ਪੰਜਾਬ ਤੋ ਬਿਨਾਂ ਭਾਰਤ ਖੜ੍ਹਾ ਹੀ ਨਹੀਂ ਹੋ ਸਕਦਾ: ਰਾਹੁਲ

ਸੰਗਰੂਰ: ਕੁਲ ਹਿੰਦ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪੰਜਾਬ ਨੂੰ ਬੇਰੁਜ਼ਗਾਰੀ ਤੇ ਨਸ਼ਿਆਂ ਦਾ ਡਰ ਸਤਾ ਰਿਹਾ ਹੈ ਤੇ ਜਦੋਂ ਤਕ ਇਨ੍ਹਾਂ ਨੂੰ ਕਰਕੇ ਲੋਕਾਂ ਦੇ ਮਨਾਂ ਵਿਚੋਂ ਇਹ ਦੋਵੇਂ ਡਰ ਨਹੀਂ ਕੱਢੇ ਜਾਂਦੇ, ਉਦੋਂ ਤੱਕ ਸੂਬਾ ਤਰੱਕੀ ਨਹੀਂ ਕਰ ਸਕਦਾ। ਸ੍ਰੀ ਰਾਹੁਲ ਗਾਂਧੀ ਲੰਘੇ ਦਿਨੀਂ ਘਾਬਦਾਂ ਕੋਠੀ ਵਿਚ ਬਣਨ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਤੇ ਟਾਟਾ ਮੈਮੋਰੀਅਲ ਸੁਪਰ ਸਪੈਸ਼ਲਿਟੀ ਕੈਂਸਰ ਹਸਪਤਾਲ ਦੇ ਨੀਂਹ ਪੱਥਰ ਰੱਖਾਂ ਲਈ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਆਏ ਸਨ। ਹਸਪਤਾਲ ਦੇ ਨੀਂਹ ਪੱਥਰ ਰੱਖਣ ਦੀ ਰਸਮ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਗੁਲਾਮ ਨਬੀ ਆਜ਼ਾਦ ਵੱਲੋਂ ਨਿਭਾਈ ਗਈ।
ਇਸ ਮੌਕੇ ਪੰਜਾਬ ਦੇ ਕਿਸਾਨਾਂ ਦੇ ਮਿਹਨਤੀ ਸੁਭਾਅ ਦੀ ਪ੍ਰਸ਼ੰਸਾ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਸਰਕਾਰ ਨੇ ਖੁਰਾਕ ਸੁਰੱਖਿਆ ਬਿੱਲ ਲਿਆਂਦਾ ਹੈ ਪਰ ਪੰਜਾਬ ਤੇ ਹਰਿਆਣਾ ਤੋਂ ਬਿਨਾਂ ਦੇਸ਼ ਦੇ ਲੋਕਾਂ ਨੂੰ ਅਨਾਜ ਦਿੱਤਾ ਹੀ ਨਹੀਂ ਜਾ ਸਕਦਾ। ਪੰਜਾਬ ਦੇਸ਼ ਨੂੰ ਅਨਾਜ ਦਿੰਦਾ ਹੈ ਤੇ ਪੰਜਾਬ ਤੋ ਬਿਨਾਂ ਹਿੰਦੁਸਤਾਨ ਖੜ੍ਹਾ ਹੀ ਨਹੀਂ ਹੋ ਸਕਦਾ। ਕੈਂਸਰ ਹਸਪਤਾਲ ਦਾ ਸਿਹਰਾ ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ ਤੇ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਸਿਰ ਬੰਨ੍ਹਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਦੇ ਯਤਨਾਂ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ। ਸ੍ਰੀ ਗਾਂਧੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਕਿ ਰਾਜਨੀਤੀ ਵਿਚ ਉਨ੍ਹਾਂ ਦੇ ਦੋ ਗੁਰੂ ਹਨ, ਇਕ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਦੂਜੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਹਨ। ਉਨ੍ਹਾਂ ਕਿਹਾ ਕਿ ਡਾæ ਮਨਮੋਹਨ ਸਿੰਘ ਨੇ ਜੋ ਕੁਝ ਦੇਸ਼ ਲਈ ਕੀਤਾ ਹੈ, ਉਹ ਕੋਈ ਹੋਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਡਾæ ਮਨਮੋਹਨ ਸਿੰਘ ਦੀ ਨੀਅਤ ਬਹੁਤ ਸਾਫ਼ ਹੈ ਤੇ ਇਕ ਰਾਜਨੀਤਕ ਆਗੂ ਵਿਚ ਇਹ ਮੁੱਖ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਯੂæਪੀæਏæ ਸਰਕਾਰ ਨੇ ਅਧਿਕਾਰ ਦੀ ਰਾਜਨੀਤੀ ਸ਼ੁਰੂ ਕੀਤੀ ਸੀ ਜਿਸ ਤਹਿਤ ਹੀ ਦੇਸ਼ ਦੇ ਲੋਕਾਂ ਨੂੰ ਭੋਜਨ, ਰੁਜ਼ਗਾਰ, ਸਿੱਖਿਆ, ਸੂਚਨਾ ਬਹੁਤ ਸਾਰੇ ਅਧਿਕਾਰ ਦੇ ਕੇ ਤਾਕਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਸੰਸਥਾਵਾਂ ਦੇ ਆਗੂ ਤੇ ਹੇਠਲੇ ਪੱਧਰ ‘ਤੇ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਜਦੋਂ ਤੱਕ ਹੇਠਲੇ ਪੱਧਰ ‘ਤੇ ਆਗੂਆਂ ਤੇ ਵਰਕਰਾਂ ਨੂੰ ਸ਼ਕਤੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਦੇਸ਼ ਮਜ਼ਬੂਤ ਨਹੀਂ ਹੋ ਸਕਦਾ। ਸ੍ਰੀ ਗਾਂਧੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸੱਚ ਬੋਲਣ ਦੀ ਜ਼ਰੂਰਤ ਹੈ ਅਤੇ ਸੱਚ ਬੋਲਣ ਤੋਂ ਬਗੈਰ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਨਹੀਂ ਲੜੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਅਜਿਹੀ ਰਾਜਨੀਤੀ ਹੋ ਰਹੀ ਹੈ ਕਿ ਆਗੂ ਸੱਚ ਵੀ ਸਮਾਂ ਦੇਖ ਕੇ ਬੋਲਦੇ ਹਨ ਜਿਸ ਨੂੰ ਉਹ ਹਰ ਕੀਮਤ ‘ਤੇ ਬਦਲਣਾ ਚਾਹੁੰਦੇ ਹਨ। ਦਲਿਤਾਂ ਤੇ ਔਰਤਾਂ ਦਾ ਰਾਜਨੀਤਕ ਖੇਤਰ ਵਿਚ ਆਉਣਾ ਬੇਹੱਦ ਜ਼ਰੂਰੀ ਹੈ ਜਿੰਨੀ ਦੇਰ ਦਲਿਤ ਭਾਈਚਾਰੇ ਦੇ ਲੋਕ ਤੇ ਔਰਤਾਂ ਰਾਜਨੀਤੀ ਵਿਚ ਨਹੀਂ ਲਿਆਵਾਂਗੇ ਓਨੀ ਦੇਰ ਸਫ਼ਲ ਨਹੀਂ ਹੋਵਾਂਗੇ ਕਿਉਕਿ ਰਾਜਨੀਤੀ ਵਿਚ ਸਭ ਨੂੰ ਇਕੱਠੇ ਕਰਨ ਦੀ ਲੋੜ ਹੈ।
____________________________________
ਕੈਪਟਨ ਵੱਲੋਂ ਅਕਾਲੀ ਝੂਠੇ ਕਰਾਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਵੱਲੋਂ ਵਾਪਸ ਲਏ ਆਰਡੀਨੈਂਸ ਦੀ ਸ਼ਲਾਘਾ ਕਰਦਿਆਂ ਮੰਗ ਕੀਤੀ ਕਿ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਅਕਾਲੀਆਂ ਨੂੰ ਝੂਠੇ ਕਰਾਰ ਦਿੱਤਾ ਤੇ ਕਿਹਾ ਕਿ ਇਹ ਪੰਜਾਬ ਨੂੰ ਲੁੱਟ ਕੇ ਖਾ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਦੀ ਹਕੂਮਤ ਆਈ ਤਾਂ ਅਕਾਲੀਆਂ ਨੂੰ ਲੰਮੇ ਪਾ ਦਿਆਂਗੇ।
____________________________________
ਸ਼ਰਾਬ ‘ਤੇ ਸੌ ਫੀਸਦੀ ਪਾਬੰਦੀ ਲੱਗੇ: ਬਾਜਵਾ
ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਨ ਉਤੇ ਫਿਕਰ ਜ਼ਾਹਿਰ ਕਰਦਿਆਂ ਸ੍ਰੀ ਰਾਹੁਲ ਗਾਂਧੀ ਤੋਂ ਮੰਗ ਕੀਤੀ ਕਿ ਗੁਰੂਆਂ ਤੇ ਪੀਰ ਪੈਗੰਬਰਾਂ ਦੀ ਧਰਤੀ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਵਿਚ ਸ਼ਰਾਬ ‘ਤੇ ਸੌ ਫੀਸਦੀ ਪਾਬੰਦੀ ਲਾਈ ਜਾਵੇ ਤੇ ਨਸ਼ਿਆਂ ਖਿਲਾਫ਼ ਸਖਤ ਕਾਨੂੰਨ ਬਣਾਇਆ ਜਾਵੇ। ਬਾਜਵਾ ਨੇ ਸ੍ਰੀ ਰਾਹੁਲ ਗਾਂਧੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਦਾਗ਼ੀ ਨੇਤਾਵਾਂ ਦਾ ਸਿਆਸੀ ਪਾਰਟੀਆਂ ਵਿਚ ਕੋਈ ਕੰਮ ਨਹੀਂ ਹੈ ਤੇ ਜਿਨ੍ਹਾਂ ਖ਼ਿਲਾਫ਼ ਕੇਸ ਚਲਦੇ ਹਨ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾ ਦਿਓ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕ ਸਭਾ ਦੀਆਂ 13 ਸੀਟਾਂ ਜਿੱਤ ਕੇ ਕਾਂਗਰਸ ਹਾਈਕਮਾਨ ਦੀ ਝੋਲੀ ਪਾਈਆਂ ਜਾਣਗੀਆਂ।
_____________________________________
ਮਾਲਵੇ ਵਿਚ ਮਿੰਨੀ ਪੀæਜੀæਆਈæ
ਕੇਂਦਰੀ ਸਿਹਤ ਮੰਤਰੀ ਸ੍ਰੀ ਗੁਲਾਮ ਨਬੀ ਆਜ਼ਾਦ ਨੇ ਦੱਸਿਆ ਕਿ ਪੰਜਾਬ ਵਿਚ ਇਹ ਪਹਿਲਾ ਸੈਟੇਲਾਈਟ ਸੈਂਟਰ ਹੈ ਤੇ ਇਹ ਮਾਲਵੇ ਵਿਚ ਇਕ ਕਿਸਮ ਦਾ ਮਿੰਨੀ ਪੀæਜੀæਆਈæ ਹੋਵੇਗਾ ਜਿਥੇ ਕੈਂਸਰ ਤੋਂ ਇਲਾਵਾ ਹੋਰ ਸਭ ਬਿਮਾਰੀਆਂ ਦਾ ਇਲਾਜ ਹੋਵੇਗਾ। ਪਹਿਲੇ ਪੜਾਅ ਵਿਚ ਪੌਣੇ ਤਿੰਨ ਸੌ ਕਰੋੜ ਰੁਪਏ ਦੀ ਲਾਗਤ ਨਾਲ 300 ਬਿਸਤਰਿਆਂ ਦਾ ਹਸਪਤਾਲ ਬਣੇਗਾ ਜੋ ਦੂਜੇ ਪੜਾਅ ਵਿਚ 500 ਬਿਸਤਰਿਆਂ ਦਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ 1963 ਵਿਚ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਚੰਡੀਗੜ੍ਹ ਵਿਚ ਪੀæਜੀæਆਈæ ਹਸਪਤਾਲ ਦਿੱਤਾ ਸੀ ਜਦੋਂ ਕਿ ਹੁਣ ਸ੍ਰੀ ਰਾਹੁਲ ਗਾਂਧੀ ਨੇ ਪੰਜਾਬ ਲਈ ਪੀæਜੀæਆਈæ ਸੈਟੇਲਾਈਟ ਸੈਂਟਰ ਤੇ ਕੈਂਸਰ ਹਸਪਤਾਲ ਦਿੱਤਾ ਹੈ। ਪੰਜਾਬ ਵਿਚ ਸਿਹਤ ਸੇਵਾਵਾਂ ਲਈ ਵੱਖ-ਵੱਖ ਸਕੀਮਾਂ ਤਹਿਤ ਦਿੱਤੀ ਕਰੋੜਾਂ ਰੁਪਏ ਦੀ ਰਾਸ਼ੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 16670 ਆਸ਼ਾ ਵਰਕਰਾਂ, 5778 ਏæਐਨæਐਮæ ਦੀ ਤਨਖਾਹ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਮੋਬਾਇਲ ਵੈਨ, 108 ਐਂਬੂਲੈਂਸ, ਗਰਭਵਤੀ ਔਰਤਾਂ ਨੂੰ ਲਿਆਉਣ ਤੇ ਛੱਡਣ ਤੇ ਉਨ੍ਹਾਂ ਦੀ ਖੁਰਾਕ ਲਈ 27 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਦਿੱਤੇ ਗਏ ਹਨ।
