ਡਿੱਗੀ ਪੁੱਟੀਏ

ਬਲਜੀਤ ਬਾਸੀ
ਫੋਨ: 734-259-9353
ਗਰਮੀਆਂ ਸਿਖਰ `ਤੇ ਹੁੰਦੀਆਂ ਸਨ ਤੇ ਮੈਂ ਆਪਣੇ ਭਾਪਾ ਜੀ ਕੋਲ ਹੋਰ ਵੀ ਤੱਤੇ ਸੂਬੇ ਰਾਜਸਥਾਨ ਦੇ ਸ਼ਹਿਰ ਸ੍ਰੀਗੰਗਾਨਗਰ ਛੁੱਟੀਆਂ ਕੱਟਣ ਚਲੇ ਜਾਂਦਾ ਸਾਂ। ਗੰਗਾਨਗਰ ਸ਼ਹਿਰ ਬੀਕਾਨੇਰ ਦੇ ਰਾਜੇ ਗੰਗਾ ਸਿੰਘ ਨੇ ਬਣਵਾਇਆ ਸੀ ਇਸ ਲਈ ਸਤਿਕਾਰ ਵਜੋਂ ਇਸ ਦੇ ਨਾਂ ਅੱਗੇ ਸ੍ਰੀ ਲਗਦਾ ਹੈ।

ਪਹਿਲੀ ਵਾਰੀ ਸੱਠਵਿਆਂ ਦੇ ਸ਼ੁਰੂ ਵਿਚ ਗਿਆ ਤਾਂ ਇਕ ਦਿਨ ਭਾਪਾ ਜੀ ਮੈਨੂੰ ਸ਼ਹਿਰ ਤੋਂ ਕੋਈ ਤਿੰਨ ਕੋਹ `ਤੇ ਨਹਿਰੋ-ਨਹਿਰ ਸਾਈਕਲ `ਤੇ 12ਜ਼ੈਡ ਨਾਂ ਦੇ ਪਿੰਡ ਵਿਚ ਲੈ ਗਏ ਜਿਥੇ ਸਾਡੇ ਪਿੰਡ ਦੇ ਸ਼ਰੀਕੇ ਭਾਈਚਾਰੇ ਵਿਚੋਂ ਇੱਕ ਪਰਿਵਾਰ ਮੁਰੱਬੇ ਲੈ ਕੇ ਵਸਿਆ ਹੋਇਆ ਸੀ। ਪੰਜਾਬ ਦੇ ਪਾਣੀਆਂ ਦੀਆਂ ਨਹਿਰਾਂ ਬਣਾ ਕੇ ਤੇ ਰਾਜਸਥਾਨ ਲਿਜਾ ਕੇ ਜਿਹੜੇ ਨਵੇਂ ਪਿੰਡ ਵਸਾਏ ਗਏ ਉਨ੍ਹਾਂ ਦੇ ਨਾਂਵਾਂ ਨਾਲ ਅੰਕ ਪਿੱਛੋਂ ਅੰਗਰੇਜ਼ੀ ਅੱਖਰ ਲਾਏ ਗਏ। ਇਹ ਰੀਤ ਅੰਗਰੇਜ਼ਾਂ ਨੇ ਸ਼ੁਰੂ ਕੀਤੀ। 12ਜ਼ੈਡ ਵਸੇ ਗਰਾਈਆਂ ਨੇ ਸਾਨੂੰ ਘੜੇ `ਚੋਂ ਕੱਢ ਕੇ ਜਿਹੜਾ ਪਾਣੀ ਪਿਲਾਇਆ ਉਹ ਮੈਨੂੰ ਕੁਝ ਕਿਰਕਿਰਾ ਲੱਗਾ ਪਰ ਮੈਂ ਕੁਸਕਿਆ ਨਾ। ਲੌਢੇ ਵੇਲੇ ਪਿੰਡ ਦਾ ਗੇੜਾ ਮਾਰਨ ਗਏ ਤਾਂ ਜਿਹੜੀ ਖਾਸ ਚੀਜ਼ ਦੇਖੀ ਉਹ ਸੀ ਇੱਕ ਪਾਸੇ ਜਿਹੇ ਕਿੱਕਰਾਂ ਥੱਲੇ ਡਲਕਦਾ ਇੱਕ ਵੱਡਾ ਤਲਾਬ। ਦੱਸਿਆ ਗਿਆ ਕਿ ਇਸ ਤਲਾਬ ਨੂੰ ਏਥੇ ਡਿੱਗੀ ਕਹਿੰਦੇ ਹਨ। ਡਿੱਗੀ ਚੀਜ਼ ਤੇ ਲਫ਼ਜ਼ ਨਾਲ ਇਹ ਮੇਰਾ ਪਹਿਲਾ ਵਾਸਤਾ ਸੀ।
