ਰਣਧੀਰ ਕਾਲਜ ਉਦਾਸ ਹੈ

ਡਾ ਗੁਰਬਖ਼ਸ਼ ਸਿੰਘ ਭੰਡਾਲ
ਅੱਜ ਕੱਲ੍ਹ ਰਣਧੀਰ ਕਾਲਜ ਬਹੁਤ ਉਦਾਸ ਹੈ। ਇਹ ਉਦਾਸੀ ਉਸ ਦੇ ਗੇਟ `ਤੇ ਉੱਕਰੀ ਹੋਈ। ਇਸ ਦੀ ਪਰਤ ਤੁਸੀਂ ਇਸ ਦੀ ਹਰ ਬਿਲਡਿੰਗ, ਕਮਰਿਆਂ, ਕੈਂਪਸ ਅਤੇ ਖੇਡ ਮੈਦਾਨਾਂ ਵਿਚ ਪ੍ਰਤੱਖ ਦੇਖ ਸਕਦੇ ਹੋ। ਜਦ ਕਿਸੇ ਕਾਲਜ ਦਾ ਵਿਰਸਾ ਉਸ ਤੋਂ ਖੁੱਸ ਜਾਵੇ ਤਾਂ ਉਸ ਦਾ ਉਦਾਸ ਹੋਣਾ ਬਹੁਤ ਸੁਭਾਵਕ ਹੁੰਦਾ। ਇਹ ਉਦਾਸੀ ਫਿਰ ਬਾਹਰੋਂ ਜਦ ਅੰਦਰ ਨੂੰ ਤੁਰਦੀ ਤਾਂ ਬਹੁਤ ਕੁਝ ਅੰਦਰੋਂ ਜਰਜਰੀ ਹੋ ਜਾਂਦਾ। ਫਿਰ ਹੌਲੀ-ਹੌਲੀ ਇਕ ਖ਼ਾਲੀ ਵਜੂਦ ਬੀਤੇ ਦੀ ਯਾਦ ਬਣ ਕੇ ਰਹਿ ਜਾਂਦਾ। ਕੁਝ ਅਜੇਹਾ ਹੀ ਰਣਧੀਰ ਕਾਲਜ ਨਾਲ ਵਾਪਰ ਰਿਹਾ ਹੈ।

ਰਣਧੀਰ ਕਾਲਜ ਨੂੰ ਇਕ ਝਟਕਾ ਉਸ ਸਮੇਂ ਲੱਗਾ ਸੀ ਜਦ ਰਾਜਸੀ ਕਾਰਨਾਂ ਕਰਕੇ ਇਸ ਦਾ ਨਾਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਬਦਲਿਆ ਗਿਆ। ਪਰ ਲੋਕ ਚੇਤਿਆਂ ਵਿਚ ਵਸੇ ਹੋਏ ਨਾਮ ਨੂੰ ਕਦੇ ਲੋਕ ਮਨਾਂ ਵਿਚੋਂ ਨਹੀਂ ਕੱਢਿਆ ਜਾ ਸਕਦਾ। ਰਣਧੀਰ ਕਾਲਜ ਸਿਰਫ਼ ਇਕ ਨਾਮ ਹੀ ਨਹੀਂ ਇਸ ਨਾਲ ਜੁੜੀ ਹੋਈ ਹੈ ਇਕ ਮਹਾਨ ਵਿਰਾਸਤ। ਮਹਾਨ ਵਿਅਕਤੀਆਂ ਦਾ ਇਕ ਵੱਡਾ ਕਾਫ਼ਲਾ ਜਿਨ੍ਹਾਂ ਨੇ ਇਸ ਵਿਚੋਂ ਸਿੱਖਿਆ ਪ੍ਰਾਪਤ ਕਰ ਕੇ ਦੁਨੀਆ ਵਿਚ ਨਾਮ ਕਮਾਇਆ ਅਤੇ ਰਣਧੀਰ ਕਾਲਜ ਦਾ ਨਾਮ ਰੌਸ਼ਨ ਕੀਤਾ। ਕੀ ਨਾਮ ਬਦਲ ਕੇ ਕਿਸੇ ਸੰਸਥਾ ਦੇ ਇਤਿਹਾਸ ਨੂੰ ਮਿਟਾਇਆ ਜਾ ਸਕਦਾ ਹੈ? ਯਾਦ ਰਹੇ ਕਿ ਨਾਮ ਬਦਲਣ ਨਾਲ ਕਿਸੇ ਸੰਸਥਾ ਦਾ ਵਿਕਾਸ ਜਾਂ ਸੁਧਾਰ ਨਹੀਂ ਹੁੰਦਾ। ਇਸ ਦੀ ਗੁਣਵੰਤਾ ਅਤੇ ਸੁਵਿਧਾਵਾਂ ਨੂੰ ਵਧਾਉਣ ਲਈ ਇਸ ਵੱਲ ਤਵੱਜੋ ਦੇਣ ਅਤੇ ਇਸ ਦੀਆਂ ਲੋੜਾਂ ਪੂਰੀਆਂ ਕਰਨ ਦੀ ਤਮੰਨਾ ਅਤੇ ਤਤਪਰਤਾ ਚਾਹੀਦੀ ਹੈ ਜਿਹੜੀ ਅਜੋਕੇ ਸਿਆਸਤਦਾਨਾਂ ਅਤੇ ਸਰਕਾਰ ਦੀ ਨੀਤੀ ਵਿਚ ਹੀ ਨਹੀਂ।