________________________________________
ਸੱਦਾ ਪੱਤਰ ਨਾ ਭੇਜਣ ‘ਤੇ ਬਾਦਲ ਖਫ਼ਾ
ਚੰਡੀਗੜ੍ਹ: ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਯੂæਪੀæਏæ ਸਰਕਾਰ ਦਾ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਸੂਬਿਆਂ ਨਾਲ ਦੁਸ਼ਮਣਾਂ ਵਰਗਾ ਰਵੱਈਆ ਕੇਂਦਰ ਤੇ ਰਾਜਾਂ ਦੇ ਸਬੰਧਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਸੂਬਿਆਂ ਵਿਚ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਮੌਕੇ ਲੋਕਾਂ ਵੱਲੋਂ ਚੁਣੀਆਂ ਰਾਜ ਸਰਕਾਰਾਂ ਨੂੰ ਅਣਦੇਖਿਆ ਕਰਕੇ ਦੇਸ਼ ਦੇ ਸੰਘੀ ਢਾਂਚੇ ਨੂੰ ਨੁਕਸਾਨ ਪਹੁੰਚਾ ਰਹੀ ਹੈ।  ਕੇਂਦਰ ਸਰਕਾਰ ਦੇ ਸਮਾਗਮਾਂ ਵਿਚ ਸੂਬਾ ਸਰਕਾਰਾਂ ਦੀ ਅਣਦੇਖੀ ਕਰਕੇ ਕਾਂਗਰਸੀ ਆਗੂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਹਨ। ਇਸ ਨਾਲ ਕਾਂਗਰਸੀ ਆਗੂਆਂ ਦੀ ਬੌਖਲਾਹਟ ਦਾ ਹੀ ਪ੍ਰਗਟਾਵਾ ਹੁੰਦਾ ਹੈ ਜੋ ਕੇਂਦਰ ਵਿੱਚ ਮੁੜ ਸੱਤਾ ਪ੍ਰਾਪਤੀ ਦੀ ਨਾ ਪੂਰੀ ਹੋਣ ਵਾਲੀ ਆਸ ਲਾਈ ਬੈਠੇ ਹਨ। ਸ਼ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਕਿ ਉਨ੍ਹਾਂ ਨੂੰ ਪੀæਜੀæਆਈæ ਐਮæਈæਆਰæ ਸੈਟੇਲਾਈਟ ਸੈਂਟਰ ਸੰਗਰੂਰ ਦੇ ਨੀਂਹ ਪੱਥਰ ਰੱਖਣ ਮੌਕੇ ਨਹੀਂ ਬੁਲਾਇਆ ਗਿਆ ਪਰ ਕੇਂਦਰ ਸਰਕਾਰ ਦਾ ਲੋਕਾਂ ਵੱਲੋਂ ਚੁਣੀ ਹੋਈ ਰਾਜ ਸਰਕਾਰ ਪ੍ਰਤੀ ਇਹ ਵਤੀਰਾ ਪੂਰੀ ਤਰ੍ਹਾਂ ਗੈਰ-ਸੰਵਿਧਾਨਕ ਅਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਸੂਬਿਆਂ ਦੇ ਅਧਿਕਾਰਾਂ ਦਾ ਘਾਣ ਕਰਨ ਦੇ ਆਦੀ ਹੁੰਦੇ ਜਾ ਰਹੇ ਹਨ। ਮੁੱਖ ਮੰਤਰੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਰਾਜ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਸ਼ ਬਾਜਵਾ ਨੇ ਕੇਂਦਰ ਤੋਂ ਪੰਜਾਬ ਨੂੰ ਮਿਲਦੀਆਂ ਗ੍ਰਾਂਟਾਂ ਵਿਚ ਰੁਕਾਵਟਾਂ ਖੜ੍ਹੀਆਂ ਕਰਕੇ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ। ਇਹ ਗ੍ਰਾਂਟਾਂ ਰਾਜ ਦੇ ਵਿਕਾਸ ਤੇ ਇਥੋਂ ਦੇ ਲੋਕਾਂ ਦੀ ਭਲਾਈ ਲਈ ਖਰਚੀਆਂ ਜਾਣੀਆਂ ਸਨ ਪਰ ਸ਼ ਬਾਜਵਾ ਨੇ ਸੌੜੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਇਸ ਵਿਚ ਰੁਕਾਵਟਾਂ ਪਾਈਆਂ ਹਨ।

Be the first to comment

Leave a Reply

Your email address will not be published.