮੈੱਸੀ ਨੇ 39 ਵਾਰ ਮਸ਼ਹੂਰ ਲਾ ਲੀਗਾ ਖੇਡਦਿਆਂ 474 ਗੋਲ ਕੀਤੇ, 36 ਹੈਟ ਟ੍ਰਿਕ ਮਾਰੇ ਤੇ 18 ਗੋਲ ਕਰਨ `ਚ ਸਹਾਇਕ ਬਣਿਆ। 109 ਗੋਲ ਇੰਟਰਨੈਸ਼ਨਲ ਮੈਚਾਂ ਵਿਚ ਕੀਤੇ। ਉੱਚ ਪੱਧਰ ਦੇ 800 ਤੋਂ ਵੱਧ ਗੋਲ ਕਰਨ ਦਾ ਰਿਕਾਰਡ ਅਜੇ ਵੀ ਉਹਦੇ ਨਾਂ ਹੈ। ਉਹ ਜ਼ਿਆਦਾਤਰ ਖੱਬੇ ਪੈਰ ਦਾ ਡ੍ਰਿਬਲਰ ਹੈ। ਡੀਗੋ ਮਾਰਾਡੋਨਾ ਉਸ ਨੂੰ ਆਪਣਾ ਵਾਰਸ ਕਿਹਾ ਕਰਦਾ ਸੀ। ਉਸ ਦੀ ਕਪਤਾਨੀ `ਚ ਅਰਜਨਟੀਨਾ ਨੇ 2022 ਦਾ ਫੀਫਾ ਵਰਲਡ ਕੱਪ ਜਿੱਤਿਆ ਜਿਸ ਵਿਚ ਉਸ ਦੇ 7 ਗੋਲ ਸਨ। ਉਸ ਨੇ ਵਰਲਡ ਕੱਪਾਂ ਦੇ ਸਭ ਤੋਂ ਵੱਧ 26 ਮੈਚ ਖੇਡੇ ਜੋ ਅਜੇ ਤਕ ਰਿਕਾਰਡ ਹੈ। 2023 ਵਿਚ ਉਸ ਨੂੰ ਅੱਠਵਾਂ ਬੈਲਨ ਡੀ ਓਰ ਅਵਾਰਡ ਮਿਲਿਆ।
ਮੈੱਸੀ ਨੂੰ ਫੁੱਟਬਾਲ ਦੀ ‘ਡ੍ਰਿਬਲਿੰਗ’ ਦਾ ਜਾਦੂਗਰ ਜਿਹਾ ਜਾਂਦਾ ਹੈ ਜਿਵੇਂ ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਸੀ। ਧਿਆਨ ਚੰਦ ਵਾਂਗ ਮੈੱਸੀ ਵੀ ਸਮੱਧਰ ਹੈ। ਛੋਟੇ ਕੱਦ ਦੀ ‘ਸੈਂਟਰ ਆਫ਼ ਗ੍ਰੈਵਟੀ’ ਜ਼ਮੀਨ ਦੇ ਨੇੜੇ ਹੋਣ ਕਰਕੇ ਲੰਮੇਰੇ ਕੱਦ ਦੇ ਮੁਕਾਬਲੇ ‘ਕੁਆਰਡੀਨੇਸ਼ਨ’ ਸੌਖੀ ਹੁੰਦੀ ਹੈ। ਮੈੱਸੀ ਪੰਜ ਛੇ ਖਿਡਾਰੀਆਂ ਨੂੰ ਡ੍ਰਿਬਲਿੰਗ ਦੀ ਚੁਸਤੀ ਨਾਲ ਹੀ ਮਾਤ ਪਾ ਜਾਂਦਾ ਹੈ ਤੇ ਗੋਲ ਦਾਗ ਦਿੰਦਾ ਹੈ। ਉਹ ਵਧੇਰੇ ਗੋਲ ਖੱਬੇ ਪੈਰ ਨਾਲ ਕਰਦਾ ਹੈ। ਕਾਰਨਰ ਦੀਆਂ ਕਿੱਕਾਂ, ਸਿੱਧੀਆਂ ਕਿੱਕਾਂ ਤੇ ਪੈਨਲਟੀ ਕਿੱਕਾਂ ਨਾਲ ਉਸ ਦੇ ਗੋਲ ਸਭ ਤੋਂ ਵੱਧ ਹੋਏ ਹਨ। ਪਾਸ ਦੇ ਕੇ ਵੀ ਉਹ ਹੋਰਨਾਂ ਤੋਂ ਵਧੇਰੇ ਗੋਲ ਕਰਵਾਉਣ `ਚ ਕਾਮਯਾਬ ਰਹਿੰਦਾ ਹੈ।
