ਬਾਜਵਾ ਤੇ ਕੈਪਟਨ ਫਿਰ ਆਹਮੋ-ਸਾਹਮਣੇ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਵਿਚਲੀ ਤਿੱਖੀ ਧੜੇਬੰਦੀ ਮੁੜ ਤੇਜ਼ ਹੋ ਗਈ ਹੈ ਜਿਸ ਨੂੰ ਖਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਇਸ ਖਾਨਾਜੰਗੀ ਦਾ ਖਮਿਆਜ਼ਾ ਭੁਗਤ ਚੁੱਕੀ ਹੈ ਪਰ ਪਾਰਟੀ ਦੇ ਸੀਨੀਅਰ ਆਗੂਆਂ ਨੇ ਇਸ ਤੋਂ ਕੋਈ ਸਬਕ ਨਹੀਂ ਸਿੱਖਿਆ ਜਾਪਦਾ। ਪਾਰਟੀ ਹਾਈ ਕਮਾਨ ਸਾਰੇ ਧੜਿਆਂ ਨੂੰ ਨੇੜੇ ਲਿਆਉਣ ਲਈ ਸਿਰ ਤੋੜ ਯਤਨ ਕਰ ਰਹੀ ਹੈ ਪਰ ਇਹ ਖਿਲਾਰਾ ਹੋਰ ਖਿਲਰਦਾ ਜਾ ਰਿਹਾ ਹੈ।
ਇਸ ਵਾਰ ਕਾਂਗਰਸ ਦੀ ਧੜੀਬੰਦੀ 10 ਅਕਤੂਬਰ ਨੂੰ ਹੋਈ ਸੰਗਰੂਰ ਰੈਲੀ ਦੌਰਾਨ ਖੁੱਲ੍ਹ ਕੇ ਸਾਹਮਣੇ ਆਈ। ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਹੀ ਖਹਿਬੜਦੇ ਰਹੇ। ਸੂਤਰਾਂ ਅਨੁਸਾਰ ਕੈਪਟਨ ਨੂੰ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਲਈ ਸਟੇਜ ਉਪਰ ਸੀਟ ਤੈਅ ਨਹੀਂ ਕੀਤੀ ਗਈ ਤਾਂ ਉਨ੍ਹਾਂ ਅਦਾਲਤ ਵਿਚ ਪੇਸ਼ੀ ਦਾ ਬਹਾਨਾ ਲਾ ਕੇ ਸਮਾਗਮ ਵਿਚ ਪਹੁੰਚਣ ਤੋਂ ਇਨਕਾਰ ਕਰ ਦਿੱਤਾ। ਜਦੋਂ ਇਹ ਗੱਲ ਹਾਈ ਕਮਾਂਡ ਕੋਲ ਪੁੱਜੀ ਤਾਂ ਹੰਗਾਮੀ ਹਾਲਤ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਕੌਮੀ ਜਨਰਲ ਸਕੱਤਰ ਸ਼ਕੀਲ ਅਹਿਮਦ ਰੈਲੀ ਤੋਂ ਇਕ ਦਿਨ ਪਹਿਲਾਂ ਸੰਗਰੂਰ ਪੁੱਜੇ ਤੇ ਉਨ੍ਹਾਂ ਖ਼ੁਦ ਕੈਪਟਨ ਨੂੰ ਫੋਨ ਕਰ ਕੇ ਰੈਲੀ ਵਿਚ ਪੁੱਜਣ ਦਾ ਸੱਦਾ ਦਿੱਤਾ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਖੁਸਣ ਤੋਂ ਖਫ਼ਾ ਹਨ। ਹਾਈ ਕਮਾਨ ਨੇ ਬੇਸ਼ੱਕ ਉਨ੍ਹਾਂ ਨੂੰ ਕੇਂਦਰੀ ਕਮੇਟੀ ਵਿਚ ਉਚਾ ਅਹੁਦਾ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਪੰਜਾਬ ਵਿਚ ਆਪਣੇ ਵਿਰੋਧੀ ਧੜੇ ਦੀ ਚੜ੍ਹਤ ਨੂੰ ਬਰਦਾਸ਼ਤ ਨਹੀਂ ਕਰ ਰਹੇ। ਕੈਪਟਨ ਅਮਰਿੰਦਰ ਸਿੰਘ ਪਿਛਲੇ ਸਮੇਂ ਵਿਚ ਸਾਫ਼ ਕਰ ਚੁੱਕੇ ਹਨ ਕਿ ਸ਼ ਬਾਜਵਾ ਦੀਆਂ ਰੈਲੀਆਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਤੇ ਉਹ ਆਪਣੇ ਪੱਧਰ ‘ਤੇ ਹੀ ਲੋਕ ਸਭਾ ਚੋਣਾਂ ਲਈ ਲਾਮਬੰਦੀ ਮੁਹਿੰਮ ਸ਼ੁਰੂ ਕਰਨਗੇ। ਉਹ ਇਹ ਗੱਲ ਹਾਈ ਕਮਾਨ ਨੂੰ ਵੀ ਸਪਸ਼ਟ ਕਰ ਚੁੱਕੇ ਹਨ।