ਏਥੇ ਡਿੱਗੀ ਬਣਦੀ ਹੈ ਪੱਟੇ ਹੋਏ ਥਾਂ ਵਿਚ ਪਾਣੀ ਇਕੱਠਾ ਕਰ ਕੇ, ਆਮ ਤੌਰ `ਤੇ ਨਹਿਰ ਦਾ। ਅੱਜ-ਕ੍ਹਲ ਤਾਂ ਰਾਜਸਥਾਨ ਦੀ ਸਰਕਾਰ ਡਿੱਗੀਆਂ ਦੇ ਨਿਰਮਾਣ ਲਈ ਸਬਸਿਡੀ ਵੀ ਦਿੰਦੀ ਹੈ। ਰਾਜਸਥਾਨ ਤੇ ਇਸ ਨਾਲ ਰੇਤਲੇ ਪੰਜਾਬ ਦੇ ਇਲਾਕੇ ਵਿਚ ਧਰਤੀ ਥੱਲੜਾ ਪਾਣੀ ਕਿੱਥੇ ਹੁੰਦਾ ਹੈ। ਪਤਾ ਲੱਗਾ ਕਿ ਏਥੇ ਮਨੁੱਖ ਤੇ ਪਸ਼ੂ ਏਹੀ ਪਾਣੀ ਵਰਤਦੇ ਹਨ। ਪੀਣ ਲਈ ਘੜੇ ਵਿਚ ਪਾਏ ਪਾਣੀ ਨੂੰ ਫਟਕੜੀ ਪਾ ਕੇ ਸਾਫ਼ ਕੀਤਾ ਜਾਂਦਾ ਹੈ। ਪਹਿਲਾਂ-ਪਹਿਲਾਂ ਬਰਤਾਨਵੀ ਕੰਪਨੀ ਰਾਜ ਦੇ ਸ਼ਾਸਕ ਮਦਰਾਸ ਵਿਚ ਛੱਪੜ ਦਾ ਪਾਣੀ ਪੀਂਦੇ ਰਹੇ ਹਨ। ਸਮੇਂ ਸਮੇਂ ਦੀਆਂ ਗੱਲਾਂ, ਅਸੀਂ ਦੁਆਬੀਏ ਕਿਹੜਾ ਹਮੇਸ਼ਾ ਨਲਕੇ ਦਾ ਪਾਣੀ ਪੀਂਦੇ ਰਹੇ ਹਾਂ। ਬਾਅਦ ਵਿਚ ਅਭਿਗਿਆਨ ਹੋਇਆ ਕਿ ਮੈਂ ਤਾਂ ਅਣਜਾਣ ਹੀ ਰਿਹਾਂ। ਅਸਲ ਵਿਚ ਡਿੱਗੀ ਸ਼ਬਦ ਰਾਜਸਥਾਨ ਤੋਂ ਬਿਨਾਂ ਵੱਧ-ਘੱਟ ਕਰੀਬ ਸਾਰੇ ਉਤਰੀ ਭਾਰਤ ਵਿਚ ਹੀ ਪਾਣੀ ਭੰਡਾਰਨ ਲਈ ਬਣਾਏ ਡਰੰਮ, ਛੱਪੜ, ਵੱਡੇ ਤਲਾਬ ਏਥੋਂ ਤੱਕ ਕਿ ਝੀਲ ਲਈ ਵੀ ਵਰਤਿਆ ਜਾਂਦਾ ਰਿਹਾ ਹੈ। ਕਦੀ ਦਿੱਲੀ ਦੇ ਲਾਲ ਕਿਲ੍ਹੇ ਦੇ ਠੀਕ ਸਾਹਮਣੇ ਵੱਡੀ ਸਾਰੀ ਡਿੱਗੀ ਹੁੰਦੀ ਸੀ। ਬਠਿੰਡੇ ਦੀ ਗੋਲ ਡਿੱਗੀ ਉਪਰ ਗੋਲ ਮਾਰਕਿਟ ਬਣਾ ਦਿੱਤੀ ਗਈ ਹੈ। ਅੰਬਾਲਾ ਵਿਚ ਹਾਲੇ ਵੀ ਕਈ ਡਿੱਗੀਆਂ ਹਨ। ਏਥੇ ਇੱਕ ਪੁਰਾਣੀ ਥੇਹ ਬਣੀ ਡਿੱਗੀ ਦਾ ਕਾਇਆ-ਕਲਪ ਕਰ ਕੇ ਇਸ ਨੂੰ ਸੈਰਗਾਹ ਬਣਾ ਦਿੱਤਾ ਗਿਆ ਹੈ ਤੇ ਲੋਕ ਇਸ ਨੂੰ ਡਿੱਗੀ ਲੇਕ ਕਹਿਣ ਲੱਗ ਪਏ ਹਨ। ਸ਼ਾਇਦ ਏਥੇ ਲੋਕਾਂ ਨੇ ਡਿੱਗੀ ਸ਼ਬਦ ਨੂੰ ਭੁਲਾ ਦਿੱਤਾ ਹੈ ਜਾਂ ਇਸ ਸ਼ਬਦ ਵਿਚੋਂ ਪੁਰਾਤਨਤਾ ਝਲਕਦੀ ਹੈ। ਸ੍ਰੀਨਗਰ ਦੀ ਮਸ਼ਹੂਰ ਝੀਲ ਨੂੰ ਡੱਲ ਲੇਕ ਕਿਹਾ ਜਾਂਦਾ ਹੈ ਹਾਲਾਂਕਿ ਡੱਲ ਦਾ ਅਰਥ ਵੀ ਝੀਲ ਹੀ ਹੁੰਦਾ ਹੈ। ਇਹ ਗੋਰਿਆਂ ਦਾ ਕਾਰਾ ਲਗਦਾ ਹੈ।
ਫਿਰ ਤਾਂ ਮੈਂ ਗੰਗਾਨਗਰ ਸ਼ਹਿਰ ਦੇ ਗੱਭੇ ਵੀ ਇੱਕ ਡਿੱਗੀ ਦੇ ਦਰਸ਼ਨ ਕੀਤੇ। ਹੋਰ ਤਾਂ ਹੋਰ ਸ਼ਾਮ ਨੂੰ ‘ਦੁਧ ਲੇ ਲੋ ਸਰਦਾਰ ਜੇ’ ਪੁਕਾਰਦਾ ਦੋਧੀ ਜਿਹੜਾ ਦੁੱਧ ਦੇਣ ਆਉਂਦਾ ਸੀ ਉਸ ਨੂੰ ਅਸੀਂ ਜਿਸ ਲੰਬੂਤਰੀ ਜਿਹੀ ਸਿਲਵਟ ਦੀ ਕੈਨੀ ਵਿਚ ਪੁਆਉਂਦੇ ਸਾਂ, ਉਸ ਨੂੰ ਵੀ ਡਿੱਗੀ ਕਹਿੰਦੇ ਸਨ। ਅਗਲੇਰੀ ਜ਼ਿੰਦਗੀ ਵਿਚ ਡਿੱਗੀ ਸ਼ਬਦ ਨਾਲ ਕਈ ਸਥਿਤੀਆਂ ਤੇ ਸਥਾਨਾਂ ਵਿਚ ਵਾਹ ਪਿਆ। ਮੇਰੇ ਵੱਡੇ ਭਾਜੀ ਜੰਮੂ ਪੜ੍ਹਾਉਂਦੇ ਸਨ। ਛੁੱਟੀਆਂ ਵਿਚ ਜੰਮੂ ਜਾਣਾ ਤਾਂ ਸਾਡੇ ਭਾਬੀ ਜੀ ਜਿਸ ਟਂੈਕੀ ਵਿਚ ਜ੍ਹਮਾਂ ਪਾਣੀ ਨਾਲ ਕੱਪੜੇ ਧੋਂਦੇ ਸਨ, ਉਸ ਨੂੰ ਉਹ ਡਿੱਗੀ ਆਖਦੇ ਸਨ। ਇੱਕ ਵਾਰੀ ਮੈਂ ਆਪਣੇ ਇੱਕ ਮੋਗਾ ਵਾਸੀ ਦੋਸਤ ਨਾਲ ਮਲੇਸ਼ੀਆ ਗਿਆ। ਉਥੇ ਅਸੀਂ ਉਸ ਦੀ ਕੁਆਲਾਲੰਪੁਰ ਸ਼ਹਿਰ ਰਹਿੰਦੀ ਭੂਆ ਦੇ ਘਰ ਤਿੰਨ-ਚਾਰ ਦਿਨ ਰਹੇ। ਦੋਸਤ ਦਾ ਫੁੱਫੜ ਵੀ ਉਥੇ ਘਰ ਦੇ ਸਿਖਰ `ਤੇ ਲੱਗੀ ਟਾਂਚੀ ਨੂੰ ਡਿੱਗੀ ਕਹੀ ਜਾਵੇ।