ਉਸ ਦਾ ਜਨਮ 24 ਜੂਨ 1987 ਨੂੰ ਅਰਜਨਟੀਨਾ ਵਿਖੇ ਰੋਸਾਰੀਓ ਦੇ ਫੁੱਟਬਾਲ ਪ੍ਰੇਮੀ ਜੌਰਜ ਮੈੱਸੀ ਦੇ ਘਰ ਸੇਲੀਆ ਮਾਰੀਆ ਕੁਕਟੀਨੀ ਦੀ ਕੁੱਖੋਂ ਹੋਇਆ। ਜੌਰਜ ਮੈੱਸੀ ਉਦੋਂ ਸਟੀਲ ਫੈਕਟਰੀ ਦਾ ਮੈਨੇਜਰ ਸੀ ਤੇ ਉਹਦੀ ਪਤਨੀ ਸੀਲੀਆ ਮਾਰੀਆ ਮੈਗਨਟ ਬਣਾਉਣ ਵਾਲੀ ਫੈਕਟਰੀ `ਚ ਕੰਮ ਕਰਦੀ ਸੀ। ਉਨ੍ਹਾਂ ਦੇ ਚਾਰ ਬੱਚਿਆਂ ਵਿਚਕਾਰ ਲਿਓ ਤੀਜਾ ਬੱਚਾ ਸੀ। ਉਹ ਤਿੰਨ ਭਰਾ ਹਨ ਤੇ ਇਕ ਭੈਣ। ਜੌਰਜ ਮੈੱਸੀ ਦਾ ਪਿਛੋਕੜ ਸਪੇਨੀ ਮੂਲ ਦੇ ਇਤਾਲਵੀ ਖਿੱਤੇ ਦਾ ਹੈ ਜਿਨ੍ਹਾਂ ਦੀ ਮਾਂ ਬੋਲੀ ਸਪੈਨਿਸ਼ ਹੈ। ਉਹ ਇਟਲੀ ਤੋਂ ਅਰਜਨਟੀਨਾ ਦਾ ਪਰਵਾਸੀ ਬਣਿਆ ਸੀ। ਉਸ ਦੀ ਮਾਂ ਇਟਲੀ ਮੂਲ ਦੀ ਸੀ।
ਅਰਜਨਟੀਨਾ ਵਸਦਿਆਂ ਉਹ ਫੁੱਟਬਾਲ ਦੀ ਖੇਡ ਦੇ ਸ਼ੌਂਕੀ ਬਣ ਗਏ ਜਿਸ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਜਨਮ ਤੋਂ ਹੀ ਫੁੱਟਬਾਲ ਖੇਡਣ ਦਾ ਮਾਹੌਲ ਮਿਲ ਗਿਆ। ਮੈੱਸੀ ਪੈਰਾਂ `ਤੇ ਖੜ੍ਹਾ ਹੋਣ ਸਾਰ ਆਪਣੇ ਵੱਡੇ ਭਰਾਵਾਂ ਵਾਂਗ ਫੁੱਟਬਾਲ ਵੱਲ ਖਿੱਚਿਆ ਗਿਆ। ਉਹ ਨਿੱਕੇ ਪੈਰਾਂ ਨਾਲ ਚੀਜ਼ਾਂ ਵਸਤਾਂ ਰੋੜ੍ਹਨ ਲੱਗਾ ਤੇ ਸਿਰਫ਼ ਚਾਰ ਸਾਲ ਦੀ ਉਮਰ `ਚ ਲੋਕਲ ਕਲੱਬ ਗਰੈਨਡੋਲੀ ਦਾ ਮੈਂਬਰ ਬਣ ਗਿਆ। ਉਹਦੀ ਨਾਨੀ ਉਸ ਨੂੰ ਕਲੱਬ ਲੈ ਜਾਂਦੀ ਅਤੇ ਲਾਗੇ ਬੰਨੇ ਦੇ ਫੁੱਟਬਾਲ ਮੈਚਾਂ `ਚ ਖਿਡਾ ਲਿਆਉਂਦੀ। ਉਸ ਦਾ ਬਾਪ ਜੌਰਜ ਗਾਹੇ ਬਗਾਹੇ ਕੋਚਿੰਗ ਦਿੰਦਾ ਰਹਿੰਦਾ। ਨਾਨੀ ਗੁਜ਼ਰ ਜਾਣ ਪਿੱਛੋਂ ਮੈੱਸੀ ਜਦੋਂ ਗੋਲ ਕਰਦਾ ਹੈ ਤਾਂ ਅਸਮਾਨ ਵੱਲ ਉਂਗਲ ਉਠਾ ਕੇ ਗੋਲ ਆਪਣੀ ਨਾਨੀ ਨੂੰ ਭੇਟ ਕਰਦਾ ਹੈ।
ਕੋਚ ਐਡਰੀਆਂ ਕੋਰੀਆ ਉਹਦੇ ਬਚਪਨ ਬਾਰੇ ਦੱਸਦਾ ਹੈ ਕਿ ਮੈੱਸੀ ਛੇ ਸਾਲ ਦਾ ਸੀ ਜਦੋਂ ਰੋਸਾਰੀਓ ਕਲੱਬ ਦਾ ਮੈਂਬਰ ਬਣਿਆ। 6 ਤੋਂ 12 ਸਾਲ ਦੀ ਉਮਰ ਵਿਚਕਾਰ ਉਸ ਨੇ ਕਲੱਬ ਵੱਲੋਂ 500 ਗੋਲ ਕੀਤੇ ਤੇ ਅਸੀਂ ਉਹਦਾ ਨਾਂ ਉਸ ਦੇ ਜਨਮ ਦਿਵਸ `ਤੇ ‘87 ਦੀ ਮਸ਼ੀਨ’ ਰੱਖ ਲਿਆ। ਉਹ ਨਿੱਕਾ ਹੁੰਦਾ ਹੀ ‘ਬਾਲ ਟ੍ਰਿਕ’ ਵਿਖਾ ਕੇ ਦਰਸ਼ਕਾਂ ਨੂੰ ਦੰਗ ਕਰਦਾ ਰਹਿੰਦਾ ਸੀ। ਪਰ ਕੁਦਰਤ ਵੱਲੋਂ ਉਸ ਨੂੰ ਅਜਿਹੀ ਮਾਰ ਪਈ ਕਿ ਉਹਦਾ ਫੁੱਟਬਾਲ ਕੈਰੀਅਰ ਖ਼ਤਰੇ `ਚ ਪੈ ਗਿਆ। 10 ਸਾਲ ਦੀ ਉਮਰੇ ਉਹ ‘ਗ੍ਰੋਥ ਹਾਰਮੋਨ ਡੈਫੀਸ਼ੈਂਸੀ’ ਦਾ ਰੋਗੀ ਪਾਇਆ ਗਿਆ। ਇਲਾਜ ਲਈ ਮਹੀਨੇ ਦੀ ਥੈਰੇਪੀ ਦਾ ਖਰਚਾ 1000 ਡਾਲਰ ਸੀ ਜੋ ਉਸ ਦੇ ਪਿਤਾ ਦੀ ਆਮਦਨੀ `ਚੋਂ ਮੁਸ਼ਕਲ ਸੀ। ਉਸ ਵੇਲੇ ਨਿਊਵੈੱਲ ਕਲੱਬ ਨੇ ਮਦਦ ਕੀਤੀ ਪਰ ਕਲੱਬ ਲੰਮੇ ਸਮੇਂ ਲਈ ਮਦਦਗਾਰ ਨਾ ਹੋ ਸਕਿਆ।
ਮੈੱਸੀ ਦਾ ਆਦਰਸ਼ ਖਿਡਾਰੀ ਬਿਊਨਿਸ ਏਅਰਜ਼ ਦੇ ‘ਰਿਵਰ ਪਲੇਟ’ ਕਲੱਬ ਦਾ ਪਾਬਲੋ ਐਮਾਰ ਸੀ ਪਰ ਉੁਹ ਬਿਮਾਰੀ ਕਾਰਨ ਰਿਵਰ ਪਲੇਟ ਦਾ ਮੈਂਬਰ ਨਾ ਬਣ ਸਕਿਆ। ਪਾਬਲੋ ਐਮਾਰ ਤੋਂ ਪਿੱਛੋਂ ਉਹ ਬ੍ਰਾਜ਼ੀਲ ਦੇ ਰੋਨਾਲਡੋ ਦਾ ਫੈਨ ਬਣ ਗਿਆ। 