ਕਾਲਜ ਦੇ ਅੰਦਰ ਵੜਦਿਆਂ ਖੱਬੇ ਹੱਥ ਅੰਤਰਰਾਸ਼ਟਰੀ ਪੱਧਰ ਦੀ ਬਾਸਕਟਬਾਲ ਗਰਾਊਂਡ ਉਡੀਕਦੀ-ਉਡੀਕਦੀ ਥੱਕ ਗਈ ਹੈ ਕਿ ਬਾਸਕਟਬਾਲ ਦੀ ਨਵੀਂ ਪਨੀਰੀ ਕਦੋਂ ਇਸ ਗਰਾਊਂਡ ਵਿਚ ਆਵੇਗੀ ਅਤੇ ਕਪੂਰਥਲੇ ਦਾ ਨਾਮ ਬਾਸਕਟ ਬਾਲ ਵਿਚ ਪਹਿਲਾਂ ਵਾਂਗ ਚਮਕਾਵੇਗੀ। ਪਰ ਇਸ ਗਰਾਊਂਡ ਦਾ ਹਉਕਾ ਸੁਣਨ ਦੀ ਤਾਂ ਕਿਸੇ ਕੋਲ ਵਿਹਲ ਹੀ ਨਹੀਂ। ਜਦ ਇਸ ਗਰਾਊਂਡ ਵਿਚ ਬਾਸਕਟਬਾਲ ਦੀ ਬਜਾਏ ਯੋਗਾ ਕਲਾਸਾਂ ਲੱਗਣ ਪੈਣ ਤਾਂ ਗਰਾਊਂਡ ਦੇ ਨੈਣਾਂ ਵਿਚ ਉੱਗੇ ਹੰਝੂਆਂ ਨੂੰ ਕੋਈ ਕਿੰਝ ਰੋਕ ਸਕਦਾ? ਕੀ ਲੱਖਾਂ ਰੁਪਏ ਸਿਰਫ਼ ਇਸ ਕਰਕੇ ਦਾਨੀ ਭੰਡਾਲ ਪਰਿਵਾਰ ਵੱਲੋਂ ਲਗਾਏ ਗਏ ਸਨ? ਬਾਸਕਟਬਾਲ ਖੇਡ ਨੂੰ ਪੂਜਣ ਵਾਲੇ ਅਤੇ ਇਸ ਵਿਚ ਮੱਲ੍ਹਾਂ ਮਾਰਨ ਵਾਲੇ ਪਰਿਵਾਰ ਨੂੰ ਜ਼ਰੂਰ ਆਪਣੇ ਇਸ ਪਰਉਪਕਾਰੀ ਉੱਦਮ `ਤੇ ਹੁਣ ਅਫ਼ਸੋਸ ਹੁੰਦਾ ਹੋਵੇਗਾ। ਕਾਲਜ ਦੀਆਂ ਗਰਾਊਂਡਾਂ ਵਿਚ ਕਦੇ ਖਿਡਾਰੀਆਂ ਦੀਆਂ ਰੌਣਕਾਂ ਹੁੰਦੀਆਂ ਸਨ। ਇਸ ਕਾਲਜ ਨੇ ਬਾਸਕਟਬਾਲ ਸਮੇਤ ਕਬੱਡੀ ਵਿਚ ਅੰਤਰਰਾਸ਼ਟਰੀ ਪੱਧਰ ਦਾ ਨਾਮਣਾ ਖੱਟਿਆ ਸੀ। ਹੁਣ ਖੇਡ ਦੇ ਮੈਦਾਨ ਵੈਰਾਨ ਹਨ ਅਤੇ ਇਨ੍ਹਾਂ ਵਿਚ ਉੱਗਿਆ ਘਾਹ, ਦੇਖਣ ਵਾਲੇ ਦੀ ਅੱਖ ਵਿਚ ਚੀਸ ਧਰ ਜਾਂਦਾ। ਜਦ ਖੇਡ ਮੈਦਾਨ ਨੌਜਵਾਨ ਖਿਡਾਰੀਆਂ ਤੋਂ ਸੱਖਣੇ ਹੋ ਜਾਂਦੇ ਤਾਂ ਜਵਾਨੀ ਨੇ ਨਸ਼ਿਆਂ ਅਤੇ ਗੈਰ-ਸਮਾਜਿਕ ਗਤੀਵਿਧੀਆਂ ਵਿਚ ਖ਼ੁਦ ਨੂੰ ਗਵਾਉਣਾ ਹੀ ਹੁੰਦਾ। ਅਜੇਹਾ ਅਜੋਕੇ ਸਮੇਂ ਵਿਚ ਹੋ ਰਿਹਾ ਹੈ।
ਕਾਲਜ ਦੀ ਤਰਾਸਦੀ ਦੇਖੋ ਕਿ ਇਸ ਦੇ ਇਕ ਪਾਸੇ ਕਦੇ ਇਸੇ ਤੌਰ `ਤੇ ਰਹਿੰਦੇ ਚਾਰ ਦਰਜਾ ਕਰਮਚਾਰੀਆਂ ਨੇ, ਸੇਵਾ ਮੁਕਤੀ ਤੋਂ ਬਾਅਦ ਰਾਜਸੀ ਸ਼ਹਿ `ਤੇ ਆਪਣੇ ਪੱਕੇ ਘਰ ਬਣਾ ਲਏ ਹਨ। ਹੁਣ ਤਾਂ ਧਾਰਮਿਕਤਾ ਦੀ ਆੜ ਲੈਣ ਲਈ ਇਕ ਮੰਦਰ ਬਣਾ ਕੇ ਇਸ ਨੂੰ ਵੱਖਰਾ ਰਸਤਾ ਵੀ ਕਾਲਜ ਦੇ ਪਿਛਵਾੜਿਓਂ ਕੱਢ ਲਿਆ ਹੈ। ਸਰਕਾਰੀ ਜਾਇਦਾਦਾਂ `ਤੇ ਕਬਜ਼ੇ, ਸਰਕਾਰੀ ਜਾਂ ਰਾਜਸੀ ਸ਼ਹਿ `ਤੇ ਹੋਣਾ ਹੁਣ ਆਮ ਹੋ ਗਿਆ ਹੈ। ਕਾਲਜ ਦੇ ਇਕ ਦੋ ਪ੍ਰਿੰਸੀਪਲਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਹ ਕਬਜ਼ੇ ਹਟਾਏ ਜਾਣ ਪਰ ਰਾਜਸੀ ਲੋਕਾਂ ਨੇ ਕੋਈ ਪੇਸ਼ ਨਹੀਂ ਜਾਣ ਦਿੱਤੀ।
ਜੁਬਲੀ ਹਾਲ ਦੀ ਛੱਤ ਵੰਨੀਂ ਅਤੇ ਇਸ ਦੇ ਉੱਡੇ ਹੋਏ ਰੰਗਾਂ, ਉੱਖੜੇ ਪਲੱਸਤਰ ਅਤੇ ਛੱਤ ‘ਤੇ ਉੱਗੇ ਪਿੱਪਲਾਂ ਅਤੇ ਬੋਹੜਾਂ ਵੱਲ ਨਜ਼ਰ ਗਈ ਤਾਂ ਇਉਂ ਜਾਪਿਆ ਕਿ ਤੁਸੀਂ ਤਾਂ ਛਾਵੇਂ ਵੀ ਬੈਠ ਸਕਦੇ ਹੋ। ਪਰ ਕਿਸੇ ਦਾ ਧਿਆਨ ਨਹੀਂ ਕਿ ਛੱਤ ਅਤੇ ਕੰਧਾਂ ਵਿਚਲੇ ਪਿੱਪਲ ਅਤੇ ਬੋਹੜ ਜੁਬਲੀ ਹਾਲ ਨੂੰ ਖੋਖਲਾ ਕਰ ਕੇ, ਇਸ ਦਾ ਮਰਸੀਆ ਪੜ੍ਹਨ ਲਈ ਬਹੁਤ ਕਾਹਲੇ ਨੇ? ਕੀ ਕਾਲਜ ਵਾਲੇ ਇਸ ਦੇ ਢਹਿ-ਢੇਰੀ ਹੋਣ ਦੀ ਉਡੀਕ ਕਰ ਰਹੇ ਹਨ? ਇਹ ਜੁਬਲੀ ਹਾਲ ਜੋ ਇਮਤਿਹਾਨ ਦੇ ਦਿਨਾਂ ਵਿਚ ਮੁੱਖ ਕੇਂਦਰ ਹੁੰਦਾ ਸੀ। ਹਰ ਸਮਾਗਮ ਨਾਲ ਇਸ ਵਿਚ ਰੌਣਕਾਂ ਲੱਗਦੀਆਂ ਸਨ, ਉਹ ਬੇਰੌਣਕੀ ਦੀ ਜੂਨੇ ਪਿਆ, ਖੰਡਰ ਬਣਨ ਲਈ ਕਾਹਲਾ ਹੈ। ਜਸ਼ਨਾਂ ਵਿਚ ਜਸ਼ਨ ਬਣਨ ਵਾਲਾ ਜੁਬਲੀ ਹਾਲ ਮੌਜੂਦਾ ਵੀਰਾਨਗੀ ਵਿਚ ਵੈਰਾਗੀ ਹੰਝੂ ਕੇਰਨ ਜੋਗਾ ਹੀ ਰਹਿ ਗਿਆ ਜਾਪਦਾ।
ਕਾਲਜ ਦੇ ਵਿਹੜੇ ਵਿਚ ਵਿਦਿਆਰਥੀਆਂ ਦੇ ਖਿੜੇ ਤੇ ਹੱਸਦੇ ਚਿਹਰਿਆਂ ਦੀ ਭਰਮਾਰ ਹੁੰਦੀ ਸੀ ਪਰ ਹੁਣ ਤਾਂ ਰੁਆਂਸੇ ਚਿਹਰੇ ਇਸ ਦੀ ਬੇਰੌਣਕੀ ਨੂੰ ਧੁਆਂਖ ਰਹੇ ਹਨ। ਕਲਾਸਾਂ ਲਈ ਕਮਰਿਆਂ ਦੀ ਘਾਟ ਹੁੰਦੀ ਸੀ ਪਰ ਹੁਣ ਖ਼ਾਲੀ ਕਮਰੇ ਵਿਦਿਆਰਥੀਆਂ ਨੂੰ ਉਡੀਕਦੇ ਹਨ। ਕੋਈ ਸਮਾਂ ਸੀ ਕਿ ਰਣਧੀਰ ਕਾਲਜ ਵਿਚ ਦਾਖਲਾ ਲੈਣਾ ਹੀ ਵੱਡੀ ਪ੍ਰਾਪਤੀ ਮੰਨੀ ਜਾਂਦੀ ਸੀ। ਪਰ ਹੁਣ ਕਾਲਜ ਦੇ ਪ੍ਰਬੰਧਕ ਦਾਖ਼ਲੇ ਲਈ ਤਰਲੇ ਲੈ ਰਹੇ ਹਨ। ਇਸ ਦੇ ਕਈ ਕਾਰਨ ਹਨ। ਇਕ ਤਾਂ ਜ਼ਿਆਦਾਤਰ ਵਿਦਿਆਰਥੀਆਂ ਵੱਲੋਂ +2 ਕਰ ਕੇ ਵਿਦੇਸ਼ਾਂ ਵਿਚ ਜਾਣ ਦੇ ਰੁਝਾਨ ਨੇ ਬਹੁਤ ਸਾਰੇ ਕਾਲਜਾਂ ਨੂੰ ਜੰਦਰੇ ਲਗਵਾ ਦਿੱਤੇ ਹਨ। ਦੂਸਰਾ ਕਾਰਨ ਕਾਲਜ ਵਿਚ ਸਥਾਈ ਸਟਾਫ਼ ਦੀ ਘਾਟ ਨੇ ਇਸ ਦੀ ਅਕਾਦਮਿਕਤਾ ਨੂੰ ਖੋਰਾ ਲਾਇਆ ਹੈ। ਕਦੇ ਕਾਲਜ ਵਿਚ 80 ਦੇ ਕਰੀਬ ਸਥਾਈ ਅਧਿਆਪਕ ਸਨ ਅਤੇ ਨਾਨ-ਟੀਚਿੰਗ ਸਟਾਫ਼ ਸਮੇਤ 130 ਦੇ ਲਗਭਗ ਸਟਾਫ਼ ਹੁੰਦਾ ਸੀ। ਅੱਜ-ਕੱਲ੍ਹ ਸਿਰਫ਼ ਦੋ ਸਟਾਫ਼ ਮੈਂਬਰ ਹੀ ਸਥਾਈ ਹਨ। ਬਾਕੀ ਕੁਝ ਪਾਰਟ-ਟਾਈਮ, ਕੁਝ ਗੈਸਟ ਫੈਕਲਟੀ ਅਤੇ ਕੁਝ ਪੀਟੀਏ ਵਿਚ ਰੱਖੇ ਹੋਏ ਅਧਿਆਪਕ ਹਨ। ਕੀ ਅਜੇਹੇ ਅਧਿਆਪਕ ਆਪਣੇ ਅਧਿਆਪਨ ਨਾਲ ਇਨਸਾਫ਼ ਕਰ ਸਕਦੇ ਹਨ, ਜਿਨ੍ਹਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਅਤੇ ਰੋਜ਼ੀ ਰੋਟੀ ਦਾ ਫ਼ਿਕਰ ਹੀ ਹਰ ਵੇਲੇ ਖਾਂਦਾ ਹੋਵੇ। ਦੋ ਪੱਕੇ ਸਟਾਫ਼ ਮੈਂਬਰਾਂ ਵਿਚੋਂ ਇਕ ਕਾਰਜਕਾਰੀ ਪ੍ਰਿੰਸੀਪਲ ਵਜੋਂ ਪ੍ਰਬੰਧਕੀ ਕਾਰਜਾਂ ਵਿਚ ਇੰਨਾ ਰੁੱਝਿਆ ਹੈ ਕਿ ਉਹ ਇਕ ਵੀ ਕਲਾਸ ਨਹੀਂ ਲਾ ਸਕਿਆ। ਅਤੇ ਸਰਕਾਰ ਦੇ ਪ੍ਰਬੰਧ ਦਾ ਇਹ ਹਾਲ ਹੈ ਕਿ ਦੂਸਰਾ ਸਟਾਫ਼ ਮੈਂਬਰ ਤਿੰਨ ਦਿਨ ਇਸ ਕਾਲਜ ਵਿਚ ਪੜ੍ਹਾਉਂਦਾ ਅਤੇ ਤਿੰਨ ਦਿਨ ਕਿਸੇ ਹੋਰ ਕਾਲਜ ਵਿਚ। ਦੱਸੋ ਤਿੰਨ ਦਿਨ ਵਿਦਿਆਰਥੀ ਕੀ ਕਰਨਗੇ? ਕੀ ਇਸ ਤਰ੍ਹਾਂ ਕਾਲਜ ਦਾ ਮਾਹੌਲ ਅਕਾਦਮਿਕ ਰਹਿ ਸਕਦਾ? ਕੀ ਅਧਿਆਪਕ ਆਪਣੀ ਪ੍ਰਤੀਬੱਧਤਾ ਅਤੇ ਸਮਰਪਿਤਾ ਨਾਲ ਇਨਸਾਫ਼ ਕਰ ਸਕਦਾ? ਕੀ ਅਸੀਂ ਨਵੀਂ ਪੀੜ੍ਹੀ ਨਾਲ ਇੰਨਾ ਵੱਡਾ ਧੋਖਾ ਕਰ ਕੇ ਉਨ੍ਹਾਂ ਨੂੰ ਆਪਣੇ ਆਪ ਅਤੇ ਸਮਾਜ ਤੋਂ ਦੂਰ ਕਰ ਕੇ, ਉਨ੍ਹਾਂ ਵਿਚ ਮਾਨਸਿਕ ਵਿਗਾੜ ਤਾਂ ਪੈਦਾ ਨਹੀਂ ਕਰ ਰਹੇ?
ਮੈਂ ਇਸ ਕਾਲਜ ਦਾ ਵਿਦਿਆਰਥੀ ਵੀ ਰਿਹਾ ਅਤੇ 1986 ਤੋਂ 2010 (ਕੁਝ ਸਮਾਂ ਛੱਡ ਕੇ) ਤੱਕ ਇਸ ਕਾਲਜ ਵਿਚ ਪੜ੍ਹਾਉਂਦਾ ਵੀ ਰਿਹਾ। ਪਰ ਅਜੇਹੀ ਤਰਾਸਦੀ ਨੂੰ ਦੇਖ ਕੇ ਮਨ ਬਹੁਤ ਹੀ ਹਤਾਸ਼ ਅਤੇ ਨਿਰਾਸ਼ ਹੈ। ਕਦੇ ਸਾਇੰਸ ਦੀਆਂ ਲੈਬਾਰਟਰੀਆਂ ਵਿਚ ਸਾਰਾ ਦਿਨ ਹੀ ਵਿਦਿਆਰਥੀਆਂ ਦੀ ਗਹਿਮਾ-ਗਹਿਮੀ ਹੁੰਦੀ ਸੀ। ਵਿਦਿਆਰਥੀ ਵਿਗਿਆਨ ਦੇ ਸਿਧਾਂਤਾਂ ਅਤੇ ਵਿਗਿਆਨਕ ਗੁੰਝਲਾਂ ਨੂੰ ਸਮਝਦੇ ਅਤੇ ਆਪਣੇ ਮਨਾਂ ਵਿਚ ਵਿਗਿਆਨਕ ਚੇਤਨਾ ਪੈਦਾ ਕਰਦੇ ਸਨ। ਪ੍ਰੈਪ ਜਾਂ ਪ੍ਰੀ-ਮੈਡੀਕਲ/ਪ੍ਰੀ ਇੰਜੀਨੀਅਰਿੰਗ/ਬੀਐਸਸੀ ਦੀ ਹਰ ਕਲਾਸ ਵਿਚ ਸੌ ਤੋਂ ਜ਼ਿਆਦਾ ਵਿਦਿਆਰਥੀ ਹੁੰਦੇ ਹਨ। ਬੀਐਸਸੀ ਮੈਡੀਕਲ ਅਤੇ ਨਾਨ ਮੈਡੀਕਲ ਵਿਚ ਦਾਖਲ ਹੋਣ ਆਏ ਕਈ ਵਿਦਿਆਰਥੀਆਂ ਨੂੰ ਦਾਖਲਾ ਵੀ ਨਹੀਂ ਸੀ ਮਿਲਦਾ। ਪਰ ਹੁਣ ਸਾਇੰਸ ਵਿਚ ਕੁਲ ਵਿਦਿਆਰਥੀਆਂ ਦੀ ਗਿਣਤੀ ਦਾ ਸੌ ਤੋਂ ਵੀ ਘੱਟ ਹੋਣ ਕਾਰਨ ਸਮਝ ਸਕਦੇ ਹਾਂ ਕਿ ਕਾਲਜ ਵਿਚਲੇ ਸਟਾਫ਼ ਦੀ ਘਾਟ ਨੇ ਕਿਸ ਕਦਰ ਇਸ ਕਾਲਜ ਦੀ ਸ਼ਾਨ ਨੂੰ ਧੁੰਦਲਾ ਕਰ ਦਿੱਤਾ ਹੈ। ਸਾਇੰਸ ਪਾਰਕ ਦੇ ਆਲੇ-ਦੁਆਲੇ ਸਾਡੇ ਸਮਿਆਂ ਦੇ ਲਾਏ ਹੋਏ ਬੂਟੇ ਛਾਵਾਂ ਤਾਂ ਵੰਡ ਰਹੇ ਹਨ ਪਰ ਇਸ ਵਿਚ ਉੱਗੇ ਗੋਡੇ-ਗੋਡੇ ਘਾਹ ਕਾਰਨ ਇਸ ਦੀ ਦਿੱਖ ਪਾਰਕ ਨਹੀਂ ਸਗੋਂ ਘਾਹ ਦਾ ਮੈਦਾਨ ਲੱਗਦੀ ਹੈ। ਇਹੀ ਹਾਲ ਕਾਲਜ ਵਿਚ ਦਾਖਲ ਹੁੰਦਿਆਂ ਪੁਰਾਣੇ ਵਿਦਿਆਰਥੀਆਂ ਵੱਲੋਂ ਬਣਾਏ ਹੋਏ ਪਾਰਕ ਦਾ ਹੈ ਜੋ ਕਦੇ ਖ਼ੂਬਸੂਰਤ ਦਿੱਖ ਨਾਲ ਕਾਲਜ ਵੜਦਿਆਂ ਹਰੇਕ ਦਾ ਸਵਾਗਤ ਕਰਦਾ ਸੀ। ਪਰ ਇਸ ਦੀ ਰੱਖ-ਰਖਾਅ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂ ਸਟਾਫ਼ ਦੀ ਘਾਟ ਹੀ ਅਜੇਹੀ ਬਦਹਾਲੀ ਲਈ ਜ਼ਿੰਮੇਵਾਰ ਹੈ।