ਮੈਂ ਅਟਕਲ ਲਾਉਂਦਾ ਸਾਂ ਕਿ ਡਿੱਗੀ ਉਹ ਖੋਖਲੀ ਜਗਾਹ ਹੈ ਜਿਸ ਵਿਚ ਪਾਣੀ ਡੇਗਿਆ ਜਾਵੇ। ਪਰ ਸ਼ਬਦਾਂ ਦੀ ਵਿਉਤਪਤੀ ਦੇ ਮਾਮਲੇ ਵਿਚ ਅਕਸਰ ਹੀ ਜੋ ਤੁਸੀਂ ਸਿਧੜਾ ਜਿਹਾ ਅਨੁਮਾਨ ਲਾਉਂਦੇ ਹੋ ਉਹ ਗ਼ਲਤ ਸਿੱਧ ਹੋ ਸਕਦਾ ਹੈ। ਦਰਅਸਲ ਡਿੱਗੀ ਸ਼ਬਦ ਲੰਮਾ, ਵੱਡਾ, ਮਹਾਨ ਦੇ ਅਰਥਾਂ ਵਾਲੇ ਦੀਰਘ ਸ਼ਬਦ ਤੋਂ ਨਿਰਮਿਤ ਹੋਇਆ। ਬੋਲਚਾਲ ਦੀ ਭਾਸ਼ਾ ਵਿਚ ਇਹ ਸ਼ਬਦ ਘੱਟ ਹੀ ਵਰਤਿਆ ਜਾਂਦਾ ਹੈ, ਗੁਰਬਾਣੀ ਵਿਚ ਜ਼ਰੂਰ ਹੈ: ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ; ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ-ਗੁਰੂ ਨਾਨਕ; ਆਪਸ ਕਉ ਦੀਰਘ ਕਰਿ ਜਾਨੈ ਅਉਰਨ ਕੋ ਲਗ ਮਾਤ– ਕਬੀਰ। ਦੀਰਘ ਦੀ ਘ ਧੁਨੀ ਹ ਵਿਚ ਬਦਲ ਕੇ ਵਿਸ਼ਾਲ ਕਾਇਆ ਦੇ ਅਰਥਾਂ ਵਾਲਾ ਪ੍ਰਾਕ੍ਰਿਤ ਦਾ ਸ਼ਬਦ ਬਣਿਆ ਦੀਹ, ’ਉਠੇ ਦੀਹ ਦਾਨੋ ਜੁਧੰ ਲੋਹ ਪੂਰੇ’- ਦਸਮ ਗ੍ਰੰਥ। ਦੀਰਘ ਭਾਰੋਪੀ ਖਾਸੇ ਵਾਲਾ ਸ਼ਬਦ ਹੈ ਅਰਥਾਤ ਇਸ ਦੇ ਸਜਾਤੀ ਸ਼ਬਦ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਵੀ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ਹੈ *dlomghos। ਜਿਸ ਤੋਂ ਜਰਮੈਨਿਕ ਤੇ ਲਾਤੀਨੀ ਪਿਛੋਕੜ ਵਾਲੀਆਂ ਭਾਸ਼ਾਵਾਂ ਦੇ ਕਈ ਸ਼ਬਦ ਨਿਕਲੇ ਹਨ। ਪਰ ਸਾਡੇ ਲਈ ਜਾਣਿਆ-ਪਛਾਣਿਆ ਸ਼ਬਦ ਹੈ ਲੰਮਾ ਦੇ ਅਰਥਾਂ ਵਾਲਾ ਅੰਗਰੇਜ਼ੀ ਨਗ, ਜਿਸ ਦਾ ਪੁਰਾਣੀ ਅੰਗਰੇਜ਼ੀ ਵਿਚ ਰੂਪ ਹੁੰਦਾ ਸੀ lang। ਇਸ ਵਿਚ ਡ ਧੁਨੀ ਬਦਲ ਕੇ ਦ ਵਿਚ ਬਦਲ ਗਈ। ਫਾਰਸੀ ਵਿਚ ਬਰਾਸਤਾ ਪਹਿਲ ਵੀ ਦਿਰੰਗ ਸ਼ਬਦ ਬਣਦਾ ਹੈ ਜਿਸ ਵਿਚ ਦੇਰੀ ਦੇ ਭਾਵ ਹਨ। ਇਹ ਸ਼ਬਦ ਉਰਦੂ ਵਿਚ ਵੀ ਆ ਗਿਆ ਹੈ। ਦਿਰੰਗ ਕਰਨਾ, ਮਤਲਬ ਕੁਝ ਕਰਨ ਵਿਚ ਲੰਮਾ ਸਮਾਂ ਲੈਣਾ। ਇਸ ਤੋਂ ਅੱਗੇ ਦਰਾਜ਼ ਸ਼ਬਦ ਬਣਦਾ ਹੈ ਜਿਸ ਵਿਚ ਲੰਮੀ ਦੂਰੀ ਦਾ ਭਾਵ ਹੈ। ਪੰਜਾਬੀ ਵਿਚ ਵੀ ਇਹ ਸ਼ਬਦ ਆਮ ਤੌਰ `ਤੇ ਦੂਰ ਦਰਾਜ਼ ਸ਼ਬਦ ਜੁੱਟ ਵਿਚ ਵਰਤਿਆ ਜਾਂਦਾ ਹੈ ਜਿਵੇਂ ‘ਦੂਰ ਦਰਾਜ਼ ਇਲਾਕੇ’; ਬੱਬੂ ਮਾਨ ਦਾ ਇਕ ਗੀਤ ਹੈ, ‘ਮਿਲਦੀ ਨੀ ਹੁਣ ਉਹ ਦੂਰ ਦਰਾਜ਼ ਹੈ’। ਪਰ ਵਾਰਿਸ ਨੇ ਇਸ ਲਫ਼ਜ਼ ਦੀ ਸੁਤੰਤਰ ਹੈਸੀਅਤ ਵਿਚ ਵੀ ਵਰਤੋਂ ਕੀਤੀ ਹੈ। ਮੁੱਲਾਂ ਰਾਂਝੇ ਨੂੰ ਮਸੀਤ ਵਿਚ ਵਾੜਨ ਤੋਂ ਰੋਕਦਾ ਹੈ,
ਘਰ ਰਬ ਦੇ ਮਸਜਿਦਾਂ ਹੁੰਦੀਆਂ ਨੇ,
ਏਥੇ ਗ਼ੈਰ ਸ਼ਰ੍ਹਾ ਨਾਹੀਂ ਵਾੜੀਏ ਓਇ।
ਕੁੱਤਾ ਅਤੇ ਫ਼ਕੀਰ ਪਲੀਤ ਹੋਵੇ,
ਨਾਲ ਦੁੱਰਿਆਂ ਬੰਨ੍ਹ ਕੇ ਮਾਰੀਏ ਓਇ।
ਤਾਰਕ ਹੋ ਸਲਾਤ ਦਾ ਪਟੇ ਰੱਖੇ,
ਲੱਬਾਂ ਵਾਲਿਆਂ ਮਾਰ ਪਛਾੜਈਏ ਓਇ।
ਨੀਵਾਂ ਕਪੜਾ ਹੋਵੇ ਤਾਂ ਪਾੜ ਸੁੱਟੀਏ,
ਲੱਬਾਂ ਹੋਣ ਦਰਾਜ਼ ਤਾਂ ਸਾੜੀਏ ਓਇ।
ਲੱਬਾਂ ਨੱਕ ਦੇ ਥੱਲੇ ਮੁਛਾਂ ਦੇ ਵਾਲਾਂ ਨੂੰ ਆਖਿਆ ਜਾਂਦਾ ਹੈ। ਇਸਲਾਮ ਵਿਚ ਆਮ ਤੌਰ `ਤੇ ਲੱਬਾਂ ਰੱਖਣ ਦੀ ਮਨਾਹੀ ਹੈ। ਹੋਰ ਦੇਖੋ,