13 ਸਾਲ ਦੀ ਉਮਰ ਵਿਚ ਉਹ ਬਾਰਸੀਲੋਨਾ ਦੀ ਯੂਥ ਅਕਾਡਮੀ ‘ਲਾ ਮਾਸੀਆ’ ਵਿਚ ਦਾਖਲ ਹੋ ਗਿਆ ਜਿਸ ਨਾਲ ਉਹਦੀ ਖੇਡ ਵਿਚ ਹੋਰ ਨਿਖਾਰ ਆਉਣ ਲੱਗਾ। ਨਾਲ ਦੀ ਨਾਲ ਉਹ ਗ੍ਰੋਥ ਹਾਰਮੋਨ ਡੈਫੀਸ਼ੈਂਸੀ ਤੋਂ ਵੀ ਮੁਕਤ ਹੋ ਗਿਆ। ਇਕ ਸਾਲ ‘ਲਾ ਮਾਸੀਆ’ ਅਕੈਡਮੀ `ਚ ਟ੍ਰੇਨਿੰਗ ਲੈ ਕੇ ਫਰਵਰੀ 2002 `ਚ ਉਹ ਰਾਇਲ ਸਪੈਨਿਸ਼ ਫੁੱਟਬਾਲ ਫੈਡਰੇਸ਼ਨ ਦਾ ਮੈਂਬਰ ਬਣ ਕੇ ਫੈਡਰੇਸ਼ਨ ਦੀ ਬੀ ਟੀਮ `ਚ ਸ਼ਾਮਲ ਹੋ ਗਿਆ। ਉਥੇ ਉਸ ਨੂੰ ਹੋਰ ਵੀ ਤਕੜੇ ਖਿਡਾਰੀਆਂ ਦੀ ਸੰਗਤ ਮਿਲੀ। 14 ਸਾਲ ਦੀ ਉਮਰ ਵਿਚ ਉਹ ‘ਬੇਬੀ ਡਰੀਮ ਟੀਮ’ ਦਾ ਅੰਗ ਬਣ ਗਿਆ ਜੋ ਬਾਰਸੀਲੋਨਾ ਦੇ ਨਵਯੁਵਕਾਂ ਦੀ ਸਭ ਤੋਂ ਤਕੜੀ ਟੀਮ ਸੀ। 2002-3 ਦੇ ਸੀਜ਼ਨ ਵਿਚ ਉਸ ਨੇ 30 ਮੈਚਾਂ ਵਿਚ 36 ਗੋਲ ਕੀਤੇ ਜੋ ਸਭ ਤੋਂ ਵੱਧ ਸਨ। ਇਕ ਮੈਚ ਵਿਚ ਉਸ ਦੇ ਜਬ੍ਹਾੜੇ ਦੀ ਹੱਡੀ ਕਰੈਕ ਹੋ ਗਈ ਪਰ ਉਹ ਫਿਰ ਵੀ ਖੇਡਦਾ ਰਿਹਾ ਤੇ 10 ਮਿੰਟਾਂ `ਚ ਦੋ ਗੋਲ ਹੋਰ ਕੀਤੇ। ਉਸ ਦੀ ਹੋਣਹਾਰੀ ਨੂੰ ਵੇਖਦਿਆਂ ਵਿਦੇਸ਼ੀ ਕਲੱਬਾਂ ਨੇ ਉਸ ਉਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਪਰ ਉਸ ਨੇ ਬਾਰਸੀਲੋਨਾ ਕਲੱਬ ਨੂੰ ਹੀ ਰੰਗਭਾਗ ਲਾਏ। ਉਸ ਦੀਆਂ ਜਿੱਤਾਂ ਦੇ ਅੰਕੜਿਆਂ `ਤੇ ਝਾਤ ਮਾਰੀਏ ਤਾਂ ਹੈਰਤ ਹੁੰਦੀ ਹੈ ਕਿ 5 ਫੁੱਟ 7 ਇੰਚ ਦਾ ਮਨੁੱਖੀ ਜੁੱਸਾ ਕੀ ਦਾ ਕੀ ਕਰ ਸਕਦਾ ਹੈ!
ਮੈੱਸੀ 17 ਸਾਲਾਂ ਦਾ ਸੀ ਜਦੋਂ ਫੁੱਟਬਾਲ ਕਲੱਬ ਬਾਰਸੀਲੋਨਾ ਵੱਲੋਂ ਖੇਡਣ ਲੱਗਾ। ਉਸ ਕਲੱਬ ਵੱਲੋਂ ਉਸ ਨੇ 2004 ਤੋਂ 2021 ਤਕ 778 ਮੈਚ ਖੇਡੇ ਜਿਨ੍ਹਾਂ `ਚ 672 ਗੋਲ ਕੀਤੇ। 268 ਗੋਲ ਕਰਨ `ਚ ਉਹ ਸਹਾਇਕ ਬਣਿਆ। ਮਾਣ ਸਨਮਾਨ ਵਜੋਂ ਉਸ ਨੂੰ 35 ਖ਼ਿਤਾਬ ਮਿਲੇ। 10 ਵਾਰ ਉਨ੍ਹਾਂ ਦੀ ਟੀਮ ਨੇ ਲਾ ਲੀਗਾ ਟਾਈਟਲ ਜਿੱਤੇ, 7 ਵਾਰ ਕੋਪਾ ਦੈੱਲ ਰੇ, 4 ਵਾਰ ਯੂਈਐੱਫਏ ਚੈਂਪੀਅਨਜ਼ ਲੀਗ, 8 ਸਪੈਨਿਸ਼ ਸੁਪਰ ਕੱਪ, 3 ਯੂਈਐੱਫਏ ਸੁਪਰ ਕੱਪ ਤੇ 3 ਫੀਫਾ ਵਰਲਡ ਕੱਪ ਜਿੱਤੇ। 2021 ਤੋਂ 2023 ਤਕ ਮੈੱਸੀ ਪੈਰਿਸ ਸੇਂਟ-ਜਰਮਨ ਵੱਲੋਂ ਖੇਡਿਆ। ਇਸ ਦੌਰਾਨ ਮੈੱਸੀ ਨੇ 75 ਮੈਚ ਖੇਡੇ, 32 ਗੋਲ ਕੀਤੇ ਤੇ 35 ਗੋਲ ਕਰਨ `ਚ ਸਹਾਇਕ ਬਣਿਆ। ਇਸ ਦੌਰਾਨ ਲੀਗ ਅੱਵਲ ਦੇ 2 ਟਾਈਟਲ ਜਿੱਤੇ। 1 ਟਰਾਫੀ ਦੇਸ਼ਾਂ ਦੇ ਚੈਂਪੀਅਨਜ਼ ਦੀ ਜਿੱਤੀ। 2023 ਤੋਂ ਉਹ ਇੰਟਰ ਮਿਆਮੀ ਵੱਲੋਂ ਖੇਡ ਰਿਹੈ ਜਿਸ ਵੱਲੋਂ ਉਹਦੀਆਂ ਜਿੱਤਾਂ ਦਾ ਦੌਰ ਜਾਰੀ ਹੈ।
ਕਲੱਬਾਂ ਦੇ ਨਾਲ ਨਾਲ ਉਹ ਆਪਣੇ ਮੁਲਕ ਅਰਜਨਟੀਨਾ ਵੱਲੋਂ ਵੀ 2006 ਤੋਂ ਖੇਡਦਾ ਆ ਰਿਹੈ। ਹੁਣ ਤਕ 178 ਤੋਂ ਵੱਧ ਅੰਤਰਾਸ਼ਟਰੀ ਮੈਚ ਖੇਡਦਿਆਂ 106 ਗੋਲਾਂ ਤੋਂ ਵੱਧ ਗੋਲ ਕਰ ਚੁੱਕੈ ਤੇ 53 ਤੋਂ ਵੱਧ ਗੋਲ ਕਰਨ ਵਿਚ ਮਦਦਗਾਰ ਬਣ ਚੁੱਕੈ। ਉਹ ਫੁੱਟਬਾਲ ਦਾ ਸਭ ਤੋਂ ਸਿਖਰਲਾ ਟੂਰਨਾਮੈਂਟ ਫੀਫਾ ਵਰਲਡ ਕੱਪ 2006, 2010, 2014, 2018 ਤੇ 2022 ਪੰਜ ਵਾਰ ਖੇਡ ਚੁੱਕੈ। ਚਾਰ ਸਾਲਾਂ ਬਾਅਦ ਹੁੰਦੇ ਫੀਫਾ ਵਰਲਡ ਕੱਪ 5 ਵਾਰ ਖੇਡਣਾ ਤੇ ਛੇਵੀਂ ਵਾਰ ਖੇਡਣ ਦੀ ਸੰਭਾਵਨਾ ਬਣਾਈ ਰੱਖਣੀ ਸਿਰੇ ਦਾ ਰਿਕਾਰਡ ਹੈ। ਉਹ ਨਾ ਸਿਰਫ਼ 5 ਵਾਰ ਫੀਫਾ ਵਰਲਡ ਕੱਪ ਖੇਡਿਆ ਬਲਕਿ 2022 ਦਾ ਵਰਲਡ ਕੱਪ ਜਿੱਤਿਆ ਵੀ ਹੈ। 