ਉਧਰ, ਹਾਈ ਕਮਾਨ ਪੰਜਾਬ ਕਾਂਗਰਸ ਵਿਚ ਸ਼ੁਰੂ ਹੋਈ ਖਾਨਾਜੰਗੀ ਦੇ ਨਿਬੇੜੇ ਲਈ ਸਰਗਰਮ ਹੋ ਗਈ ਹੈ। ਪਾਰਟੀ ਹਾਈ ਕਮਾਨ ਨੇ ਤਾਲਮੇਲ ਕਮੇਟੀ ਦਾ ਐਲਾਨ ਕੀਤਾ ਹੈ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕੰਮਕਾਰ ਠੀਕ-ਠਾਕ ਚੱਲਣਾ ਯਕੀਨੀ ਬਣਾਏਗੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪ੍ਰਵਾਨਤ ਇਸ ਕਮੇਟੀ ਵਿਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕਨਵੀਨਰ ਲਏ ਗਏ ਹਨ ਤੇ ਸੂਬੇ ਵਿਚੋਂ ਦੋ ਸੀਨੀਅਰ ਨੇਤਾ ਵੀ ਇਸ ਵਿਚ ਸ਼ਾਮਲ ਕੀਤੇ ਗਏ ਹਨ। ਇਹ ਨੇਤਾ ਮਹਿੰਦਰ ਸਿੰਘ ਕੇæਪੀæ ਤੇ ਲਾਲ ਸਿੰਘ ਹਨ। ਕੈਪਟਨ ਅਮਰਿੰਦਰ ਸਿੰਘ ਦਾ ਨਾਮ ਨਾ ਤਾਂ ਇਸ ਕਮੇਟੀ ਵਿਚ ਸ਼ਾਮਲ ਹੈ ਤੇ ਨਾ ਹੀ ਇਸ ਵਿਚ ਸ਼ਾਮਲ ਮੈਂਬਰਾਂ ਵਿਚੋਂ ਕੋਈ ਉਨ੍ਹਾਂ ਦਾ ਨੇੜਲਾ ਜਾਂ ਭਰੋਸੇਮੰਦ ਮੰਨਿਆ ਜਾ ਰਿਹਾ ਹੈ। ਸ਼ ਬਾਜਵਾ ਦੀ ਕਨਵੀਨਰਸ਼ਿਪ ਹੇਠ ਬਣੀ ਛੇ ਮੈਂਬਰੀ ਕਮੇਟੀ ਵਿਚ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਤੇ ਸੂਬੇ ਦੇ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ, ਸਕੱਤਰ ਇੰਚਾਰਜ ਹਰੀਸ਼ ਚੌਧਰੀ, ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ, ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਮੁਖੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਵਿਸ਼ੇਸ਼ ਇਨਵਾਇਟੀ ਮਹਿੰਦਰ ਸਿੰਘ ਕੇæਪੀæ ਤੇ ਸਾਬਕਾ ਮੰਤਰੀ ਲਾਲ ਸਿੰਘ ਸ਼ਾਮਲ ਹਨ। ਲਾਲ ਸਿੰਘ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਮਝੇ ਜਾਂਦੇ ਸਨ।
