ਗੁਲਜ਼ਾਰ ਸਿੰਘ ਸੰਧੂ
ਲਾਹੌਰ ਦਾ ਸ਼ਾਦਮਾਨ ਚੌਕ ਇੱਕ ਵਾਰ ਫੇਰ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ ਹੈ| ਏਥੋਂ ਦੀ ਜੇਲ੍ਹ ਵਿਚ 1931 `ਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਫਾਹੇ ਲਾਏ ਗਏ ਸਨ| ਭਗਤ ਸਿੰਘ ਯਾਦਗਾਰ ਫਾਊਂਡੇਸ਼ਨ ਪਾਕਿਸਤਾਨ ਦੀ ਮੰਗ ਉੱਤੇ ਲਾਹੌਰ ਹਾਈ ਕੋਰਟ ਨੇ 2018 ਵਿਚ ਇਸ ਚੌਕ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ ਉੱਤੇ ਰੱਖਣ ਦੇ ਆਦੇਸ਼ ਦਿੱਤੇ ਸਨ|
ਵਿਰੋਧੀ ਧਿਰ ਨੇ ਅੱਜ ਤੱਕ ਇਸ ਫੈਸਲੇ ਨੂੰ ਲਾਗੂ ਨਹੀਂ ਹੋਣ ਦਿੱਤਾ| ਉਨ੍ਹਾਂ ਦੇ ਦਖਲ ਕਾਰਨ ਉਥੋਂ ਦੀ ਪੰਜਾਬ ਸਰਕਾਰ ਛੇ ਸਾਲਾਂ ਤੋਂ ਇਸ ਅਮਲ ਨੂੰ ਲਟਕਾਉਂਦੀ ਆ ਰਹੀ ਹੈ| ਹੁਣ ਹਾਈ ਕੋਰਟ ਦੇ ਜਸਟਿਸ ਸ਼ਮਸ ਮਹਿਮੂਦ ਮਿਰਜ਼ਾ ਨੇ ਤਾੜਨਾ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਉੱਤੇ ਤੁਰੰਤ ਅਮਲ ਕਰੇ ਅਤੇ ਇਸ ਕੇਸ ਦੀ ਸੁਣਵਾਈ 8 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ| ਏਸ ਲਈ ਕਿ ਇਸ ਤੋਂ ਪਹਿਲਾਂ ਇਸ ਮਸਲੇ ਉੱਤੇ ਪੂਰਾ ਅਮਲ ਹੋ ਸਕੇ| ਇਹ ਗੱਲ ਵੀ ਮਾਣ ਵਾਲੀ ਹੈ ਕਿ ਜਦੋਂ ਲਾਹੌਰ ਵਾਲੀ ਫਾਂਸੀ ਤੋਂ ਪਹਿਲਾਂ ਕਿਸੇ ਨੇ ਭਗਤ ਸਿੰਘ ਦਾ ਪ੍ਰਤੀਕਰਮ ਜਾਨਣਾ ਚਾਹਿਆ ਸੀ ਤਾਂ ਉਸ ਦਾ ਇੱਕ ਸਤਰਾਂ ਉੱਤਰ ਇਹ ਸੀ ‘ਇਸ ਛੋਟੀ ਜਿਹੀ ਜਿੰਦੜੀ ਦਾ ਏਡਾ ਮੁੱਲ ਪਵੇਗਾ ਉਸਨੇ ਕਦੀ ਸੋਚਿਆ ਵੀ ਨਹੀਂ ਸੀ|’ ਪਾਕਿਸਤਾਨੀ ਤੇ ਭਾਰਤੀ ਪੰਜਾਬ ਵਿਚ ਇਹ ਬੋਲ ਅੱਜ ਵੀ ਗੂੰਜ ਰਹੇ ਹਨ|
ਚੌਕ ਦੀ ਨਾਂ ਬਦਲੀ ਦੀਆਂ ਖਬਰਾਂ ਨੇ ਭਗਤ ਸਿੰਘ ਦੀ ਯਾਦ ਨੂੰ ਪਰਨਾਏ ਹੋਰ ਪਿੰਡ, ਸ਼ਹਿਰ ਤੇ ਕਸਬੇ ਵੀ ਚੇਤੇ ਕਰਵਾ ਦਿੱਤੇ ਹਨ| ਉਸਦਾ ਜਨਮ ਪਾਕਿਸਤਾਨ ਦੇ ਲਾਇਲਪੁਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਜੜ੍ਹਾਂਵਾਲਾ ਵਿਚ ਹੋਇਆ ਸੀ| ਏਥੇ ਉਸਦੇ ਦਾਦਾ ਅਰਜਨ ਸਿੰਘ ਨੂੰ ਬਰਤਾਨਵੀ ਹਾਕਮਾਂ ਨੇ 1898 ਵਿਚ 25 ਏਕੜ ਬੰਜਰ ਭੂਮੀ ਆਬਾਦ ਕਰਨ ਲਈ ਦਿੱਤੀ ਸੀ| ਉਨ੍ਹਾਂ ਨੇ ਆਬਾਦ ਕਰਨ ਵਾਲੀ ਭੂਮੀ ਨੂੰ ਖਿੱਤਿਆਂ ਵਿਚ ਵੰਡ ਕੇ ਹਰ ਖਿੱਤੇ ਦਾ ਨੰਬਰ ਰੱਖ ਦਿੱਤਾ ਸੀ| ਜੜ੍ਹਾਂਵਾਲਾ ਚੱਕ ਨੰਬਰ 105 ਹੋ ਗਿਆ| ਅਰਜਨ ਸਿੰਘ ਨੇ ਇਸ ਦਾ ਨਾਂ ਬੰਗਾ ਰੱਖ ਲਿਆ ਜਿਹੜਾ ਉਸਦੇ ਜੱਦੀ ਪੁਸ਼ਤੀ ਪਿੰਡ ਖਟਕੜ ਕਲਾਂ ਦੇ ਨੇੜਲਾ ਕਸਬਾ ਸੀ|
ਉਂਝ ਵੀ ਅਰਜਨ ਸਿੰਘ ਨੇ ਬੰਗਾ ਨੇੜਲੇ ਖੇਤਰ ਨਾਲ ਸਾਂਝ ਬਣਾਈ ਰੱਖਣ ਲਈ ਨੇੜਲੇ ਪਿੰਡ ਮੋਰਾਂਵਾਲੀ ਦੀ ਧੀ ਵਿਦਿਆਵਤੀ ਆਪਣੇ ਬੇਟੇ ਕਿਸ਼ਨ ਸਿੰਘ ਨਾਲ ਵਿਆਹ ਕੇ ਆਪਣੀ ਨੂੰਹ ਰਾਣੀ ਬਣਾ ਲਿਆਂਦੀ ਸੀ| ਸੰਨ ਸੰਤਾਲੀ ਦੀ ਦੇਸ਼ ਵੰਡ ਤੱਕ ਭਗਤ ਸਿੰਘ ਦੇ ਵਡੇਰੇ ਉਥੇ ਹੀ ਰਹੇ| ਓਧਰ ਦੇ ਬੰਗਾ ਵਿਚ|
ਸੰਨ 2017 ਦੇ ਜੂਨ ਮਹੀਨੇ ਮੈਂ ਆਪਣੀ ਪਾਕਿਸਤਾਨ ਫੇਰੀ ਸਮੇਂ ਜੜ੍ਹਾਂਵਾਲਾ ਗਿਆ ਤਾਂ ਇਹ ਵੇਖ ਕੇ ਬੜੀ ਖ਼ੁਸ਼ੀ ਹੋਈ ਕਿ ਪਾਕਿਸਤਾਨ ਸਰਕਾਰ ਨੇ ਉਸ ਦੇ ਜਨਮ ਵਾਲੇ ਕਮਰੇ ਨੂੰ ਉਸਦੇ ਜੀਵਨ ਦੀਆਂ ਤਸਵੀਰਾਂ ਨਾਲ ਸ਼ਿੰਗਾਰਿਆ ਹੋਇਆ ਹੈ ਤੇ ਘਰ ਦੇ ਵਿਹੜੇ ਵਾਲੀ ਉਸ ਬੇਰੀ ਦੀ ਵੀ ਦੇਖਭਾਲ ਕਰਦੀ ਹੈ, ਜਿਸਦੇ ਥੱਲੇ ਭਗਤ ਸਿੰਘ ਆਪਣੇ ਬਚਪਨ ਵਿਚ ਖੇਡਦਾ ਹੁੰਦਾ ਸੀ| ਉਨ੍ਹਾਂ ਨੇ ਸਥਾਨਕ ਸਕੂਲ ਦੇ ਗੇਟ ਉੱਤੇ ਵੀ ਭਗਤ ਸਿੰਘ ਦੀ ਤਸਵੀਰ ਲਾ ਰੱਖੀ ਹੈ|
ਹੁਣ ਜਦੋਂ ਭਗਤ ਸਿੰਘ ਪਰਿਵਾਰ ਦੇ ਸਾਰੇ ਮੈਂਬਰ ਓਧਰੋਂ ਉੱਜੜ ਕੇ ਉਤਰ-ਪ੍ਰਦੇਸ਼ ਜਾ ਵੱਸੇ ਹਨ ਤਾਂ ਏਧਰ ਦੀ ਸਰਕਾਰ ਨੇ ਖਟਕੜ ਕਲਾਂ ਵਿਚ ਸ਼ਹੀਦ ਦੇ ਨਾਂ ਦਾ ਅਜਾਇਬ ਘਰ ਬਣਾ ਲਿਆ ਹੈ ਤੇ ਇਸ ਦੀ ਤਹਿਸੀਲ ਨਵਾਂ ਸ਼ਹਿਰ ਨੂੰ ਜ਼ਿਲ੍ਹੇ ਦਾ ਦਰਜਾ ਦੇ ਕੇ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਦੇ ਦਿੱਤਾ ਹੈ|
ਸ਼ਹੀਦ ਭਗਤ ਸਿੰਘ ਦੀ ਯਾਦ ਨਾਲ ਜੁੜੇ ਸਥਾਨਾਂ ਦਾ ਘੇਰਾ ਸਮੇਂ ਨਾਲ ਹੋਰ ਵੱਡਾ ਹੋ ਰਿਹਾ ਹੈ| ਓਧਰ ਦੇ ਸ਼ਾਦਮਾਨ ਚੌਕ ਤੱਕ ਸੀਮਤ ਨਹੀਂ| ਇਸਦੀ ਭਾਵਨਾ ਅੰਮ੍ਰਿਤਸਰ ਦੀ ਪਵਿੱਤਰ ਭੂਮੀ ਵਿਚ ਮੁੜ ਉੱਭਰ ਆਈ ਹੈ| ਇੱਕ ਨਾਟਕੀ ਅੰਦਾਜ਼ ਵਿਚ| ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਭਾਵਨਾ ਨੇ ਬਰਤਾਨਵੀ ਹਾਕਮਾਂ ਦੀਆਂ ਮਹਿਲਾਵਾਂ ਨੂੰ ਵੀ ਏਨਾ ਉਤੇਜਿਤ ਕੀਤਾ ਸੀ ਕਿ ਉਹ ਅਦਾਲਤ ਦੀ ਕਾਰਵਾਈ ਬਾਰੇ ਪਲ-ਪਲ ਦੀ ਜਾਣਕਾਰੀ ਰੱਖਦੀਆਂ ਸਨ| 30 ਜਨਵਰੀ 1929 ਨੂੰ ਜਦੋਂ ਦੋ ਬਰਤਾਨਵੀ ਜੱਜਾਂ ਨੇ ਇਸ ਕੇਸ ਦੀ ਸੁਣਵਾਈ ਕਰਨੀ ਸੀ ਤਾਂ ਸਰੋਤਿਆਂ ਵਿਚ ਉਨ੍ਹਾਂ ਦੀਆਂ ਬੀਵੀਆਂ ਵੀ ਸਹੇਲੀਆਂ ਨੂੰ ਨਾਲ ਲੈ ਕੇ ਕਚਹਿਰੀ ਪਹੁੰਚੀਆਂ ਹੋਈਆਂ ਸਨ| ਸਹੇਲੀਆਂ ਦੇ ਪਤੀ ਵੀ ਜੱਜ ਸਨ ਭਾਵੇਂ ਉਨ੍ਹਾਂ ਦਾ ਇਸ ਮੁਕੱਦਮੇ ਨਾਲ ਕੋਈ ਸਬੰਧ ਨਹੀਂ ਸੀ| ਉਨ੍ਹਾਂ ਪੰਜਾਂ ਦੀ ਉਤਸੁਕਤਾ ਨੇ ਮੇਰੇ ਪ੍ਰਕਾਸ਼ਕ (ਮਾਲਕ ਲੋਕਗੀਤ ਪ੍ਰਕਾਸ਼ਨ ਤੇ ਯੂਨੀਸਟਾਰ ਬੁੱਕਸ) ਨੂੰ ਨਾਟਕਕਾਰ ਬਣਾ ਦਿੱਤਾ ਹੈ| ਉਸ ਨੇ ਉਨ੍ਹਾਂ ਦੀ ਉਤਸੁਕਤਾ ਨੂੰ ਆਧਾਰ ਬਣਾ ਕੇ ‘ਗੁਨਾਹਗਾਰ’ ਨਾਟਕ ਲਿਖਿਆ ਹੈ ਜਿਹੜਾ ਪ੍ਰਸਿੱਧ ਰੰਗਮੰਚ ਕਰਮੀ ਕੇਵਲ ਧਾਲੀਵਾਲ ਨੇ ਵਿਰਸਾ ਵਿਹਾਰ ਕੇਂਦਰ ਅੰਮ੍ਰਿਤਸਰ ਵਿਚ ਵੀ ਖੇਡਿਆ ਤੇ ਗੁਰਬਖਸ਼ ਸਿੰਘ ਦੇ ਵਸਾਏ ਪ੍ਰੀਤਨਗਰ ਆਡੀਟੋਰੀਅਮ ਵਿਚ ਵੀ|
ਸ਼ਹੀਦ-ਏ-ਆਜ਼ਮ ਭਗਤ ਸਿੰਘ ਜਿੰਦਾਬਾਦ!
ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ
ਮੇਰੀ ਇੱਕ ਮਾਸੀ ਸੁੰਢਰਾਂ ਖੇੜੀ ਦੇ ਨੰਬਰਦਾਰ ਨਿਹਾਲ ਸਿੰਘ ਦੀ ਘਰ ਵਾਲੀ ਸੀ| ਮੈਂ 1951 ਦੀਆਂ ਛੁੱਟੀਆਂ ਸਮੇਂ ਮਹੀਨਾ ਭਰ ਉਸ ਪਿੰਡ ਰਿਹਾ ਸਾਂ| ਮਾਸੜ ਨਿਹਾਲ ਸਿੰਘ ਨੇੜਲੇ ਗੁਰਦੁਆਰਾ ਨਾਢਾ ਸਾਹਿਬ ਦਾ ਸ਼ਰਧਾਲੂ ਸੀ ਤੇ ਸਾਨੂੰ ਤੋਰ ਕੇ ਉਥੇ ਲੈ ਜਾਂਦਾ ਸੀ| ਅਸੀਂ ਘੱਗਰ ਨਦੀ ਪਾਰ ਕਰਨੀ ਹੁੰਦੀ ਸੀ| ਕਦੀ ਪਾਣੀ ਵਾਲੀ ਤੇ ਕਦੀ ਸੁੱਕੀ| ਏਸ ਦੇ ਕੰਢੇ ਵਾਲੇ ਸਥਾਨ ਨੂੰ ਦਸਮ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੈ| ਜੇ ਘੱਗਰ ਚੜ੍ਹਿਆ ਹੁੰਦਾ ਤਾਂ ਮੁਬਾਰਕਪੁਰ ਦੇ ਵਸਨੀਕ ਅੰਬਾਲਾ-ਕਾਲਕਾ ਰੇਲਵੇ ਲਾਈਨ ਦੀ ਪਟੜੀ ਪੈ ਕੇ ਘੱਗਰ ਪਾਰ ਕਰਦੇ ਸਨ| ਉਦੋਂ ਜ਼ੀਰਕਪੁਰ ਵਾਲਾ ਫਲਾਈਓਵਰ ਨਹੀਂ ਸੀ ਬਣਿਆ|
ਇਸ ਪਵਿੱਤਰ ਸਥਾਨ ਵਾਲੇ ਗੁਰਦੁਆਰਾ ਸਾਹਿਬ ਦੀ ਮਹੱਤਤਾ ਦਿਨੋਂ-ਦਿਨ ਵਧ ਰਹੀ ਹੈ| ਸਤੰਬਰ ਮਹੀਨੇ ਦੇ ਦੂਜੇ ਸਪਤਾਹ ਤੋਂ ਏਥੋਂ ਦੇ ਲੋੜਵੰਦ ਸ਼ਰਧਾਲੂਆਂ ਲਈ ਐਂਬੂਲੈਂਸ ਵੀ ਦਾਨ ਹੋ ਚੁੱਕੀ ਹੈ| ਦਾਨ ਕਰਨ ਵਾਲਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹੈ| ਦਾਨ ਕਰਨ ਦੀ ਰਸਮ ਸਮੇਂ ਟਰੱਸਟ ਦੇ ਬਾਨੀ ਐਸ.