2014 ਦੇ ਵਰਲਡ ਕੱਪ `ਚ ਉਨ੍ਹਾਂ ਦੀ ਟੀਮ ਉਪ ਜੇਤੂ ਸੀ। 2021 ਦਾ ਕੋਪਾ ਅਮਰੀਕਾ ਕੱਪ ਵੀ ਜਿੱਤਿਆ ਅਤੇ 2007, 2015 ਤੇ 2016 ਦੇ ਅਮਰੀਕਾ ਕੱਪਾਂ ਦਾ ਉਪ ਜੇਤੂ ਰਿਹਾ। 2008 ਦੀਆਂ ਓਲੰਪਿਕ ਖੇਡਾਂ `ਚੋਂ ਫੁੱਟਬਾਲ ਦਾ ਗੋਲਡ ਮੈਡਲ ਵੀ ਮੈੱਸੀ ਹੋਰਾਂ ਦੀ ਟੀਮ ਅਰਜਨਟੀਨਾ ਨੇ ਜਿੱਤਿਆ ਸੀ।
ਮੈੱਸੀ ਨੂੰ ਮਿਲੇ ਮਾਣ-ਸਨਮਾਨ ਤੇ ਖ਼ਿਤਾਬਾਂ ਦਾ ਕੋਈ ਅੰਤ ਨਹੀਂ। ਫੁੱਟਬਾਲ ਦਾ ਸਭ ਤੋਂ ਵੱਡਾ ਅਵਾਰਡ ਬੈਲਨ ਡੀ ਓਰ ਉਸ ਨੂੰ 22 ਸਾਲ ਦੀ ਚੜ੍ਹਦੀ ਉਮਰੇ 2009 `ਚ ਮਿਲ ਗਿਆ ਸੀ ਜੋ 2010, 2011, 2012, 2015, 2019 ਤੇ 2023 ਵਿਚ ਵੀ ਮਿਲਿਆ। 2009 ਵਿਚ ਉਹ ਫੀਫਾ ਵਰਲਡ ਪਲੇਅਰ ਆਫ਼ ਦਾ ਈਅਰ ਅਵਾਰਡ ਨਾਲ ਸਨਮਾਨਿਆ ਗਿਆ ਸੀ। ਇਕ ਵਾਰ ਫੀਫਾ ਵਰਡਲ ਪਲੇਅਰ ਆਫ਼ ਦਾ ਈਅਰ, ਇਕ ਵਾਰ ਗੋਲਡਨ ਫੁੱਟਬਾਲ ਅਵਾਰਡ, 6 ਵਾਰ ਯੂਰੋਪੀਅਨ ਗੋਲਡਨ ਸ਼ੂ ਅਵਾਰਡ, 3 ਵਾਰ ਯੂਈਐੱਫਏ ਬੈੱਸਟ ਪਲੇਅਰ ਇਨ ਯੂਰਪ ਅਵਾਰਡ ਅਤੇ 2014 ਤੇ 2022 ਵਿਚ ਫੀਫਾ ਵਰਲਡ ਕੱਪ ਗੋਲਡਨ ਬਾਲ ਦੇ ਅਵਾਰਡ ਮਿਲੇ। 8 ਵਾਰ ਲਾਲੀਗਾ ਟਾਪ ਸਕੋਰਰ ਦੀ ਟਰਾਫੀ ਜਿੱਤੀ ਜੋ ਹੁਣ ਤਕ ਦਾ ਰਿਕਾਰਡ ਹੈ। 6 ਵਾਰ ਉਹ ਯੂਈਐੱਫਏ ਚੈਂਪੀਅਨਜ਼ ਲੀਗ ਦਾ ਟਾਪ ਸਕੋਰਰ ਬਣਿਆ। 2021 `ਚ ਕੋਪਾ ਅਮਰੀਕਾ ਦਾ ਬੈੱਸਟ ਪਲੇਅਰ ਐਲਾਨਿਆ ਗਿਆ। ਇਕੋ ਕਲੱਬ ਵੱਲੋਂ 672 ਗੋਲ ਕਰਨ ਦਾ ਰਿਕਾਰਡ ਵੀ ਉਹਦੇ ਨਾਂ ਹੈ ਜੋ ਉਸ ਨੇ ਬਾਰਸੀਲੋਨਾ ਕਲੱਬ ਲਈ ਕੀਤੇ।
ਮੈੱਸੀ ਦਾ ਸੁਪਨਾ ਸੀ ਕਿ ਕਦੇ ਅਰਜਨਟੀਨਾ ਨੂੰ ਫੀਫਾ ਵਰਲਡ ਕੱਪ ਦਾ ਜੇਤੂ ਬਣਾ ਕੇ ਆਪਣੇ ਦੇਸ਼ ਦਾ ਮਾਣ ਰੱਖਿਆ ਜਾਵੇ। ਪਰ ਉਸ ਦਾ ਇਹ ਸੁਫ਼ਨਾ ਸਾਕਾਰ ਨਹੀਂ ਸੀ ਹੋ ਰਿਹਾ। ਆਖ਼ਰ 2022 ਵਿਚ ਕਤਰ `ਚ ਹੋਏ ਫੀਫਾ ਵਰਲਡ ਕੱਪ `ਚ ਉਸ ਨੇ ਆਪਣੇ ਮਨ ਦੀ ਚਿਰੋਕਣੀ ਰੀਝ ਪੂਰੀ ਕੀਤੀ। ਆਪਣੇ ਦੇਸ਼ ਅਰਜਨਟੀਨਾ ਨੂੰ ਵੱਖ-ਵੱਖ ਮੈਚਾਂ `ਚ ਜਿਤਾਉਂਦਿਆਂ ਉਸ ਨੇ 7 ਗੋਲ ਕੀਤੇ ਤੇ 3 ਗੋਲ ਕਰਨ `ਚ ਬਾਲ ਬਣਾ ਕੇ ਦਿੱਤੀ। ਆਖ਼ਰ ਅਰਜਨਟੀਨਾ ਫੁੱਟਬਾਲ ਦਾ ਵਰਲਡ ਕੱਪ ਜਿੱਤ ਗਿਆ। ਲਿਓਨਲ ਮੈੱਸੀ ਨੂੰ ਕਤਰ ਕੱਪ ਦਾ ਸਭ ਤੋਂ ਵਧੀਆ ਖਿਡਾਰੀ ਐਲਾਨਿਆ ਗਿਆ ਤੇ ਉਸ ਨੂੰ ਗੋਲਡਨ ਬਾਲ ਨਾਲ ਨਿਵਾਜਿਆ ਗਿਆ।
2021 ਵਿਚ ਕੋਪਾ ਅਮਰੀਕਾ ਕੱਪ ਜਿੱਤ ਕੇ ਉਸ ਨੇ ਇਕ ਹੋਰ ਵੱਡੀ ਕੌਮਾਂਤਰੀ ਪ੍ਰ੍ਰਾਪਤ ਹਾਸਲ ਕੀਤੀ। ਉਹ ਟੂਰਨਾਮੈਂਟ ਦਾ ਟਾਪ ਸਕੋਰਰ ਤੇ ਸਰਬੋਤਮ ਖਿਡਾਰੀ ਸਿੱਧ ਹੋਇਆ। ਅੱਜ-ਕੱਲ੍ਹ ਉਹ ਇੰਟਰ ਮਿਆਮੀ ਵੱਲੋਂ ਖੇਡ ਰਿਹੈ। ਕਲੱਬ `ਚ ਸ਼ਾਮਲ ਹੁੰਦਿਆਂ ਪਹਿਲੀ ਵਾਰ ਲੀਗਜ਼ ਕੱਪ ਜਿਤਾਇਆ। ਉਹ ਪਕੇਰੀ ਉਮਰੇ ਇਕੋ ਟੂਰਨਾਮੈਂਟ `ਚ 10 ਗੋਲ ਕਰ ਕੇ ਐੱਮਵੀਪੀ ਯਾਨੀ ਸਭ ਤੋਂ ਕੀਮਤੀ ਖਿਡਾਰੀ ਬਣਿਆ। ਉਸ ਦੇ ਰੱਖੇ ਰਿਕਾਰਡਾਂ `ਤੇ ਝਾਤ ਮਾਰੀਏ ਤਾਂ 8 ਵਾਰ ਬੈਲਨ ਡੀ ਓਰ ਅਵਾਰਡ, ਇਕੋ ਸਾਲ 2012 ਵਿਚ 91 ਗੋਲ, ਲਾਲੀਗਾ ਵਿਚ 474 ਗੋਲ। ਯੂਰਪ ਦੇ ਇਕੋ ਸੀਜ਼ਨ 2011-12 `ਚ ਸਭ ਤੋਂ ਵੱਧ 91 ਗੋਲ ਦੇ ਰਿਕਾਰਡ ਅਜੇ ਵੀ ਉਹਦੇ ਨਾਂ ਹਨ।