ਕਾਲਜ ਦੇ ਯੂ-ਬਲਾਕ ਵਿਚ ਆਰਟਸ ਦੀਆਂ ਅੰਦਾਜ਼ਨ ਸਾਰੀਆਂ ਹੀ ਕਲਾਸਾਂ ਲੱਗਦੀਆਂ ਸਨ। ਇਨ੍ਹਾਂ ਵਿਚ ਵਿਦਿਆਰਥੀਆਂ ਦੀ ਰੌਣਕ ਅਤੇ ਉਨ੍ਹਾਂ ਦੀ ਚਾਲ-ਢਾਲ ਵਿਚ ਜਵਾਨੀ ਦਾ ਜੋਸ਼ ਅਤੇ ਜਨੂੰਨ ਕਮਾਲ ਦਾ ਹੁੰਦਾ ਸੀ। ਜ਼ਿੰਦਗੀ ਵਿਚ ਕੁਝ ਬਣਨ ਦਾ ਚਾਅ ਹੁੰਦਾ ਸੀ। ਮਾਣਮੱਤੇ ਕਵੀ, ਖਿਡਾਰੀ, ਰਾਜਸੀ ਨੇਤਾ, ਆਈਏਐਸ, ਆਈਪੀਐਸ, ਅਫ਼ਸਰ, ਪ੍ਰੋਫੈਸਰ, ਡਾਕਟਰ, ਇੰਜੀਨੀਅਰ, ਵਿਗਿਆਨੀ ਆਦਿ ਪੈਦਾ ਕਰਨ ਵਾਲੀ ਇਹ ਸਰਜ਼ਮੀਨ ਖ਼ੁਦ ਹੀ ਸ਼ਰਮਸਾਰ ਹੈ ਕਿ ਇਹ ਵੀ ਵਕਤ ਆਉਣਾ ਸੀ ਕਿ ਮੈਂ ਆਪਣੀ ਹੋਂਦ ਬਚਾਉਣ ਲਈ ਵੀ ਤਰਲੇ ਲੈਣੇ ਸਨ। ਯੂ ਬਲਾਕ ਦੇ ਕਮਰਿਆਂ ਦੀਆਂ ਪੌੜੀਆਂ `ਤੇ ਪੱਤਿਆਂ ਦੇ ਲੱਗੇ ਹੋਏ ਢੇਰ ਇਹ ਦਰਸਾਉਣ ਲਈ ਕਾਫ਼ੀ ਸਨ ਕਿ ਇਨ੍ਹਾਂ ਕਮਰਿਆਂ ਵਿਚ ਕਲਾਸਾਂ ਲੱਗਣ ਦੀ ਕਦੇ ਨੌਬਤ ਹੀ ਨਹੀਂ ਆਈ।
ਪੰਜਾਬ ਦੇ ਸਰਕਾਰੀ ਕਾਲਜਾਂ ਦੀ ਇਹ ਹਾਲਤ ਅਚਨਚੇਤ ਨਹੀਂ ਹੋਈ ਸਗੋਂ ਇਹ ਬੀਤੇ ਸਮੇਂ ਦੀਆਂ ਸਰਕਾਰਾਂ ਦੀ ਜਾਣ ਬੁੱਝ ਕੇ ਕੀਤੀ ਅਣਦੇਖੀ ਅਤੇ ਲਾਪਰਵਾਹੀ ਹੈ। ਵਿੱਦਿਆ ਦੇਣ ਵਾਲੇ ਪਰ-ਉਪਕਾਰੀ ਕਾਰਜ ਨੂੰ ਕਾਰਪੋਰੇਟਾਂ ਜਾਂ ਆਪਣੇ ਚਹੇਤੇ ਅਦਾਰਿਆਂ ਦੇ ਹਵਾਲੇ ਕੀਤਾ। ਹੁਣ ਤਾਂ ਵਿੱਦਿਆ ਦਾ ਮਿਆਰ ਸਿਰਫ਼ ਇਕ ਦਿਖਾਵਾ ਹੀ ਰਹਿ ਗਿਆ। ਕੋਈ ਸਮਾਂ ਸੀ ਕਿ ਪੰਜਾਬ, ਪੰਜਾਬੀ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਅੰਤਰਰਾਸ਼ਟਰੀ ਪੱਧਰ `ਤੇ ਇਕ ਮਾਣਮੱਤਾ ਨਾਮ ਅਤੇ ਮਿਆਰ ਹੁੰਦਾ ਸੀ। ਹੁਣ ਅਸੀਂ ਥਾਂ-ਥਾਂ `ਤੇ ਪ੍ਰਾਈਵੇਟ ਯੂਨੀਵਰਸਿਟੀਆਂ/ਕਾਲਜ ਸਥਾਪਤ ਕਰ ਕੇ ਇਸ ਦੇ ਅੰਤਰਰਾਸ਼ਟਰੀ ਮਿਆਰ ਨੂੰ ਨੀਵੇਂ ਪੱਧਰ `ਤੇ ਲੈ ਆਂਦਾ ਹੈ। ਜਦ ਅਸੀਂ ਕੁਆਲਿਟੀ ਦੀ ਬਜਾਏ ਗਿਣਤੀ ਵਧਾ ਕੇ ਨਿੱਜੀ ਲਾਭ ਵਧਾਉਣ ਦੀ ਰੁਚੀ ਦੇ ਸ਼ਿਕਾਰ ਹੋ ਜਾਵਾਂਗੇ ਤਾਂ ਇਸ ਦੇ ਮਿਆਰ ਨੂੰ ਉੱਚਾ ਚੁੱਕਿਆ ਹੀ ਨਹੀਂ ਜਾ ਸਕਦਾ।
ਇਹ ਵੀ ਰਣਧੀਰ ਕਾਲਜ ਵਰਗੇ ਹੋਰ ਕਾਲਜਾਂ ਦੀ ਹੋਣੀ ਹੀ ਹੈ ਕਿ ਹੁਣ ਉਨ੍ਹਾਂ ਦਾ ਮਰਸੀਆ ਹੀ ਪੜ੍ਹਨ ਵਾਲਾ ਰਹਿ ਗਿਆ। ਪੰਜਾਬ ਦੇ ਅੱਠ ਵੱਡੇ ਕਾਲਜਾਂ ਨੂੰ ਖ਼ੁਦਮੁਖ਼ਤਿਆਰੀ ਦੇ ਨਾਮ ਹੇਠ, ਪੰਜਾਬ ਦੇ ਵਿੱਦਿਅਕ ਨਿਘਾਰ ਲਈ ਤਾਣਾ-ਬਾਣਾ ਬੁਣਿਆ ਜਾ ਰਿਹਾ ਹੈ। ਖ਼ੁਦ ਮੁਖ਼ਤਿਆਰ ਕਾਲਜਾਂ ਦਾ ਮਿਆਰ ਕੌਣ ਨਿਰਧਾਰਤ ਕਰੇਗਾ? ਵਿੱਦਿਅਕ ਗੁਣਵੰਤਾ ਨੂੰ ਕਿਹੜੇ ਪੈਮਾਨੇ ਰਾਹੀਂ ਮਾਪਿਆ ਜਾਵੇਗਾ? ਇਨ੍ਹਾਂ ਵਿਚ ਦਾਖ਼ਲੇ ਅਤੇ ਅਧਿਆਪਕਾਂ ਦੀ ਭਰਤੀ ਕਿਸ ਆਧਾਰ `ਤੇ ਕੀਤੀ ਜਾਵੇਗੀ? ਬਹੁਤ ਸਾਰੇ ਪ੍ਰਸ਼ਨ ਮਨ ਵਿਚ ਪੈਦਾ ਕਰ ਰਿਹਾ ਹੈ ਸਿੱਖਿਆ ਨੀਤੀ ਦਾ ਇਹ ਰੰਗ।
ਕਦੇ ਆਈਏਐਸ, ਆਈਪੀਐਸ ਵਿਚ ਚੁਣੇ ਗਏ ਅਫ਼ਸਰਾਂ ਦੀ ਲਿਸਟ ਜਾਂ ਆਈਆਈਟੀ, ਆਈਆਈਐਮ ਜਾਂ ਏਮਜ਼ ਵਰਗੇ ਅਦਾਰਿਆਂ ਵਿਚ ਦਾਖ਼ਲੇ ਦੀ ਲਿਸਟ ਵੱਲ ਝਾਤੀ ਮਾਰਨਾ। ਦੁੱਖ ਹੁੰਦਾ ਕਿ ਪੰਜਾਬੀਆਂ ਦੇ ਨਾਮ ਹੁਣ ਗ਼ਾਇਬ ਹੋਣੇ ਸ਼ੁਰੂ ਹੋ ਗਏ। ਕੁਝ ਤਾਂ ਪ੍ਰਵਾਸ ਦੇ ਰੁਝਾਨ ਅਤੇ ਕੁਝ ਵਿੱਦਿਅਕ ਅਦਾਰਿਆਂ ਦੀ ਨਾਕਸ ਪ੍ਰਬੰਧਕੀ ਅਤੇ ਅਕਾਦਮਿਕ ਕਾਰਨਾਂ ਨੇ ਪੰਜਾਬੀਆਂ ਦੇ ਮਨਾਂ ਵਿਚੋਂ ਉਚੇਰੀ ਪੜ੍ਹਾਈ ਦੇ ਰੁਝਾਨ ਨੂੰ ਲਗਭਗ ਖ਼ਤਮ ਹੀ ਕਰ ਦਿੱਤਾ। ਫਿਰ ਸਾਡੇ ਬੱਚੇ ਆਈਏਐਸ ਜਾਂ ਆਈਪੀਐਸ ਕਿਵੇਂ ਬਣਨਗੇ? ਹੁਣ ਤਾਂ ‘ਕੋਈ ਹਰਿਆ ਬੂਟਾ ਰਹਿਓ ਰੀ’ ਵਰਗੀ ਹੀ ਹਾਲਤ ਹੋ ਗਈ ਹੈ। ਕੋਈ ਸਮਾਂ ਸੀ ਜਦ ਅਸੀਂ ਕਾਲਜ ਵਿਚ ਪੜ੍ਹਦੇ ਸਾਂ ਤਾਂ ਸਾਡੇ ਮਨਾਂ ਵਿਚ ਡਾਕਟਰ, ਇੰਜੀਨੀਅਰ, ਪ੍ਰੋਫੈਸਰ ਜਾਂ ਅਫ਼ਸਰ ਬਣਨ ਦਾ ਸੁਪਨਾ ਹੁੰਦਾ ਸੀ ਅਤੇ ਇਸ ਦੀ ਪੂਰਤੀ ਲਈ ਖ਼ੁਦ ਨੂੰ ਅਰਪਿਤ ਕਰਦੇ ਸਾਂ। ਪਰ ਜਦ ਨੌਜਵਾਨ ਪੀੜ੍ਹੀ ਦਾ ਸੁਪਨਾ ਹੀ ਆਈਏਐਸ ਤੋਂ ਆਈਲੈਟਸ ਤੱਕ ਸੁੰਗੜ ਜਾਵੇ ਤਾਂ ਨਵੀਂ ਨਸਲ ਕੋਲੋਂ ਕਿਹੜੀਆਂ ਪ੍ਰਾਪਤੀਆਂ ਦੀ ਆਸ ਰੱਖ ਸਕਦੇ ਹੋ? ਦਰਅਸਲ ਸਾਡੇ ਸਮਿਆਂ ਵਿਚ ਕਾਲਜ ਦੇ ਅਧਿਆਪਕ ਸਾਡੇ ਰੋਲ ਮਾਡਲ ਹੁੰਦੇ ਸਨ। ਉਹ ਸਾਡੇ ਮਨਾਂ ਵਿਚ ਵੱਡੇ ਸੁਪਨੇ ਧਰਦੇ ਸਨ ਜਿਨ੍ਹਾਂ ਦੀ ਪ੍ਰਾਪਤੀ ਲਈ ਸਾਨੂੰ ਉਤਸ਼ਾਹਿਤ ਕਰਦੇ ਸਨ। ਹੁਣ ਜਦ ਆਰਜ਼ੀ ਤੌਰ `ਤੇ ਪੜ੍ਹਾ ਰਹੇ ਅਧਿਆਪਕਾਂ ਦੇ ਸੁਪਨਿਆਂ ਦੀ ਤਿੜਕਣ ਉਨ੍ਹਾਂ ਦੇ ਦੀਦਿਆਂ ਵਿਚ ਚੀਸ ਧਰਦੀ ਹੋਵੇ ਤਾਂ ਉਹ ਆਪਣੇ ਵਿਦਿਆਰਥੀਆਂ ਨੂੰ ਕਿਹੜੇ ਸੁਪਨੇ ਦੇਣਗੇ? ਉਮੀਦ ਤਾਂ ਨਹੀਂ ਪਰ ਆਸ ਰੱਖਣ ਵਿਚ ਹਰਜ਼ ਹੀ ਕੀ ਏ। ਸ਼ਾਇਦ ਕੋਈ ਸੰਜੀਦਾ ਅਤੇ ਸਿਆਣਾ ਸਿਆਸਤਦਾਨ ਪੰਜਾਬ ਦੀ ਇਸ ਤਰਾਸਦੀ ਵੰਨੀਂ ਦੇਖੇ, ਸਮਝੇ, ਅੰਦਰੋਂ ਪਸੀਜੇ ਅਤੇ ਇਸ ਦੀ ਸਿਹਤਮੰਦੀ ਤੇ ਮੁੜ ਤੋਂ ਪੈਰਾਂ ਸਿਰ ਕਰਨ ਲਈ ਵਿੱਦਿਆ ਪ੍ਰਾਪਤੀ ਨੂੰ ਉਹ ਮਾਣ ਅਤੇ ਰੁਤਬਾ ਪ੍ਰਦਾਨ ਕਰੇ। ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਉਚੇਰੀ ਪੜ੍ਹਾਈ ਕਰ ਕੇ, ਪੰਜਾਬ ਅਤੇ ਮੇਰੇ ਰਣਧੀਰ ਕਾਲਜ ਨੂੰ ਪਹਿਲਾਂ ਵਰਗੀ ਮਾਣਮੱਤੀ ਆਭਾ ਦਾ ਸਿਰਨਾਵਾਂ ਬਣਾਵੇ।
ਹਾਲੇ ਤਾਂ ਮੇਰਾ ਰਣਧੀਰ ਕਾਲਜ ਉਦਾਸ ਹੈ ਅਤੇ ਇਸ ਦੀ ਉਦਾਸੀ ਵਿਚ ਮੇਰਾ ਅੰਤਰੀਵ ਵੀ ਧੁਖਦਾ ਹੈ।