ਪੀ. ਸਿੰਘ ਓਬਰਾਏ ਨੇ ਇਹ ਵੀ ਐਲਾਨ ਕੀਤਾ ਕਿ ਛੇਤੀ ਏਸ ਸਥਾਨ ਉੱਤੇ ਲੈਬਾਰਟਰੀ, ਡਾਇਗਨੌਸਟਿਕ ਸੈਂਟਰ, ਡੈਂਟਲ ਕਲੀਨਿਕ ਤੇ ਫਿਜ਼ੀਓਥੈਰੇਪੀ ਸੈਂਟਰ ਖੋਲਿ੍ਹਆ ਜਾਵੇਗਾ| ਇਸ ਤੋਂ ਪਹਿਲਾਂ ਵੀ ਏਸ ਟਰਸੱਟ ਵਲੋਂ 51 ਐਂਬੂਲੈਂਸਾਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਭੇਟ ਕੀਤੀਆਂ ਜਾ ਚੁੱਕੀਆਂ ਹਨ| ਐਸ.ਪੀ. ਸਿੰਘ ਵਚਨਾਂ ਦਾ ਪੂਰਾ ਹੈ| ਉਹ ਲੋੜਵੰਦਾਂ ਦੀ ਵਿੱਤੀ ਸਹਾਇਤਾ, ਸਕਿੱਲ ਡਿਵੈਲਪਮੈਂਟ ਸੈਂਟਰ, ਲੈਬਾਰਟਰੀਆਂ ਸਥਾਪਤ ਕਰਨ ਅਤੇ ਡਾਇਲਸਿਸ ਕਿੱਟਾਂ ਦੇਣ ਤੇ ਹੜ੍ਹ ਪੀੜਤਾਂ ਲਈ ਘਰ ਬਣਾ ਕੇ ਦੇਣ ਲਈ ਵੀ ਪ੍ਰਸਿੱਧ ਹੈ| ਉਸ ਦੇ ਐਲਾਨ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਹੋਰਨਾਂ ਨੂੰ ਏਨੀ ਖ਼ੁਸ਼ੀ ਦਿੱਤੀ ਕਿ ਉਨ੍ਹਾਂ ਨੇ ਬਾਨੀ ਓਬਰਾਏ ਦਾ ਵਿਸ਼ੇਸ਼ ਸਨਮਾਨ ਦੁਆਰਾ ਧੰਨਵਾਦ ਕੀਤਾ| ਦਾਨੀ ਹੋਣ ਤਾਂ ਐਸ.ਪੀ. ਸਿੰਘ ਵਰਗੇ!
ਅੰਤਿਕਾ
—ਗੁਰਜੀਤ ਸ਼ੇਖੂਪੁਰੀ—
ਦਾਦਾ ਦੱਸਦਾ ਏ, ਇੱਕ ਮੇਰਾ ਯਾਰ ਗਫ਼ੂਰਾ ਹੁੰਦਾ ਸੀ
ਤੇ ਇਕ ਤੇਲੀ ਕੋਹਲੂ ਵਾਲਾ, ਫ਼ੀਨ੍ਹਾ ਨੂਰਾ ਹੁੰਦਾ ਸੀ
ਚਾਚੀ ਜੈਨਬ ਸਾਰੇ ਪਿੰਡ ਦੇ ਹੀ ਬਾਲਾਂ ਦੀ ਚਾਚੀ ਸੀ
ਕਿੰਨਾ ਓਸ ਸੁਆਣੀ ਅੰਦਰ, ਸਬਰ-ਸਬੂਰਾ ਹੁੰਦਾ ਸੀ
ਅੰਬਰਸਰ ਦੀ ਜੂਹ ਤੋਂ ਤੁਰ ਕੇ, ਫੇਰ ਅਟਾਰੀ ਟੇਸ਼ਣ ਥੀਂ
ਈਚੋਗਿੱਲ, ਲਹੋਰਾਂ ਤੀਕਰ ਗੇੜਾ ਪੂਰਾ ਹੁੰਦਾ ਸੀ
ਜਿੱਦਣ ਪਾਕਿਸਤਾਨ ਸੀ ਬਣਿਆ, ਉਹ ਦਿਨ ਭੁੱਲਿਆਂ ਭੁੱਲਦਾ ਨਈਂ
ਟੁੱਟ ਗਿਆ ਹਰ ਸਾਕ-ਸਕੀਰਾ, ਕਿੰਨਾ ਗੂਹੜਾ ਹੁੰਦਾ ਸੀ।