ਮੈਰੀਡੋਨਾ ਨੇ ਫਰਵਰੀ 2006 ਵਿਚ 18 ਸਾਲ ਦੇ ਮੈੱਸੀ ਨੂੰ ਆਪਣਾ ਵਾਰਸ ਐਲਾਨਿਆ ਸੀ। ਫੀਫਾ ਵਿਸ਼ਵ ਕੱਪ 2018 ਸਮੇਂ ਰੂਸ ਵਿਚ ਮਾਰਾਡੋਨਾ ਤੇ ਮੈੱਸੀ ਦੀਆਂ ਤਸਵੀਰਾਂ ਦੇ ਝੰਡੇ ਲਹਿਰਾਏ ਗਏ ਸਨ। ਉਂਜ 2019 ਤਕ ਅਰਜਨਟੀਨਾ ਵਿਚ ਮਸ਼ਹੂਰੀ ਵਜੋਂ ਮੈੱਸੀ, ਮਾਰਾਡੋਨਾ ਤੋਂ ਪਿੱਛੇ ਸੀ। ਜਿਵੇਂ ਮੁਹੰਮਦ ਅਲੀ ਬਨਾਮ ਜੋਅ ਫਰੇਜ਼ੀਅਰ, ਫੈਡਰਰ ਤੇ ਨਡਾਲ ਅਤੇ ਬੋਰਗ ਤੇ ਮਕੈਨਰੋ ਦੇ ਮੁਕਾਬਲੇ ਚਲਦੇ ਸਨ, ਉਵੇਂ ਰੋਨਾਲਡੋ ਬਨਾਮ ਮੈੱਸੀ ਦੀ ਮਸ਼ਹੂਰੀ ਦੇ ਮੁਕਾਬਲੇ ਚੱਲ ਰਹੇ ਹਨ।
ਮੈੱਸੀ ਦੀ ਸਾਲਾਨਾ ਆਮਦਨ 2024 `ਚ 135 ਮਿਲੀਅਨ ਡਾਲਰ ਅੰਕੀ ਗਈ ਹੈ। ਰੁਪਏ ਆਪੇ ਬਣਾ ਲਓ ਕਿੰਨੇ ਬਣਦੇ ਹਨ? ਨਾਵਾਂ ਤੇ ਨਾਮਣਾ ਕਮਾਉਣ `ਚ ਮੈੱਸੀ ਤੋਂ ਵੱਧ ਬੱਲੇ-ਬੱਲੇ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਨੇ ਕਰਵਾਈ ਹੈ। ਉਸ ਦੀ ਸਾਲਾਨਾ ਆਮਦਨ 260 ਮਿਲੀਅਨ ਡਾਲਰ ਹੈ। ਉਹ ਹੈ ਵੀ ਬਣਦਾ ਤਣਦਾ ਤੇ ਕੱਦ ਕਾਠ ਵੀ ਛੇ ਫੁੱਟ ਤੋਂ ਦੋ ਇੰਚ ਉੱਚਾ ਹੈ। ਉਸ ਨੂੰ ਮਸ਼ਹੂਰੀਆਂ ਵੀ ਵਧੇਰੇ ਮਿਲਦੀਆਂ ਹਨ। ਮੈੱਸੀ ਪੁੰਨ ਦਾਨ ਕਰਨ `ਚ ਦਰਿਆ ਦਿਲ ਹੈ। ਉਸ ਨੇ ਮਾਰਚ 2010 ਤੋਂ ਯੂਨੀਸੈੱਫ ਗੁਡਵਿੱਲ ਅੰਬੈਸਡਰ ਬਣ ਕੇ ਯੂਨੀਸੈੱਫ ਨੂੰ ਮਿਲੀਅਨਜ਼ ਡਾਲਰਾਂ ਦੇ ਫੰਡ, ਆਪਣੀ ਲਿਓ ਮੈੱਸੀ ਫਾਊਂਡੇਸ਼ਨ ਨੂੰ ਫੰਡ ਅਤੇ ਸਿਹਤ ਸੰਭਾਲ, ਸਿੱਖਿਆ ਤੇ ਬੱਚਿਆਂ ਲਈ ਖੇਡਾਂ ਵਾਸਤੇ ਫੰਡ ਦੇਣੇ ਜਾਰੀ ਰੱਖੇ ਹੋਏ ਹਨ। ਰੋਨਾਲਡੋ ਵੀ ਬਥੇਰਾ ਪੁੰਨ ਦਾਨ ਕਰ ਰਿਹੈ। ਉਹ ਮੈੱਸੀ ਨਾਲੋਂ ਦੋ ਸਾਲ ਵੱਡਾ ਹੈ। ਦੋਵੇਂ ਹੀ ਸਰਗਰਮ ਖਿਡਾਰੀ ਹਨ। ਵੇਖਦੇ ਹਾਂ ਉਹ ਕਦੋਂ ਤਕ ਖੇਡਦੇ ਤੇ ਕਦੋਂ ਖੇਡਣ ਤੋਂ ਰਿਟਾਇਰ ਹੁੰਦੇ ਹਨ?