ਭਲਾ ਕਰਦਿਆਂ ਢਿਲ ਨਾ ਮੂਲ ਕਰੀਏ,
ਕਿੱਸਾ ਤੂਲ ਦਰਾਜ਼ ਨਾ ਟੋਰੀਏ ਜੀ।
ਵਾਰਿਸ ਸ਼ਾਹ ਯਤੀਮ ਦੀ ਗ਼ੌਰ ਕਰੀਏ,
ਹੱਥ ਆਜਜ਼ਾਂ ਦੇ ਨਾਲ ਜੋੜੀਏ ਜੀ।
ਏਥੇ ਤੂਲ ਸ਼ਬਦ ਅਰਬੀ ਦਾ ਹੈ ਜਿਸ ਦਾ ਅਰਥ ਵੀ ਦੂਰ ਹੀ ਹੈ। ਸੋ ਤੂਲ ਦਰਾਜ਼ ਸ਼ਬਦ ਜੁੱਟ ਦਾ ਮਤਲਬ ਹੋਇਆ ਲੰਮਾ ਚੌੜਾ।
ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਡਿੱਗੀ, ਜਿਸ ਦੇ ਕਈ ਭਾਸ਼ਾਵਾਂ ਵਿਚ ਰੁਪਾਂਤਰ ਦਿੱਗੀ, ਦੀਗੀ ਵੀ ਮਿਲਦੇ ਹਨ, ਦੀਰਘ ਤੋਂ ਵਿਉਤਪਤ ਹੋਇਆ ਹੈ। ਦੀਰਘ ਤੋਂ ਹੀ ਬਣਿਆ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਦੀਰਘਿਕਾ ਜਿਸ ਦਾ ਅਰਥ ਡਿੱਗੀ ਹੈ। ਪੁਰਾਣਾਂ ਵਿਚ ਇੱਕ ਕਥਾ ਆਉਂਦੀ ਹੈ ਜਿਸ ਦੀ ਇੱਕ ਪਾਤਰ ਦਾ ਨਾਂ ਦੀਰਘਿਕਾ ਹੈ। ਇਸ ਕਥਾ ਤੋਂ ਇਸ ਸ਼ਬਦ ਦੇ ਨਿਰਮਾਣ ਪਿੱਛੇ ਮੁੱਖ ਭਾਵ ਉਜਾਗਰ ਹੁੰਦੇ ਹਨ। ਕਥਾ ਅਨੁਸਾਰ ਬ੍ਰਾਹਮਣ ਪੁੱਤਰੀ ਦੀਰਘਿਕਾ ਬੇਹੱਦ ਕੋਝੀ ਅਤੇ ਆਸਾਧਾਰਨ ਤੌਰ `ਤੇ ਲੰਮੇ ਕੱਦ ਵਾਲੀ ਹੈ। ਸ਼ਾਸਤਰਾਂ ਦੇ ਵਿਧਾਨ ਅਨੁਸਾਰ ਅਜਿਹੀ ਦਰਾਜ਼-ਕੱਦ ਕੰਨਿਆ ਜਿਸ ਮਰਦ ਨਾਲ ਵਿਆਹ ਕਰਵਾਏਗੀ ਉਸ ਦੀ ਛੇ ਮਹੀਨੇ ਦੇ ਅੰਦਰ-ਅੰਦਰ ਮੌਤ ਹੋਣੀ ਤੈਅ ਹੈ। ਉਹ ਪ੍ਰਾਸ਼ਚਿਤ ਵਜੋਂ ਕਈ ਤਪ ਤੇ ਵਰਤ ਕਰਦੀ ਕਰਦੀ ਬੁਢੀ ਹੋ ਜਾਂਦੀ ਹੈ ਤਾਂ ਆਖਿਰ ਇੱਕ ਕੋਹੜੀ ਕੁਝ ਸ਼ਰਤਾਂ ਸਹਿਤ ਉਸ ਨਾਲ ਵਿਆਹ ਕਰ ਲੈਂਦਾ ਹੈ। ਪਤੀ-ਬ੍ਰਤਾ ਦੀਰਘਿਕਾ ਸ਼ਰਤਾਂ ਅਨੁਸਾਰ ਉਸ ਨੂੰ ਸਿਰ `ਤੇ ਚੁੱਕੀ 68 ਤੀਰਥਾਂ ਦੇ ਇਸ਼ਨਾਨ ਕਰਵਾਉਂਦੀ ਹੈ ਜਿਸ ਨਾਲ ਉਸ ਦਾ ਸਰੀਰ ਚਮਕ ਉਠਦਾ ਹੈ ਪਰ ਆਪ ਏਨੇ ਕਸ਼ਟਾਂ ਕਾਰਨ ਕਮਜ਼ੋਰ ਤੋਂ ਕਮਜ਼ੋਰ ਹੋਈ ਜਾਂਦੀ ਹੈ। ਇੱਕ ਰਾਤ ਉਹ ਪਤੀ ਨੂੰ ਚੁੱਕੀ ਡਿਗਦੀ-ਢਹਿੰਦੀ, ਸੁੱਤ-ਉਣੀਂਦੀ ਅਵਸਥਾ ਵਿਚ ਕਿਸੇ ਜੰਗਲ ਵਿਚ ਜਾ ਰਹੀ ਹੁੰਦੀ ਹੈ ਤਾਂ ਹਨੇਰੇ ਵਿਚ ਕਿਸੇ ਸਰਾਪ ਕਾਰਨ ਆਪਣੇ ਆਸ਼ਰਮ ਵਿਚ ਸੂਲੀ `ਤੇ ਟੰਗੇ ਮਾਂਡਵਯਾ ਮੁਨੀ ਨਾਲ ਟਕਰਾ ਜਾਂਦੀ ਹੈ। ਪੀੜ ਨਾਲ ਤੜਪਦੇ ਮੁਨੀ ਨੇ ਉਸ ਨੂੰ ਸਰਾਪ ਦਿੱਤਾ ਕਿ ਉਸ ਦਾ ਪਤੀ ਸਵੇਰੇ ਸੂਰਜ ਚੜ੍ਹਦੇ ਸਾਰ ਹੀ ਕਿਰਨਾਂ ਦੀ ਛੋਹ ਨਾਲ ਮਰ ਜਾਵੇਗਾ। ਪਿਆਸ ਦਾ ਮਾਰਿਆ ਉਸ ਦਾ ਕੋਹੜੀ ਪਤੀ ਪਾਣੀ ਦੀ ਮੰਗ ਕਰਦਾ ਹੈ ਤਾਂ ਦੀਰਿਘਕਾ ਉਥੇ ਹੀ ਧਰਤੀ ਵਿਚ ਪੈਰ ਮਾਰਦੀ ਹੈ। ਕਰੜੇ ਤਪ ਅਤੇ ਸਤ ਕਾਰਨ ਉਸ ਵਿਚ ਏਨੀ ਸ਼ਕਤੀ ਆਈ ਹੁੰਦੀ ਹੈ ਕਿ ਧਰਤੀ `ਚੋਂ ਪਾਣੀ ਫੁੱਟ ਉਠਦਾ ਹੈ। ਏਸੇ ਸ਼ਕਤੀ ਕਾਰਨ ਉਹ ਦੂਜੇ ਦਿਨ ਸੂਰਜ ਨਹੀਂ ਚੜ੍ਹਨ ਦਿੰਦੀ। ਲੰਮਾ ਸਮਾਂ ਹਨੇਰਾ ਰਹਿਣ ਕਾਰਨ ਕਰਮ ਕਾਂਡ ਹੋਣੇ ਬੰਦ ਹੋ ਜਾਂਦੇ ਹਨ, ਹਾਹਾਕਾਰ ਮਚ ਜਾਂਦੀ ਹੈ, ਦੇਵਤੇ ਦੁਖੀ ਹੁੰਦੇ ਹਨ ਤਾਂ ਇੰਦਰ ਦੇਵਤਾ ਸੂਰਜ ਨੂੰ ਉਦੈ ਹੋਣ ਲਈ ਬੇਨਤੀ ਕਰਦਾ ਹੈ। ਪਰ ਦੀਰਘਿਕਾ ਦੇ ਸਰਾਪ ਦਾ ਬੱਧਾ ਸੂਰਜ ਮਜਬੂਰ ਹੈ। ਦੇਵਤੇ ਦੀਰਘਿਕਾ ਕੋਲ ਵਾਸਤਾ ਪਾਉਂਦੇ ਹਨ ਕਿ ਸੂਰਜ ਦੀ ਰੋਸ਼ਨੀ ਬਿਨਾਂ ਦੁਨੀਆ ਵਿਚ ਧਰਮ ਕਰਮ ਨਹੀਂ ਹੋ ਰਹੇ ਇਸ ਲਈ ਆਪਣੇ ਆਦੇਸ਼ ਨਾਲ ਸੂਰਜ ਨੂੰ ਚੜ੍ਹਾ। ਉਹ ਯਕੀਨ ਦਿਵਾਉਂਦੇ ਹਨ ਕਿ ਜੇ ਮਾਂਡਵਯਾ ਦੇ ਸਰਾਪ ਕਾਰਨ ਤੇਰਾ ਪਤੀ ਮਰ ਗਿਆ ਤਾਂ ਅਸੀਂ ਆਪਣੀ ਸ਼ਕਤੀ ਨਾਲ ਜਿਵਾ ਦੇਵਾਂਗੇ। ਦੀਰਘਿਕਾ ਪਸੀਜ ਕੇ ਸੂਰਜ ਨੂੰ ਚੜ੍ਹਨ ਦਿੰਦੀ ਹੈ ਤਾਂ ਉਸਦੇ ਪਤੀ ਦੀ ਮੌਤ ਹੋ ਜਾਂਦੀ ਹੈ ਜਿਸ ਨੂੰ ਦੇਵਤੇ ਜਿਵਾ ਦਿੰਦੇ ਹਨ। ਇਸ ਪਿੱਛੋਂ ਉਸ ਦਾ ਪਤੀ ਵੀ ਤੰਦਰੁਸਤ ਅਤੇ ਜਵਾਨ ਹੋ ਜਾਂਦਾ ਹੈ ਤੇ ਉਹ ਆਪ ਵੀ ਮੁਟਿਆਰ ਤੇ ਸੁੰਦਰ ਹੋ ਜਾਂਦੀ ਹੈ। ਮਾਂਡਵਯਾ ਨੂੰ ਵੀ ਆਪਣੀ ਸੂਲੀ ਤੋਂ ਮੁਕਤੀ ਮਿਲ ਜਾਂਦੀ ਹੈ। ਦੀਰਘਿਕਾ ਜਿਸ ਥਾਂ ਤੋਂ ਪਾਣੀ ਕਢਦੀ ਹੈ ਉਸ ਨੂੰ ਦੀਰਘਕਾ ਕਿਹਾ ਜਾਣ ਲੱਗਾ ਜਿਸ ਵਿਚ ਸ਼ਾਸਤਰਾਂ ਅਨੁਸਾਰ ਇਸ਼ਨਾਨ ਕਰਨ ਦਾ ਬਹੁਤ ਮਹਾਤਮ ਹੈ। ਕਥਾ ਤੋਂ ਸੰਕੇਤ ਮਿਲਦਾ ਹੈ ਕਿ ਤਲਾਬ ਦੇ ਅਰਥ ਦਿੰਦਾ ਦੀਰਘਿਕਾ ਸ਼ਬਦ ਇਕ ਲੰਬੂਤਰੇ ਜਲ ਭੰਡਾਰ ਦਾ ਅਰਥਾਵਾਂ ਹੈ। ਸੰਸਕ੍ਰਿਤ ਵਿਚ ਗੰਗਾ ਦਾ ਇੱਕ ਨਾਂ ਸੁਰ ਦੀਰਘਿਕਾ ਹੈ। ਪੌਰਾਣਿਕ ਮਿਥਾਂ ਵਿਚ ਸ਼ਬਦਾਂ ਦੀ ਮੁਢੀ ਬਾਰੇ ਅਜਿਹੇ ਅਨੇਕਾਂ ਅਖਿਆਨ ਤੇ ਕਥਾਵਾਂ ਮਿਲਦੀਆਂ ਹਨ ਪਰ ਅਸੀਂ ਇਨ੍ਹਾਂ ਵਿਚ ਬਹੁਤਾ ਵਿਸ਼ਵਾਸ ਨਹੀਂ ਕਰਦੇ। ਹਾਂ ਡਿੱਗੀ ਸ਼ਬਦ ਪਿੱਛੇ ਦੀਰਘ ਸ਼ਬਦ ਦੇ ਲੰਮਾ ਚੌੜਾ ਹੋਣ ਦਾ ਭਾਵ ਜ਼ਰੂਰ ਕੰਮ ਕਰ ਰਿਹਾ ਹੈ ਤਤਪਰਜ ਉਹ ਜਲ ਭੰਡਾਰ ਜੋ ਬਹੁਤ ਵਿਸ਼ਾਲ ਹੈ।