ਹਾਈ ਕਮਾਂਡ ਵੱਲੋਂ ਇਹ ਤਾਲਮੇਲ ਕਮੇਟੀ ਬਣਾਉਣ ਨਾਲ ਪਾਰਟੀ ਵਿਚ ਨਵੀਂ ਸਫਬੰਦੀ ਵੀ ਸ਼ੁਰੂ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦਾ ਧੜਾ ਹਾਈ ਕਮਾਂਡ ਵੱਲੋਂ ਅਚਨਚੇਤੀ ਪ੍ਰਤਾਪ ਸਿੰਘ ਬਾਜਵਾ ਦੀ ਕਨਵੀਨਰਸ਼ਿਪ ਹੇਠ ਬਣਾਈ ਤਾਲਮੇਲ ਕਮੇਟੀ ਕਾਰਨ ਪੈਦਾ ਹੋਏ ਨਵੇਂ ਹਾਲਾਤ ਦੀ ਪੜਚੋਲ ਕਰ ਰਿਹਾ ਹੈ ਤੇ ਅਗਲੇ ਦਿਨੀਂ ਨਵੇਂ ਸਮੀਕਰਨ ਬਣਨ ਦੇ ਸੰਕੇਤ ਮਿਲੇ ਹਨ। ਇਕ ਧਿਰ ਦਾਅਵਾ ਕਰ ਰਹੀ ਹੈ ਕਿ ਹਾਈ ਕਮਾਂਡ ਨੇ ਤਾਲਮੇਲ ਕਮੇਟੀ ਬਣਾ ਕੇ ਸ਼ ਬਾਜਵਾ ਦੇ ਹੱਥ ਮਜ਼ਬੂਤ ਕੀਤੇ ਹਨ ਤੇ ਕੈਪਟਨ ਨੂੰ ਝਟਕਾ ਦਿੱਤਾ ਹੈ ਜਦੋਂਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਹਾਈ ਕਮਾਂਡ ਨੇ ਸ਼ ਬਾਜਵਾ ਨੂੰ ਬਤੌਰ ਪ੍ਰਧਾਨ ਆਪਣੇ ਪੱਧਰ ‘ਤੇ ਸਾਰੇ ਫੈਸਲੇ ਲੈਣ ਤੋਂ ਰੋਕਣ ਲਈ ਹੀ ਤਾਲਮੇਲ ਕਮੇਟੀ ਬਣਾਈ ਹੈ।
_________________________
ਏਕੇ ਲਈ ਲੰਚ ਡਿਪਲੋਮੇਸੀ
ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਧੜੇਬੰਦੀ ਤੋਂ ਫਿਕਰਮੰਦ ਪਾਰਟੀ ਹਾਈ ਕਮਾਂਡ ਨੂੰ ਸੂਬਾਈ ਆਗੂਆਂ ਦੇ ਮਤਭੇਦ ਖ਼ਤਮ ਕਰਨ ਲਈ ‘ਲੰਚ ਡਿਪਲੋਮੇਸੀ’ (ਦੁਪਹਿਰ ਦੇ ਖਾਣੇ ਦੀ ਸਿਆਸਤ) ਦਾ ਸਹਾਰਾ ਲੈਣਾ ਪਿਆ। ਅਜਿਹਾ ਪਹਿਲਾ ਲੰਚ ਇਥੇ ਪੰਜਾਬ ਮਾਮਲਿਆਂ ਸਬੰਧੀ ਕਾਂਗਰਸ ਦੇ ਇੰਚਾਰਜ ਤੇ ਜਨਰਲ ਸਕੱਤਰ ਸ਼ਕੀਲ ਅਹਿਮਦ ਨੇ ਸ਼ਾਮਕਾਰ ਇੰਡੀਆ ਇਸਲਾਮਿਕ ਸੈਂਟਰ ਵਿਚ ਦਿੱਤਾ। ਇਸ ਮੌਕੇ ਉਹ ਸ਼ਖਸੀਅਤਾਂ ਹਾਜ਼ਰ ਸਨ ਜਿਨ੍ਹਾਂ ਨੂੰ ਸ਼ਾਇਦ ਹੀ ਕਦੇ ਖਾਣੇ ਦੀ ਮੇਜ਼ ਉਤੇ ਇਕੱਠਿਆਂ ਬੈਠਿਆਂ ਦੇਖਿਆ ਗਿਆ ਹੋਵੇ। ਇਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸੀਨੀਅਰ ਸੂਬਾਈ ਆਗੂ ਜਗਮੀਤ ਬਰਾੜ ਵੀ ਸ਼ਾਮਲ ਸਨ।
ਪੰਜਾਬ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ, ਸਾਬਕਾ ਸੂਬਾਈ ਵਰਕਿੰਗ ਪ੍ਰਧਾਨ ਲਾਲ ਸਿੰਘ ਤੇ ਸੀਨੀਅਰ ਦਲਿਤ ਆਗੂ ਸ਼ਮਸ਼ੇਰ ਸਿੰਘ ਦੂਲੋ ਵੀ ਭੋਜ ਵਿਚ ਸ਼ਾਮਲ ਸਨ। ਸ਼ਕੀਲ ਨੇ ਕੁੱਲ ਅੱਠ ਆਗੂਆਂ ਨੂੰ ਸੱਦਿਆ ਸੀ ਤੇ ਇਨ੍ਹਾਂ ਵਿਚੋਂ ਸਿਰਫ ਮਹਿੰਦਰ ਸਿੰਘ ਕੇਪੀ ਹੀ ਨਹੀਂ ਪੁੱਜ ਸਕੇ।
Leave a Reply